ਭੁਵਨੇਸ਼ਵਰ (ਭਾਸ਼ਾ)– ਵੇਲਸ ਦੀ ਉਮੀਦਾਂ ਪੱਖੋਂ ਕਮਜ਼ੋਰ ਟੀਮ ਵਿਰੁੱਧ ਖਰਾਬ ਪ੍ਰਦਰਸ਼ਨ ਦੇ ਕਾਰਨ ਕੁਆਰਟਰ ਫਾਈਨਲ ਵਿਚ ਸਿੱਧੇ ਪ੍ਰਵੇਸ਼ ਕਰਨ ਵਿਚ ਅਸਫਲ ਰਹੀ ਭਾਰਤੀ ਟੀਮ ਨੂੰ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ-2023 ਵਿਚ ਜੇਕਰ ਆਪਣੀਆਂ ਸੰਭਾਵਨਾਵਾਂ ਜਿਊਂਦੀਆਂ ਰੱਖਣੀਆਂ ਹਨ ਤਾਂ ਉਸਨੂੰ ਐਤਵਾਰ ਨੂੰ ਇੱਥੇ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਕ੍ਰਾਸਓਵਰ ਮੈਚ ਵਿਚ ਹਰ ਹਾਲ ਵਿਚ ਜਿੱਤ ਦਰਜ ਕਰਨੀ ਪਵੇਗੀ। ਭਾਰਤ ਨੂੰ ਸਿੱਧੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਪੂਲ-ਡੀ ਦੇ ਆਪਣੇ ਆਖਰੀ ਮੈਚ ਵਿਚ ਵੇਲਸ ’ਤੇ 8 ਗੋਲਾਂ ਦੇ ਫਰਕ ਨਾਲ ਜਿੱਤ ਦਰਜ ਕਰਨ ਦੀ ਲੋੜ ਸੀ ਪਰ ਭਾਰਤੀ ਫਾਰਵਰਡ ਚੰਗੀ ਖੇਡ ਨਹੀਂ ਦਿਖਾ ਸਕੇ ਤੇ ਭਾਰਤ ਆਖਿਰ ਵਿਚ ਇਹ ਮੈਚ 4-2 ਨਾਲ ਹੀ ਜਿੱਤ ਸਕਿਆ।
ਭਾਰਤ ਨੂੰ ਹੁਣ ਕੁਆਰਟਰ ਫਾਈਨਲ ਵਿਚ ਪਹੁੰਚਣ ਲਈ ਨਿਊਜ਼ੀਲੈਂਡ ਨੂੰ ਹਰ ਹਾਲ ਵਿਚ ਹਰਾਉਣਾ ਪਵੇਗਾ ਜਿਹੜੀ ਪੂਲ-ਸੀ ਵਿਚ ਤੀਜੇ ਸਥਾਨ ’ਤੇ ਰਹੀ ਸੀ। ਭਾਰਤ ਅਜੇ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ ’ਤੇ ਹੈ ਜਦਕਿ ਨਿਊਜ਼ੀਲੈਂਡ 12ਵੇਂ ਸਥਾਨ ’ਤੇ ਹੈ। ਨਿਊਜ਼ੀਲੈਂਡ ਦੀ ਟੀਮ ਅਜੇ ਤਕ ਕਦੇ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਨਹੀਂ ਪਹੁੰਚੀ ਹੈ। ਉਸ ਨੇ ਟੂਰਨਾਮੈਂਟ ਵਿਚ ਅਜੇ ਤਕ ਕੋਈ ਖਾਸ ਪ੍ਰਦਰਸ਼ਨ ਨਹੀਂ ਕੀਤਾ ਹੈ ਤੇ ਅਜਿਹੇ ਵਿਚ ਕਲਿੰਗਾ ਸਟੇਡੀਅਮ ਵਿਚ ਹੋਣ ਵਾਲੇ ਮੈਚ ਵਿਚ ਭਾਰਤੀ ਟੀਮ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗੀ। ਮਿਡਫੀਲਡਰ ਹਾਰਦਿਕ ਸਿੰਘ ਇੰਗਲੈਂਡ ਵਿਰੁੱਧ 15 ਜਨਵਰੀ ਨੂੰ ਖੇਡੇ ਗਏ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਸੀ। ਭਾਰਤੀ ਫਾਰਵਰਡ ਪਹਿਲਾਂ ਹੀ ਸੰਘਰਸ਼ ਕਰ ਰਹੇ ਹਨ ਤੇ ਅਜਿਹੇ ਵਿਚ ਹਾਰਦਿਕ ਦਾ ਜ਼ਖ਼ਮੀ ਹੋਣਾ ਉਸਦੇ ਲਈ ਵੱਡਾ ਝਟਕਾ ਹੈ।
ਇਹ ਵੀ ਪੜ੍ਹੋ : ਓਲੰਪਿਕ 2028 ’ਚ ਕ੍ਰਿਕਟ ਨੂੰ ਕੀਤਾ ਜਾ ਸਕਦੈ ਸ਼ਾਮਲ, ICC ਨੇ ਕੀਤੀ ਇਹ ਸਿਫਾਰਿਸ਼
