ਸਪੋਰਟਸ ਡੈਸਕ- ਚੇਨਈ ਦੇ ਐੱਮ.ਏ. ਚਿਦਾਂਬਰਮ ਸਟੇਡੀਅਮ 'ਚ ਸਨਰਾਈਜ਼ਰਜ਼ ਹੈਦਰਾਬਾਦ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡੇ ਗਏ ਆਈ.ਪੀ.ਐੱਲ. ਦੇ ਦੂਜੇ ਕੁਆਲੀਫਾਇਰ ਮੁਕਾਬਲੇ 'ਚ ਹੈਦਰਾਬਾਦ ਨੇ ਰਾਜਸਥਾਨ ਨੂੰ 36 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ, ਜਿੱਥੇ ਹੁਣ ਖ਼ਿਤਾਬ ਲਈ ਉਸ ਦੀ ਟੱਕਰ ਕੋਲਕਾਤਾ ਨਾਲ ਹੋਵੇਗੀ।

ਇਸ ਤੋਂ ਪਹਿਲਾਂ ਰਾਜਸਥਾਨ ਦੇ ਕਪਤਾਨ ਸੰਜੂ ਸੈਮਸਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਹੈਦਰਾਬਾਦ ਨੇ ਹੈਨਰਿਕ ਕਲਾਸੇਨ (50), ਟ੍ਰੈਵਿਸ ਹੈੱਡ (34) ਤੇ ਰਾਹੁਲ ਤ੍ਰਿਪਾਠੀ (37) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 175 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ।

ਇਸ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਨੂੰ ਯਸ਼ਸਵੀ ਜਾਇਸਵਾਲ ਤੇ ਟਾਮ ਕੋਹਲਰ ਕੈਡਮੋਰ ਨੇ ਚੰਗੀ ਸ਼ੁਰੂਆਤ ਦਿਵਾਈ ਤੇ ਦੋਵਾਂ ਨੇ ਪਹਿਲੀ ਵਿਕਟ ਲਈ 24 ਦੌੜਾਂ ਦੀ ਸਾਂਝੇਦਾਰੀ ਕੀਤੀ। ਜਾਇਸਵਾਲ ਨੇ 21 ਗੇਂਦਾਂ 'ਚ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 42 ਦੌੜਾਂ ਬਣਾ ਕੇ ਆਊਟ ਹੋ ਗਿਆ, ਜਦਕਿ ਕੈਡਮੋਰ ਨੇ 16 ਗੇਂਦਾਂ 'ਚ 10 ਦੌੜਾਂ ਦੀ ਪਾਰੀ ਖੇਡੀ।

ਕਪਤਾਨ ਸੰਜੂ ਸੈਮਸਨ ਵੀ ਕੁਝ ਖ਼ਾਸ ਕਰਨ 'ਚ ਸਫ਼ਲ ਨਾ ਹੋ ਸਕੇ ਤੇ 11 ਗੇਂਦਾਂ 'ਚ 10 ਦੌੜਾਂ ਬਣਾ ਕੇ ਅਭਿਸ਼ੇਕ ਸ਼ਰਮਾ ਦਾ ਸ਼ਿਕਾਰ ਬਣੇ। ਰਿਆਨ ਪਰਾਗ (6), ਅਸ਼ਵਿਨ (0), ਸ਼ਿਮਰੋਨ ਹੈਟਮਾਇਰ (4) ਤੇ ਰੋਵਮੈਨ ਪਾਵੇਲ (6) ਵੀ ਬਿਨਾਂ ਕੁਝ ਖ਼ਾਸ ਕੀਤੇ ਪੈਵੇਲੀਅਨ ਪਰਤ ਗਏ।

ਇਸ ਦੌਰਾਨ ਧਰੁਵ ਜੁਰੇਲ (56*) ਨੇ ਇਕ ਪਾਸਾ ਸੰਭਾਲੀ ਰੱਖਿਆ ਤੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ, ਪਰ ਉਹ ਵੀ ਟੀਮ ਨੂੰ ਜਿੱਤ ਨਾ ਦਿਵਾ ਸਕਿਆ। ਅੰਤ ਟੀਮ 20 ਓਵਰਾਂ 'ਚ 7 ਵਿਕਟਾਂ ਗੁਆ ਕੇ 139 ਦੌੜਾਂ ਹੀ ਬਣਾ ਸਕੀ ਤੇ 36 ਦੌੜਾਂ ਨਾਲ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ।

ਇਸ ਤਰ੍ਹਾਂ ਰਾਜਸਥਾਨ ਇਹ ਮੁਕਾਬਲਾ ਹਾਰ ਕੇ ਟੂਰਨਾਮੈਂਟ 'ਚੋਂ ਬਾਹਰ ਹੋ ਗਈ ਹੈ, ਜਦਕਿ ਹੈਦਰਾਬਾਦ ਹੁਣ ਆਈ.ਪੀ.ਐੱਲ. ਦੇ ਫਾਈਨਲ 'ਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਖਿਤਾਬ ਲਈ ਭਿੜੇਗੀ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 26 ਮਈ ਨੂੰ ਚੇਨਈ ਦੇ ਚੇਪਾਕ ਸਟੇਡੀਅਮ 'ਚ ਖੇਡਿਆ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੰਧੂ ਮਲੇਸ਼ੀਆ ਮਾਸਟਰਸ ਦੇ ਸੈਮੀਫਾਈਨਲ ’ਚ, ਅਸ਼ਮਿਤਾ ਹਾਰੀ
NEXT STORY