ਪਰਥ– ਭਾਰਤ ਦੇ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਬੁੱਧਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਪਹਿਲੇ ਟੈਸਟ ਲਈ ਸ਼ੁਭਮਨ ਗਿੱਲ ਦੀ ਉਪਲੱਬਧਤਾ ’ਤੇ ਆਖਰੀ ਫੈਸਲਾ ਮੈਚ ਵਾਲੇ ਦਿਨ ਸਵੇਰ ਹੀ ਲਿਆ ਜਾਵੇਗਾ ਅਤੇ ਨਾਲ ਹੀ ਕਿਹਾ ਕਿ ਬੱਲੇਬਾਜ਼ ਆਲਰਾਊਂਡਰ ਨਿਤਿਸ਼ ਰੈੱਡੀ ’ਤੇ ਨਜ਼ਰ ਰਹੇਗੀ।
ਆਸਟ੍ਰੇਲੀਆ ਵਿਰੁੱਧ ਬਾਰਡਰ-ਗਾਵਸਕਰ ਲੜੀ ਦੇ ਸ਼ੁੱਕਰਵਾਰ ਤੋਂ ਇਥੇ ਆਪਟਸ ਸਟੇਡੀਅਮ ’ਚ ਸ਼ੁਰੂ ਹੋਣ ਵਾਲੇ ਪਹਿਲੇ ਮੈਚ ’ਚ ਗਿੱਲ ਦਾ ਖੇਡਣਾ ਸ਼ੱਕੀ ਹੈ ਕਿਉਂਕਿ ਕੁਝ ਦਿਨ ਪਹਿਲਾਂ ਇਥੇ ਭਾਰਤ ਦੇ ਟ੍ਰੇਨਿੰਗ ਮੈਚ ’ਚ ਉਸ ਦੇ ਅੰਗੂਠੇ ’ਤੇ ਸੱਟ ਲੱਗ ਗਈ ਸੀ। ਮੋਰਕਲ ਨੇ ਕਿਹਾ,‘ਸ਼ੁਭਮਨ ਦੀ ਹਾਲਤ ’ਚ ਹਰ ਰੋਜ਼ ਸੁਧਾਰ ਹੋ ਰਿਹਾ ਹੈ। ਉਨ੍ਹਾਂ ਨੂੰ ਸੱਟ ਲੱਗ ਗਈ ਸੀ। ਅਸੀਂ ਉਨ੍ਹਾਂ ਦੀ ਸੱਟ ’ਚ ਸੁਧਾਰ ਦੀ ਉਮੀਦ ਕਰ ਰਹੇ ਹਾਂ। ਸ਼ੁਰੂਆਤੀ ਟੈਸਟ ਮੈਚ ਦੇ ਪਹਿਲੇ ਦਿਨ ਦੀ ਸਵੇਰ ਤੱਕ ਉਨ੍ਹਾਂ ਦੇ ਖੇਡਣ ’ਤੇ ਫੈਸਲੇ ਦਾ ਇਤਜ਼ਾਰ ਕਰਾਂਗੇ।’
ਮੋਰਕਲ ਨੇ ਕਿਹਾ,‘ਰੈੱਡੀ ਦੇ ਆਲਰਾਊਂਡ ਕੌਸ਼ਲ ਨੂੰ ਦੇਖਦੇ ਹੋਏ ਲੜੀ ’ਚ ਉਨ੍ਹਾਂ ਦੇ ਪ੍ਰਦਰਸ਼ਨ ’ਤੇ ਨਜ਼ਰਾਂ ਲੱਗੀਆਂ ਰਹਿਣਗੀਆਂ। ਉਹ ਨੌਜਵਾਨ ਖਿਡਾਰੀਆਂ ’ਚ ਸ਼ਾਮਲ ਹੈ, ਜਿਨ੍ਹਾਂ ਬਾਰੇ ਅਸੀਂ ਜ਼ਿਕਰ ਕੀਤਾ ਸੀ ਕਿ ਉਨ੍ਹਾਂ ’ਚ ਬੱਲੇਬਾਜ਼ੀ ਆਲਰਾਊਂਡ ਦੀ ਕਾਬਲੀਅਤ ਹੈ। ਉਹ ਅਜਿਹਾ ਖਿਡਾਰੀ ਹੈ, ਜੋ ਇਕ ਪਾਸੇ ’ਤੇ ਡਟਿਆ ਰਹਿ ਸਕਦਾ ਹੈ। ਇਥੋਂ ਦੇ ਹਾਲਾਤ ’ਚ ਉਹ ਚੰਗਾ ਗੇਂਦਬਾਜ਼ ਹੋ ਸਕਦਾ ਹੈ ਜੋ ਸਟੀਕ ‘ਵਿਕਟ ਟੂ ਵਿਕਟ’ ਗੇਂਦਬਾਜ਼ੀ ਕਰਦਾ ਹੈ।’
