ਸਪੋਰਟਸ ਡੈਸਕ- ਲਖਨਊ ਦੇ ਇਕਾਨਾ ਸਪੋਰਟਸ ਸਟੇਡੀਅਮ 'ਚ ਖੇਡੇ ਗਏ ਲਖਨਊ ਸੁਪਰਜਾਇੰਟਸ ਅਤੇ ਪੰਜਾਬ ਕਿੰਗਜ਼ ਦੇ ਮੁਕਾਬਲੇ 'ਚ ਲਖਨਊ ਨੇ ਪੰਜਾਬ ਨੂੰ 21 ਦੌੜਾਂ ਨਾਲ ਹਰਾ ਕੇ ਸੀਜ਼ਨ ਦੀ ਪਹਿਲੀ ਜਿੱਤ ਦਰਜ ਕਰ ਲਈ ਹੈ, ਜਦਕਿ ਪੰਜਾਬ ਨੂੰ 3 ਮੈਚਾਂ 'ਚ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤੇ ਕਵਿੰਟਨ ਡਿਕੌਕ (54), ਕਪਤਾਨੀ ਕਰ ਰਹੇ ਨਿਕੋਲਸ ਪੂਰਨ (42) ਅਤੇ ਕ੍ਰੁਨਾਲ ਪੰਡਯਾ (43) ਦੀਆਂ ਪਾਰੀਆਂ ਦੀ ਬਦੌਲਤ ਲਖਨਊ ਨੇ 20 ਓਵਰਾਂ 'ਚ 8 ਵਿਕਟਾਂ ਗੁਆ ਕੇ 199 ਦੌੜਾਂ ਬਣਾਈਆਂ ਸਨ।

ਇਸ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ ਨੂੰ ਓਪਨਰ ਸ਼ਿਖਰ ਧਵਨ ਅਤੇ ਜੌਨੀ ਬੇਅਰਸਟੋ ਨੇ ਸ਼ਾਨਦਾਰ ਸ਼ੁਰੂਆਤ ਦਿਵਾਈ ਤੇ ਪਹਿਲੀ ਵਿਕਟ ਲਈ 102 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ ਸ਼ਿਖਰ ਧਵਨ ਨੇ 50 ਗੇਂਦਾਂ 'ਚ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 70 ਦੌੜਾਂ ਬਣਾਈਆਂ, ਜਦਕਿ ਜੌਨੀ ਬੇਅਰਸਟੋ ਨੇ 29 ਗੇਂਦਾਂ 'ਚ 3 ਚੌਕਿਆਂ ਤੇ ਇੰਨੇ ਹੀ ਛੱਕਿਆਂ ਦੀ ਬਦੌਲਤ 42 ਦੌੜਾਂ ਦੀ ਪਾਰੀ ਖੇਡੀ।

ਇਨ੍ਹਾਂ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਕੋਈ ਵੀ ਬੱਲੇਬਾਜ਼ ਟਿਕ ਕੇ ਨਾ ਖੇਡ ਸਕਿਆ ਤੇ ਅੰਤ 'ਚ ਸਿਰਫ਼ ਲਿਆਮ ਲਿਵਿੰਗਸਟਨ ਹੀ ਕੁਝ ਸਾਟ ਖੇਡ ਸਕਿਆ, ਜਿਸ ਨੇ 19 ਗੇਂਦਾਂ 'ਚ 27 ਦੌੜਾਂ ਦੀ ਪਾਰੀ ਖੇਡੀ। ਪੰਜਾਬ ਦੀ ਪੂਰੀ ਟੀਮ 5 ਵਿਕਟਾਂ ਗੁਆ ਕੇ 178 ਦੌੜਾਂ ਹੀ ਬਣਾ ਸਕੀ ਤੇ ਇਸ ਤਰ੍ਹਾਂ ਪੰਜਾਬ ਨੂੰ ਲਖਨਊ ਹੱਥੋਂ 21 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

ਲਖਨਊ ਵੱਲੋਂ ਡੈਬਿਊ ਕਰ ਰਹੇ ਮਯੰਕ ਯਾਦਵ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ ਤੇ ਪੰਜਾਬ ਦੇ 3 ਬੱਲੇਬਾਜ਼ਾਂ ਨੂੰ ਆਊਟ ਕੀਤਾ। ਉਸ ਨੇ ਇਸ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਉਸ ਨੇ 156 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਗੇਂਦ ਸੁੱਟ ਕੇ ਇਹ ਰਿਕਾਰਡ ਆਪਣੇ ਨਾਂ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸ ਨੂੰ ਪਲੇਅਰ ਆਫ਼ ਦਿ ਮੈਚ ਐਲਾਨਿਆ ਗਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿਰਫ 40 ਓਵਰਾਂ ਤੱਕ ਆਪਣੀ ਸਰਵੋਤਮ ਕ੍ਰਿਕਟ ਖੇਡਣ ਦੀ ਗੱਲ ਹੈ : ਪੋਂਟਿੰਗ
NEXT STORY