ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਨੇ ਆਈ. ਸੀ. ਸੀ. ਵਿਸ਼ਵ ਕੱਪ 2022 ਦੇ ਸੁਪਰ 12 ਮੈਚ ’ਚ ਐਤਵਾਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ’ਚ ਪਾਕਿਸਤਾਨ ਨੂੰ 4 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਦੀ ਟੀਮ ਨੇ 20 ਓਵਰਾਂ ’ਚ 8 ਵਿਕਟਾਂ ਦੇ ਨੁਕਸਾਨ ’ਤੇ 159 ਦੌੜਾਂ ਬਣਾਈਆਂ ਅਤੇ ਟੀਮ ਇੰਡੀਆ ਨੂੰ ਜਿੱਤ ਲਈ 160 ਦੌੜਾਂ ਦਾ ਟੀਚਾ ਦਿੱਤਾ। ਜਵਾਬ ’ਚ ਭਾਰਤੀ ਟੀਮ ਨੇ 20 ਓਵਰਾਂ ’ਚ 6 ਵਿਕਟਾਂ ਦੇ ਨੁਕਸਾਨ ’ਤੇ 160 ਦੌੜਾਂ ਬਣਾਈਆਂ। ਇਹ ਮੈਚ ਪੈਸੇ ਵਸੂਲ ਰਿਹਾ ਕਿਉਂਕਿ ਭਾਰਤ ਨੇ ਆਖਰੀ ਓਵਰ ’ਚ 16 ਦੌੜਾਂ ਦੀ ਲੋੜ ਹੋਣ ’ਤੇ ਆਖਰੀ ਗੇਂਦ ’ਤੇ ਮੈਚ ਜਿੱਤਿਆ। ਜਿੱਤ ਦੇ ‘ਹੀਰੋ’ ਵਿਰਾਟ ਕੋਹਲੀ ਰਹੇ, ਜਿਨ੍ਹਾਂ ਨੇ 53 ਗੇਂਦਾਂ ’ਤੇ ਅਜੇਤੂ 82 ਦੌੜਾਂ ਦੀ ਪਾਰੀ ਖੇਡੀ, ਜਿਸ ’ਚ 6 ਚੌਕੇ ਅਤੇ 4 ਛੱਕੇ ਸ਼ਾਮਲ ਰਹੇ। ਇਸ ਪਾਰੀ ਦੇ ਦਮ ’ਤੇ ਜਿੱਥੇ ਉਨ੍ਹਾਂ ਨੇ ਸਚਿਨ ਤੇਂਦੁਲਕਰ ਨੂੰ ਇਕ ਖ਼ਾਸ ਮਾਮਲੇ ’ਚ ਪਛਾੜਿਆ ਤਾਂ ਉੱਥੇ ਹੀ ਭਾਰਤ ਨੇ ਖ਼ਾਸ ਉਪਲੱਬਧੀ ਹਾਸਲ ਕੀਤੀ। ਆਓ ਇਸ ਮੈਚ ’ਚ ਬਣੇ ਵੱਡੇ ਰਿਕਾਰਡਜ਼ ’ਤੇ ਨਜ਼ਰ ਮਾਰਦੇ ਹਾਂ-
ਸਚਿਨ ਨੂੰ ਪਛਾੜਿਆ
ਕੋਹਲੀ ਨੇ ਵਿਸ਼ਵ ਕੱਪ ’ਚ 24 ਵਾਰ 50 ਤੋਂ ਵੱਧ ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਭਾਰਤ ਲਈ 23 ਵਾਰ ਸਚਿਨ ਤੇਂਦੁਲਕਰ ਵਿਸ਼ਵ ਕੱਪ ’ਚ 50 ਤੋਂ ਵੱਧ ਸਕੋਰ ਬਣਾ ਚੁੱਕੇ ਹਨ। ਉਥੇ ਹੀ ਦੋਵਾਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਸਚਿਨ ਦੇ ਨਾਂ ਆਈ.ਸੀ.ਸੀ. ਟੂਰਨਾਮੈਂਟਾਂ ’ਚ 7 ਸੈਂਕੜੇ ਅਤੇ 16 ਅਰਧ ਸੈਂਕੜੇ ਸ਼ਾਮਲ ਹਨ, ਤਾਂ ਕੋਹਲੀ ਨੇ 2 ਸੈਂਕੜੇ ਅਤੇ 22 ਅਰਧ ਸੈਂਕੜੇ ਬਣਾਏ ਹਨ।
ਆਖਰੀ ਤਿੰਨ ਓਵਰਾਂ ’ਚ ਹਾਸਿਲ ਕੀਤਾ ਸਭ ਤੋਂ ਵੱਡਾ ਸਕੋਰ
ਟੀ-20 ਵਿਸ਼ਵ ਕੱਪ ’ਚ ਭਾਰਤ ਨੇ ਮੈਚ ਦੇ ਆਖਰੀ ਤਿੰਨ ਓਵਰਾਂ ’ਚ ਸਭ ਤੋਂ ਵੱਡਾ ਟੀਚਾ ਹਾਸਲ ਕੀਤਾ। ਇਸ ਤੋਂ ਪਹਿਲਾਂ 2010 ’ਚ ਆਸਟ੍ਰੇਲੀਆ ਨੇ ਪਾਕਿਸਤਾਨ ਦੇ ਖ਼ਿਲਾਫ਼ ਗ੍ਰਾਸ ਆਈਲੇਟ ’ਚ ਆਖਰੀ ਤਿੰਨ ਓਵਰਾਂ ’ਚ 48 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਸੀ। ਹੁਣ ਭਾਰਤ ਨੇ ਵੀ 48 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ ਹੈ।
ਆਖਰੀ 3 ਓਵਰਾਂ ’ਚ ਹਾਸਲ ਕੀਤਾ ਵੱਡਾ ਸਕੋਰ-
