ਕੋਲਕਾਤਾ- ਸ਼ਿਖਰ ਧਵਨ ਨੇ ਵਿਸ਼ਵ ਕੱਪ ਟੀਮ ਲਈ ਚੋਣ ਤੋਂ ਠੀਕ ਪਹਿਲਾਂ ਆਪਣੇ ਟੀ-20 ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡੀ, ਜਿਸ ਨਾਲ ਦਿੱਲੀ ਕੈਪੀਟਲਸ ਨੇ ਸ਼ੁੱਕਰਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 7 ਗੇਂਦਾਂ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਅੰਕ ਸੂਚੀ ਵਿਚ ਟਾਪ-4 ਵਿਚ ਜਗ੍ਹਾ ਬਣਾ ਲਈ। ਸਲਾਮੀ ਬੱਲੇਬਾਜ਼ ਧਵਨ ਇਸ ਸਵਰੂਪ ਵਿਚ ਆਪਣੇ ਪਹਿਲੇ ਸੈਂਕੜੇ ਤੋਂ ਖੁੰਝ ਗਿਆ ਪਰ ਉਸ ਨੇ 63 ਗੇਂਦਾਂ 'ਤੇ 11 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 97 ਦੌੜਾਂ ਦੀ ਸ਼ਾਦਨਾਰ ਪਾਰੀ ਖੇਡੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਹਮਵਤਨ ਬੱਲੇਬਾਜ਼ ਰਿਸ਼ਭ ਪੰਤ (31 ਗੇਂਦਾਂ 'ਤੇ 46 ਦੌੜਾਂ) ਨਾਲ ਤੀਜੀ ਵਿਕਟ ਲਈ 105 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਦਿੱਲੀ ਨੇ 18.5 ਓਵਰਾਂ ਵਿਚ 3 ਵਿਕਟਾਂ 'ਤੇ 180 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਦਰਜ ਕਰ ਲਈ।
ਇਸ ਤੋਂ ਪਹਿਲਾਂ ਨੌਜਵਾਨ ਬੱਲੇਬਾਜ਼ ਸ਼ੁਭਮਨ ਗਿੱਲ ਦੇ ਅਰਧ ਸੈਂਕੜੇ ਤੋਂ ਬਾਅਦ ਆਂਦ੍ਰੇ ਰਸੇਲ ਨੇ ਕੈਗਿਸੋ ਰਬਾਡਾ ਵਿਰੁੱਧ ਜੰਗ ਵਿਚ ਖੁਦ ਨੂੰ ਬਿਹਤਰ ਸਾਬਤ ਕੀਤਾ ਸੀ, ਜਿਸ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਦਿੱਲੀ ਕੈਪੀਟਲਸ ਵਿਰੁੱਧ 7 ਵਿਕਟਾਂ 'ਤੇ 178 ਦੌੜਾਂ ਦਾ ਚੁਣੌਤੀਪੂਰਨ ਬਣਾਇਆ ਸੀ ਪਰ ਉਹ ਇਸ ਸਕੋਰ ਦਾ ਬਚਾਅ ਨਹੀਂ ਕਰ ਸਕੇ। ਗਿੱਲ ਨੇ 39 ਗੇਂਦਾਂ 'ਤੇ 65 ਦੌੜਾਂ ਬਣਾ ਕੇ ਕੇ. ਕੇ. ਆਰ. ਦੀ ਪਾਰੀ ਸੰਭਾਲੀ। ਉਸ ਨੇ ਰੌਬਿਨ ਉਥੱਪਾ (30 ਗੇਂਦਾਂ 