ਬੈਂਗਲੁਰੂ— ਮੀਂਹ ਕਾਰਨ ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਮੈਚ ਮੰਗਲਵਾਰ ਨੂੰ ਰੱਦ ਹੋ ਗਿਆ ਜਦਕਿ ਜਿੱਤ ਲਈ 5 ਓਵਰਾਂ ਵਿਚ 63 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਰਾਇਲਜ਼ ਨੇ 3.2 ਓਵਰਾਂ ਵਿਚ ਇਕ ਵਿਕਟ 'ਤੇ 41 ਦੌੜਾਂ ਬਣਾ ਲਈਆਂ ਸਨ। ਮੀਂਹ ਕਾਰਨ ਪਹਿਲਾਂ ਹੀ ਸਾਢੇ ਤਿੰਨ ਘੰਟੇ ਦੇਰੀ ਨਾਲ ਸ਼ੁਰੂ ਹੋਏ ਇਸ ਮੈਚ ਤੋਂ ਦੋਵੇਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ। ਹੁਣ ਤਕਨੀਕੀ ਤੌਰ 'ਤੇ ਵੀ ਆਰ. ਸੀ. ਪੀ. ਦੇ ਪਲੇਅ ਆਫ ਵਿਚ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ ਬਚੀ। ਉਹ 13 ਮੈਚਾਂ ਵਿਚੋਂ 9 ਅੰਕ ਲੈ ਕੇ ਸਭ ਤੋਂ ਹੇਠਾਂ ਹੈ ਜਦਕਿ ਰਾਇਲਜ਼ ਇੰਨੇ ਹੀ ਮੈਚਾਂ ਵਿਚੋਂ 11 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ।
ਸੰਜੂ ਸੈਮਸਨ ਦੀਆਂ 13 ਗੇਂਦਾਂ 'ਤੇ 28 ਦੌੜਾਂ ਦੀ ਮਦਦ ਨਾਲ ਰਾਇਲਜ਼ ਟੀਚੇ ਵੱਲ ਵਧ ਰਿਹਾ ਸੀ ਕਿ ਅਚਾਨਕ ਫਿਰ ਤੋਂ ਤੇਜ਼ ਮੀਂਹ ਸ਼ੁਰੂ ਹੋ ਗਿਆ ਤੇ ਮੈਚ ਰੱਦ ਕਰਨਾ ਪਿਆ। ਉਸ ਸਮੇਂ ਰਾਇਲਜ਼ ਨੂੰ 10 ਗੇਂਦਾਂ ਵਿਚ 22 ਦੌੜਾਂ ਦੀ ਲੋੜ ਸੀ।ਇਸ ਤੋਂ ਪਹਿਲਾਂ ਸ਼੍ਰੇਅਸ ਗੋਪਾਲ ਦੀ ਹੈਟ੍ਰਿਕ ਦੀ ਮਦਦ ਨਾਲ ਰਾਇਲਜ਼ ਨੇ ਮੀਂਹ ਕਾਰਨ 5 ਓਵਰ ਪ੍ਰਤੀ ਟੀਮ ਕੀਤੇ ਗਏ ਮੈਚ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ 7 ਵਿਕਟਾਂ 'ਤੇ 62 ਦੌੜਾਂ ਜੋੜੀਆਂ ਸਨ। ਲਗਾਤਾਰ ਮੀਂਹ ਕਾਰਨ ਅੰਪਾਇਰਾਂ ਨੇ 2 ਵਾਰ ਪਿੱਚ ਦਾ ਮੁਆਇਨਾ ਕੀਤਾ ਤੇ ਆਖਿਰ ਵਿਚ ਸਾਢੇ ਤਿੰਨ ਘੰਟੇ ਦੀ ਦੇਰੀ ਕਾਰਨ 11.26 'ਤੇ ਪ੍ਰਤੀ ਓਵਰ ਮੈਚ 5-5 ਟੀਮ ਦਾ ਮੈਚ ਕਰਾਉਣ ਦਾ ਫੈਸਲਾ ਕੀਤਾ।

ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਆਰ. ਸੀ. ਬੀ. ਲਈ ਕਪਤਾਨ ਵਿਰਾਟ ਕੋਹਲੀ ਨੇ ਵਰੁਣ ਆਰੋਨ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਛੱਕੇ ਲਾਏ। ਇਸ ਤੋਂ ਬਾਅਦ ਡਿਵਿਲੀਅਰਸ ਨੇ ਦੋ ਚੌਕੇ ਲਾਏ ਤੇ ਇਸ ਓਵਰ ਵਿਚ 23 ਦੌੜਾਂ ਬਣੀਆਂ। ਦੂਜੇ ਓਵਰ ਵਿਚ ਕੋਹਲੀ ਨੇ ਗੋਪਾਲ ਨੂੰ ਚੌਕਾ ਤੇ ਛੱਕਾ ਲਾਇਆ ਪਰ ਚੌਥੀ ਗੇਂਦ 'ਤੇ ਲਾਂਗ ਆਨ ਵਿਚ ਲਿਵਿੰਗਸਟੋਨ ਨੂੰ ਕੈਚ ਦੇ ਬੈਠਾ। ਅਗਲੀ ਗੇਂਦ 'ਤੇ ਡਿਵਿਲੀਅਰਸ ਦਾ ਕੈਚ ਕਵਰ ਤੋਂ ਭੱਜ ਕੇ ਆਏ ਰਿਆਨ ਪ੍ਰਾਗ ਨੇ ਫੜਿਆ। ਉਥੇ ਹੀ ਗੋਪਾਲ ਦਾ ਤੀਜਾ ਸ਼ਿਕਾਰ ਮਾਰਕਸ ਸਟੋਇੰਸ ਬਣਿਆ, ਜਿਸ ਦਾ ਕੈਚ ਕਪਤਾਨ ਸਟੀਵ ਸਮਿਥ ਨੇ ਫੜਿਆ ਪਰ ਮੀਂਹ ਨੇ ਗੋਪਾਲ ਦੀ ਸਾਰੀ ਮਿਹਨਤ 'ਤੇ ਪਾਣੀ ਫੇਰ ਦਿੱਤਾ।

ਫੁੱਟਬਾਲਰ ਇਕਾਰਡੀ ਦੀ ਪਤਨੀ ਵਾਂਡਾ ਨਾਰਾ ਨੇ ਫਿਰ ਕਰਵਾਇਆ ਹੌਟ ਫੋਟੋਸ਼ੂਟ
NEXT STORY