ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਇਰਫਾਨ ਪਠਾਨ ਅੱਜ ਆਪਣਾ 35ਵਾਂ ਜਨਮ ਦਿਨ ਮਨਾ ਰਹੇ ਹਨ। 27 ਅਕਤੂਬਰ 1984 ਨੂੰ ਗੁਜਰਾਤ 'ਚ ਜੰਮੇ ਇਰਫਾਨ ਨੂੰ 2003 'ਚ ਟੈਸਟ ਟੀਮ 'ਚ ਜਗ੍ਹਾ ਮਿਲੀ। ਆਪਣੀ ਸਵਿੰਗ ਨਾਲ ਬੱਲੇਬਾਜ਼ਾਂ ਨੂੰ ਹੈਰਾਨ ਕਰਨ ਵਾਲੇ ਇਸ ਗੇਂਦਬਾਜ਼ ਦੇ ਸ਼ੁਰੂਆਤੀ ਕਰੀਅਰ ਦੇ 4 ਸਾਲ ਬੇਹੱਦ ਸ਼ਾਨਦਾਰ ਰਹੇ, ਪਰ ਜੇਕਰ ਕੋਈ ਬੇਹੱਦ ਖਾਸ ਦਿਨ ਰਿਹਾ ਤਾਂ ਉਹ ਸੀ 29 ਜਨਵਰੀ 2006 ਦਾ। ਇਸੇ ਦਿਨ ਇਰਫਾਨ ਨੇ ਆਪਣੀ ਪਠਾਨਗਿਰੀ ਦਿਖਾਉਂਦੇ ਹੋਏ ਪਾਕਿ ਟੀਮ ਦੇ ਖਿਡਾਰੀਆਂ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ ਸੀ।
ਪਹਿਲੇ ਓਵਰ 'ਚ ਹੀ ਲਾ ਦਿੱਤੀ ਸੀ ਹੈਟ੍ਰਿਕ

ਸਾਲ 2006 'ਚ ਭਾਰਤੀ ਟੀਮ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਪਾਕਿਸਤਾਨ ਗਈ। ਇਰਫਾਨ ਨੇ 29 ਜਨਵਰੀ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ 'ਚ ਹੋਏ ਤੀਜੇ ਟੈਸਟ ਮੈਚ 'ਚ ਹੈਟ੍ਰਿਕ ਲਗਾ ਕੇ ਉਹ ਕਰ ਵਿਖਾਇਆ ਜੋ ਅੱਜ ਤਕ ਕੋਈ ਨਹੀਂ ਕਰ ਸਕਿਆ। ਇਰਫਾਨ ਨੇ ਮੈਚ ਦੇ ਪਹਿਲੇ ਓਵਰ ਦੀ ਆਖ਼ਰੀ ਤਿੰਨ ਗੇਂਦਾਂ 'ਤੇ ਲਗਾਤਾਰ ਤਿੰਨ ਵਿਕਟ ਝਟਕੇ ਅਤੇ ਟੈਸਟ ਮੈਚ ਦੇ ਪਹਿਲੇ ਹੀ ਓਵਰ'ਚ ਹੈਟ੍ਰਿਕ ਲੈਣ ਵਾਲੇ ਵਿਸ਼ਵ ਦੇ ਪਹਿਲੇ ਗੇਂਦਬਾਜ਼ ਬਣੇ ਸਨ। ਉਨ੍ਹਾਂ ਨੇ ਪਹਿਲੀ ਗੇਂਦ 'ਤੇ ਸਲਾਮੀ ਬੱਲੇਬਾਜ਼ ਸਲਮਾਨ ਭੱਟ ਨੂੰ ਸਲੀਪ 'ਚ ਕਪਤਾਨ ਰਾਹੁਲ ਦ੍ਰਾਵਿੜ ਦੇ ਹੱਥੋਂ ਕੈਚ ਆਊਟ ਕਰਾਇਆ ਸੀ, ਜਦਕਿ ਦੂਜੀ ਗੇਂਦ 'ਤੇ ਇਰਫਾਨ ਪਠਾਨ ਨੇ ਯੂਨਿਸ ਖਾਨ ਨੂੰ ਐੱਲ. ਬੀ. ਡਬਲਿਊ. ਅਤੇ ਆਪਣੀ ਹੈਟ੍ਰਿਕ ਗੇਂਦ 'ਤੇ ਮੁਹੰਮਦ ਯੂਸੁਫ ਨੂੰ ਇਕ ਸ਼ਾਨਦਾਰ ਇਨ ਸਵਿੰਗ ਗੇਂਦ 'ਤੇ ਕਲੀਨ ਬੋਲਡ ਕਰ ਦਿੱਤਾ ਸੀ। ਇਰਫਾਨ ਪਠਾਨ ਨੇ ਮੈਚ ਦੀ ਪਹਿਲੀ ਪਾਰੀ 'ਚ 61 ਦੌੜਾਂ ਦੇ ਕੇ 5 ਵਿਕਟਾਂ ਲਈਆਂ ਸਨ ਪਰ ਭਾਰਤੀ ਟੀਮ ਇਹ ਮੈਚ ਇਰਫਾਨ ਪਠਾਨ ਦੀ ਸ਼ਾਨਦਾਰ ਅਤੇ ਧਾਰਦਾਰ ਗੇਂਦਬਾਜ਼ੀ ਦੇ ਬਾਵਜੂਦ ਵੀ 341 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਹਾਰ ਗਈ ਸੀ।
