ਸਪੋਰਟਸ ਡੈਸਕ- ਟੀ-20 ਵਿਸ਼ਵ ਕੱਪ ਦੇ ਸੁਪਰ-8 ਗੇੜ ਦੇ ਮੁਕਾਬਲੇ 'ਚ ਇੰਗਲੈਂਡ ਨੇ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਜਾਸ ਬਟਲਰ ਦੀ ਤੂਫ਼ਾਨੀ ਪਾਰੀ ਦੀ ਬਦੌਲਤ ਇਕਤਰਫ਼ਾ ਅੰਦਾਜ਼ 'ਚ ਅਮਰੀਕਾ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਇੰਗਲੈਂਡ ਨੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਅਮਰੀਕਾ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਦੀ ਖ਼ਤਰਨਾਕ ਗੇਂਦਬਾਜ਼ੀ ਅਟੈਕ ਦਾ ਸਾਹਮਣਾ ਨਾ ਕਰ ਸਕੀ ਤੇ 18.5 ਓਵਰਾਂ 'ਚ 115 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇੰਗਲੈਂਡ ਲਈ 19ਵੇਂ ਓਵਰ 'ਚ ਗੇਂਦਬਾਜ਼ੀ ਕਰਨ ਆਏ ਕ੍ਰਿਸ ਜਾਰਡਨ ਨੇ ਤੂਫ਼ਾਨੀ ਗੇਂਦਬਾਜ਼ੀ ਕਰਦੇ ਹੋਏ ਹੈਟ੍ਰਿਕ ਸਣੇ 4 ਬੱਲੇਬਾਜ਼ਾਂ ਨੂੰ ਆਊਟ ਕੀਤਾ।
ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਦੇ ਦੋਵੇ ਓਪਨਿੰਗ ਬੱਲੇਬਾਜ਼ਾਂ ਨੇ ਟੀਮ ਨੂੰ ਬਿਨਾਂ ਕਿਸੇ ਵਿਕਟ ਦੇ ਨੁਕਸਾਨ ਦੇ ਜਿੱਤ ਦਿਵਾ ਦਿੱਤੀ। ਫਿਲ ਸਾਲਟ ਨੇ 21 ਗੇਂਦਾਂ 'ਚ 2 ਚੌਕਿਆਂ ਦੀ ਬਦੌਲਤ 25 ਦੌੜਾਂ ਬਣਾਈਆਂ, ਜਦਕਿ ਜਾਸ ਬਟਲਰ ਨੇ ਸਟੇਡੀਅਮ 'ਚ ਚੌਕਿਆਂ ਛੱਕਿਆਂ ਦਾ ਮੀਂਹ ਵਰ੍ਹਾ ਦਿੱਤਾ ਤੇ 38 ਗੇਂਦਾਂ 'ਚ 6 ਚੌਕਿਆਂ ਤੇ 7 ਛੱਕਿਆਂ ਦੀ ਬਦੌਲਤ 83 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ।
ਉਸ ਨੇ ਹਰਮੀਤ ਸਿੰਘ ਦੇ 9ਵੇਂ ਓਵਰ 'ਚ 5 ਛੱਕਿਆਂ ਦੀ ਬਦੌਲਤ 32 ਦੌੜਾਂ ਜੋੜੀਆਂ, ਜਿਸ ਦੀ ਮਦਦ ਨਾਲ ਇੰਗਲੈਂਡ ਨੇ ਸਿਰਫ਼ 9.4 ਓਵਰਾਂ 'ਚ ਹੀ 117 ਦੌੜਾਂ ਬਣਾ ਕੇ ਟੀਚਾ ਹਾਸਲ ਕਰ ਲਿਆ ਤੇ ਬਿਨਾਂ ਕੋਈ ਵਿਕਟ ਗੁਆਏ ਮੁਕਾਬਲਾ 10 ਵਿਕਟਾਂ ਨਾਲ ਆਪਣੇ ਨਾਂ ਕਰ ਲਿਆ।
ਇਸ ਤਰ੍ਹਾਂ ਇੰਗਲੈਂਡ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ ਹੈ। ਉੱਥੇ ਹੀ ਇਸ ਹਾਰ ਤੋਂ ਬਾਅਦ ਅਮਰੀਕਾ ਦੀ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਗਰੁੱਪ-ਬੀ 'ਚੋਂ ਇੰਗਲੈਂਡ ਤੋਂ ਬਾਅਦ ਸੈਮੀਫਾਈਨਲ 'ਚ ਪਹੁੰਚਣ ਵਾਲੀ ਦੂਜੀ ਕਿਹੜੀ ਹੋਵੇਗੀ, ਇਸ ਦਾ ਪਤਾ ਦੱਖਣੀ ਅਫਰੀਕਾ ਤੇ ਵੈਸਟਇੰਡੀਜ਼ ਵਿਚਾਲੇ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਲੱਗ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੰਧਾਨਾ ਸੈਂਕੜੇ ਤੋਂ ਖੁੰਝੀ ਪਰ ਭਾਰਤ ਨੇ ਦੱਖਣੀ ਅਫਰੀਕਾ ਖਿਲਾਫ ਕੀਤਾ ਸੂਪੜਾ ਸਾਫ
NEXT STORY