ਸਪੋਰਟਸ ਡੈੈਸਕ- ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਟੀ-20 ਮੈਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਦੱਖਣੀ ਅਫਰੀਕਾ ਦੇ ਕੈਬਰਾ ਸਥਿਤ ਸੈਂਟ ਜਾਰਜ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਦੋਵਾਂ ਟੀਮਾਂ ਵਿਚਾਲੇ ਲੜੀ ਦਾ ਪਹਿਲਾ ਮੁਕਾਬਲਾ ਮੀਂਹ ਕਾਰਨ ਰੱਦ ਹੋ ਗਿਆ ਸੀ ਤੇ ਉਸ ਮੁਕਾਬਲੇ 'ਚ ਟਾਸ ਤੱਕ ਵੀ ਨਹੀਂ ਹੋ ਸਕੀ ਸੀ। ਪਰ ਅੱਜ ਦੇ ਮੁਕਾਬਲੇ 'ਚ ਦਰਸ਼ਕਾਂ ਨੂੰ ਪੂਰੇ ਮੈਚ ਦਾ ਆਨੰਦ ਲੈਣ ਦੀ ਉਮੀਦ ਹੈ।
ਇਸ ਮੁਕਾਬਲੇ 'ਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਹੈ ਤੇ ਭਾਰਤੀ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ ਗਿਆ। ਭਾਰਤ ਦੀ ਸ਼ੁਰੂਆਤ ਬਹੁਤ ਖ਼ਰਾਬ ਰਹੀ ਤੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਪਹਿਲੇ ਹੀ ਓਵਰ 'ਚ ਮਾਰਕੋ ਯਾਨਸਨ ਦੀ ਗੇਂਦ 'ਤੇ ਬਿਨਾਂ ਕੋਈ ਦੌੜ ਬਣਾਏ ਆਊਟ ਹੋ ਗਿਆ। ਇਸ ਤੋਂ ਬਾਅਦ ਦੂਜਾ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਵੀ ਕੁਝ ਖ਼ਾਸ ਨਹੀਂ ਕਰ ਸਕਿਆ ਤੇ ਬਿਨਾਂ ਕੋਈ ਦੌੜ ਬਣਾਏ ਲੀਜ਼ਾਡ ਵਿਲੀਅਮਸ ਦੀ ਗੇਂਦ 'ਤੇ ਐੱਲਬੀਡਬਲਯੂ ਆਊਟ ਹੋ ਗਿਆ। ਤਿਲਕ ਵਰਮਾ ਨੇ ਕੁਝ ਵਧੀਆ ਸ਼ਾਟ ਖੇਡੇ, ਪਰ 29 ਦੌੜਾਂ ਬਣਾ ਕੇ ਆਊਟ ਹੋ ਗਿਆ।
ਕਪਤਾਨ ਸੂਰਿਆਕੁਮਾਰ ਯਾਦਵ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 5 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 30 ਗੇਂਦਾਂ 'ਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ 56 ਦੌੜਾਂ ਬਣਾ ਕੇ ਤਬਰੇਜ਼ ਸ਼ਮਸੀ ਦੀ ਗੇਂਦ 'ਤੇ ਮਾਰਕੋ ਯਾਨਸਨ ਹੱਥੋਂ ਕੈਚ ਆਊਟ ਹੋ ਗਿਆ। ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਵੀ 1 ਦੌੜ ਬਣਾ ਕੇ ਕੰਮ ਚਲਾਊ ਗੇਂਦਬਾਜ਼ ਏਡਨ ਮਾਰਕ੍ਰਮ ਦੀ ਗੇਂਦ 'ਤੇ ਆਊਟ ਹੋ ਗਿਆ। ਖੱਬੇ ਹੱਥ ਦੇ ਬੱਲੇਬਾਜ਼ ਰਿੰਕੂ ਸਿੰਘ ਨੇ ਵੀ 30 ਗੇਂਦਾਂ 'ਚ 9 ਚੌਕਿਆਂ ਦੀ ਮਦਦ ਨਾਲ ਸ਼ਾਨਦਾਰ ਅਰਧ ਸੈਂਕੜਾ ਪੂਰਾ ਕੀਤਾ।
ਭਾਰਤ ਦੀ ਪਾਰੀ ਦੇ ਆਖ਼ਰੀ ਓਵਰ 'ਚ ਬਾਰਿਸ਼ ਸ਼ੁਰੂ ਹੋ ਗਈ, ਜਿਸ ਕਾਰਨ ਮੈਚ ਰੋਕਣਾ ਪਿਆ। ਜ਼ਿਆਦਾ ਦੇਰ ਮੈਚ ਰੁਕਣ ਕਾਰਨ ਮੈਚ ਛੋਟਾ ਕਰ ਦਿੱਤਾ ਗਿਆ ਤੇ ਦੱਖਣੀ ਅਫਰੀਕਾ ਨੂੰ 15 ਓਵਰਾਂ 'ਚ 152 ਦੌੜਾਂ ਦਾ ਟੀਚਾ ਦਿੱਤਾ ਗਿਆ ਹੈ। ਭਾਰਤੀ ਬੱਲੇਬਾਜ਼ ਰਿੰਕੂ ਸਿੰਘ 39 ਗੇਂਦਾਂ 'ਚ 9 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 68 ਦੌੜਾਂ ਬਣਾ ਕੇ ਨਾਬਾਦ ਰਿਹਾ। ਦੱਖਣੀ ਅਫਰੀਕਾ ਨੂੰ ਜਿੱਤ ਲਈ 15 ਓਵਰਾਂ 'ਚ 152 ਦੌੜਾਂ ਬਣਾਉਣੀਆਂ ਪੈਣਗੀਆਂ।
ਪਲੇਇੰਗ-11
ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਤਿਲਕ ਵਰਮਾ, ਰਿੰਕੂ ਸਿੰਘ, ਜਿਤੇਸ਼ ਸ਼ਰਮਾ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਮੁਕੇਸ਼ ਕੁਮਾਰ
ਦੱਖਣੀ ਅਫਰੀਕਾ- ਏਡਨ ਮਾਰਕ੍ਰਮ (ਕਪਤਾਨ), ਮੈਥਿਊ ਬ੍ਰੀਟਜ਼ਕੀ, ਰੀਜ਼ਾ ਹੈਂਡ੍ਰਿਕਸ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਯਾਨਸਨ, ਐਂਡਿਲ ਫੇਲੁਕਵਾਇਓ, ਗੇਰਾਲਡ ਕੋਇਟਜ਼ੀ, ਲੀਜ਼ਾਡ ਵਿਲੀਅਮਸ, ਤਬਰੇਜ਼ ਸ਼ਮਸੀ
ਨੀਦਰਲੈਂਡ ਨੂੰ ਹਰਾ ਕੇ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ
NEXT STORY