ਇੰਗਲੈਂਡ ਤੇ ਸਪੇਨ ਨੇ ਵੇਲਸ ਨੂੰ ਕਰਾਰੀ ਹਾਰ ਦਿੱਤੀ ਸੀ ਪਰ ਭਾਰਤੀ ਟੀਮ ਨੂੰ ਉਸਦੇ ਵਿਰੁੱਧ ਸੰਘਰਸ਼ ਕਰਨਾ ਪਿਆ ਕਿਉਂਕਿ ਫਾਰਵਰਡ ਲਾਈਨ ਦੇ ਖਿਡਾਰੀ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਵੇਲਸ ਵਿਰੁੱਧ ਮੈਚ ਵਿਚ ਭਾਰਤ ਸ਼ੁਰੂ ਤੋਂ ਹੀ ਰਣਨੀਤੀ ਦੇ ਅਨੁਸਾਰ ਨਹੀਂ ਚੱਲ ਸਕਿਆ ਹੈ। ਫਾਰਵਰਡ ਲਾਈਨ ਤੋਂ ਇਲਾਵਾ ਡਿਫੈਂਡਰ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਤੇ ਉਨ੍ਹਾਂ ਨੇ ਉਸ ਟੀਮ ਵਿਰੁੱਧ ਦੋ ਗੋਲ ਖਾਦੇ, ਜਿਹੜੀ ਵਿਸ਼ਵ ਰੈਂਕਿੰਗ ਵਿਚ 14ਵੇਂ ਸਥਾਨ ’ਤੇ ਕਾਬਜ਼ ਹੈ। ਹਾਰਦਿਕ ਸਿੰਘ ਦੀ ਗੈਰ-ਹਾਜ਼ਰੀ ਵਿਚ ਮਨਦੀਪ ਸਿੰਘ ਤੇ ਆਕਾਸ਼ਦੀਪ ਸਿੰਘ ਵਰਗੇ ਖਿਡਾਰੀਆਂ ਦਾ ਪ੍ਰਦਰਸ਼ਨ ਭਾਰਤ ਲਈ ਅਹਿਮ ਹੋਵੇਗਾ। ਭਾਰਤ ਨਿਸ਼ਚਿਤ ਰੂਪ ਨਾਲ ਇਸ ਮੈਚ ਵਿਚ ਜਿੱਤ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ ਪਰ ਨਿਊਜ਼ੀਲੈਂਡ ਦੀ ਟੀਮ ਨੂੰ ਕਿਸੇ ਵੀ ਮਾਇਨੇ ਵਿਚ ਘੱਟ ਨਹੀਂ ਸਮਝਿਆ ਜਾ ਸਕਦਾ। ਭਾਰਤ ਨੇ ਪਿਛਲੇ ਸਾਲ ਅਕਤੂਬਰ-ਨਵੰਬਰ ਵਿਚ ਇਸੇ ਮੈਦਾਨ ’ਤੇ ਨਿਊਜ਼ੀਲੈਂਡ ਨੂੰ ਐੱਫ. ਆਈ. ਐੱਚ. ਪ੍ਰੋ ਹਾਕੀ ਲੀਗ ਦੇ ਦੋ ਮੈਚਾਂ ਵਿਚ 4-3 ਤੇ 7-4 ਨਾਲ ਹਰਾਇਆ ਸੀ। ਨਿਊਜ਼ੀਲੈਂਡ ਨੂੰ ਹਾਲਾਂਕਿ ਸਖਤ ਚੁਣੌਤੀ ਪੇਸ਼ ਕਰਨ ਵਾਲੀ ਟੀਮ ਮੰਨਿਆ ਜਾਂਦਾ ਹੈ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ - ਹਰਮਨਪ੍ਰੀਤ ਸਿੰਘ (ਕਪਤਾਨ), ਅਭਿਸ਼ੇਕ, ਸੁਰਿੰਦਰ ਕੁਮਾਰ, ਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਲਲਿਤ ਉਪਾਧਿਆਏ, ਕ੍ਰਿਸ਼ਣ ਪਾਠਕ, ਨੀਲਮ ਸੰਜੀਪ, ਪੀ. ਆਰ. ਸ਼੍ਰੀਜੇਸ਼, ਨੀਲਕਾਂਤ ਸ਼ਰਮਾ, ਸ਼ਮਸ਼ੇਰ ਸਿੰਘ, ਵਰੁਣ ਕੁਮਾਰ, ਆਕਾਸ਼ਦੀਪ ਸਿੰਘ, ਅਮਿਤ ਰੋਹਿਦਾਸ, ਵਿਵੇਕ ਸਾਗਰ ਪ੍ਰਸਾਦ, ਸੁਖਜੀਤ ਸਿੰਘ।
ਨਿਊਜ਼ੀਲੈਂਡ - ਨਿਕ ਵੁਡਸ (ਕਪਤਾਨ), ਡੋਮ ਡਿਕਸਨ, ਡੇਨ ਲੇਟ, ਸਾਈਮਨ ਚਾਈਲਡ, ਨਿਕ ਰਾਸ, ਸੈਮ ਹਿਹਾ, ਕਿਮ ਕਿੰਗਸਟਨ, ਜੈਕ ਸਮਿਥ, ਸੈਮ ਲੇਨ, ਸਾਈਮਨ ਯੋਰਸਟਨ, ਐਡਮ ਸਾਰਿਕਾਯਾ, ਜੋ ਮੌਰਿਸਨ, ਲਿਓਨ ਹੇਵਰਡ, ਕੇਨ ਰਸੇਲ, ਬਲੇਅਰ ਟੈਰੰਟ, ਸੀਨ ਫਾਈਂਡਲੇ, ਹੈਡਨ ਫਿਲਿਪਸ, ਚਾਰਲੀ ਮਾਰੀਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀਲੰਕਾਈ ਕ੍ਰਿਕਟਰ ਅਰਜੁਨ ਰਣਤੁੰਗਾ ਨੇ ਭਾਰਤੀ ਕੰਪਨੀ ਨਾਲ ਕੀਤੀ ਸਾਂਝੇਦਾਰੀ, ਸਮਝੌਤੇ 'ਤੇ ਕੀਤੇ ਦਸਤਖ਼ਤ
NEXT STORY