ਬੈਂਗਲੁਰੂ- ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਆਪਣੀ ਜੇਤੂ ਮੁਹਿੰਮ ਬਰਕਰਾਰ ਰੱਖਦੇ ਹੋਏ ਦੱਖਣੀ ਅਫਰੀਕਾ ਵਿਰੁੱਧ ਇਥੇ ਐੱਮ. ਚਿੰਨਾਸਵਾਮੀ ਸਟੇਡੀਅਮ ਵਿਚ ਤੀਜੇ ਤੇ ਆਖਰੀ ਟੀ-20 ਮੈਚ ਵਿਚ ਜਿੱਤ ਦੇ ਨਾਲ ਸੀਰੀਜ਼ 'ਤੇ ਕਬਜ਼ਾ ਕਰਨ ਦੇ ਇਰਾਦੇ ਨਾਲ ਉਤਰੇਗੀ। ਕਪਤਾਨ ਵਿਰਾਟ ਕੋਹਲੀ ਦੀ ਵੀ ਕੋਸ਼ਿਸ਼ ਰਹੇਗੀ ਕਿ ਉਹ ਆਪਣੀ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਘਰੇਲੂ ਮੈਦਾਨ 'ਤੇ ਤਜਰਬੇ ਦਾ ਫਾਇਦਾ ਚੁੱਕਦੇ ਹੋਏ ਮਹਿਮਾਨ ਟੀਮ ਵਿਰੁੱਧ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਜਿੱਤ ਦਰਜ ਕਰ ਲਵੇ। ਵਿਰਾਟ ਦੀ ਅਗਵਾਈ ਵਿਚ ਭਾਰਤ ਨੇ ਇਸ ਤੋਂ ਪਹਿਲਾਂ ਵੈਸਟਇੰਡੀਜ਼ ਵਿਚ 3-0 ਨਾਲ ਟੀ-20 ਸੀਰੀਜ਼ ਜਿੱਤੀ ਸੀ। ਧਰਮਸ਼ਾਲਾ ਵਿਚ ਪਹਿਲਾ ਮੈਚ ਮੀਂਹ ਕਾਰਣ ਰੱਦ ਹੋਣ ਤੋਂ ਬਾਅਦ ਭਾਰਤ ਨੇ ਦੂਜਾ ਮੈਚ ਮੋਹਾਲੀ ਵਿਚ 7 ਵਿਕਟਾਂ ਨਾਲ ਜਿੱਤਿਆ ਸੀ ਤੇ ਹੁਣ ਤੀਜਾ ਮੈਚ ਉਸ ਲਈ ਅਹਿਮ ਹੋ ਗਿਆ ਹੈ। ਉਥੇ ਹੀ ਦੱਖਣੀ ਅਫਰੀਕੀ ਟੀਮ ਦਾ ਮੰਨਣਾ ਹੈ ਕਿ ਭਾਰਤੀ ਟੀਮ ਚੁਣੌਤੀਪੂਰਨ ਹੈ ਪਰ ਉਸ ਨੂੰ ਹਰਾਇਆ ਜਾ ਸਕਦਾ ਹੈ ਤੇ ਅਗਲੇ ਮੈਚ ਨੂੰ ਜਿੱਤ ਕੇ ਉਹ ਸੀਰੀਜ਼ ਬਰਾਬਰੀ 'ਤੇ ਪਹੁੰਚ ਸਕਦੇ ਹਨ। ਅਜਿਹੀ ਹਾਲਤ ਵਿਚ ਮੇਜ਼ਬਾਨ ਟੀਮ ਨੂੰ ਇਸ ਵਾਰ ਜ਼ਿਆਦਾ ਮਿਹਨਤ ਕਰਨੀ ਪਵੇਗੀ। ਕੋਹਲੀ 'ਤੇ ਫਿਰ ਤੋਂ ਦਾਰੋਮਦਾਰ : ਟੀਮ ਦੀ ਬੱਲੇਬਾਜ਼ੀ ਹਾਲਾਂਕਿ ਅਜੇ ਵੀ ਵਿਰਾਟ 'ਤੇ ਕਾਫੀ ਹੱਦ ਤਕ ਨਿਰਭਰ ਦਿਸ ਰਹੀ ਹੈ, ਜਿਹੜਾ ਮੋਹਾਲੀ ਵਿਚ ਟਾਪ ਸਕੋਰਰ ਰਿਹਾ ਸੀ। ਰੋਹਿਤ ਦੇ 12 