ਦੁਬਈ (ਭਾਸ਼ਾ)–ਜਿੱਤ ਹੀ ਸਭ ਕੁਝ ਨਹੀਂ ਹੁੰਦੀ ਪਰ 11 ਭਾਰਤੀ ਕ੍ਰਿਕਟਰ ਐਤਵਾਰ ਨੂੰ ਇੱਥੇ ਏਸ਼ੀਆ ਕੱਪ ਫਾਈਨਲ ਵਿਚ ਪਾਕਿਸਤਾਨ ਵਿਰੁੱਧ ਉਤਰਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਸਿਰਫ ਜਿੱਤ ਹਾਸਲ ਕਰਨ ’ਤੇ ਟਿਕੀਆਂ ਹੋਣਗੀਆਂ। ਇਸ ਹਾਈ-ਵੋਲਟੇਜ਼ ਮੁਕਾਬਲੇ ਦੀ ਤਿਆਰੀ ਵਿਚਾਲੇ ਮੈਦਾਨ ’ਤੇ ਖੇਡ ਅਤੇ ਮੈਦਾਨ ਦੇ ਬਾਹਰ ਦੀ ਸਿਆਸਤ ਵਿਚਾਲੇ ਦੀਆਂ ਰੇਖਾਵਾਂ ਧੁੰਦਲੀਆਂ ਪੈ ਗਈਆਂ ਹਨ। ਅਮਰੀਕੀ ਸਿਆਸੀ ਵਰਕਰ ਤੇ ਲੇਖਕ ਮਾਈਕ ਮਾਰਕੁਸੀ ਦੇ ਸ਼ਬਦਾਂ ਵਿਚ ਇਹ ‘ਬਿਨਾਂ ਗੋਲੀਬਾਰੀ ਦੇ ਯੁੱਧ’ ਵਰਗਾ ਹੈ। ਸਾਲਾਂ ਤੋਂ ਭਾਰਤ-ਪਾਕਿਸਤਾਨ ਮੁਕਾਬਲੇ ਵਿਚ ਰੋਮਾਂਚ ਦੀ ਕਮੀ ਨਹੀਂ ਰਹੀ ਹੈ ਪਰ ਸ਼ਾਇਦ ਹੀ ਕਦੇ ਇਹ ਇੰਨੀ ਉੱਥਲ-ਪੁਥਲ ਭਰੀ ਪਿਛੋਕੜ ਵਿਚ ਹੋਇਆ ਜਦੋਂ ਕ੍ਰਿਕਟ ਦੇ ਮੈਦਾਨ ਦੇ ਬਾਹਰ ਦਾ ਤਣਾਅ, ਉਤੇਜਕ ਇਸ਼ਾਰੇ ਤੇ ਦੋਵਾਂ ਪੱਖਾਂ ’ਤੇ ਲੱਗੇ ਜੁਰਮਾਨੇ ਇਸ ਨਾਲ ਜੁੜੇ ਹੋਏ ਪ੍ਰਤੀਤ ਹੋਣ। ਫਿਰ ਵੀ ਰੌਲੇ-ਰੱਪੇ ਤੋਂ ਪਰੇ ਕ੍ਰਿਕਟ ਆਪਣੇ ਆਪ ਵਿਚ ਦਿਲਖਿਚਵੀਂ ਰਹੀ ਹੈ ਤੇ ਇਸ ਦੌਰਾਨ ਸੁਰਖੀਆਂ ਅਭਿਸ਼ੇਕ ਸ਼ਰਮਾ ਦੀ 200 ਤੋਂ ਵੱਧ ਦੀ ਸ਼ਾਨਦਾਰ ਸਟ੍ਰਾਈਕ ਰੇਟ ਤੇ ਕੁਲਦੀਪ ਯਾਦਵ ਦੀਆਂ 13 ਵਿਕਟਾਂ ਨੇ ਖੱਟੀਆਂ ਹਨ।
ਅਫਸੋਸ ਦੀ ਗੱਲ ਇਹ ਹੈ ਕਿ ਇਹ ਪ੍ਰਾਪਤੀਆਂ ਵੀ ਅਕਸਰ ਟਕਰਾਅ ਤੇ ਬਹਿਸ ਦੀ ਭੇਟ ਚੜ੍ਹ ਜਾਂਦੀਆਂ ਹਨ। ਇਸਦੀ ਸ਼ੁਰੂਆਤ ਭਾਰਤ ਦੀ ਪਹਿਲੇ ਮੈਚ ਵਿਚ ‘ਹੱਥ ਨਾ ਮਿਲਾਉਣ ਦੀ’ ਨੀਤੀ ਨਾਲ ਹੋਈ ਜਦੋਂ ਕਪਤਾਨ ਸੂਰਯਕੁਮਾਰ ਯਾਦਵ ਟਾਸ ਦੇ ਸਮੇਂ ਤੇ ਮੈਚ ਤੋਂ ਬਾਅਦ ਹੱਥ ਮਿਲਾਏ ਬਿਨਾਂ ਚਲਾ ਗਿਆ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨੇ ਤਾਅਨਿਆਂ, ਇਤਰਾਜ਼ਯੋਗ ਸ਼ਬਦਾਂ ਤੇ ਇੱਥੋਂ ਤੱਕ ਕਿ ਜਹਾਜ਼ ਹਾਦਸਿਆਂ ਦਾ ਇਸ਼ਾਰਾ ਕਰ ਕੇ ਜਵਾਬ ਦਿੱਤਾ, ਜਿਸ ਨਾਲ ਇਕ ਅਜਿਹਾ ਹੰਗਾਮਾ ਮਚਿਆ ਕਿ ਦੋਵੇਂ ਹੀ ਆਈ. ਸੀ. ਸੀ. ਦੀ ਜਾਂਚ ਦੇ ਘੇਰੇ ਵਿਚ ਆ ਗਏ ਤੇ ਉਨ੍ਹਾਂ ’ਤੇ 30 ਫੀਸਦੀ ਦਾ ਜੁਰਮਾਨਾ ਲਗਾਇਆ ਗਿਆ।
ਅੱਗ ਵਿਚ ਘਿਓ ਪਾਉਣ ਦਾ ਕੰਮ ਕਰਦੇ ਹੋਇਆ ਪਾਕਿਸਤਾਨ ਦਾ ਗ੍ਰਹਿ ਮੰਤਰੀ ਮੋਹਸਿਨ ਨਕਵੀ ਆਪਣੇ ‘ਸੋਸ਼ਲ ਮੀਡੀਆ ਅਕਾਊਂਟ’ ਉੱਪਰ ਲਗਾਤਾਰ ਭੜਕਾਊ ਪੋਸਟਾਂ ਪਾਉਂਦਾ ਰਿਹਾ। ਨਕਵੀ ਪਾਕਿਸਤਾਨ ਕ੍ਰਿਕਟ ਬੋਰਡ ਤੇ ਏਸ਼ੀਆਈ ਕ੍ਰਿਕਟ ਪ੍ਰੀਸ਼ਦ ਦਾ ਮੁਖੀ ਵੀ ਹੈ।ਹਾਲਾਂਕਿ ਕਾਗਜ਼ਾਂ ’ਤੇ ਭਾਰਤ ਟੂਰਨਾਮੈਂਟ ਵਿਚ ਹੁਣ ਤੱਕ ਅਜੇਤੂ ਹੈ ਤੇ ਲਗਾਤਾਰ 6 ਜਿੱਤਾਂ ਦੇ ਕ੍ਰਮ ਦੌਰਾਨ ਸਿਰਫ ਸ਼੍ਰੀਲੰਕਾ ਨੇ ਉਸ ਨੂੰ ਸੁਪਰ ਓਵਰ ਤੱਕ ਧੱਕਿਆ ਹੈ।ਇਸ ਦੇ ਉਲਟ ਪਾਕਿਸਤਾਨ ਫਾਈਨਲ ਤੱਕ ਲੜਖੜਾਉਂਦਾ ਹੋਇਆ ਪਹੁੰਚਿਆ ਹੈ ਪਰ ਜਿਵੇਂ ਕਿ ਉਸਦੇ ਮੁੱਖ ਕੋਚ ਮਾਈਕ ਹੈਸਨ ਨੇ ਬੰਗਲਾਦੇਸ਼ ਨੂੰ ਹਰਾਉਣ ਤੋਂ ਬਾਅਦ ਤਿੱਖੇ ਲਹਿਜ਼ੇ ਵਿਚ ਕਿਹਾ, ‘‘ਫਾਈਨਲ ਹੀ ਇਕਲੌਤਾ ਮੈਚ ਹੈ, ਜਿਹੜਾ ਮਾਇਨੇ ਰੱਖਦਾ ਹੈ।’’ਇੱਥੋਂ ਤੱਕ ਕਿ ਭਾਰਤ ਦੇ ਸਹਿਯੋਗੀ ਸਟਾਫ ਨੇ ਵੀ ਭਾਵਨਾ ਜਤਾਈ ਹੈ। ਮੈਚ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਲਈ ਆਏ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਸਵੀਕਾਰ ਕੀਤਾ ਕਿ ਹੁਣ ਸੁੰਦਰਤਾ ਮਾਇਨੇ ਨਹੀਂ ਰੱਖਦੀ, ‘ਬਦਸੂਰਤ ਜਿੱਤ ਵੀ ਜਿੱਤ ਹੁੰਦੀ ਹੈ।’’
