ਸਪੋਰਟਸ ਡੈਸਕ- ਦਿੱਲੀ ਦੇ ਅਰੁਣ ਜੇਤਲੀ ਕ੍ਰਿਕਟ ਸਟੇਡੀਅਮ 'ਚ ਦਿੱਲੀ ਕੈਪੀਟਲਸ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਬੇਹੱਦ ਰੋਮਾਂਚਕ ਮੁਕਾਬਲੇ 'ਚ ਦਿੱਲੀ ਨੇ ਡੇਵਿਡ ਮਿਲਰ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਅੰਤ 'ਚ ਰਾਸ਼ਿਦ ਖ਼ਾਨ ਦੀ ਤੂਫ਼ਾਨੀ ਬੱਲੇਬਾਜ਼ੀ ਦੇ ਬਾਵਜੂਦ ਗੁਜਰਾਤ 'ਤੇ ਆਖ਼ਰੀ ਗੇਂਦ 'ਤੇ 4 ਦੌੜਾਂ ਨਾਲ ਜਿੱਤ ਹਾਸਲ ਕੀਤੀ ਹੈ।
ਇਸ ਤੋਂ ਪਹਿਲਾਂ ਗੁਜਰਾਤ ਦੇ ਕਪਤਾਨ ਸ਼ੁੱਭਮਨ ਗਿੱਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ 'ਤੇ ਅਕਸ਼ਰ ਪਟੇਲ (66) ਤੇ ਕਪਤਾਨ ਰਿਸ਼ਭ ਪੰਤ (88) ਦੀਆਂ ਤੂਫ਼ਾਨੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 224 ਦੌੜਾਂ ਦਾ ਵੱਡਾ ਸਕੋਰ ਬਣਾਇਆ ਤੇ ਗੁਜਰਾਤ ਨੂੰ ਜਿੱਤਣ ਲਈ 225 ਦੌੜਾਂ ਦਾ ਟੀਚਾ ਦਿੱਤਾ।
ਇਸ ਟੀਚੇ ਦਾ ਪਿੱਛਾ ਕਰਦਿਆਂ ਕਪਤਾਨ ਸ਼ੁੱਭਮਨ ਗਿੱਲ (6) ਦੇ ਸਸਤੇ 'ਚ ਆਊਟ ਹੋਣ ਤੋਂ ਬਾਅਦ ਰਿੱਧੀਮਾਨ ਸਾਹਾ ਨੇ 25 ਗੇਂਦਾਂ 'ਚ 5 ਚੌਕੇ ਤੇ 1 ਛੱਕੇ ਦੀ ਮਦਦ ਨਾਲ 39 ਦੌੜਾਂ ਦੀ ਪਾਰੀ ਖੇਡੀ। ਉਸ ਨੇ ਸਾਈ ਸੁਦਰਸ਼ਨ ਦਾ ਚੰਗਾ ਸਾਥ ਦਿੱਤਾ, ਜਿਸ ਨੇ 39 ਗੇਂਦਾਂ 'ਚ 7 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 65 ਦੌੜਾਂ ਦੀ ਤੇਜ਼ ਪਾਰੀ ਖੇਡੀ।
ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਡੇਵਿਡ ਮਿਲਰ ਤਾਬੜਤੋੜ ਪਾਰੀ ਖੇਡੀ ਤੇ 23 ਗੇਂਦਾਂ 'ਚ 6 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 55 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਉਸ ਨੇ ਟੀਮ ਨੂੰ ਜਿੱਤ ਦੇ ਕਰੀਬ ਪਹੁੰਚਾਉਣ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਮੁਕੇਸ਼ ਕੁਮਾਰ ਦੀ ਗੇਂਦ 'ਤੇ ਰਸਿਖ ਸਲਾਮ ਦੇ ਹੱਥੋਂ ਕੈਚ ਆਊਟ ਹੋ ਗਿਆ।
ਅੰਤ 'ਚ ਰਾਸ਼ਿਦ ਖ਼ਾਨ (21) ਤੇ ਸਾਈ ਕਿਸ਼ੋਰ (13) ਨੇ ਟੀਮ ਨੂੰ ਜਿਤਾਉਣ ਲਈ ਪੂਰਾ ਜ਼ੋਰ ਲਗਾਇਆ, ਪਰ ਅੰਤ ਉਹ ਟੀਚੇ ਤੋਂ 4 ਦੌੜਾਂ ਪਿੱਛੇ ਰਹਿ ਗਏ ਤੇ ਟੀਮ 220 ਦੌੜਾਂ ਹੀ ਬਣਾ ਸਕੀ।
ਇਹ ਦਿੱਲੀ ਦੀ 9 ਮੈਚਾਂ 'ਚ ਚੌਥੀ ਜਿੱਤ ਹੈ ਤੇ ਟੀਮ ਹੁਣ 8 ਅੰਕਾਂ ਨਾਲ ਪੁਆਇੰਟ ਟੇਬਲ 'ਚ 6ਵੇਂ ਸਥਾਨ 'ਤੇ ਪਹੁੰਚ ਗਈ ਹੈ, ਜਦਕਿ ਗੁਜਰਾਤ ਦੀ ਇਹ 9 ਮੈਚਾਂ 'ਚ 5ਵੀਂ ਹਾਰ ਹੈ ਤੇ ਟੀਮ 8 ਅੰਕਾਂ ਨਾਲ ਨੈੱਟ-ਰਨ ਰੇਟ ਦੇ ਆਧਾਰ 'ਤੇ ਦਿੱਲੀ ਤੋਂ ਬਾਅਦ 7ਵੇਂ ਸਥਾਨ 'ਤੇ ਖਿਸਕ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਬਕਾ ਪਹਿਲਵਾਨ ਨਰਸਿੰਘ ਯਾਦਵ ਬਣਿਆ ਡਬਲਯੂ. ਐੱਫ. ਆਈ. ਐਥਲੀਟ ਕਮਿਸ਼ਨ ਦਾ ਮੁਖੀ
NEXT STORY