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਕਪਤਾਨ ਨੇ 52 ਗੇਂਦਾਂ ਵਿਚ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 72 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਸੀ ਤੇ 'ਮੈਨ ਆਫ ਦਿ ਮੈਚ' ਬਣਿਆ ਸੀ।
ਮੀਂਹ ਦੇ ਆਸਾਰ : ਸੀਰੀਜ਼ ਦਾ ਧਰਮਸ਼ਾਲਾ ਵਿਚ ਖੇਡਿਆ ਜਾਣ ਵਾਲਾ ਪਹਿਲਾ ਮੈਚ ਮੀਂਹ ਕਾਰਣ ਰੱਦ ਕਰਨਾ ਪਿਆ ਸੀ, ਉਥੇ ਹੀ ਬੈਂਗਲੁਰੂ ਵਿਚ ਹੋਣ ਵਾਲੇ ਟੀ-20 ਮੈਚ ਵਿਚ ਵੀ ਮੀਂਹ ਪੈਣ ਦੇ ਆਸਾਰ ਹਨ। ਸ਼ਨੀਵਾਰ ਨੂੰ ਬੈਂਗਲੁਰੂ ਵਿਚ ਮੀਂਹ ਪਿਆ ਸੀ। ਐਤਵਾਰ ਨੂੰ ਵੀ ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ।
ਪੰਤ 'ਤੇ ਪ੍ਰਦਰਸ਼ਨ ਕਰਨ ਦਾ ਹੋਵੇਗਾ ਦਬਾਅ
ਮੋਹਾਲੀ ਵਿਚ ਭਾਰਤੀ ਟੀਮ ਦੇ ਤਜਰਬੇਕਾਰ ਖਿਡਾਰੀ ਸ਼ਿਖਰ ਧਵਨ (40 ਦੌੜਾਂ) ਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 72) ਦੀਆਂ ਪਾਰੀਆਂ ਨਾਲ ਟੀਮ ਨੇ ਜਿੱਤ ਦਰਜ ਕੀਤੀ ਸੀ ਪਰ ਓਪਨਰ ਰੋਹਿਤ ਸ਼ਰਮਾ ਦੇ 12 ਦੌੜਾਂ 'ਤੇ ਸਸਤੇ ਵਿਚ ਆਊਟ ਹੋਣ ਤੋਂ ਬਾਅਦ ਦਿੱਲੀ ਦੇ ਇਨ੍ਹਾਂ ਬੱਲੇਬਾਜ਼ਾਂ ਨੇ ਟੀਮ ਨੂੰ ਸੰਭਾਲਿਆ ਸੀ ਪਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਅਹਿਮ ਸਮੇਂ 'ਤੇ 4 ਦੌੜਾਂ ਬਣਾ ਕੇ ਆਊਟ ਹੋ ਗਿਆ। ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੋਚ ਰਵੀ ਸ਼ਾਸਤਰੀ ਪੰਤ ਦੀਆਂ ਸ਼ਾਟਾਂ ਦੀ ਚੋਣ 'ਤੇ ਸਵਾਲ ਖੜ੍ਹੇ ਕਰ ਚੁੱਕਾ ਹੈ। ਅਜਿਹੇ ਵਿਚ ਇਹ ਦੇਖਣਾ ਪਵੇਗਾ ਕਿ ਪੰਤ ਅਗਲੇ ਮਹੱਤਵਪੂਰਨ ਮੈਚ ਵਿਚ ਕਪਤਾਨ ਦਾ ਭਰੋਸਾ ਜਿੱਤਦਾ ਹੈ ਜਾਂ ਮੈਨੇਜਮੈਂਟ ਉਸ ਨੂੰ ਬਾਹਰ ਬਿਠਾਉਂਦੀ ਹੈ।
