ਨਵੀਂ ਦਿੱਲੀ (ਭਾਸ਼ਾ)- ਪਹਿਲੇ ਮੈਚ ’ਚ ਆਸਾਨ ਜਿੱਤ ਤੋਂ ਆਤਮ-ਵਿਸ਼ਵਾਸ ਨਾਲ ਭਰਪੂਰ ਮੇਜ਼ਬਾਨ ਭਾਰਤ ਸ਼ੁੱਕਰਵਾਰ ਤੋਂ ਇਥੇ ਸ਼ੁਰੂ ਹੋ ਰਹੇ ਦੂਜੇ ਅਤੇ ਆਖਰੀ ਟੈਸਟ ਮੈਚ ’ਚ ਵੈਸਟਇੰਡੀਜ਼ ਨੂੰ ਇਕ ਹੋਰ ਕਰਾਰੀ ਹਾਰ ਦੇਣ ਦੇ ਉਦੇਸ਼ ਨਾਲ ਮੈਦਾਨ ’ਚ ਉਤਰੇਗਾ। ਹਾਲਾਂਕਿ ਇਸ ਮੈਚ ’ਚ ਨਜ਼ਰਾਂ ਸਾਈਂ ਸੁਦਰਸ਼ਨ ਦੇ ਧੀਰਜ ਅਤੇ ਘਰੇਲੂ ਹਾਲਾਤਾਂ ’ਚ ਨਿਤਿਸ਼ ਕੁਮਾਰ ਰੈੱਡੀ ’ਤੇ ਹੋਣਗੀਆਂ।
ਭਾਰਤ ਕੋਲ ਹੁਨਰਮੰਦ ਖਿਡਾਰੀਆਂ ਦਾ ਇਕ ਸ਼ਾਨਦਾਰ ਸਮੂਹ ਹੈ, ਜੋ ਹਰੇਕ ਅੰਤਰਰਾਸ਼ਟਰੀ ਟੀਮ ’ਚ ਜਗ੍ਹਾ ਬਣਾਉਣ ਦੇ ਯੋਗ ਹਨ। ਦੂਜੇ ਪਾਸੇ ਵੈਸਟਇੰਡੀਜ਼ ਦੀ ਟੀਮ, ਜਿਸ ਦਾ ਅਤੀਤ ਸ਼ਾਨਦਾਰ ਰਿਹਾ ਹੈ, ਅੱਜਕਲ ਟੈਸਟ ਕ੍ਰਿਕਟ ’ਚ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੀ ਹੈ।
ਵੈਸਟਇੰਡੀਜ਼ ਦੇ ਖਿਡਾਰੀਆਂ ਦੀ ਦੁਨੀਆ ਭਰ ਦੀਆਂ ਟੀ-20 ਲੀਗ ’ਚ ਵੱਡੀ ਮੰਗ ਹੈ ਪਰ ਲੰਬੇ ਫਾਰਮੈੱਟ ’ਚ ਉਨ੍ਹਾਂ ਕੋਲ ਤਜਰਬੇਹੀਣ ਖਿਡਾਰੀ ਹਨ। ਅਹਿਮਦਾਬਾਦ ’ਚ ਖੇਡੇ ਗਏ ਪਹਿਲੇ ਟੈਸਟ ’ਚ ਉਨ੍ਹਾਂ ਦੀ ਟੀਮ ਕਿਸੇ ਸਮੇਂ ਵੀ ਭਾਰਤ ਲਈ ਚੁਣੌਤੀ ਨਹੀਂ ਬਣੀ। ਭਾਰਤ ਨੇ ਇਹ ਮੈਚ ਇਕ ਪਾਰੀ ਦੇ ਅੰਤਰ ਨਾਲ ਜਿੱਤਿਆ ਸੀ, ਜੋ ਕਿ ਕੈਰੇਬੀਅਨ ਕ੍ਰਿਕਟ ਦੀ ਮੌਜੂਦਾ ਹਾਲਤ ਦਾ ਸਬੂਤ ਹੈ। ਭਾਰਤ ਵਾਸਤੇ ਇਕ ਹੋਰ ਪ੍ਰਭਾਵਸ਼ਾਲੀ ਪ੍ਰਦਰਸ਼ਨ ਸਿਰਫ਼ ਸੀਰੀਜ਼ ਜਿੱਤਣ ਲਈ ਨਹੀਂ, ਸਗੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਅੰਕ-ਤਾਲਿਕਾ ’ਚ ਆਪਣੀ ਸਥਿਤੀ ਮਜ਼ਬੂਤ ਕਰਨ ਅਤੇ ਸਾਲ ਦੇ ਅਖੀਰ ’ਚ ਘਰੇਲੂ ਮੈਦਾਨ ’ਤੇ ਦੱਖਣੀ ਅਫਰੀਕਾ ਵਿਰੁੱਧ ਆਉਣ ਵਾਲੀ ਮੁਸ਼ਕਿਲ ਸੀਰੀਜ਼ ਲਈ ਆਤਮ-ਵਿਸ਼ਵਾਸ ਹਾਸਲ ਕਰਨ ਲਈ ਵੀ ਹੈ।
