ਸਪੋਰਟਸ ਡੈਸਕ : ਮਾਲਵਾ ਖੇਤਰ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿਉਵਾਲੀ ਦੇ ਰਹਿਣ ਵਾਲੇ ਗੁਰਨੂਰ ਬਰਾੜ ਨੇ ਅਫ਼ਗਾਨਿਸਤਾਨ ਵਿਰੁੱਧ ਹੋਣ ਵਾਲੀ ਆਉਣ ਵਾਲੀ ਵਨਡੇ (ODI) ਅਤੇ ਟੈਸਟ ਲੜੀ ਲਈ ਭਾਰਤੀ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸ਼ੁਭਮਨ ਗਿੱਲ ਅਤੇ ਹਰਮਨਪ੍ਰੀਤ ਕੌਰ ਤੋਂ ਬਾਅਦ, ਗੁਰਨੂਰ ਮਾਲਵਾ ਖੇਤਰ ਦੀ ਕ੍ਰਿਕਟ ਜਗਤ ਵਿੱਚ ਨਵੀਂ ਸਫਲਤਾ ਦੀ ਕਹਾਣੀ ਬਣ ਕੇ ਉਭਰਿਆ ਹੈ।
ਪਿਤਾ ਦਾ ਸੁਪਨਾ ਅਤੇ ਗੁਰਨੂਰ ਦਾ ਕ੍ਰਿਕਟ ਪ੍ਰਤੀ ਜਨੂੰਨ
ਗੁਰਨੂਰ ਦੇ ਪਿਤਾ ਸੁਖਵੀਰ ਸਿੰਘ ਬਰਾੜ, ਜੋ ਕਿ ਪੁਲਸ ਵਿੱਚ ਏ.ਐਸ.ਆਈ. ਹਨ, ਖੁਦ ਇੱਕ ਰਾਸ਼ਟਰੀ ਪੱਧਰ ਦੇ ਬਾਸਕਟਬਾਲ ਖਿਡਾਰੀ ਸਨ ਅਤੇ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਪੁੱਤਰ ਵੀ ਉਨ੍ਹਾਂ ਵਾਂਗ ਬਾਸਕਟਬਾਲ ਵਿੱਚ ਆਪਣਾ ਕਰੀਅਰ ਬਣਾਵੇ। ਪਰ ਗੁਰਨੂਰ ਦਾ ਝੁਕਾਅ ਕ੍ਰਿਕਟ ਵੱਲ ਸੀ। ਉਸਦੀ ਮਾਤਾ ਮਨਵਿੰਦਰ ਕੌਰ ਬਰਾੜ ਅਨੁਸਾਰ, ਗੁਰਨੂਰ ਨੇ ਦਸਵੀਂ ਜਮਾਤ ਵਿੱਚ ਹੀ ਕ੍ਰਿਕਟ ਖੇਡਣ ਦਾ ਪੱਕਾ ਫੈਸਲਾ ਕਰ ਲਿਆ ਸੀ ਅਤੇ ਪਰਿਵਾਰ ਦੇ ਸ਼ੁਰੂਆਤੀ ਇਤਰਾਜ਼ਾਂ ਦੇ ਬਾਵਜੂਦ ਉਸਨੇ ਧੁੱਪ, ਠੰਢ ਅਤੇ ਥਕਾਵਟ ਦੀ ਪਰਵਾਹ ਕੀਤੇ ਬਿਨਾਂ ਕ੍ਰਿਕਟ ਪਿੱਚ 'ਤੇ ਸਖ਼ਤ ਮਿਹਨਤ ਜਾਰੀ ਰੱਖੀ।
ਤੂਫ਼ਾਨੀ ਰਫ਼ਤਾਰ ਅਤੇ ਪ੍ਰੇਰਨਾ
6 ਫੁੱਟ 5 ਇੰਚ ਦੀ ਲੰਬਾਈ ਵਾਲਾ ਇਹ ਨੌਜਵਾਨ ਗੇਂਦਬਾਜ਼ 145 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰਦਾ ਹੈ। ਗੁਰਨੂਰ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ ਨੂੰ ਆਪਣਾ ਆਦਰਸ਼ ਮੰਨਦਾ ਹੈ ਅਤੇ ਅਕਸਰ ਦੱਖਣੀ ਅਫ਼ਰੀਕਾ ਦੇ ਮਹਾਨ ਤੇਜ਼ ਗੇਂਦਬਾਜ਼ ਡੇਲ ਸਟੇਨ ਦੀਆਂ ਵੀਡੀਓਜ਼ ਦੇਖਦਾ ਹੈ।
ਘਰੇਲੂ ਕ੍ਰਿਕਟ ਵਿੱਚ ਪ੍ਰਦਰਸ਼ਨ
ਗੁਰਨੂਰ ਪੰਜਾਬ ਲਈ ਰਣਜੀ ਟਰਾਫੀ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿੱਚੋਂ ਇੱਕ ਰਿਹਾ ਹੈ ਅਤੇ ਉਸਨੇ 'ਸ਼ੇਰ-ਏ-ਪੰਜਾਬ' ਲੀਗ ਵਿੱਚ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ। ਇਸ ਸਮੇਂ ਉਹ ਆਈਪੀਐਲ ਵਿੱਚ ਗੁਜਰਾਤ ਟਾਈਟਨਸ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਉਹ ਪੰਜਾਬ ਕਿੰਗਜ਼ ਵੱਲੋਂ ਵੀ ਖੇਡ ਚੁੱਕਾ ਹੈ।
ਸਿੱਖਿਆ ਅਤੇ ਪਰਿਵਾਰਕ ਖੁਸ਼ੀ
ਗੁਰਨੂਰ ਨੇ ਆਪਣੀ ਪੜ੍ਹਾਈ ਰਿਆਨ ਇੰਟਰਨੈਸ਼ਨਲ ਸਕੂਲ, ਚੰਡੀਗੜ੍ਹ ਤੋਂ ਕੀਤੀ ਅਤੇ ਪਿਛਲੇ ਸਾਲ ਡੀ.ਏ.ਵੀ. ਕਾਲਜ, ਸੈਕਟਰ 10 ਤੋਂ ਆਪਣੀ ਬੀ.ਏ. ਪੂਰੀ ਕੀਤੀ। ਉਸਦੀ ਇਸ ਚੋਣ ਨਾਲ ਉਸਦੇ ਪਿੰਡ ਖਿਉਵਾਲੀ ਅਤੇ ਮੋਹਾਲੀ (ਜਿੱਥੇ ਹੁਣ ਪਰਿਵਾਰ ਰਹਿੰਦਾ ਹੈ) ਵਿੱਚ ਖੁਸ਼ੀ ਦੀ ਲਹਿਰ ਹੈ। ਉਸਦਾ ਛੋਟਾ ਭਰਾ ਵਰਨੂਰ ਬਰਾੜ ਵੀ ਮੋਹਾਲੀ ਲਈ ਕ੍ਰਿਕਟ ਖੇਡਦਾ ਹੈ।
ਨੋਵਾਕ ਜੋਕੋਵਿਚ ਨੇ ਵਿਕਟਰ ਟ੍ਰੋਇਕੀ ਨੂੰ ਨਿਯੁਕਤ ਕੀਤਾ ਆਪਣਾ ਨਵਾਂ ਕੋਚ
NEXT STORY