ਭਾਰਤ ਦੀ ਅਜੇਤੂ ਮੁਹਿੰਮ ਸਹਿਜ ਰਹੀ ਹੈ ਪਰ ਸੱਟਾਂ ਤੋਂ ਮੁਕਤ ਨਹੀਂ ਰਹੀ। ਸ਼੍ਰੀਲੰਕਾ ਵਿਰੁੱਧ ਹਾਰਦਿਕ ਪੰਡਯਾ ਨੂੰ ਪੈਰ ਦੀਆਂ ਮਾਸਪੇਸ਼ੀਆਂ ਵਿਚ ਸੱਟ ਕਾਰਨ ਇਕ ਓਵਰ ਤੋਂ ਬਾਅਦ ਹੀ ਮੈਦਾਨ ਵਿਚੋਂ ਬਾਹਰ ਹੋਣਾ ਪਿਆ ਜਦਕਿ ਅਭਿਸ਼ੇਕ ਸ਼ਰਮਾ ਵੀ ਨੂੰ ਗਰਮੀ ਵਿਚ ਕੜਵੱਲ ਦੀ ਸ਼ਿਕਾਇਤ ਹੋਈ।ਮੋਰਕਲ ਨੇ ਸ਼ੁੱਕਰਵਾਰ ਰਾਤ ਨੂੰ ਭਰੋਸਾ ਦਿੱਤਾ, ‘‘ਹਾਰਦਿਕ ਦੀ ਕੱਲ ਸਵੇਰੇ ਜਾਂਚ ਕੀਤੀ ਜਾਵੇਗੀ ਤੇ ਉਸ ਨੂੰ ਤੇ ਅਭਿਸ਼ੇਕ ਦੋਵਾਂ ਨੂੰ ਕੜਵੱਲ ਪਏ ਹਨ ਪਰ ਅਭਿਸ਼ੇਕ ਠੀਕ ਹੈ।’’ਇਹ ਖਬਰ ਰਾਹਤ ਦੇਣ ਵਾਲੀ ਹੈ ਕਿਉਂਕਿ ਪੰਜਾਬ ਦੇ ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 6 ਮੈਚਾਂ ਵਿਚ 309 ਦੌੜਾਂ ਬਣਾ ਕੇ ਇਕੱਲੇ ਹੀ ਭਾਰਤ ਦੀ ਬੱਲੇਬਾਜ਼ੀ ਦਾ ਭਾਰ ਚੁੱਕਿਆ ਹੈ। ਇਹ ਫਰਕ ਸਾਫ ਦਿਸ ਰਿਹਾ ਹੈ ਕਿਉਂਕਿ ਤਿਲਕ ਵਰਮਾ 144 ਦੌੜਾਂ ਦੇ ਨਾਲ ਦੂਜੇ ਨੰਬਰ ’ਤੇ ਹੈ।ਅਸਲੀ ਸਵਾਲ ਇਹ ਹੈ ਕਿ ਕੀ ਭਾਰਤ ਦੇ ਬਾਕੀ ਖਿਡਾਰੀ ਅਭਿਸ਼ੇਕ ਦਾ ਬਾਖੂਬੀ ਸਾਥ ਦੇ ਸਕਣਗੇ। ਸੂਰਯਕੁਮਾਰ ਤੋਂ ਵੱਡੀ ਪਾਰੀ ਦੀ ਉਮੀਦ ਹੈ। ਸ਼ੁਭਮਨ ਗਿੱਲ ਮੁਕਾਬਲੇ ਨੂੰ ਖਤਮ ਨਹੀਂ ਕਰ ਪਾ ਰਿਹਾ ਜਦਕਿ ਸੰਜੂ ਸੈਮਸਨ ਤੇ ਤਿਲਕ ਵਰਗੇ ਖਿਡਾਰੀ ਸ਼੍ਰੀਲੰਕਾ ਵਿਰੁੱਧ ਸਿਰਫ ਰਸਮੀ ਮੈਚ ਦੀ ਤਰ੍ਹਾਂ ਦੀ ਚੰਗਾ ਪ੍ਰਦਰਸ਼ਨ ਕਰ ਸਕੇ ਹਨ।