ਹੈਦਰਾਬਾਦ - ਹਨੂਮਾ ਵਿਹਾਰੀ ਆਂਧਰਾ ਪ੍ਰਦੇਸ਼ ਦੀ ਬਜਾਏ ਇਸ ਵਾਰ ਭਾਰਤ ਦੇ ਘਰੇਲੂ ਸੀਜ਼ਨ ਵਿਚ ਹੈਦਰਾਬਾਦ ਲਈ ਖੇਡਣ ਲਈ ਤਿਆਰ ਹਨ। ਵਿਹਾਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਹੈਦਰਾਬਾਦ ਵੱਲੋਂ ਕੀਤੀ ਸੀ। 2010-11 ਵਿਚ ਡੈਬਿਊ ਕਰਦਿਆਂ ਉਹ 2015-16 ਤੱਕ ਹੈਦਰਾਬਾਦ ਵੱਲੋਂ ਹੀ ਖੇਡੇ ਸੀ। ਇਸ ਤੋਂ ਬਾਅਦ 2016-17 ਦੇ ਸੀਜ਼ਨ ਵਿਚ ਵਿਹਾਰੀ ਨੇ ਆਂਧਰਾ ਪ੍ਰਦੇਸ਼ ਲਈ ਖੇਡਣਾ ਸ਼ੁਰੂ ਕੀਤਾ ਸੀ ਅਤੇ ਜਦੋਂ ਉਹ ਉਪਲਬਧ ਹੁੰਦੇ ਸੀ ਤਾਂ ਬਤੌਰ ਕਪਤਾਨ ਟੀਮ ਨਾਲ ਜੁੜਦੇ ਸੀ।
ਵਿਹਾਰੀ ਨੇ 12 ਟੈਸਟ ਮੈਚਾਂ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਡੈਬਿਊ ਸਤੰਬਰ 2018 ਵਿਚ ਇੰਗਲੈਂਡ ਦੌਰੇ 'ਤੇ ਕੀਤਾ ਸੀ। ਵਿਹਾਰੀ ਨੇ ਇਸ ਸਾਲ ਭਾਰਤ ਲਈ ਆਪਣਾ ਆਖ਼ਰੀ ਟੈਸਟ ਸਿਡਨੀ ਵਿਚ ਖੇਡਿਆ ਸੀ, ਜਿੱਥੇ ਉਨ੍ਹਾਂ ਨੇ ਜ਼ਖ਼ਮੀ ਹੋਣ ਦੇ ਬਾਵਜੂਦ ਬੱਲੇਬਾਜ਼ੀ ਕੀਤੀ ਅਤੇ ਭਾਰਤ ਨੂੰ ਡਰਾਅ 'ਤੇ ਪਹੁੰਚਾਇਆ। ਉਸ ਟੈਸਟ ਮੈਚ ਵਿਚ ਵਿਹਾਰੀ ਨੇ 161 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਕਰੀਬ 4 ਘੰਟੇ ਕ੍ਰੀਜ਼ 'ਤੇ ਰਹੇ ਸੀ। 23 ਦੌੜਾਂ ਬਣਾ ਕੇ ਨਾਬਾਦ ਰਹਿਣ ਵਾਲੇ ਵਿਹਾਰੀ ਨੇ ਉਸ ਮੈਚ ਵਿਚ ਆਰ. ਅਸ਼ਵਿਨ ਨਾਲ 42.4 ਓਵਰਾਂ ਦੀ ਬੱਲੇਬਾਜ਼ੀ ਕੀਤੀ ਸੀ ਅਤੇ ਦੋਵੇਂ ਹੀ ਨਾਬਾਦ ਪਰਤੇ ਸਨ। ਇਸ ਤੋਂ ਬਾਅਦ ਅਗਲੇ ਟੈਸਟ ਮੈਚ ਵਿਚ ਭਾਰਤ ਨੇ ਬ੍ਰਿਸਬੇਨ ਵਿਚ ਜਿੱਤ ਹਾਸਲ ਕਰਦੇ ਹੋਏ ਆਸਟਰੇਲੀਆ ਵਿਚ ਲਗਾਤਾਰ ਦੂਜੀ ਸੀਰੀਜ਼ ਆਪਣੇ ਨਾਮ ਕੀਤੀ ਸੀ।
ਵਿਹਾਰੀ ਨੇ ਟਵਿੱਟਰ 'ਤੇ ਲਿਖਿਆ ਕਿ ਉਹ "ਚੰਗੇ ਸੰਬੰਧਾਂ" ਦੇ ਨਾਲ ਆਂਧਰਾ ਪ੍ਰਦੇਸ਼ ਤੋਂ ਵੱਖ ਹੋ ਰਹੇ ਹਨ ਅਤੇ ਨਾਲ ਹੀ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਨ ਕਿ ਟੀਮ ਨੇ ਪਿਛਲੇ ਪੰਜ ਸਾਲਾਂ ਵਿਚ ਉਨ੍ਹਾਂ ਦੀ ਮੌਜੂਦਗੀ ਵਿਚ ਇਕ ਚੰਗਾ ਸਥਾਨ ਹਾਸਲ ਕੀਤਾ ਹੈ। ਵਿਹਾਰੀ ਨੇ ਹੈਦਰਾਬਾਦ ਲਈ 39 ਪਹਿਲੇ ਦਰਜੇ ਦੇ ਮੈਚ ਖੇਡੇ ਹਨ, ਜਿਸ ਵਿਚ ਉਨ੍ਹਾਂ ਨੇ 56.41 ਦੀ ਸ਼ਾਨਦਾਰ ਔਸਤ ਨਾਲ 2990 ਦੌੜਾਂ ਆਪਣੇ ਨਾਂ ਕੀਤੀਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ 9 ਸੈਂਕੜੇ ਵੀ ਲਗਾਏ ਹਨ। ਆਂਧਰਾ ਪ੍ਰਦੇਸ਼ ਵੱਲੋਂ ਖੇਡਦੇ ਹੋਏ ਵਿਹਾਰੀ ਦਾ ਪ੍ਰਦਰਸ਼ਨ ਹੋਰ ਵੀ ਬਿਹਤਰ ਰਿਹਾ। ਉਨ੍ਹਾਂ ਨੇ 21 ਮੈਚਾਂ ਵਿਚ 62.17 ਦੀ ਬੇਮਿਸਾਲ ਔਸਤ ਨਾਲ 1741 ਦੌੜਾਂ ਬਣਾਈਆਂ।
ਆਂਧਰਾ ਪ੍ਰਦੇਸ਼ ਵੱਲੋਂ ਖੇਡਦੇ ਹੋਏ ਸੀਮਤ ਓਵਰਾਂ ਦੇ ਕ੍ਰਿਕਟ ਵਿਚ ਵੀ ਵਿਹਾਰੀ ਦਾ ਪ੍ਰਦਰਸ਼ਨ ਵਧੀਆ ਰਿਹਾ ਸੀ। ਉਨ੍ਹਾਂ ਨੇ ਹੈਦਰਾਬਾਦ ਲਈ 29 ਲਿਸਟ ਏ ਮੈਚਾਂ ਵਿਚ 37.28 ਦੀ ਔਸਤ ਅਤੇ 75.46 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਸਨ, ਜਦੋਂ ਕਿ ਆਂਧਰਾ ਪ੍ਰਦੇਸ਼ ਵੱਲੋਂ 25 ਲਿਸਟ ਏ ਮੈਚ ਖੇਡਦਿਆਂ ਉਨ੍ਹਾਂ ਦੀ ਔਸਤ 38.90 ਰਹੀ ਅਤੇ ਸਟ੍ਰਾਈਕ ਰੇਟ (83.26) ਵਿਚ ਵੀ ਵਾਧਾ ਹੋਇਆ। ਲਿਸਟ ਏ ਕ੍ਰਿਕਟ ਵਿਚ ਉਨ੍ਹਾਂ ਦੇ ਦੋਵੇਂ ਸੈਂਕੜੇ ਆਂਧਰਾ ਪ੍ਰਦੇਸ਼ ਵੱਲੋਂ ਖੇਡਦੇ ਹੋਏ ਆਏ ਹਨ। 2017 ਵਿਚ ਉਨ੍ਹਾਂ ਨੇ ਵਿਜੇ ਹਜ਼ਾਰੇ ਟਰਾਫੀ ਵਿਚ ਰਾਜਸਥਾਨ ਖਿਲਾਫ਼ ਨਾਬਾਦ 135 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਵਿਹਾਰੀ ਨੇ 2017-18 ਸੀਜ਼ਨ ਵਿਚ ਵੀ ਮੁੰਬਈ ਖਿਲਾਫ਼ 169 ਦੌੜਾਂ ਬਣਾਈਆਂ ਸਨ, ਜਦੋਂਕਿ ਹੈਦਰਾਬਾਦ ਵੱਲੋਂ ਖੇਡਦੇ ਹੋਏ 27 ਟੀ-20 ਮੈਚਾਂ ਵਿਚ ਉਨ੍ਹਾਂ ਦੇ ਨਾਮ 25.87 ਦੀ ਔਸਤ ਅਤੇ 118.96 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਸ਼ਾਮਲ ਹਨ। ਆਂਧਰਾ ਪ੍ਰਦੇਸ਼ ਵੱਲੋਂ ਵਿਹਾਰੀ ਨੇ 17 ਟੀ-20 ਵਿਚ 24.87 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ ਅਤੇ ਇਸ ਦੌਰਾਨ ਉਨ੍ਹਾਂ ਦੀ ਸਟ੍ਰਾਈਕ ਰੇਟ 129.22 ਰਹੀ ਹੈ।
ਭਾਰਤ ਦਾ ਨਿਊਜ਼ੀਲੈਂਡ ਦਾ ਵਨਡੇ ਦੌਰਾ 2022 ਤੱਕ ਮੁਲਤਵੀ
NEXT STORY