ਨਵੀਂ ਦਿੱਲੀ- ਭਾਰਤ ਅਤੇ ਆਸਟਰੇਲੀਆ ਵਿਚਾਲੇ ਐਡੀਲੇਡ 'ਚ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਦਿਨ-ਰਾਤ ਟੈਸਟ ਕ੍ਰਿਕਟ ਮੈਚ 'ਚ ਰਿਧੀਮਾਨ ਸਾਹਾ ਦੇ ਵਿਕਟਕੀਪਿੰਗ 'ਚ ਵਧੀਆ ਪ੍ਰਦਰਸ਼ਨ ਨੂੰ ਰਿਸ਼ਭ ਪੰਤ ਦੀ ਹਮਲਾਵਰ ਬੱਲੇਬਾਜ਼ੀ ਦੇ ਮੁਕਾਬਲੇ ਪਹਿਲ ਮਿਲ ਸਕਦੀ ਹੈ। ਪਹਿਲੇ ਟੈਸਟ ਮੈਚ ਲਈ ਸੰਭਾਵਿਤ ਭਾਰਤੀ ਇਲੈਵਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਅਜੇ ਇਹ ਤੈਅ ਨਹੀਂ ਹੈ ਕਿ 36 ਸਾਲਾ ਸਾਹਾ ਦੇ ਰੂਪ 'ਚ ਵਧੀਆ ਵਿਕਟਕੀਪਰ ਜਾਂ 23 ਸਾਲਾ ਪੰਤ ਦੇ ਰੂਪ 'ਚ ਵਧੀਆ ਬੱਲੇਬਾਜ਼ 'ਚੋਂ ਕਿਸ ਨੂੰ ਟੀਮ 'ਚ ਜਗ੍ਹਾ ਦੇਣੀ ਹੈ। ਭਾਰਤੀ ਟੀਮ ਮੈਨੇਜਮੈਂਟ ਨੇ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਹਨੁਮਾ ਵਿਹਾਰੀ ਕੋਲੋਂ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਵੀ ਕਿਹਾ ਸੀ ਕਿ 'ਸਿਹਤ ਮੁਕਾਬਲੇਬਾਜ਼ੀ' ਟੀਮ ਲਈ ਚੰਗੀ ਹੈ।
ਮੰਨਿਆ ਜਾ ਰਿਹਾ ਹੈ ਕਿ ਸਾਹਾ ਦੀ ਵਧੀਆ ਵਿਕਟਕੀਪਿੰਗ ਅਤੇ ਰੱਖਿਆਤਮਕ ਬੱਲੇਬਾਜ਼ੀ ਨੂੰ ਪਹਿਲ ਦਿੱਤੀ ਜਾ ਸਕਦੀ ਹੈ। ਕੋਚ ਰਵੀ ਸ਼ਾਸ਼ਤਰੀ, ਕਪਤਾਨ ਵਿਰਾਟ ਕੋਹਲੀ, ਸਹਾਇਕ ਕੋਚ ਵਿਕਰਮ ਰਾਠੌਰ, ਭਰਤ ਅਰੁਣ ਅਤੇ ਚੋਣਕਰਤਾ ਹਰਵਿੰਦਰ ਸਿੰਘ ਮੈਚ ਦੇ ਹਾਲਾਤਾਂ ਦੇ ਆਧਾਰ 'ਤੇ ਇਨ੍ਹਾਂ ਦੋਨਾਂ ਦੇ ਪ੍ਰਦਰਸ਼ਨ ਦਾ ਮੁਆਇਨਾ ਕਰਨਗੇ। ਸਾਹਾ ਨੇ ਪਹਿਲੇ ਅਭਿਆਸ ਮੈਚ 'ਚ 54 ਦੌੜਾਂ ਦੀ ਮਹੱਤਵਪੂਰਨ ਪਾਰੀ ਖੇਡ ਕੇ ਭਾਰਤ ਨੂੰ ਆਸਟਰੇਲੀਆ-ਏ ਖਿਲਾਫ ਹਾਰ ਤੋਂ ਬਚਾਇਆ ਸੀ। ਉਸ ਨੇ ਉਦੋਂ ਜੇਮਸ ਪੈਟਿਨਸਨ, ਮਾਈਕਲ ਨੇਸੇਰ ਅਤੇ ਕੈਮਰਨ ਗ੍ਰੀਨ ਵਰਗੇ ਗੇਂਦਬਾਜ਼ਾਂ ਦਾ ਸਾਹਮਣਾ ਕੀਤਾ ਸੀ। ਇਸ ਦੇ ਉਲਟ ਪੰਤ ਨੇ ਜਦੋਂ ਦੂਜੇ ਅਭਿਆਸ ਮੈਚ 'ਚ ਸੈਂਕੜਾ ਠੋਕਿਆ ਤਾਂ ਭਾਰਤੀ ਟੀਮ ਵਧੀਆ ਹਾਲਾਤ 'ਚ ਸੀ। ਉਸ ਨੂੰ ਲੈੱਗ ਸਪਿਨਰ ਮਿਸ਼ੇਲ ਸਵੇਪਸਨ ਅਤੇ ਕੰਮ ਚਲਾਊ ਗੇਂਦਬਾਜ਼ ਨਿਕ ਮੈਡਿਨਸਨ ਦਾ ਸਾਹਮਣਾ ਕਰਨਾ ਪਿਆ ਸੀ।
ਆਸਟਰੇਲੀਆ ਦੇ ਸਾਬਕਾ ਕਪਤਾਨ ਏਲਨ ਬਾਰਡਰ ਨੇ ਆਸਟਰੇਲੀਆ-ਏ ਦੇ ਇਸ ਗੇਂਦਬਾਜ਼ੀ ਪ੍ਰਦਰਸ਼ਨ ਨੂੰ ਸ਼ਰਮਨਾਕ ਕਰਾਰ ਦਿੱਤਾ ਸੀ। ਸਾਹਾ ਨੇ 37 ਟੈਸਟ ਮੈਚਾਂ 'ਚ 1238 ਦੌੜਾਂ ਬਣਾਈਆਂ ਹਨ, ਜਿਸ 'ਚ 3 ਸੈਂਕੜੇ ਸ਼ਾਮਿਲ ਹਨ। ਉਸ ਨੇ 92 ਕੈਚ ਅਤੇ 11 ਸਟੰਪ ਆਊਟ ਕੀਤੇ ਹਨ। ਸਾਹਾ ਨੂੰ ਟੀਮ 'ਚ ਬਣੇ ਰਹਿਣ ਲਈ ਵਿਕਟ ਦੇ ਪਿੱਛੇ ਹੀ ਨਹੀਂ, ਵਿਕਟ ਦੇ ਅੱਗੇ ਵੀ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ।
ਨੋਟ- ਦਿਨ-ਰਾਤ ਟੈਸਟ 'ਚ ਸਾਹਾ ਨੂੰ ਮਿਲ ਸਕਦੀ ਏ ਪੰਤ ਦੇ ਮੁਕਾਬਲੇ ਪਹਿਲ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਕੋਹਲੀ ਦਾ ਸਾਹਮਣਾ ਕਰਦੇ ਸਮੇਂ ਸਹੀ ਸੰਤੁਲਨ ਦੀ ਜ਼ਰੂਰਤ : ਫਿੰਚ
NEXT STORY