ਯੰਗ ਬ੍ਰਿਗੇਡ ਤੋਂ ਹੋਣਗੀਆਂ ਉਮੀਦਾਂ
ਭਾਰਤੀ ਟੀਮ ਆਸਟਰੇਲੀਆ ਵਿਚ ਅਗਲੇ ਸਾਲ ਹੋਣ ਵਾਲੇ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਦੇ ਮੱਦੇਨਜ਼ਰ ਹੁਣ ਫਟਾਫਟ ਸਵਰੂਪ 'ਤੇ ਵੱਧ ਧਿਆਨ ਲਾ ਰਹੀ ਹੈ ਤੇ ਇਸ ਦਿਸ਼ਾ ਵਿਚ ਆਪਣੀਆਂ ਤਿਆਰੀਆਂ ਦੇ ਕਾਰਣ ਟੀਮ ਵਿਚ ਕਈ ਨਵੇਂ ਨੌਜਵਾਨ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਹੈ। ਪਿਛਲੇ ਮੈਚ ਵਿਚ ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਨਵਦੀਪ ਸੈਣੀ ਦੀ ਗੇਂਦਬਾਜ਼ੀ ਸਬਰਯੋਗ ਰਹੀ ਸੀ ਤੇ ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਇਕ ਵਾਰ ਫਿਰ ਉਮੀਦ ਹੋਵੇਗੀ।
ਦੀਪਕ-ਨਵਦੀਪ ਨੇ ਕੀਤਾ ਹੈ ਪ੍ਰਭਾਵਿਤ
ਤੇਜ਼ ਗੇਂਦਬਾਜ਼ਾਂ ਦੀਪਕ ਤੇ ਨਵਦੀਪ ਨੇ ਮੋਹਾਲੀ ਮੈਚ ਵਿਚ ਕ੍ਰਮਵਾਰ 2 ਤੇ 1 ਵਿਕਟ ਕੱਢੀ ਸੀ ਅਤੇ ਜਸਪ੍ਰੀਤ ਬੁਮਰਾਹ ਤੇ ਭੁਵਨੇਸ਼ਵਰ ਕੁਮਾਰ ਦੀ ਗੈਰ-ਹਾਜ਼ਰੀ ਵਿਚ ਦੋਵਾਂ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਸੀ। ਉਥੇ ਹੀ ਨਿਯਮਤ ਸਪਿਨਰ ਯੁਜਵੇਂਦਰ ਚਾਹਲ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਗੈਰ-ਮੌਜੂਦਗੀ ਵਿਚ ਸੁੰਦਰ ਦਾ ਪ੍ਰਦਰਸ਼ਨ ਵੀ ਸਬਰਯੋਗ ਰਿਹਾ, ਜਿਸ ਨੂੰ ਸਪਿਨ ਗੇਂਦਬਾਜ਼ੀ ਵਿਚ ਭਵਿੱਖ ਲਈ ਇਕ ਬਦਲ ਮੰਨਿਆ ਜਾ ਰਿਹਾ ਹੈ।
ਦੱ. ਅਫਰੀਕਾ ਵੀ ਘੱਟ ਨਹੀਂ