ਫਿਰੋਜ਼ ਸ਼ਾਹ ਕੋਟਲਾ ਮੈਦਾਨ ’ਚ ਮੈਚ ਛੇਤੀ ਸਮਾਪਤ ਹੋ ਸਕਦਾ ਹੈ, ਜਿੱਥੇ ਸ਼ੁਰੂ ’ਚ ਪਿਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲਣ ਦੀ ਉਮੀਦ ਹੈ। ਇਹ ਤੈਅ ਹੈ ਕਿ ਭਾਰਤ ਆਪਣੀ ਟੀਮ ਵਿਚ ਕੋਈ ਬਦਲਾਅ ਨਹੀਂ ਕਰੇਗਾ ਅਤੇ ਨਿਤਿਸ਼ ਟੀਮ ’ਚ ਬਣਿਆ ਰਹੇਗਾ, ਕਿਉਂਕਿ ਟੀਮ ਮੈਨੇਜਮੈਂਟ ਉਸ ਨੂੰ ਭਵਿੱਖ ਲਈ ਗੇਂਦਬਾਜ਼ੀ ਆਲਰਾਊਂਡਰ ਵਜੋਂ ਤਿਆਰ ਕਰ ਰਹੀ ਹੈ। ਚੋਣਕਾਰ ਅਤੇ ਕੋਚ ਸਾਈਂ ਸੁਦਰਸ਼ਨ ਨੂੰ ਲੈ ਕੇ ਫਿਲਹਾਲ ਚਿੰਤਤ ਨਹੀਂ ਪਰ ਉਹ ਆਪਣੀਆਂ ਆਖ਼ਰੀ 7 ਪਾਰੀਆਂ ’ਚੋਂ 6 ’ਚ ਫੇਲ ਹੋਇਆ ਹੈ।
ਯਸ਼ਸਵੀ ਜੈਸਵਾਲ ਨੇ ਪਹਿਲੇ ਮੈਚ ’ਚ ਵਧੀਆ ਸ਼ੁਰੂਆਤ ਕੀਤੀ ਸੀ, ਜਦਕਿ ਕੇ. ਐੱਲ. ਰਾਹੁਲ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਫਾਰਮ ’ਚ ਹਨ। ਉਹ ਪਿਛਲੇ 6 ਟੈਸਟ ਮੈਚਾਂ ’ਚ 3 ਸੈਂਕੜੇ ਲਾ ਚੁੱਕਾ ਹੈ। ਕਪਤਾਨ ਸ਼ੁਭਮਨ ਗਿੱਲ ਨੇ ਵੀ ਪਹਿਲੇ ਮੈਚ ’ਚ ਅਰਧ-ਸੈਂਕੜਾ ਲਾਇਆ ਸੀ। ਧਰੁਵ ਜੁਰੇਲ ਅਤੇ ਰਵਿੰਦਰ ਜਡੇਜਾ ਨੇ ਵੀ ਅਹਿਮਦਾਬਾਦ ’ਚ ਸੈਂਕੜੇ ਲਾਏ ਸਨ।
ਭਾਰਤ ਜਿੱਥੇ ਹਰ ਵਿਭਾਗ ’ਚ ਮਜ਼ਬੂਤ ਦਿਖਾਈ ਦੇ ਰਿਹਾ ਹੈ, ਉੱਥੇ ਵੈਸਟਇੰਡੀਜ਼ ਦਾ ਹਰ ਵਿਭਾਗ ਕਮਜ਼ੋਰ ਦਿਖਾਈ ਦੇ ਰਿਹਾ ਹੈ। ਵੈਸਟਇੰਡੀਜ਼ ਦੇ ਮੁੱਖ ਕੋਚ ਡੈਰਨ ਸੈਮੀ ਨੇ ਦੂਜੇ ਟੈਸਟ ਦੀ ਪੂਰਵਲੀ ਸ਼ਾਮ ਸਾਫ਼ ਸ਼ਬਦਾਂ ’ਚ ਕਿਹਾ ਕਿ ਟੈਸਟ ਕ੍ਰਿਕਟ ’ਚ ਉਨ੍ਹਾਂ ਦੀ ਟੀਮ ਦੀ ਗਿਰਾਵਟ ਇਕ ‘ਕੈਂਸਰ’ ਵਾਂਗ ਹੈ, ਜਿਸ ਦਾ ਇਲਾਜ ਹਾਲੇ ਅਸੰਭਵ ਲੱਗ ਰਿਹਾ ਹੈ।
