ਮੈਨਚੈਸਟਰ— ਦੱਖਣੀ ਅਫਰੀਕਾ ਦੇ ਧਾਕੜ ਸਪਿਨਰ ਇਮਰਾਨ ਤਾਹਿਰ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ ਵਰਲਡ ਕੱਪ 'ਚ ਆਸਟਰੇਲੀਆ ਖਿਲਾਫ ਸ਼ਨੀਵਾਰ ਨੂੰ ਹੋਣ ਵਾਲੇ ਅੰਤਿਮ ਲੀਗ ਮੁਕਾਬਲੇ ਤੋਂ ਬਾਅਦ ਕੌਮਾਂਤਰੀ ਵਨ-ਡੇ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ।

ਇੰਗਲੈਂਡ ਅਤੇ ਵੇਲਸ 'ਚ ਖੇਡੇ ਜਾ ਰਹੇ 12ਵੇਂ ਵਰਲਡ ਕੱਪ ਦਾ 45ਵਾਂ ਮੈਚ ਦੱਖਣੀ ਅਫਰੀਕਾ ਦੇ ਇਮਰਾਨ ਤਾਹਿਰ ਲਈ ਯਾਦਗਾਰ ਹੋਣ ਵਾਲਾ ਹੈ। ਇਸ ਦਿਨ ਦੱਖਣੀ ਅਫਰੀਕਾ ਆਪਣਾ ਅਤੇ ਵਰਲਡ ਕੱਪ ਦਾ ਆਖ਼ਰੀ ਲੀਗ ਮੈਚ ਆਸਟਰੇਲੀਆ ਖਿਲਾਫ ਖੇਡਣ ਉਤਰੇਗਾ। ਇਸ ਤੋਂ ਇਲਾਵਾ ਇਹ ਮੈਚ ਇਮਰਾਨ ਤਾਹਿਰ ਦਾ ਆਖਰੀ ਵਨ-ਡੇ ਮੈਚ ਹੋਵੇਗਾ। ਦਰਅਸਲ ਇਮਰਾਨ ਤਾਹਿਰ ਨੇ ਵਨ-ਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਮਨ ਬਣਾ ਲਿਆ ਹੈ। ਇਹ ਉਨ੍ਹਾਂ ਦਾ 107ਵਾਂ ਵਨ-ਡੇ ਮੈਚ ਹੋਵੇਗਾ। ਦੱਖਣੀ ਅਫਰੀਕਾ ਦੇ ਕਰਿਸ਼ਮਾਈ ਲੈੱਗ ਸਪਿਨਰ ਇਮਰਾਨ ਤਾਹਿਰ ਨੇ ਕਿਹਾ ਕਿ ਅਸੀਂ ਇਕ ਚੰਗੀ ਟੀਮ ਦੇ ਤੌਰ 'ਤੇ ਇਸ ਵਰਲਡ ਕੱਪ ਤੋਂ ਵਿਦਾ ਹੋਣਾ ਚਾਹੁੰਦੇ ਹਾਂ।

ਅਸੀਂ ਆਸਟਰੇਲੀਆ ਖਿਲਾਫ ਹੋਣ ਵਾਲੇ ਮੈਚ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਮੈਂ ਇਸ ਮੈਚ ਤੋਂ ਵਨ-ਡੇ ਕ੍ਰਿਕਟ ਤੋਂ ਵਿਦਾ ਲੈਣਾ ਚਾਹੁੰਦਾ ਹਾਂ। ਪਾਕਿਸਤਾਨ 'ਚ ਜਨਮੇ ਤਾਹਿਰ ਨੇ ਆਪਣੇ 32ਵੇਂ ਜਨਮ ਦਿਨ ਤੋਂ ਇਕ ਮਹੀਨਾ ਪਹਿਲਾਂ ਫਰਵਰੀ 2011 'ਚ ਦੱਖਣੀ ਅਫਰੀਕਾ ਲਈ ਡੈਬਿਊ ਕੀਤਾ ਸੀ। 40 ਸਾਲ ਦੇ ਇਸ ਖਿਡਾਰੀ ਨੇ 50 ਓਵਰ ਦੇ ਫਾਰਮੈਟ 'ਚ ਦੱਖਣੀ ਅਫਰੀਕਾ ਲਈ 172 ਵਿਕਟ ਝਟਕਾਏ। ਦੱਖਣੀ ਅਫਰੀਕਾ ਲਈ ਵਰਲਡ ਕੱਪ ਦੀ ਮੁਹਿੰਮ ਚੰਗੀ ਨਹੀਂ ਰਹੀ ਜਿਸ ਦੇ ਖਾਤੇ 'ਚ ਅੱਠ ਮੈਚਾਂ 'ਚ ਸਿਰਫ ਦੋ ਜਿੱਤ ਹਨ। ਤਾਹਿਰ ਹਾਲਾਂਕਿ ਜਿੱਤ ਨਾਲ ਅਲਵਿਦਾ ਕਹਿਣਾ ਚਾਹੁੰਦੇ ਹਨ।
ਭੁੱਲਰ ਦੀ ਆਇਰਿਸ਼ ਓਪਨ 'ਚ ਦਮਦਾਰ ਸ਼ੁਰੂਆਤ
NEXT STORY