'ਤੇ 28 ਦੌੜਾਂ) ਨਾਲ ਦੂਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਰਸੇਲ ਨੇ 21 ਗੇਂਦਾਂ 'ਤੇ 3 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 45 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਨ੍ਹਾਂ ਵਿਚੋਂ 26 ਦੌੜਾਂ ਉਸ ਨੇ ਰਬਾਡਾ ਦੀਆਂ 9 ਗੇਂਦਾਂ 'ਤੇ ਬਣਾਈਆਂ।
ਦਿੱਲੀ ਵਲੋਂ ਕ੍ਰਿਸ ਮੌਰਿਸ, ਰਬਾਡਾ ਤੇ ਕੀਮੋ ਪੌਲ ਨੇ 2-2 ਵਿਕਟਾਂ ਲਈਆਂ ਪਰ ਉਹ ਇਸ਼ਾਂਤ ਸ਼ਰਮਾ (21 ਦੌੜਾਂ 'ਤੇ ਇਕ ਵਿਕਟ) ਸੀ, ਜਿਸ ਨੇ ਕੇ. ਕੇ. ਆਰ. 'ਤੇ ਸ਼ੁਰੂ ਤੋਂ ਹੀ ਰੋਕ ਲਾ ਦਿੱਤੀ। ਇਸ਼ਾਂਤ ਨੇ ਪਾਰੀ ਦੀ ਪਹਿਲੀ ਗੇਂਦ 'ਤੇ ਹੀ ਜੋ. ਡੈਨਲੀ ਦੀ ਆਫ ਸਟੰਪ ਉਖਾੜ ਕੇ ਉਸ ਨੂੰ 'ਗੋਲਡਨ ਡਕ' ਬਣਾਇਆ ਪਰ ਇਸ ਤੋਂ ਬਾਅਦ ਉਥੱਪਾ ਤੇ ਗਿੱਲ ਨੇ ਰਣਨੀਤਕ ਬੱਲੇਬਾਜ਼ੀ ਕੀਤੀ। ਉਥੱਪਾ ਨੇ ਆਪਣੇ ਤਜਰਬੇ ਦਾ ਚੰਗਾ ਇਸਤੇਮਾਲ ਕੀਤਾ, ਜਦਕਿ ਨੌਜਵਾਨ ਗਿੱਲ ਨੇ ਟਾਈਮਿੰਗ, ਸ਼ਾਟ ਤੇ ਸਮਝ ਨਾਲ ਆਪਣੀ ਕਲਾ ਨਾਲ ਫਿਰ ਤੋਂ ਕ੍ਰਿਕਟ ਜਗਤ ਨੂੰ ਜਾਣੂ ਕਰਵਾਇਆ।
ਦਰਸ਼ਕਾਂ ਨੂੰ ਰਬਾਡਾ-ਰਸੇਲ ਦਾ ਮੁਕਾਬਲਾ 16ਵੇਂ ਓਵਰ ਵਿਚ ਹੀ ਦੇਖਣ ਨੂੰ ਮਿਲ ਗਿਆ। ਰਸੇਲ ਨੇ ਇਸ ਦੱਖਣੀ ਅਫਰੀਕੀ ਗੇਂਦਬਾਜ਼ 'ਤੇ ਪਹਿਲਾ ਚੌਕਾ ਲਾਇਆ ਤੇ ਫਿਰ ਸ਼ਾਨਦਾਰ ਛੱਕਾ। ਉਸਦੇ ਅਗਲੇ ਓਵਰ ਵਿਚ ਵੀ ਰਸੇਲ ਦੇ ਬੱਲੇ ਤੋਂ ਦੋ ਛੱਕੇ ਨਿਕਲੇ। ਰਬਾਡਾ ਨੂੰ ਆਖਿਰ ਵਿਚ ਰਸੇਲ ਦਾ ਕੈਚ ਲੈ ਕੇ ਖੁਸ਼ੀ ਮਨਾਉਣ ਦਾ ਮੌਕਾ ਮਿਲਿਆ ਪਰ ਉਦੋਂ ਗੇਂਦਬਾਜ਼ ਮੌਰਿਸ ਸੀ। ਇਸ ਵਜ੍ਹਾ ਨਾਲ ਆਖਰੀ ਦੋ ਓਵਰਾਂ ਵਿਚ 18 ਦੌੜਾਂ ਹੀ ਬਣੀਆਂ। ਪਿਊਸ਼ ਚਾਵਲਾ 14 ਦੌੜਾਂ ਬਣਾ ਕੇ ਅਜੇਤੂ ਰਿਹਾ।
ਮੁੰਬਈ ਤੇ ਰਾਜਸਥਾਨ ਦੇ ਮੈਚ ਤੋਂ ਪਹਿਲਾਂ ਬੋਲੇ ਜ਼ਹੀਰ-ਰੋਹਿਤ ਚੋਣ ਲਈ ਉਪਲੱਬਧ
NEXT STORY