ਮੰਗਲਵਾਰ ਸ਼ਾਮ ਭਾਰਤੀ ਟੀਮ ਮੁੱਖ ਕੋਚ ਗੌਤਮ ਗੰਭੀਰ ਦੇ ਘਰ ਡਿਨਰ ਲਈ ਇਕੱਠੀ ਹੋਈ, ਜਦਕਿ ਵੈਸਟਇੰਡੀਜ਼ ਦੇ ਖਿਡਾਰੀ ਗੌਲਫ ਕੋਰਸ ’ਤੇ ਅਭਿਆਸ ਲਈ ਗਏ। ਉੱਥੇ ਸਰ ਵਿਵੀਅਨ ਰਿਚਰਡਸ, ਰਿਚੀ ਰਿਚਰਡਸਨ ਅਤੇ ਬ੍ਰਾਇਨ ਲਾਰਾ ਨੇ ਉਨ੍ਹਾਂ ਨਾਲ ਗੱਲ ਕੀਤੀ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਵੈਸਟਇੰਡੀਜ਼ ਦੇ ਖਿਡਾਰੀ ਉਨ੍ਹਾਂ ਮਹਾਨ ਖਿਡਾਰੀਆਂ ਦੀ ਸਲਾਹ ਦਾ ਲਾਭ ਚੁੱਕ ਸਕਣਗੇ ਜਾਂ ਨਹੀਂ।
ਕੋਟਲਾ ਦੀ ਪਿਚ ਮੁੱਖ ਤੌਰ ’ਤੇ ਕਾਲੀ ਮਿੱਟੀ ਵਾਲੀ ਹੈ। ਇੱਥੇ ਸ਼ਾਟ ਖੇਡਣ ਦੇ ਚੰਗੇ ਮੌਕੇ ਹਨ। ਜੇਕਰ ਭਾਰਤ ਪਹਿਲਾਂ ਬੱਲੇਬਾਜ਼ੀ ਕਰਦਾ ਹੈ ਤਾਂ ਉਨ੍ਹਾਂ ਦਾ ਉਦੇਸ਼ ਵੈਸਟਇੰਡੀਜ਼ ਦੇ ਬਾਲਿੰਗ ਅਟੈਕ ਨੂੰ ਮੁੜ ਤਬਾਹ ਕਰਨਾ ਹੋਵੇਗਾ। ਪਹਿਲੇ ਟੈਸਟ ’ਚ ਵੈਸਟਇੰਡੀਜ਼ ਦੇ ਸਿਰਫ਼ ਜੇਡਨ ਸੀਲਜ਼ ਨੇ ਹੀ ਵਧੀਆ ਪ੍ਰਦਰਸ਼ਨ ਕੀਤਾ ਸੀ।
ਟੀਮਾਂ:
ਭਾਰਤ: ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਕੇ. ਐੱਲ. ਰਾਹੁਲ, ਬੀ. ਸਾਈਂ ਸੁਦਰਸ਼ਨ, ਧਰੁਵ ਜੁਰੇਲ (ਵਿਕਟਕੀਪਰ), ਰਵਿੰਦਰ ਜਡੇਜਾ, ਨਿਤਿਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਪ੍ਰਸਿੱਧ ਕ੍ਰਿਸ਼ਨਾ, ਅਕਸ਼ਰ ਪਟੇਲ, ਨਾਰਾਇਣ ਜਗਦੀਸ਼ਨ (ਵਿਕਟਕੀਪਰ), ਦੇਵਦੱਤ ਪੱਡੀਕਲ।
ਵੈਸਟਇੰਡੀਜ਼: ਰੋਸਟਨ ਚੇਜ਼ (ਕਪਤਾਨ), ਨਾਰਾਇਣ ਚੰਦਰਪਾਲ, ਜੌਨ ਕੈਂਪਬੇਲ, ਐਲਿਕ ਅਥਾਨਾਜ਼, ਬ੍ਰੈਂਡਨ ਕਿੰਗ, ਜੌਹਾਨ ਲੇਨ, ਜਸਟਿਨ ਗਰੀਵਜ਼, ਖਾਰੀ ਪੀਅਰੇ, ਸ਼ਾਈ ਹੋਪ, ਜੇਡਨ ਸੀਲਜ਼, ਜੇਮਲ ਵਾਰਿਕਨ, ਕੇਵਲਨ ਐਂਡਰਸਨ, ਜੇਡੀਆ ਬਲੇਡਜ਼, ਟੇਵਿਨ ਇਮਲਾਚ, ਐਂਡਰਸਨ ਫਿਲਿਪ।
ਗਿੱਲ ਨੂੰ ਵਨਡੇ ਕਪਤਾਨ ਬਣਾਉਣ ਦਾ ਫੈਸਲਾ ਸਹੀ : ਗਾਂਗੁਲੀ
NEXT STORY