ਨਵੀਂ ਦਿੱਲੀ— ਵਿਕਟਕੀਪਰ ਮੁਸ਼ਫਿਕਰ ਰਹੀਮ ਦੀ ਅਜੇਤੂ 60 ਦੌੜਾਂ ਦੀ ਜ਼ਬਰਦਸਤ ਪਾਰੀ ਦੀ ਬਦੌਲਤ ਬੰਗਲਾਦੇਸ਼ ਨੇ ਰਾਜਧਾਨੀ ਦਿੱਲੀ ਦੇ ਪ੍ਰਦੂਸ਼ਣ ਤੇ ਭਾਰਤ ਦੀ ਚੁਣੌਤੀ 'ਤੇ ਐਤਵਾਰ ਨੂੰ 7 ਵਿਕਟਾਂ ਦੀ ਸ਼ਾਨਦਾਰ ਜਿੱਤ ਨਾਲ ਕਾਬੂ ਪਾਉਂਦੇ ਹੋਏ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਬੰਗਲਾਦੇਸ਼ ਦੀ ਭਾਰਤ 'ਤੇ ਟੀ-20 ਵਿਚ ਇਹ ਪਹਿਲੀ ਇਤਿਹਾਸਕ ਜਿੱਤ ਹੈ।
ਬੰਗਲਾਦੇਸ਼ ਨੇ ਇਸ ਤੋਂ ਪਹਿਲਾਂ ਭਾਰਤ ਕੋਲੋਂ 8 ਮੈਚ ਗੁਆਏ ਸਨ ਪਰ 9ਵੇਂ ਮੁਕਾਬਲੇ ਵਿਚ ਉਸ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਨੇ ਇੱਥੇ ਅਰੁਣ ਜੇਤਲੀ ਸਟੇਡੀਅਮ ਵਿਚ 6 ਵਿਕਟਾਂ 'ਤੇ 148 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਪਰ ਬੰਗਲਾਦੇਸ਼ ਨੇ ਰਹੀਮ ਦੀ ਸ਼ਾਨਦਾਰ ਪਾਰੀ ਨਾਲ 19.3 ਓਵਰਾਂ ਵਿਚ 3 ਵਿਕਟਾਂ 'ਤੇ 154 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਬੰਗਲਾਦੇਸ਼ ਦੇ ਕਪਤਾਨ ਮਹਿਮੂਦਉੱਲ੍ਹਾ ਨੇ ਜੇਤੂ ਛੱਕਾ ਮਾਰਿਆ। ਰਹੀਮ ਆਪਣੀ ਮੈਚ ਜੇਤੂ ਪਾਰੀ ਲਈ ਪਲੇਅਰ ਆਫ ਦਿ ਮੈਚ ਬਣਿਆ। ਰਹੀਮ ਨੇ 43 ਗੇਂਦਾਂ 'ਤੇ ਅਜੇਤੂ 60 ਦੌੜਾਂ ਦੀ ਆਪਣੀ ਮੈਚ ਜੇਤੂ ਪਾਰੀ ਵਿਚ 8 ਚੌਕੇ ਤੇ 1 ਛੱਕਾ ਲਾਇਆ। ਉਸ ਨੇ ਇਨ੍ਹਾਂ ਵਿਚੋਂ ਚਾਰ ਚੌਕੇ ਤਾਂ 19ਵੇਂ ਓਵਰ ਵਿਚ ਖਲੀਲ ਅਹਿਮਦ ਦੀਆਂ ਗੇਂਦਾਂ 'ਤੇ ਲਗਾਤਾਰ ਮਾਰੇ। ਕਪਤਾਨ ਮਹਿਮੂਦਉੱਲਾ 15 ਦੌੜਾਂ 'ਤੇ ਅਜੇਤੂ ਰਿਹਾ।
ਭਾਰਤ ਵਲੋਂ ਓਪਨਰ ਸ਼ਿਖਰ ਧਵਨ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ, ਜਦਕਿ ਸ਼੍ਰੇਅਸ ਅਈਅਰ ਨੇ 22 ਤੇ ਵਿਕਟਕੀਪਰ ਰਿਸ਼ਭ ਪੰਤ ਨੇ 27 ਦੌੜਾਂ ਦਾ ਯੋਗਦਾਨ ਦਿੱਤਾ। ਲੋਕੇਸ਼ ਰਾਹੁਲ ਨੇ 15, ਕਰੁਣਾਲ ਪੰਡਯਾ ਨੇ ਅਜੇਤੂ 15 ਤੇ ਵਾਸ਼ਿੰਗਟਨ ਸੁੰਦਰ ਨੇ ਅਜੇਤੂ 14 ਦੌੜਾਂ ਬਣਾਈਆਂ। ਸੁੰਦਰ ਤੇ ਪੰਡਯਾ ਨੇ ਆਖਰੀ ਓਵਰ ਵਿਚ ਇਕ-ਇਕ ਛੱਕਾ ਲਾਇਆ, ਜਿਸ ਨਾਲ ਇਸ ਓਵਰ ਵਿਚ 16 ਦੌੜਾਂ ਬਣੀਆਂ ਤੇ ਭਾਰਤ ਦਾ ਸਕੋਰ 148 ਦੌੜਾਂ 'ਤੇ ਪਹੁੰਚਿਆ। ਭਾਰਤ ਨੇ ਆਖਰੀ ਦੋ ਓਵਰਾਂ ਵਿਚ 30 ਦੌੜਾਂ ਬਣਾਈਆਂ।
ਭਾਰਤ : ਰੋਹਿਤ ਸ਼ਰਮਾ (ਕਪਤਾਨ), ਰਿਸ਼ਭ ਪੰਤ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਕਰੁਣਾਲ ਪੰਡਯਾ, ਦੀਪਕ ਚਾਹਰ, ਕੇ. ਖਲੀਲ ਅਹਿਮਦ, ਸ਼ਰਦੂਲ ਠਾਕੁਰ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਸੰਜੂ ਸੈਮਸਨ, ਸ਼ਿਵਮ ਦੂਬੇ।
ਬੰਗਲਾਦੇਸ਼ : ਮਹਿਮੂਦੁੱਲਾ (ਕਪਤਾਨ), ਮੁਸ਼ਫਿਕੁਰ ਰਹੀਮ, ਸੌਮਿਆ ਸਰਕਾਰ, ਮੁਹੰਮਦ ਨੈਮ, ਆਫੀਫ ਹੁਸੈਨ, ਅਮੀਨੁਲ ਇਸਲਾਮ, ਮੁਹੰਮਦ ਮਿਥੁਨ, ਮੋਸਾਦਦੇਕ ਹੁਸੈਨ, ਅਬੂ ਹਿਦਰ ਰੋਨੀ, ਮੁਸਤਫਿਜ਼ੁਰ ਰਹਿਮਾਨ, ਸ਼ਫੀਉਲ ਇਸਲਾਮ, ਅਰਾਫਤ ਸੰਨੀ, ਅਲ- ਅਮੀਨ ਹੁਸੈਨ, ਤੈਜੂਲ ਇਸਲਾਮ।
ਲਾਹਿੜੀ ਅਕੇ ਅਟਵਾਲ ਦੂਜੇ ਦੌਰ 'ਚ ਖਿਸਕੇ, ਪਰ ਕਟ 'ਚ ਕੀਤਾ ਦਾਖਲ
NEXT STORY