ਹੁਣ ਤੱਕ ਅਭਿਸ਼ੇਕ ਨੇ ਪਾਵਰਪਲੇਅ ਵਿਚ ਚੰਗਾ ਪ੍ਰਦਰਸ਼ਨ ਕੀਤਾ ਪਰ ਜੇਕਰ ਉਹ ਅਸਫਲ ਰਿਹਾ ਤਾਂ ਕੀ ਹੋਵੇ? ਪੂਰੇ ਟੂਰਨਾਮੈਂਟ ਦੌਰਾਨ ਅਭਿਸ਼ੇਕ ਤੋਂ ਇਲਾਵਾ ਹੋਰ ਬੱਲੇਬਾਜ਼ ਬਿਲਕੁਲ ਵੀ ਵਿਸ਼ਵਾਸਯੋਗ ਪ੍ਰਦਰਸ਼ਨ ਨਹੀਂ ਕਰ ਸਕੇ ਹਨ ਤੇ ਚੋਟੀਕ੍ਰਮ ਦੇ ਲੜਖੜਾਉਣ ’ਤੇ ਕੋਈ ਵੀ ‘ਪਲਾਨ ਬੀ’ ਦੇ ਬਾਰੇ ਵਿਚ ਨਹੀਂ ਜਾਣਦਾ।
ਜੇਕਰ ਭਾਰਤ ਅਭਿਸ਼ੇਕ ’ਤੇ ਬਹੁਤ ਜ਼ਿਆਦਾ ਨਿਰਭਰ ਹੈ ਤਾਂ ਪਾਕਿਸਤਾਨ ਦੀਆਂ ਕਮਜ਼ੋਰੀਆਂ ਹੋਰ ਵੀ ਵੱਧ ਸਪੱਸ਼ਟ ਹਨ। ਟੀਮ ਦਾ ਬੱਲੇਬਾਜ਼ੀ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ ਰਿਹਾ ਹੈ। ਜਸਪ੍ਰੀਤ ਬੁਮਰਾਹ ਨੂੰ ਕੁਝ ਸਮੇਂ ਪ੍ਰੇਸ਼ਾਨ ਕਰਨ ਵਾਲੇ ਸਾਹਿਬਜ਼ਾਦਾ ਫਰਹਾਨ ਤੋਂ ਇਲਾਵਾ ਹੋਰ ਬੱਲੇਬਾਜ਼ ਦਮਦਾਰ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਸਈਮ ਅਯੂਬ ਦੀ ਮੁਹਿੰਮ ਬੇਹੱਦ ਨਿਰਾਸ਼ਾਜਨਕ ਰਹੀ ਹੈ। ਉਹ ਚਾਰ ਵਾਰ ਜ਼ੀਰੋ ’ਤੇ ਆਊਟ ਹੋਇਆ ਤੇ ਇਕ ਸਮੇਂ ਤਾਂ ਟੂਰਨਾਮੈਂਟ ਵਿਚ ਉਸ ਦੇ ਨਾਂ ’ਤੇ ਦੌੜਾਂ ਤੋਂ ਵੱਧ ਵਿਕਟਾਂ ਦਰਜ ਸਨ। ਹੁਸੈਨ ਤਲਤ ਤੇ ਸਲਮਾਨ ਅਲੀ ਆਗਾ ਭਾਰਤੀ ਸਪਿੰਨਰਾਂ ਸਾਹਮਣੇ ਲੜਖੜਾ ਗਏ।
ਅੈਤਵਾਰ ਦਾ ਮੈਚ ਇਕ ਵਾਰ ਫਿਰ ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਦੀ ਚਲਾਕੀ ਨਾਲ ਤੈਅ ਹੋ ਸਕਦਾ ਹੈ। ਪਾਕਿਸਤਾਨ ਦੀਆਂ ਉਮੀਦਾਂ ਨਵੀਂ ਗੇਂਦ ਨਾਲ ਉਸਦੇ ਖਿਡਾਰੀਆਂ ਦੇ ਹਮਲਾਵਰ ਪ੍ਰਦਰਸ਼ਨ ’ਤੇ ਟਿਕੀਆਂ ਹਨ। ਜੇਕਰ ਸ਼ਾਹੀਨ ਸ਼ਾਹ ਅਫਰੀਦੀ ਤੇ ਹੈਰਿਸ ਰਾਊਫ ਭਾਰਤ ਦੇ ਚੋਟੀਕ੍ਰਮ ਨੂੰ ਜਲਦੀ ਢੇਰੀ ਕਰ ਦਿੰਦੇ ਹਨ ਤਾਂ ਇਹ ਘੱਟ ਸਕੋਰ ਵਾਲਾ ਮੁਕਾਬਲਾ ਹੋ ਸਕਦਾ ਹੈ ਪਰ ਅਭਿਸ਼ੇਕ ’ਤੇ ਭਾਰਤ ਦੀ ਜ਼ਿਆਦਾ ਨਿਰਭਰਤਾ ਦੀ ਤਰ੍ਹਾਂ ਸ਼ਾਹੀਨ ਤੇ ਰਾਊਫ ਨੂੰ ਵੀ ਚੰਗੇ ਸਾਥੀ ਗੇਂਦਬਾਜ਼ਾਂ ਦੀ ਕਮੀ ਮਹਿਸੂਸ ਹੋ ਰਹੀ ਹੈ।
ਐਤਵਾਰ ਦੇ ਮੁਕਾਬਲੇ ਨੂੰ ਸ਼ਾਇਦ ਸ਼ਿਸ਼ਟਾਚਾਰ ਲਈ ਘੱਟ ਤੇ ਨਤੀਜੇ ਲਈ ਵੱਧ ਯਾਦ ਕੀਤਾ ਜਾਵੇਗਾ। ਜਿਵੇਂ ਕਿ ਇਕ ਪੁਰਾਣੀ ਕਹਾਵਤ ਹੈ, ‘‘ਅੰਤ ਭਲਾ ਤਾਂ ਸਭ ਭਲਾ।’’ ਭਾਰਤ ਨੂੰ ਸਿਰਫ ਇਕ ਹੀ ਮਨਜ਼ੂਰੀ ਅੰਤ ਹੈ : ਪਾਕਿਸਤਾਨ ’ਤੇ ਿਜੱਤ, ਭਾਵੇਂ ਉਹ ਚੰਗੀ ਲੱਗੇ ਜਾਂ ਖਰਾਬ।
ਟੀਮਾਂ ਇਸ ਤਰ੍ਹਾਂ ਹਨ-
ਭਾਰਤ : ਸੂਰਯਕੁਮਾਰ ਯਾਦਵ (ਕਪਤਾਨ), ਸ਼ੁਭਮਨ ਗਿੱਲ (ਉਪ ਕਪਤਾਨ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਵਰੁਣ ਚੱਕਰਵਰਤੀ, ਕੁਲਦੀਪ ਯਾਦਵ, ਸੰਜੂ ਸੈਮਸਨ, ਹਰਸ਼ਿਤ ਰਾਣਾ ਤੇ ਰਿੰਕੂ ਸਿੰਘ।
ਪਾਕਿਸਤਾਨ : ਸਲਮਾਨ ਅਲੀ ਆਗਾ (ਕਪਤਾਨ), ਅਬਰਾਰ ਅਹਿਮਦ, ਫਹੀਮ ਅਸ਼ਰਫ, ਫਖਰ ਜ਼ਮਾਂ, ਹੈਰਿਸ ਰਾਊਫ, ਹਸਨ ਅਲੀ, ਹਸਨ ਨਵਾਜ਼, ਹੁਸੈਨ ਤਲਤ, ਖੁਸ਼ਦਿਲ ਸ਼ਾਹ, ਮੁਹੰਮਦ ਹੈਰਿਸ, ਮੁਹੰਮਦ ਨਵਾਜ਼, ਮੁਹੰਮਦ ਵਸੀਮ ਜੂਨੀਅਰ, ਸਾਹਿਬਜ਼ਾਦਾ ਫਰਹਾਨ, ਸਈਮ ਅਯੂਬ, ਸਲਮਾਨ ਮਿਰਜ਼ਾ, ਸ਼ਾਹੀਨ ਸ਼ਾਹ ਅਫਰੀਦੀ ਤੇ ਸੂਫਿਆਨ ਮੋਕਿਮ।
ਸੁਪਰ ਓਵਰ ’ਚ ਮੇਰੀ ਯੋਜਨਾ ਸਪੱਸ਼ਟ ਸੀ ਕਿ ਵਾਈਡ ਯਾਰਕਰ ਸੁੱਟੋ : ਅਰਸ਼ਦੀਪ ਸਿੰਘ
NEXT STORY