ਸਪੋਰਟਸ ਡੈਸਕ- ਮਹਿਲਾ ਟੈਨਿਸ ਵਿਚ ਵਿਸ਼ਵ ਦੀ ਨੰਬਰ ਇਕ ਖਿਡਾਰਨ ਪੋਲੈਂਡ ਦੀ ਇਗਾ ਸਵੀਆਤੇਕ ਤੇ ਵਿੰਬਲਡਨ ਦੀ ਉੱਪ ਜੇਤੂ ਟਿਊਨੇਸ਼ੀਆ ਦੀ ਓਂਸ ਜਾਬੂਰ ਨੇ ਆਪਣੇ-ਆਪਣੇ ਮੁਕਾਬਲਿਆਂ 'ਚ ਜਿੱਤ ਦਰਜ ਕਰ ਕੇ ਪਹਿਲੀ ਵਾਰ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂ. ਐੱਸ. ਓਪਨ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਸਵੀਆਤੇਕ ਤੇ ਜਾਬੂਰ ਹੁਣ ਤਕ ਚਾਰ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਤੇ ਦੋਵਾਂ ਦਾ ਇਕ ਦੂਜੇ ਖ਼ਿਲਾਫ਼ ਕਰੀਅਰ ਰਿਕਾਰਡ 2-2 ਦਾ ਹੈ।
ਜਾਬੂਰ ਨੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਕੈਰੋਲਿਨ ਗਾਰਸੀਆ ਨੂੰ ਆਸਾਨੀ ਨਾਲ 6-1, 6-3 ਨਾਲ ਮਾਤ ਦੇ ਕੇ ਲਗਾਤਾਰ ਦੂਜੇ ਗਰੈਂਡ ਸਲੈਮ ਫਾਈਨਲ 'ਚ ਥਾਂ ਬਣਾਈ। ਜਾਬੂਰ ਨੇ ਇਸ ਤਰ੍ਹਾਂ ਗਾਰਸੀਆ ਦੀ 13 ਮੈਚਾਂ ਦੀ ਜੇਤੂ ਮੁਹਿੰਮ 'ਤੇ ਰੋਕ ਲਗਾਈ। ਪੰਜਵਾਂ ਦਰਜਾ ਹਾਸਲ 28 ਸਾਲਾ ਜਾਬੂਰ 1968 ਤੋਂ ਸ਼ੁਰੂ ਹੋਏ ਪੇਸ਼ੇਵਰ ਯੁਗ ਵਿਚ ਯੂ. ਐੱਸ. ਓਪਨ ਦੇ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਖਿਡਾਰਨ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਡਾਇਮੰਡ ਲੀਗ ਚੈਂਪੀਅਨ ਬਣਨ 'ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ
ਸਵੀਆਤੇਕ ਨੇ ਇਕ ਹੋਰ ਸੈਮੀਫਾਈਨਲ ਮੁਕਾਬਲੇ ਵਿਚ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕਰਦੇ ਹੋਏ ਛੇਵਾਂ ਦਰਜਾ ਹਾਸਲ ਆਰਿਆਨਾ ਸਬਾਲੇਂਕਾ ਨੂੰ 3-6, 6-1, 6-4 ਨਾਲ ਹਰਾਇਆ। ਸਵੀਆਤੇਕ ਯੂ. ਐੱਸ. ਓਪਨ ਵਿਚ ਇਸ ਤੋਂ ਪਹਿਲਾਂ ਕਦੀ ਚੌਥੇ ਗੇੜ ਤੋਂ ਅੱਗੇ ਨਹੀਂ ਵਧ ਸਕੀ ਸੀ ਪਰ ਇਸ ਵਾਰ ਉਨ੍ਹਾਂ ਨੇ ਖ਼ਿਤਾਬੀ ਮੁਕਾਬਲੇ ਵਿਚ ਥਾਂ ਬਣਾਈ। ਉਹ ਪੋਲੈਂਡ ਦੀ ਪਹਿਲੀ ਮਹਿਲਾ ਖਿਡਾਰਨ ਹੈ ਜੋ ਨਿਊਯਾਰਕ ਵਿਚ ਫਾਈਨਲ ਤਕ ਪੁੱਜੀ ਹੈ। ਪੋਲੈਂਡ ਦੀ 21 ਸਾਲਾ ਖਿਡਾਰਨ ਦੇ ਨਾਂ 'ਤੇ ਫਰੈਂਚ ਓਪਨ ਦੇ ਦੋ ਖ਼ਿਤਾਬ ਦਰਜ ਹਨ।
ਇਸ ਤੋਂ ਪਹਿਲਾਂ ਸਬਾਲੇਂਕਾ ਨੇ ਪਹਿਲੇ ਸੈੱਟ ਵਿਚ ਸ਼ਾਨਦਾਰ ਪ੍ਰਦਰਸ਼ਨ ਪ੍ਰਦਰਸ਼ਨ ਕਰਦੇ ਹੋਏ ਸਵੀਆਤੇਕ 'ਤੇ 4-2 ਦੀ ਬੜ੍ਹਤ ਬਣਾ ਲਈ। ਸਵੀਆਤੇਕ ਇਸ ਸੈੱਟ ਵਿਚ ਬੜ੍ਹਤ ਹਾਸਲ ਨਹੀਂ ਕਰ ਸਕੀ ਤੇ ਸ਼ੁਰੂਆਤੀ ਸੈੱਟ ਗੁਆ ਬੈਠੀ, ਨੰਬਰ ਇਕ ਖਿਡਾਰਨ ਨੇ ਦੂਜੇ ਸੈੱਟ ਵਿਚ ਵਾਪਸੀ ਕੀਤੀ ਤੇ ਸਬਾਲੇਂਕਾ ਨੂੰ ਕੋਈ ਮੌਕਾ ਨਾ ਦਿੰਦੇ ਹੋਏ ਇਸ ਨੂੰ ਇਕਤਰਫ਼ਾ ਅੰਦਾਜ਼ ਵਿਚ ਆਪਣੇ ਨਾਂ ਕੀਤਾ। ਸਵੀਆਤੇਕ ਤੀਜੇ ਸੈੱਟ ਵਿਚ ਵੀ ਪੱਛੜ ਰਹੀ ਸੀ ਪਰ ਉਨ੍ਹਾਂ ਨੇ ਆਖ਼ਰੀ 20 ਪੁਆਇੰਟ ਵਿਚੋਂ 16 ਪੁਆਇੰਟ ਆਪਣੇ ਨਾਂ ਕੀਤੇ। ਇਸ ਤਰ੍ਹਾਂ ਸਵੀਆਤੇਕ ਨੇ ਆਖ਼ਰੀ ਚਾਰ ਗੇਮਾਂ ਜਿੱਤ ਕੇ ਫਾਈਨਲ ਵਿਚ ਥਾਂ ਬਣਾਈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
Asia Cup 2022 : ਸ਼੍ਰੀਲੰਕਾ ਨੇ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
NEXT STORY