ਨਵੀਂ ਦਿੱਲੀ : ਟੀ-20 ਵਿਸ਼ਵ ਕੱਪ 2026 ਤੋਂ ਬੰਗਲਾਦੇਸ਼ ਦੀ ਅਧਿਕਾਰਤ ਤੌਰ 'ਤੇ ਵਿਦਾਈ ਹੋ ਗਈ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ICC) ਨੇ ਪੁਸ਼ਟੀ ਕੀਤੀ ਹੈ ਕਿ ਬੰਗਲਾਦੇਸ਼ ਦੀ ਜਗ੍ਹਾ ਹੁਣ ਸਕਾਟਲੈਂਡ ਨੂੰ ਟੂਰਨਾਮੈਂਟ ਵਿੱਚ ਸ਼ਾਮਲ ਕੀਤਾ ਗਿਆ ਹੈ। ਆਈਸੀਸੀ ਨੇ ਇੱਕ ਪੱਤਰ ਲਿਖ ਕੇ ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ਇਸ ਫੈਸਲੇ ਦੀ ਜਾਣਕਾਰੀ ਦੇ ਦਿੱਤੀ ਹੈ। ਹੁਣ ਸਕਾਟਲੈਂਡ ਨੂੰ ਗਰੁੱਪ ਸੀ (Group C) ਵਿੱਚ ਰੱਖਿਆ ਗਿਆ ਹੈ, ਜਿੱਥੇ ਉਸਦਾ ਸਾਹਮਣਾ ਇੰਗਲੈਂਡ, ਵੈਸਟਇੰਡੀਜ਼, ਨੇਪਾਲ ਅਤੇ ਇਟਲੀ ਵਰਗੀਆਂ ਟੀਮਾਂ ਨਾਲ ਹੋਵੇਗਾ।
ਸੁਰੱਖਿਆ ਦੇ ਨਾਂ 'ਤੇ ਅੜਿਆ ਸੀ ਬੰਗਲਾਦੇਸ਼
ਬੰਗਲਾਦੇਸ਼ ਅਤੇ ਆਈਸੀਸੀ ਵਿਚਕਾਰ ਪਿਛਲੇ ਤਿੰਨ ਹਫ਼ਤਿਆਂ ਤੋਂ ਖਿੱਚੋਤਾਣ ਚੱਲ ਰਹੀ ਸੀ। ਬੰਗਲਾਦੇਸ਼ ਇਸ ਗੱਲ 'ਤੇ ਅੜਿਆ ਹੋਇਆ ਸੀ ਕਿ ਉਹ ਭਾਰਤ ਵਿੱਚ ਵਿਸ਼ਵ ਕੱਪ ਦੇ ਮੈਚ ਨਹੀਂ ਖੇਡੇਗਾ ਅਤੇ ਉਨ੍ਹਾਂ ਨੂੰ ਸ੍ਰੀਲੰਕਾ ਜਾਂ ਪਾਕਿਸਤਾਨ ਤਬਦੀਲ ਕੀਤਾ ਜਾਵੇ। ਬੰਗਲਾਦੇਸ਼ ਨੇ ਤਰਕ ਦਿੱਤਾ ਸੀ ਕਿ ਭਾਰਤ ਵਿੱਚ ਉਨ੍ਹਾਂ ਦੇ ਖਿਡਾਰੀਆਂ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ, ਪਰ ਆਈਸੀਸੀ ਦੀ ਇੱਕ ਸੁਤੰਤਰ ਸੁਰੱਖਿਆ ਰਿਪੋਰਟ ਨੇ ਕਿਸੇ ਵੀ ਖਤਰੇ ਤੋਂ ਇਨਕਾਰ ਕਰਦਿਆਂ ਜੋਖਮ ਦੇ ਪੱਧਰ ਨੂੰ 'ਘੱਟ ਤੋਂ ਦਰਮਿਆਨਾ' ਦੱਸਿਆ ਸੀ।
ਵਿਵਾਦ ਦੀ ਜੜ੍ਹ ਅਤੇ ਆਈਸੀਸੀ ਦੀ ਵੋਟਿੰਗ
ਇਸ ਪੂਰੇ ਵਿਵਾਦ ਦੀ ਸ਼ੁਰੂਆਤ ਆਈਪੀਐਲ ਨੀਲਾਮੀ ਤੋਂ ਬਾਅਦ ਹੋਈ ਸੀ, ਜਦੋਂ ਕੋਲਕਾਤਾ ਨਾਈਟ ਰਾਈਡਰਜ਼ ਨੇ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ 9.20 ਕਰੋੜ ਰੁਪਏ ਵਿੱਚ ਖਰੀਦਿਆ ਸੀ। ਹਾਲਾਂਕਿ, ਬੰਗਲਾਦੇਸ਼ ਵਿੱਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਦੀਆਂ ਖ਼ਬਰਾਂ ਕਾਰਨ ਭਾਰਤ ਵਿੱਚ ਇਸਦਾ ਵਿਰੋਧ ਹੋਇਆ ਅਤੇ ਬੀਸੀਸੀਆਈ ਨੇ ਰਹਿਮਾਨ ਨੂੰ ਰਿਲੀਜ਼ ਕਰ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਬੰਗਲਾਦੇਸ਼ ਬੋਰਡ ਨੇ ਵਿਸ਼ਵ ਕੱਪ ਦੇ ਬਾਈਕਾਟ ਦੀ ਧਮਕੀ ਦਿੱਤੀ ਸੀ। ਆਖ਼ਰਕਾਰ, ਆਈਸੀਸੀ ਬੋਰਡ ਦੀ ਵੋਟਿੰਗ ਵਿੱਚ ਬੰਗਲਾਦੇਸ਼ ਨੂੰ 14-2 ਦੇ ਵੱਡੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤ ਵਿੱਚ ਹੀ ਮੈਚ ਕਰਵਾਉਣ ਨੂੰ ਮਨਜ਼ੂਰੀ ਦਿੱਤੀ ਗਈ। ਜਦੋਂ ਬੰਗਲਾਦੇਸ਼ ਆਪਣੀ ਜ਼ਿੱਦ ਤੋਂ ਪਿੱਛੇ ਨਹੀਂ ਹਟਿਆ, ਤਾਂ ਆਈਸੀਸੀ ਨੇ ਉਸ ਨੂੰ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ।
U19 WC 2026, IND vs NZ: ਨਿਊਜ਼ੀਲੈਂਡ ਨੇ ਭਾਰਤ ਨੂੰ ਦਿੱਤਾ 136 ਦੌੜਾਂ ਦਾ ਟੀਚਾ
NEXT STORY