ਮੋਰਕਲ ਨੇ ਕਿਹਾ ਕਿ ਜਸਪ੍ਰੀਤ ਬੁਮਰਾਹ ਨੂੰ ਗੇਂਦਬਾਜ਼ੀ ਦੇ ਆਗੂ ਵਜੋਂ ਜ਼ਿੰਮੇਵਾਰੀ ਚੁੱਕਣੀ ਪਵੇਗੀ ਕਿਉਂਕਿ ਭਾਰਤ ਮੁਹੰਮਦ ਸ਼ਮੀ ਨੂੰ ਟੀਮ ’ਚ ਸ਼ਾਮਲ ਕਰਨ ’ਚ ਕਾਹਲੀ ਨਹੀਂ ਕਰੇਗਾ। ਉਨ੍ਹਾਂ ਕਿਹਾ,‘ਜੱਸੀ ਅਜਿਹਾ ਖਿਡਾਰੀ ਹੈ ਜੋ ਹਮੇਸ਼ਾ ਜ਼ਿੰਮੇਵਾਰੀ ਚੁੱਕੇਗਾ। ਉਹ ਬੀਤੇ ਸਮੇਂ ’ਚ ਇਥੇ ਕਾਫੀ ਸਫਲ ਹੋ ਚੁੱਕਾ ਹੈ। ਉਹ ਅਜਿਹਾ ਖਿਡਾਰੀ ਹੈ ਜੋ ਹਮੇਸ਼ਾ ਅਗਵਾਈ ਕਰਦਾ ਹੈ ਅਤੇ ਨੌਜਵਾਨ ਖਿਡਾਰੀ ਉਸ ਦੀ ਨਕਲ ਕਰਦੇ ਹਨ।’ ਮੋਰਕਲ ਨੇ ਕਿਹਾ ਕਿ ਅਸੀਂ ਯਕੀਨੀ ਤੌਰ ’ਤੇ ਸ਼ਮੀ ’ਤੇ ਨਜ਼ਰਾਂ ਟਿਕਾਈ ਰੱਖਾਂਗੇ ਪਰ ਸਾਨੂੰ ਸਮਝਣ ਦੀ ਲੋੜ ਹੈ ਕਿ ਉਹ ਪੂਰੇ ਇਕ ਸਾਲ ਤੋਂ ਖੇਡ ਤੋਂ ਦੂਰ ਰਿਹਾ ਹੈ। ਸਾਨੂੰ ਉਸ ਦਾ ਅਤੇ ਉਸ ਦੇ ਸਰੀਰ ਦਾ ਸਨਮਾਨ ਕਰਨਾ ਚਾਹੀਦਾ। ਇਹ ਚੰਗੀ ਗੱਲ ਹੈ ਕਿ ਉਹ ਵਾਪਸੀ ਕਰ ਚੁੱਕਾ ਹੈ। ਉਸ ਲਈ ਵਾਪਸੀ ’ਚ ਪਹਿਲੇ ਹੀ ਮੈਚ ’ਚ ਵਿਕਟ ਲੈਣਾ ਸ਼ਾਨਦਾਰ ਚੀਜ਼ ਹੈ ਪਰ ਸਾਨੂੰ ਥੋੜਾ ਧੀਰਜ ਰੱਖਣਾ ਪਵੇਗਾ ਅਤੇ ਉਸ ਦੇ ਸਰੀਰ ਨੂੰ ਅਨੁਕੂਲ ਹੋਣ ਲਈ ਥੋੜਾ ਸਮਾਂ ਹੋਰ ਦੇਣਾ ਪਵੇਗਾ।’
ਮੋਰਕਲ ਨੇ ਮੰਨਿਆ ਕਿ ਭਾਰਤ ਇਸ ਲੜੀ ਲਈ ਦਬਾਅ ’ਚ ਹੋਵੇਗਾ ਪਰ ਨਾਲ ਹੀ ਕਿਹਾ ਕਿ ਮੌਕਿਆਂ ’ਤੇ ਵੀ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ,‘ਕਾਫੀ ਲੋਕ ਦੇਖਣਗੇ ਕਿ ਅਸੀਂ ਇਥੇ ਕਿਹੋ-ਜਿਹਾ ਪ੍ਰਦਰਸ਼ਨ ਕਰਦੇ ਹਾਂ ਪਰ ਸਾਡੇ ਲਈ ਮਹੱਤਵਪੂਰਨ ਇਹੀ ਹੋਵੇਗਾ ਕਿ ਅਸੀਂ ਪੁਰਾਣੇ ਨਤੀਜਿਆਂ ਨੂੰ ਪਿੱਛੇ ਛੱਡ ਦੇਈਏ। ਕਿਸੇ ਵੀ ਕ੍ਰਿਕਟਰ ਲਈ ਆਸਟ੍ਰੇਲੀਆ ’ਚ ਖੇਡ ਕੇ ਚੰਗਾ ਪ੍ਰਦਰਸ਼ਨ ਕਰਨਾ ਮਹੱਤਵਪੂਰਨ ਹੁੰਦਾ ਹੈ। ਇਥੇ ਚੰਗੇ ਪ੍ਰਦਰਸ਼ਨ ਨਾਲ ਤੁਸੀਂ ਆਪਣਾ ਨਾਂ ਬਣਾਉਂਦੇ ਹੋ ਕਿਉਂਕਿ ਇਹ ਦੁਨੀਆ ’ਚ ਕ੍ਰਿਕਟ ਖੇਡਣ ਲਈ ਵੱਡੇ ਮੰਚਾਂ ’ਚੋਂ ਇਕ ਹੈ।’
ਭਾਰਤੀ ਮਹਿਲਾ ਹਾਕੀ ਟੀਮ ਦੀਆਂ ਖਿਡਾਰਨਾਂ ਨੂੰ ਮਿਲੇਗਾ 10 ਲੱਖ ਦਾ ਇਨਾਮ, CM ਨਿਤੀਸ਼ ਕੁਮਾਰ ਨੇ ਕੀਤਾ ਐਲਾਨ
NEXT STORY