ਇੰਝ ਬਰਬਾਦ ਹੋਇਆ ਇਰਫਾਨ ਪਠਾਨ ਦਾ ਕਰੀਅਰ
ਟੀਮ ਇੰਡੀਆ ਦੇ ਕੋਚ ਰਹਿ ਚੁੱਕੇ ਆਸਟਰੇਲੀਆਈ ਕ੍ਰਿਕਟਰ ਗ੍ਰੇਗ ਚੈਪਲ ਨੇ ਪਠਾਨ ਨੂੰ ਬੱਲੇਬਾਜ਼ੀ 'ਚ ਟਾਪ ਆਰਡਰ 'ਚ ਖਿਡਾਉਣਾ ਸ਼ੁਰੂ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਦੇ ਕਰੀਅਰ 'ਚ ਜਿਵੇਂ ਭੂਚਾਲ ਹੀ ਆ ਗਿਆ। ਫਿਰ ਉਸ ਤੋਂ ਬਾਅਦ ਉਨ੍ਹਾਂ ਦੀ ਟੀਮ 'ਚ ਕਦੀ ਵਾਪਸੀ ਨਹੀਂ ਹੋ ਸਕੀ। ਹਾਲਾਂਕਿ ਉਨ੍ਹਾਂ ਨੇ ਅਜੇ ਤਕ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਨਹੀਂ ਲਿਆ ਹੈ ਪਰ ਪਠਾਨ ਦਾ ਹੁਣ ਟੀਮ 'ਚ ਆਉਣਾ ਨਾਮੁਮਕਿਨ ਹੀ ਹੈ।
ਇਰਫਾਨ ਦੇ ਕ੍ਰਿਕਟ ਕਰੀਅਰ 'ਤੇ ਇਕ ਨਜ਼ਰ

ਦਸੰਬਰ 2003 'ਚ ਇਰਫਾਨ ਪਠਾਨ ਨੇ 19 ਸਾਲ ਦੀ ਉਮਰ 'ਚ ਆਸਟਰੇਲੀਆ ਦੇ ਖਿਲਾਫ ਐਡੀਲੇਡ ਓਵਲ 'ਚ ਆਪਣੇ ਕੌਮਾਂਤਰੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਮੈਚ 'ਚ ਉਹ ਕੁਝ ਖਾਸ ਨਹੀਂ ਕਰ ਸਕੇ, ਇਰਫਾਨ ਨੇ 150 ਦੌੜਾਂ ਦੇਕੇ ਇਕ ਵਿਕਟ ਲਿਆ ਸੀ। ਇਰਫਾਨ ਪਠਾਨ ਨੇ 29 ਟੈਸਟ ਮੈਚਾਂ 'ਚ 100 ਵਿਕਟਾਂ ਲਈਆਂ ਅਤੇ 31.57 ਦੀ ਔਸਤ ਨਾਲ 1105 ਦੌੜਾਂ ਵੀ ਬਣਾਈਆਂ। ਜਦਕਿ 120 ਵਨ-ਡੇ ਮੈਚਾਂ 'ਚ 173 ਵਿਕਟ ਲਏ ਅਤੇ 23.39 ਦੀ ਔਸਤ ਨਾਲ 1544 ਦੌੜਾਂ ਵੀ ਬਣਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ 24 ਟੀ-20 ਕੌਮਾਂਤਰੀ ਮੈਚਾਂ 'ਚ 28 ਵਿਕਟਾਂ ਲਈਆਂ।                                                                                                                   
ਅਨੁਰਾਗ ਠਾਕੁਰ ਦਾ ਵੱਡਾ ਬਿਆਨ, ਕਿਹਾ- BCCI ਦੇ ਬਿਨਾ ICC ਕੁਝ ਵੀ ਨਹੀਂ
NEXT STORY