ਨਵ-ਨਿਯੁਕਤ ਕਪਤਾਨ ਕਵਿੰਟਨ ਡੀ ਕੌਕ ਦੀ ਅਗਵਾਈ ਵਿਚ ਅਫਰੀਕੀ ਟੀਮ ਵੀ ਸੀਰੀਜ਼ ਵਿਚ ਹਾਰ ਟਾਲਣ ਦੀ ਪੂਰੀ ਕੋਸ਼ਿਸ਼ ਕਰੇਗੀ। ਉਸਦੇ ਕੋਲ ਡੇਵਿਡ ਮਿਲਰ, ਰੀਜਾ ਹੈਂਡ੍ਰਿਕਸ ਤੇ ਖੁਦ ਕੌਕ ਵਰਗੇ ਵਧੀਆ ਸਕੋਰਰ ਹਨ, ਜਦਕਿ ਰਬਾਡਾ ਵਰਗੇ ਗੇਂਦਬਾਜ਼ ਮੌਜੂਦ ਹਨ, ਜਿਹੜੇ ਭਾਰਤ ਨੂੰ ਦਬਾਅ ਵਿਚ ਲਿਆ ਸਕਦੇ ਹਨ।
ਧਵਨ ਦੀ ਹੋਈ ਫਾਰਮ ਵਿਚ ਵਾਪਸੀ
ਦੱਖਣੀ ਅਫਰੀਕਾ ਦੇ ਕੈਗਿਸੋ ਰਬਾਡਾ, ਆਂਦਿਲੇ ਫੇਲਕਵਾਓ, ਡਵੇਨ ਪ੍ਰਿਟੋਰੀਅਸ ਵਰਗੇ ਗੇਂਦਬਾਜ਼ਾਂ ਦੇ ਸਾਹਮਣੇ ਰੋਹਿਤ, ਵਿਰਾਟ ਤੇ ਸ਼ਿਖਰ ਦੀ ਤਿਕੜੀ ਦੌੜਾਂ ਬਣਾਉਣ ਵਿਚ ਸਮਰਥ ਹੈ, ਜਦਕਿ ਹੇਠਲੇ ਕ੍ਰਮ ਵਿਚ ਸ਼੍ਰੇਅਸ ਅਈਅਰ ਤੇ ਹਾਰਦਿਕ ਪੰਡਯਾ ਚੰਗੇ ਸਕੋਰਰ ਹਨ। ਜੇਕਰ ਪੰਤ ਅਗਲੇ ਮੈਚ ਵਿਚ ਵਾਪਸੀ ਕਰਦਾ ਹੈ ਤਾਂ ਮੱਧਕ੍ਰਮ ਨੂੰ ਕਾਫੀ ਮਜ਼ਬੂਤੀ ਮਿਲੇਗੀ।
ਟੀਮਾਂ ਇਸ ਤਰ੍ਹਾਂ ਹਨ :
ਭਾਰਤ-ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉਪ ਕਪਤਾਨ), ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼੍ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਕਰੁਣਾਲ ਪੰਡਯਾ, ਵਾਸ਼ਿੰਗਟਨ ਸੁੰਦਰ, ਰਾਹੁਲ ਚਾਹਰ, ਖਲੀਲ ਅਹਿਮਦ, ਦੀਪਕ ਚਾਹਰ, ਨਵਦੀਪ ਸੈਣੀ।
ਦੱ. ਅਫਰੀਕਾ— ਕਵਿੰਟਨ ਡੀ ਕੌਕ (ਕਪਤਾਨ), ਰਾਸੀ ਵਾਨ ਡਰ ਦੂਸੇਨ (ਉਪ ਕਪਤਾਨ), ਤੇਂਬਾ ਬਾਵੂਮਾ, ਜੂਨੀਅਰ ਡਾਲਾ, ਬਯੋਰਨ ਫੋਟੁਈਨ, ਬੇਯੁਰਨ ਹੈਂਡ੍ਰਿਕਸ, ਰੀਜਾ ਹੈਂਡ੍ਰਿਕਸ, ਡੇਵਿਡ ਮਿਲਰ, ਐਨਰਿਕ ਨਾਟਰਜ, ਐਂਡਿਲੇ ਫੇਲਕਵਾਓ, ਡਵੇਨ ਪ੍ਰਿਟੋਰੀਅਸ, ਕੈਗਿਸੋ ਰਬਾਡਾ, ਤਬਰੇਜ ਸ਼ਮਸੀ, ਜਾਨ-ਜਾਨ ਸਮਰਟਸ।
ਰੋਹਿਤ ਦੀ ਫੈਮਿਲੀ ਫੋਟੋ 'ਤੇ ਚਾਹਲ ਨੇ ਕੀਤਾ ਅਜਿਹਾ ਕੁਮੈਂਟ, ਰਿਤਿਕਾ ਨੇ ਕਰ ਦਿੱਤੀ ਬੋਲਤੀ ਬੰਦ
NEXT STORY