48 ਆਸਟ੍ਰੇਲੀਆ ਬਨਾਮ ਪਾਕ ਗ੍ਰੋਸ ਆਈਲੇਟ 2010
48 ਭਾਰਤ ਬਨਾਮ ਪਾਕਿ ਮੈਲਬੋਰਨ 2022*
42 ਵੈਸਟਇੰਡੀਜ਼ ਬਨਾਮ ਆਸਟ੍ਰੇਲੀਆ ਮੀਰਪੁਰ 2014
41 ਸ਼੍ਰੀਲੰਕਾ ਬਨਾਮ ਭਾਰਤ ਗ੍ਰੋਸ ਆਈਲੇਟ 2010
ਕਾਰਤਿਕ ਨੇ ਤੋੜਿਆ ਨਹਿਰਾ ਦਾ ਰਿਕਾਰਡ
ਦਿਨੇਸ਼ ਕਾਰਤਿਕ ਟੀ-20 ਵਿਸ਼ਵ ਕੱਪ ’ਚ ਪਾਕਿਸਤਾਨ ਖ਼ਿਲਾਫ਼ ਭਾਰਤ ਵੱਲੋਂ ਖੇਡਣ ਵਾਲੇ ਸਭ ਤੋਂ ਵੱਡੀ ਉਮਰ (37 ਸਾਲ 144 ਦਿਨ) ਦੇ ਖਿਡਾਰੀ ਬਣ ਗਏ ਹਨ। ਉਨ੍ਹਾਂ ਨੇ 36 ਸਾਲ 337 ਦਿਨ ਦੀ ਉਮਰ ’ਚ 2016 ਵਿਸ਼ਵ ਕੱਪ ’ਚ ਖੇਡਣ ਵਾਲੇ ਆਸ਼ੀਸ਼ ਨਹਿਰਾ ਦਾ ਰਿਕਾਰਡ ਤੋੜ ਦਿੱਤਾ ਹੈ।
ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਬਣੇ ਹਾਰਦਿਕ
ਹਾਰਦਿਕ ਪੰਡਯਾ ਟੀ-20 ਅੰਤਰਰਾਸ਼ਟਰੀ ਕ੍ਰਿਕਟ ’ਚ 1000 ਦੌੜਾਂ ਬਣਾਉਣ ਦੇ ਨਾਲ-ਨਾਲ 50 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣ ਗਏ ਹਨ। ਹਾਰਦਿਕ ਨੇ ਪਹਿਲਾਂ ਗੇਂਦਬਾਜ਼ੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 4 ਓਵਰਾਂ ’ਚ ਸਿਰਫ਼ 30 ਦੌੜਾਂ ਦਿੱਤੀਆਂ ਅਤੇ 3 ਵੱਡੀਆਂ ਵਿਕਟਾਂ ਝਟਕਾਈਆਂ। ਬੱਲੇਬਾਜ਼ੀ ਕਰਦੇ ਹੋਏ ਉਸ ਨੇ 37 ਗੇਂਦਾਂ ’ਚ 40 ਦੌੜਾਂ ਬਣਾਈਆਂ, ਜਦੋਂ ਕ੍ਰੀਜ਼ ’ਤੇ ਟਿਕਣ ਦੀ ਜ਼ਰੂਰਤ ਸੀ।
ਹਾਰਦਿਕ ਅਤੇ ਕੋਹਲੀ ਦੀ ਰਿਕਾਰਡ ਸਾਂਝੇਦਾਰੀ
ਭਾਰਤੀ ਟੀਮ ਇਕ ਸਮੇਂ 31 ਦੌੜਾਂ ’ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਡੂੰਘੀ ਮੁਸ਼ਕਿਲ ਵਿਚ ਨਜ਼ਰ ਆ ਰਹੀ ਸੀ ਪਰ ਹਾਰਦਿਕ ਪੰਡਯਾ ਅਤੇ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲ ਲਿਆ। ਇਸ ਜੋੜੀ ਨੇ 113 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ ਮੈਚ ’ਚ ਵਾਪਸ ਲਿਆਂਦਾ। ਇਸ ਦੇ ਨਾਲ ਹੀ ਇਹ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਕਿਸੇ ਵੀ ਵਿਕਟ ਲਈ ਪਾਕਿਸਤਾਨ ਖ਼ਿਲਾਫ਼ ਭਾਰਤ ਦੀ ਸਭ ਤੋਂ ਵੱਡੀ ਸਾਂਝੇਦਾਰੀ ਬਣ ਗਈ ਹੈ।
ਚੌਥੀ ਵਾਰ ਟੀ-20 ਦੀ ਆਖਰੀ ਗੇਂਦ ’ਤੇ ਭਾਰਤ ਦੀ ਜਿੱਤ
ਬਨਾਮ ਆਸਟ੍ਰੇਲੀਆ ਸਿਡਨੀ 2016
ਬਨਾਮ ਕੋਲੰਬੋ ਆਰ.ਪੀ.ਐੱਸ. 2018
ਬਨਾਮ ਵੈਸਟਇੰਡੀਜ਼ ਚੇਨਈ 2018
ਬਨਾਮ ਪਾਕਿ ਮੈਲਬੋਰਨ 2022*
T20 WC 2022 : ਦੱਖਣੀ ਅਫਰੀਕਾ ਦਾ ਸਾਹਮਣਾ ਕੱਲ੍ਹ ਜ਼ਿੰਬਾਬਵੇ ਨਾਲ, ਜਾਣੋ ਮੈਚ ਨਾਲ ਜੁੜੇ ਰੌਚਕ ਅੰਕੜੇ
NEXT STORY