ਕੋਲਕਾਤਾ— ਨੌਜਵਾਨ ਵਿਕਟਕੀਪਰ ਬੱਲੇਬਾਜ਼ ਤੇ ਸੰਜੂ ਸੈਮਸਨ ਨੇ ਸ਼੍ਰੀਲੰਕਾ ਦੇ ਵੱਡੇ ਸਕੋਰ ਦੇ ਜਵਾਬ 'ਚ ਬਿਹਤਰੀਨ 128 ਦੌੜਾਂ ਬਣਾ ਦਿੱਤੀਆਂ, ਜਿਸ ਦੀ ਬਦੌਲਤ ਬੋਰਡ ਪ੍ਰੈਜ਼ੀਡੈਂਟ ਇਲੈਵਨ ਨੇ ਪੰਜ ਵਿਕਟਾਂ 'ਤੇ 287 ਦੌੜਾਂ ਦਾ ਸਨਮਾਨਜਨਕ ਸਕੋਰ ਬਣਾਇਆ ਤੇ ਦੋ ਦਿਨਾ ਅਭਿਆਸ ਮੈਚ ਐਤਵਾਰ ਨੂੰ ਡਰਾਅ ਖਤਮ ਹੋ ਗਿਆ। ਸੈਮਸਨ ਨੇ 143 ਗੇਂਦਾਂ 'ਤੇ 128 ਦੌੜਾਂ ਦੀ ਹਮਲਾਵਰ ਪਾਰੀ ਵਿਚ 19 ਚੌਕੇ ਤੇ ਇਕ ਛੱਕਾ ਲਾਇਆ। ਮਹਿਮਾਨ ਟੀਮ ਨੇ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੀ ਪਾਰੀ ਵਿਚ 14 ਗੇਂਦਬਾਜ਼ਾਂ ਦਾ ਇਸਤੇਮਾਲ ਕੀਤਾ। ਸਿਰਫ ਵਿਕਟਕੀਪਰ ਨਿਰੋਸ਼ਨ ਡਿਕਵੇਲਾ ਹੀ ਗੇਂਦਬਾਜ਼ੀ ਕਰਨ ਤੋਂ ਰਹਿ ਗਿਆ। ਸੈਮਸਨ 'ਤੇ ਕੋਈ ਵੀ ਸ਼੍ਰੀਲੰਕਾਈ ਗੇਂਦਬਾਜ਼ ਪ੍ਰਭਾਵ ਨਹੀਂ ਛੱਡ ਸਕਿਆ। ਸੈਮਸਨ ਜਦੋਂ ਆਊਟ ਹੋਇਆ ਤਾਂ ਬੋਰਡ ਪ੍ਰੈਜ਼ੀਡੈਂਟ ਇਲੈਵਨ ਦਾ ਸਕੋਰ 255 ਦੌੜਾਂ ਪਹੁੰਚ ਚੁੱਕਾ ਸੀ।
ਮਹਿਮਾਨ ਸ਼੍ਰੀਲੰਕਾਈ ਟੀਮ ਨੇ ਕੱਲ 9 ਵਿਕਟਾਂ 'ਤੇ 411 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਬੱਲੇਬਾਜ਼ਾਂ ਦਾ ਅਭਿਆਸ ਪੂਰਾ ਹੋ ਜਾਣ ਤੋਂ ਬਾਅਦ ਗੇਂਦਬਾਜ਼ਾਂ ਨੂੰ ਵੀ ਅਭਿਆਸ ਦੇਣ ਦੇ ਟੀਚੇ ਨਾਲ ਸ਼੍ਰੀਲੰਕਾ ਨੇ ਆਪਣੀ ਪਾਰੀ ਉਥੇ ਹੀ ਖਤਮ ਕਰ ਦਿੱਤੀ। ਸ਼੍ਰੀਲੰਕਾ ਦੇ ਗੇਂਦਬਾਜ਼ਾਂ ਨੇ ਵੀ ਚੰਗੀ ਸ਼ੁਰੂਆਤ ਕਰਦਿਆਂ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੀਆਂ ਤਿੰਨ ਵਿਕਟਾਂ 31 ਓਵਰਾਂ ਤੱਕ ਸਿਰਫ 99 ਦੌੜਾਂ 'ਤੇ ਕੱਢ ਦਿੱਤੀਆਂ। ਲਾਹਿਰੂ ਥਿਰੀਮਾਨੇ ਨੇ ਤਨਮਯ ਅਗਰਵਾਲ ਨੂੰ ਐੱਲ. ਬੀ. ਡਬਲਯੂ. ਆਊਟ ਕੀਤਾ। ਤਨਮਯ ਨੇ 22 ਗੇਂਦਾਂ 'ਤੇ 3 ਚੌਕਿਆਂ ਦੀ ਮਦਦ ਨਾਲ 16 ਦੌੜਾਂ ਬਣਾਈਆਂ। ਪੰਜ ਦੌੜਾਂ ਤੋਂ ਬਾਅਦ ਆਕਾਸ਼ ਭੰਡਾਰੀ ਵੀ ਥਿਰੀਮਾਨੇ ਦਾ ਦੂਜਾ ਸ਼ਿਕਾਰ ਬਣ ਗਿਆ। ਭੰਡਾਰੀ ਤਿੰਨ ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਜੀਵਨਜੋਤ ਸਿੰਘ ਤੇ ਸੈਮਸਨ ਨੇ ਤੀਜੀ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ। ਦਿਲਰੁਬਾਨ ਪਰੇਰਾ ਨੇ ਜੀਵਨਜੋਤ ਨੂੰ ਵਿਕਟਾਂ ਦੇ ਪਿੱਛੇ ਆਊਟ ਕਰਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਜੀਵਨਜੋਤ ਨੇ 99 ਗੇਂਦਾਂ ਵਿਚ 35 ਦੌੜਾਂ ਵਿਚ ਤਿੰਨ ਚੌਕੇ ਲਾਏ।
ਸੈਮਸਨ ਨੇ ਫਿਰ ਰੋਹਨ ਪ੍ਰੇਮ ਨਾਲ ਚੌਥੀ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਨ ਨੂੰ ਧਨੰਜਯ ਡੀਸਿਲਵਾ ਨੇ ਐੱਲ. ਬੀ. ਡਬਲਯੂ. ਕੀਤਾ। ਰੋਹਨ ਨੇ 61 ਗੇਂਦਾਂ 'ਤੇ 39 ਦੌੜਾਂ 'ਚ ਪੰਜ ਸ਼ਾਨਦਾਰ ਚੌਕੇ ਲਾਏ। ਸੈਮਸਨ ਨੂੰ ਇਸ ਤੋਂ ਬਾਅਦ ਬਵਾਂਕਾ ਸੰਦੀਪ ਦੇ ਰੂਪ 'ਚ ਇਕ ਚੰਗਾ ਜੋੜੀਦਾਰ ਮਿਲਿਆ। ਸੈਮਸਨ ਤੇ ਸੰਦੀਪ ਨੇ ਪੰਜਵੀਂ ਵਿਕਟ ਲਈ 85 ਦੌੜਾਂ ਦੀ ਸਾਂਝੇਦਾਰੀ ਕਰ ਕੇ ਸਕੋਰ 255 ਦੌੜਾਂ ਤਕ ਪਹੁੰਚਾਇਆ। ਸਦੀਰਾ ਸਮਰਵਿਕਰਮਾ ਨੇ ਸੈਮਸਨ ਨੂੰ ਆਊਟ ਕਰ ਕੇ ਉਸ ਦੀ ਸ਼ਾਨਦਾਰ ਪਾਰੀ ਦਾ ਅੰਤ ਕੀਤਾ ਪਰ ਇਸ ਨੌਜਵਾਨ ਬੱਲੇਬਾਜ਼ ਨੇ ਆਪਣੀ ਪਾਰੀ ਨਾਲ ਸਾਬਤ ਕੀਤਾ ਕਿ ਸ਼੍ਰੀਲੰਕਾਈ ਗੇਂਦਬਾਜ਼ਾਂ ਨੂੰ ਅਜੇ ਕਾਫੀ ਮਿਹਨਤ ਕਰਨੀ ਪਵੇਗੀ।
ਸੰਦੀਪ 74 ਗੇਂਦਾਂ 'ਚ ਤਿੰਨ ਚੌਕਿਆਂ ਦੀ ਮਦਦ ਨਾਲ 33 ਤੇ ਜਲਜ ਸਕਸੈਨਾ 50 ਗੇਂਦਾਂ 'ਤੇ ਤਿੰਨ ਚੌਕਿਆਂ ਦੇ ਸਹਾਰੇ 20 ਦੌੜਾਂ ਬਣਾ ਕੇ ਅਜੇਤੂ ਰਿਹਾ। ਸ਼੍ਰੀਲੰਕਾ ਦਾ ਈਡਨ ਗਾਰਡਨ 'ਚ ਭਾਰਤ ਵਿਰੁੱਧ 16 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਇਹ ਇਕਲੌਤਾ ਅਭਿਆਸ ਮੈਚ ਸੀ।
ਭਾਰਤ ਖਿਲਾਫ 35 ਸਾਲਾਂ 'ਚ ਇਕ ਵੀ ਮੈਚ ਜਿੱਤ ਨਾ ਸਕੀ ਸ਼੍ਰੀਲੰਕਾ, ਦੇਖੋ ਦੋਵਾਂ ਟੀਮਾਂ ਦੇ ਰਿਕਾਰਡ
NEXT STORY