ਸਪੋਰਟਸ ਡੈਸਕ- ਹੈਦਰਾਬਾਦ ਦੇ ਰਾਜੀਵ ਗਾਂਧੀ ਇੰਟਰਨੈਸ਼ਨਲ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸਨਰਾਈਜ਼ਰਜ਼ ਹੈਦਰਾਬਾਦ ਨੂੰ 35 ਦੌੜਾਂ ਨਾਲ ਹਰਾ ਦਿੱਤਾ ਹੈ।

ਬੈਂਗਲੁਰੂ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਵਿਰਾਟ ਕੋਹਲੀ (51) ਤੇ ਨੌਜਵਾਨ ਬੱਲੇਬਾਜ਼ ਰਜਤ ਪਾਟੀਦਾਰ (50) ਦੇ ਅਰਧ ਸੈਂਕੜਿਆਂ ਦੀ ਬਦੌਲਤ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ ਸਨ।

ਇਸ ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਲਈ ਪਿਛਲੇ ਮੈਚਾਂ ਦੇ ਹੀਰੋ ਰਹੇ ਟ੍ਰੈਵਿਸ ਹੈੱਡ ਇਸ ਵਾਰ ਕੁਝ ਖ਼ਾਸ ਨਾ ਕਰ ਸਕੇ ਤੇ ਸਿਰਫ਼ 1 ਦੌੜ ਬਣਾ ਕੇ ਪੈਵੇਲੀਅਨ ਪਰਚ ਗਏ। ਇਸ ਤੋਂ ਬਾਅਦ ਏਡਨ ਮਾਰਕ੍ਰਮ ਵੀ 7 ਦੌੜਾਂ ਬਣਾ ਕੇ ਆਊਟ ਹੋ ਗਿਆ।

ਅਭਿਸ਼ੇਕ ਸ਼ਰਮਾ ਨੇ ਪਾਰੀ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਲਗਾਤਾਰ ਡਿਗ ਰਹੀਆਂ ਵਿਕਟਾਂ ਕਾਰਨ ਉਹ ਵੀ 13 ਗੇਂਦਾਂ 'ਚ 3 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਆਊਟ ਹੋ ਗਿਆ।

ਕਪਤਾਨ ਪੈਟ ਕਮਿੰਸ ਨੇ ਵੀ ਕੁਝ ਚੰਗੇ ਸ਼ਾਟ ਖੇਡੇ, ਪਰ ਉਹ ਵੀ 15 ਗੇਂਦਾਂ 'ਚ 1 ਚੌਕਾ ਤੇ 3 ਛੱਕਿਆਂ ਦੀ ਮਦਦ ਨਾਲ 31 ਦੌੜਾਂ ਬਣਾ ਕੇ ਕੈਮਰਨ ਗ੍ਰੀਨ ਦੀ ਗੇਂਦ 'ਤੇ ਆਊਟ ਹੋ ਗਿਆ। ਅੰਤ 'ਚ ਸ਼ਾਹਬਾਜ਼ ਅਹਿਮਦ ਨੇ ਟੀਮ ਦੀ ਬੇੜੀ ਪਾਰ ਲਗਾਉਣ ਦੀ ਕੋਸ਼ਿਸ਼ ਕੀਤੀ, ਪਰ ਸਾਥ ਨਾ ਮਿਲਣ ਕਾਰਨ ਉਹ ਸਫ਼ਲ ਨਾ ਹੋ ਸਕਿਆ। ਉਸ ਨੇ 37 ਗੇਂਦਾਂ ਦੀ ਪਾਰੀ 'ਚ 1 ਚੌਕਾ ਤੇ 1 ਛੱਕੇ ਦੀ ਮਦਦ ਨਾਲ 40 ਦੌੜਾਂ ਦੀ ਨਾਬਾਦ ਪਾਰੀ ਖੇਡੀ।

ਇਸ ਤਰ੍ਹਾਂ ਹੈਦਰਾਬਾਦ ਦੀ ਟੀਮ 20 ਓਵਰਾਂ 'ਚ 8 ਵਿਕਟਾਂ ਗੁਆ ਕੇ 171 ਦੌੜਾਂ ਹੀ ਬਣਾ ਸਕੀ ਤੇ ਇਹ ਮੁਕਾਬਲਾ ਆਰ.ਸੀ.ਬੀ. ਹੱਥੋਂ 35 ਦੌੜਾਂ ਨਾਲ ਹਾਰ ਗਈ। ਇਹ ਜਿੱਤ ਬੈਂਗਲੁਰੂ ਲਈ ਖ਼ਾਸ ਇਸ ਲਈ ਹੈ ਕਿਉਂਕਿ ਟੀਮ ਲਗਾਤਾਰ 6 ਮੁਕਾਬਲੇ ਹਾਰ ਚੁੱਕੀ ਸੀ ਤੇ ਪਲੇਆਫ਼ ਦੀ ਰੇਸ 'ਚੋਂ ਬਾਹਰ ਹੋਣ ਕੰਢੇ ਖੜ੍ਹੀ ਹੈ।

ਇਹ ਬੈਂਗਲੁਰੂ ਦੀ 9 ਮੁਕਾਬਲਿਆਂ 'ਚੋਂ ਦੂਜੀ ਹੀ ਜਿੱਤ ਹੈ ਤੇ ਟੀਮ 4 ਅੰਕਾਂ ਨਾਲ ਹਾਲੇ ਵੀ ਪੁਆਇੰਟ ਟੇਬਲ 'ਚ ਆਖ਼ਰੀ ਸਥਾਨ 'ਤੇ ਹੈ, ਜਦਕਿ ਹੈਦਰਾਬਾਦ ਦੀ 8 ਮੁਕਾਬਲਿਆਂ 'ਚੋਂ ਇਹ ਤੀਜੀ ਹਾਰ ਹੈ, ਪਰ ਟੀਮ 8 ਅੰਕਾਂ ਨਾਲ ਪੁਆਇੰਟ ਟੇਬਲ 'ਚ ਤੀਜੇ ਸਥਾਨ 'ਤੇ ਬਰਕਰਾਰ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਇੰਪੈਕਟ ਖਿਡਾਰੀ ਦੇ ਨਿਯਮ ਨਾਲ ਆਲ ਰਾਊਂਡਰ ਦੀ ਭੂਮਿਕਾ ਖ਼ਤਰੇ 'ਚ : ਅਕਸ਼ਰ ਪਟੇਲ
NEXT STORY