ਸਪੋਰਟਸ ਡੈਸਕ- ਪੰਜਾਬ ਦੇ ਮੁੱਲਾਂਪੁਰ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚੇ ਗੁਜਰਾਤ ਟਾਈਟੰਸ ਨੇ ਪੰਜਾਬ ਕਿੰਗਸ ਨੂੰ 3 ਵਿਕਟਾਂ ਨਾਲ ਹਰਾ ਕੇ ਸੀਜ਼ਨ ਦੀ ਚੌਥੀ ਜਿੱਤ ਹਾਸਲ ਕਰ ਲਈ ਹੈ, ਉੱਥੇ ਹੀ ਪੰਜਾਬ ਨੂੰ ਲਗਾਤਾਰ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਸ ਤੋਂ ਪਹਿਲਾਂ ਪੰਜਾਬ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪੰਜਾਬ ਦੇ ਓਪਨਰ ਪ੍ਰਭਸਿਮਰਨ ਸਿੰਘ ਤੇ ਕਪਤਾਨ ਸੈਮ ਕਰਨ ਦੀ ਸ਼ਾਨਦਾਰ ਓਪਨਿੰਗ ਸਾਂਝੇਦਾਰੀ ਤੋਂ ਬਾਵਜੂਦ ਟੀਮ 20 ਓਵਰਾਂ 'ਚ 142 ਦੌੜਾਂ ਬਣਾ ਕੇ ਆਲਆਊਟ ਹੋ ਗਈ।
143 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਵੱਲੋਂ ਓਪਨਰ ਰਿੱਧੀਮਾਨ ਸਾਹਾ ਨੇ 11 ਗੇਂਦਾਂ 'ਚ 13 ਦੌੜਾਂ ਬਣਾਈਆਂ ਤੇ ਉਹ ਅਰਸ਼ਦੀਪ ਸਿੰਘ ਦਾ ਸ਼ਿਕਾਰ ਬਣਿਆ। ਇਸ ਤੋਂ ਬਾਅਦ ਕਪਤਾਨ ਸ਼ੁੱਭਮਨ ਗਿੱਲ ਤੇ ਸਾਈ ਸੁਦਰਸ਼ਨ ਵਿਚਾਲੇ ਇਕ ਚੰਗੀ ਸਾਂਝੇਦਾਰੀ ਹੋਈ।
ਸ਼ੁੱਭਮਨ ਗਿੱਲ 29 ਗੇਂਦਾਂ 'ਚ 5 ਚੌਕਿਆਂ ਦੀ ਮਦਦ ਨਾਲ 35 ਦੌੜਾਂ ਬਣਾ ਕੇ ਆਊਟ ਹੋਇਆ, ਜਦਕਿ ਸਾਈ ਸੁਦਰਸ਼ਨ 34 ਗੇਂਦਾਂ 'ਚ 31 ਦੌੜਾਂ ਬਣਾ ਕੇ ਸੈਮ ਕਰਨ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ। ਡੇਵਿਡ ਮਿਲਰ ਵੀ ਕੁਝ ਖ਼ਾਸ ਨਾ ਕਰ ਸਕਿਆ ਤੇ 6 ਗੇਂਦਾਂ 'ਚ 4 ਦੌੜਾਂ ਬਣਾ ਕੇ ਲਿਵਿੰਗਸਟੋਨ ਦੀ ਗੇਂਦ 'ਤੇ ਬੋਲਡ ਹੋ ਗਿਆ।
ਅਜ਼ਮਤੁੱਲਾ ਓਮਰਜ਼ਾਈ ਨੇ 10 ਗੇਂਦਾਂ 'ਚ 13 ਦੌੜਾਂ ਬਣਾਈਆਂ ਤੇ ਉਹ ਹਰਸ਼ਲ ਪਟੇਲ ਦੀ ਗੇਂਦ 'ਤੇ ਜਿਤੇਸ਼ ਸ਼ਰਮਾ ਹੱਥੋਂ ਕੈਚ ਆਊਟ ਹੋ ਗਿਆ। ਸ਼ਾਹਰੁਖ਼ ਖਾਨ ਤੇ ਰਾਹੁਲ ਤੇਵਤੀਆ ਨੇ ਫਿਰ ਟੀਮ ਨੂੰ ਸੰਭਾਲਿਆ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ ਤੱਕ ਪਹੁੰਚਾਇਆ।
ਸ਼ਾਹਰੁਖ਼ ਖਾਨ ਨੇ 4 ਗੇਂਦਾਂ 'ਚ 8 ਦੌੜਾਂ ਦੀ ਪਾਰੀ ਖੇਡੀ ਤੇ ਉਹ ਹਰਸ਼ਲ ਪਟੇਲ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਿਆ। ਇਸ ਤੋਂ ਬਾਅਦ ਰਾਸ਼ਿਦ ਖ਼ਾਨ ਵੀ 19ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਆਊਟ ਹੋ ਗਿਆ। ਅੰਤ ਰਾਹੁਲ ਤੇਵਤੀਆ ਨੇ ਜੇਤੂ ਸ਼ਾਟ ਖੇਡ ਕੇ ਆਪਣੀ ਟੀਮ ਨੂੰ ਜਿੱਤ ਦਿਵਾ ਦਿੱਤੀ।
ਇਸ ਜਿੱਤ ਦੇ ਨਾਲ ਗੁਜਰਾਤ ਦੇ 8 ਮੁਕਾਬਲਿਆਂ 'ਚੋਂ 4 ਜਿੱਤ ਕੇ 8 ਅੰਕ ਹੋ ਗਏ ਹਨ ਤੇ ਉਹ ਹੁਣ ਪੁਆਇੰਟ ਟੇਬਲ 'ਚ 6ਵੇਂ ਸਥਾਨ 'ਤੇ ਪਹੁੰਚ ਗਏ ਹਨ। ਉੱਥੇ ਹੀ ਪੰਜਾਬ ਨੂੰ 8 ਮੁਕਾਬਲਿਆਂ 'ਚੋਂ ਇਸ ਲਗਾਤਾਰ ਚੌਥੀ ਹਾਰ ਸਣੇ 6 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਹ 4 ਅੰਕਾਂ ਨਾਲ ਪੁਆਇੰਟ ਟੇਬਲ 'ਚ 9ਵੇਂ ਸਥਾਨ 'ਤੇ ਹੈ।
ਮੁੰਬਈ ਇੰਡੀਅਨਜ਼ ਦੀਆਂ ਨਜ਼ਰਾਂ ਰਾਜਸਥਾਨ ਰਾਇਲਜ਼ ਤੋਂ ਬਦਲਾ ਲੈਣ ’ਤੇ, ਦੇਖੋ ਸੰਭਾਵਿਤ ਪਲੇਇੰਗ 11
NEXT STORY