ਨਵੀਂ ਦਿੱਲੀ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਪੈਰਿਸ ਓਲੰਪਿਕ ਲਈ 100 ਦਿਨ ਬਚੇ ਹਨ ਤੇ ਅਜਿਹੇ ਵਿਚ ਹਰ ਦਿਨ, ਹਰ ਅਭਿਆਸ ਤੇ ਟ੍ਰੇਨਿੰਗ ਸੈਸ਼ਨ ਦਾ ਇਸਤੇਮਾਲ ਇਸਦੀਆਂ ਤਿਆਰੀਆਂ ਨੂੰ ਬਿਹਤਰ ਕਰਨ ਲਈ ਕੀਤਾ ਜਾਵੇਗਾ। ਟੋਕੀਓ ਓਲੰਪਿਕ ਦਾ ਕਾਂਸੀ ਤਮਗਾ ਜੇਤੂ ਭਾਰਤ ਮੌਜੂਦਾ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ ’ਤੇ ਹੈ।
ਹਰਮਨਪ੍ਰੀਤ ਨੇ ਕਿਹਾ ਕਿ ਉਹ ਪੈਰਿਸ ਵਿਚ ਆਪਣੇ ਟੋਕੀਓ ਨਤੀਜੇ ਵਿਚ ਸੁਧਾਰ ਕਰਨਾ ਚਾਹੁੰਦੇ ਹਨ। ਇਸ ਸਟਾਰ ਡ੍ਰੈਗ ਫਲਿੱਕਰ ਦੀ ਟਿਪਣੀ ਆਸਟ੍ਰੇਲੀਆ ਦੇ ਹਾਲੀਆ ਦੌਰੇ ਵਿਚ ਭਾਰਤ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਈ, ਜਿੱਥੇ ਮੇਜ਼ਬਾਨ ਟੀਮ ਨੇ ਉਸ ਨੂੰ 0-5 ਨਾਲ ਹਰਾਇਆ ਸੀ। ਹਰਮਨਪ੍ਰੀਤ ਨੇ ਕਿਹਾ,‘‘ਅਸੀਂ ਅਜੇ ਆਸਟ੍ਰੇਲੀਆ ਦੇ ਮੁਸ਼ਕਿਲ ਦੌਰੇ ਤੋਂ ਪਰਤੇ ਹਾਂ। ਇਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਮੈਦਾਨ ’ਤੇ ਉਤਰਾਂਗੇ। ਪੈਰਿਸ ਓਲੰਪਿਕ ਵਿਚ ਸਿਰਫ 100 ਦਿਨ ਬਚੇ ਹਨ ਤੇ ਟੀਮ ਵਿਚ ਉਤਸ਼ਾਹ ਵਧ ਰਿਹਾ ਹੈ।’’
ਭਾਰਤੀ ਕਪਤਾਨ ਨੇ ਕਿਹਾ, ‘‘ਸੋਨ ਤਮਗਾ ਜਿੱਤਣ ਲਈ ਸਾਡੀ ਟੀਮ ਦੀ ਇਕਜੁਟਤਾ ਲਗਾਤਾਰ ਵੱਧ ਰਹੀ ਹੈ। ਟੀਮ ਦੇ ਮੁੱਖ ਕੋਚ ਕ੍ਰੇਗ ਫੁਲਟੋਨ ਨੇ ਓਲੰਪਿਕ ਦੀ ਉਲਟੀ ਗਿਣਤੀ ਦੇ ਮੱਦੇਨਜ਼ਰ ਸਾਡੇ ਲਈ ਹਫਤੇ ਭਰ ਲਈ ਪ੍ਰੋਗਰਾਮ ਤਿਆਰ ਕੀਤੇ ਹਨ।’’ ਭਾਰਤ ਨੇ ਪਿਛਲੇ ਸਾਲ ਹਾਂਗਝੋਊ ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜਿੱਤ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ ਸੀ। ਭਾਰਤ ਦੇ ਉਪ ਕਪਤਾਨ ਹਾਰਦਿਕ ਸਿੰਘ ਨੇ ਕਿਹਾ ਕਿ ਪੈਰਿਸ ਖੇਡਾਂ ਤੋਂ ਪਹਿਲਾਂ ਟੀਮ ਨੂੰ ਆਪਣੀਆਂ ਕਮੀਆਂ ਨੂੰ ਦੁਰਸਤ ਕਰਨਾ ਪਵੇਗਾ। ਉਸ ਨੇ ਕਿਹਾ, ‘‘ਆਸਟ੍ਰੇਲੀਆ ਵਿਰੁੱਧ ਟੈਸਟ ਲੜੀ ਵਿਚ ਸਾਨੂੰ ਉਨ੍ਹਾਂ ਚੀਜ਼ਾਂ ਦੇ ਬਾਰੇ ਵਿਚ ਪਤਾ ਲੱਗਾ, ਜਿਨ੍ਹਾਂ ਵਿਚ ਸਾਨੂੰ ਸੁਧਾਰ ਕਰਨ ਦੀ ਲੋੜ ਹੈ। ਅਸੀਂ ਕੈਂਪ ਵਿਚ ਪਰਤਣ ’ਤੇ ਇਸ ’ਤੇ ਕੰਮ ਕਰਾਂਗੇ। ਸਾਡਾ ਟੀਚਾ ਇਹ ਤੈਅ ਕਰਨਾ ਹੈ ਕਿ ਅਸੀਂ ਪੈਰਿਸ 2024 ਓਲੰਪਿਕ ਲਈ ਸਮਾਂ ਰਹਿੰਦੇ ਹਰ ਮੁੱਦੇ ਨੂੰ ਹੱਲ ਕਰ ਲਈਏ।’’
ਉਸ ਨੇ ਕਿਹਾ ਕਿ ਅਸੀਂ ਬਚੇ ਹੋਏ 100 ਦਿਨਾਂ ਵਿਚੋਂ ਹਰ ਦਿਨ ਵਿਚ ਆਪਣਾ ਸਰਵਸ੍ਰੇਸ਼ਠ ਦੇਵਾਂਗੇ ਤਾਂ ਕਿ ਇਹ ਤੈਅ ਹੋ ਸਕੇ ਕਿ ਓਲੰਪਿਕ ਵਿਚ ਸੋਨ ਤਮਗਾ ਜਿੱਤਣ ਦੀ ਸਾਡੀ ਹਸਰਤ ਪੂਰੀ ਹੋਵੇ। ਪੈਰਿਸ ਓਲੰਪਿਕ ਵਿਚ ਭਾਰਤ ਨੂੰ ਪੂਲ-ਬੀ ਵਿਚ ਸਾਬਕਾ ਚੈਂਪੀਅਨ ਬੈਲਜੀਅਮ, ਆਸਟ੍ਰੇਲੀਆ, ਅਰਜਨਟੀਨਾ, ਨਿਊਜ਼ੀਲੈਂਡ ਤੇ ਆਇਰਲੈਂਡ ਨਾਲ ਰੱਖਿਆ ਗਿਆ ਹੈ। ਭਾਰਤ 27 ਜੁਲਾਈ ਨੂੰ ਨਿਊਜ਼ੀਲੈਂਡ ਵਿਰੁੱਧ ਆਪਣਾ ਪਹਿਲਾ ਮੈਚ ਖੇਡੇਗਾ ਤੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਲਈ ਟਾਪ-4 ਵਿਚ ਜਗ੍ਹਾ ਬਣਾਉਣ ਦੀ ਉਮੀਦ ਕਰੇਗਾ।
IPL 2024 GT vs DC : ਗੁਜਰਾਤ 89 ਦੌੜਾਂ 'ਤੇ ਡਿੱਗੀ, ਹੁਣ ਦਿੱਲੀ ਦੇ ਬੱਲੇਬਾਜ਼ਾਂ 'ਤੇ ਨਜ਼ਰ
NEXT STORY