ਸਪੋਰਟਸ ਡੈਸਕ: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਜਾ ਰਹੀ ਟੀ-20 ਲੜੀ ਦੇ ਦੂਜੇ ਮੁਕਾਬਲੇ ਵਿਚ ਸ਼੍ਰੀਲੰਕਾ ਨੇ ਭਾਰਤ ਨੂੰ 16 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਉਸ ਨੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਹਾਲਾਂਕਿ ਭਾਰਤੀ ਬੱਲੇਬਾਜ਼ ਅਕਸ਼ਰ ਪਟੇਲ ਤੇ ਸੂਰਿਯਾਕੁਮਾਰ ਯਾਦਵ ਨੇ ਤੂਫਾਨੀ ਪਾਰੀਆਂ ਖੇਡੀਆਂ ਪਰ ਉਹ ਟੀਮ ਦੀ ਝੋਲੀ ਜਿੱਤ ਨਹੀਂ ਪਾ ਸਕੇ।
ਇਹ ਖ਼ਬਰ ਵੀ ਪੜ੍ਹੋ - Breaking News: ਭਾਰਤ ਦੇ ਕਈ ਹਿੱਸਿਆਂ ਸਮੇਤ ਗੁਆਂਢੀ ਦੇਸ਼ਾਂ 'ਚ ਲੱਗੇ ਭੁਚਾਲ ਦੇ ਝਟਕੇ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ ਪਰ ਭਾਰਤੀ ਗੇਂਦਬਾਜ਼ ਲੈਅ ਵਿਚ ਨਹੀਂ ਦਿਖੇ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ਼੍ਰੀਲੰਕਾ ਦੀ ਟੀਮ ਨੇ 20 ਓਵਰਾਂ ਵਿਚ 6 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ। ਕਪਤਾਨ ਸ਼ਨਕਾ ਦੀ 22 ਗੇਂਦਾਂ ਵਿਚ 56 ਦੌੜਾਂ ਦੀ ਅਜੇਤੂ ਪਾਰੀ ਅਤੇ ਕੁਸ਼ਲ ਮੈਂਡਿਸ ਦੇ ਅਰਧ ਸੈਂਕੜੇ ਸਦਕਾ ਭਾਰਤ ਸਾਹਮਣੇ 207 ਦੌੜਾਂ ਦਾ ਵੱਡਾ ਟੀਚਾ ਰੱਖਿਆ ਗਿਆ। ਪਹਿਲੀ ਪਾਰੀ ਵਿਚ ਅਰਸ਼ਦੀਪ ਸਿੰਘ ਨੇ ਬੇਹੱਦ ਖਰਾਬ ਪ੍ਰਦਰਸ਼ਨ ਕਰਦਿਆਂ 5 ਨੋ ਬਾਲਜ਼ ਸੁੱਟੀਆਂ। ਉਸ ਨੇ 2 ਓਵਰਾਂ ਵਿਚ 37 ਦੌੜਾਂ ਵੀ ਲੁਟਾ ਦਿੱਤੀਆਂ। ਪਿਛਲੇ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ਿਵਮ ਮਾਵੀ ਵੀ ਕਾਫੀ ਮਹਿੰਗੇ ਸਾਬਿਤ ਹੋਏ ਤੇ ਆਪਣੇ 4 ਓਵਰਾਂ ਵਿਚ 53 ਦੌੜਾਂ ਦਿੱਤੀਆਂ। ਹਾਲਾਂਕਿ ਉਮਰਾਨ ਮਲਿਕ ਨੇ 3, ਅਕਸਰ ਪਟੇਲ ਨੇ 2 ਅਤੇ ਚਹਿਲ ਨੇ 2 ਵਿਕਟ ਝਟਕੀ।
ਇਹ ਖ਼ਬਰ ਵੀ ਪੜ੍ਹੋ - ਸੁੰਦਰ ਸ਼ਾਮ ਅਰੋੜਾ ਦੀਆਂ ਵਧੀਆਂ ਮੁਸ਼ਕਲਾਂ, ਪਲਾਟਾਂ ਦੀ ਧਾਂਦਲੀ ਲਈ ਸਾਬਕਾ ਮੰਤਰੀ ਤੇ 10 ਅਧਿਕਾਰੀ ਨਾਮਜ਼ਦ
ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਤੇ ਇਸ ਨੇ 57 ਦੌੜਾਂ ਦੇ ਅੰਦਰ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਉਸ ਤੋਂ ਬਾਅਦ ਅਕਸ਼ਰ ਪਟੇਲ ਨੇ 31 ਗੇਂਦਾਂ ਵਿਚ 65 ਅਤੇ ਸੂਰਿਯਾਕੁਮਾਰ ਯਾਦਵ ਨੇ 36 ਗੇਂਦਾਂ ਵਿਚ 51 ਦੌੜਾਂ ਬਣਾ ਕੇ ਜਿੱਤ ਦੀ ਆਸ ਬੰਨ੍ਹੀ। ਅਖੀਰ ਵਿਚ ਸ਼ਿਵਮ ਮਾਵੀ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਨਿਰਧਾਰਿਤ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ 'ਤੇ 190 ਦੌੜਾਂ ਹੀ ਬਣਾ ਪਾਈ।
ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ 'ਚ ਫਿਰ ਹੋਇਆ ਘਿਨੌਣਾ ਕੰਮ! ਸ਼ਰਾਬੀ ਨੌਜਵਾਨ ਨੇ ਇਕ ਹੋਰ ਮਹਿਲਾ ਯਾਤਰੀ 'ਤੇ ਕੀਤਾ ਪਿਸ਼ਾਬ
ਇਸ ਦੇ ਨਾਲ ਹੀ 3 ਮੈਚਾਂ ਦੀ ਇਹ ਲੜੀ 1-1 ਨਾਲ ਬਰਾਬਰ ਹੋ ਗਈ ਹੈ। ਪਹਿਲੇ ਮੁਕਾਬਲੇ ਵਿਚ ਭਾਰਤ ਨੇ ਸ਼੍ਰੀਲੰਕਾ ਨੂੰ 2 ਦੌੜਾਂ ਨਾਲ ਹਰਾ ਕੇ ਲੜੀ ਵਿਚ ਲੀਡ ਕਾਇਮ ਕੀਤੀ ਸੀ ਪਰ ਇਸ ਜਿੱਤ ਨਾਲ ਸ਼੍ਰੀਲੰਕਾ ਨੇ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਸੀਰੀਜ਼ ਦਾ ਆਖਰੀ ਮੁਕਾਬਲਾ ਵੀ ਰੋਮਾਂਚਕ ਹੋ ਗਿਆ ਹੈ ਜੋ ਲੜੀ ਲਈ ਨਿਰਣਾਇਕ ਸਾਬਿਤ ਹੋਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
53 ਸਾਲਾ ਕੁਕੂ ਰਾਮ ਨੇ ਥਾਈਲੈਂਡ 'ਚ ਚਮਕਾਇਆ ਪੰਜਾਬ ਦਾ ਨਾਂ, ਬਾਡੀ ਬਿਲਡਿੰਗ 'ਚ ਜਿੱਤਿਆ ਸੋਨ ਤਮਗਾ
NEXT STORY