ਸਾਊਥੰਪਟਨ- ਇੰਗਲੈਂਡ ਦੇ 38 ਸਾਲਾ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਸਾਊਥੰਪਟਨ ਟੈਸਟ ਦੇ ਪੰਜਵੇਂ ਦਿਨ ਇਤਿਹਾਸ ਰਚ ਦਿੱਤਾ। ਪਾਕਿਸਤਾਨ ਵਿਰੁੱਧ ਟੈਸਟ ਸੀਰੀਜ਼ ਦੇ ਤੀਜੇ ਤੇ ਆਖਰੀ ਟੈਸਟ ਦੇ ਦੌਰਾਨ ਮੰਗਲਵਾਰ ਨੂੰ ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦੀਆਂ 600 ਵਿਕਟਾਂ ਪੂਰੀਆਂ ਕਰ ਲਈਆਂ ਹਨ। ਇਸ ਦੇ ਨਾਲ ਹੀ ਟੈਸਟ ਇਤਿਹਾਸ 'ਚ 600 ਵਿਕਟਾਂ ਹਾਸਲ ਕਰਨ ਵਾਲੇ ਉਹ ਪਹਿਲੇ ਤੇਜ਼ ਗੇਂਦਬਾਜ਼ ਬਣ ਗਏ ਹਨ।
ਐਂਡਰਸਨ ਦਾ 600ਵਾਂ ਸ਼ਿਕਾਰ ਪਾਕਿਸਤਾਨ ਦੇ ਬੱਲੇਬਾਜ਼ ਅਜ਼ਹਰ ਅਲੀ ਬਣੇ। ਉਨ੍ਹਾਂ ਨੇ 156ਵੇਂ ਟੈਸਟ ਮੈਚ 'ਚ ਇਹ ਉਪਲੱਬਧੀ ਹਾਸਲ ਕੀਤੀ। ਟੈਸਟ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਐਂਡਰਸਨ ਦੀਆਂ 593 ਵਿਕਟਾਂ ਸਨ। ਇਸ ਤੇਜ਼ ਗੇਂਦਬਾਜ਼ ਨੇ ਪਹਿਲੀ ਪਾਰੀ 'ਚ 56 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ, ਜਿਸ ਤੋਂ ਬਾਅਦ ਉਸਦੀਆਂ ਟੈਸਟ ਵਿਕਟਾਂ ਦੀ ਗਿਣਤੀ 598 ਤਕ ਪਹੁੰਚ ਗਈ ਸੀ।
ਖੇਡ ਦੇ ਚੌਥੇ ਦਿਨ ਮਹਿਮਾਨ ਟੀਮ ਦੀ ਫਾਲੋਆਨ ਪਾਰੀ 'ਚ ਇਕ ਵਿਕਟ ਹਾਸਲ ਕਰਕੇ ਉਨ੍ਹਾਂ ਨੇ ਆਪਣੀਆਂ ਵਿਕਟਾਂ ਦੀ ਗਿਣਤੀ 599 ਤਕ ਪਹੁੰਚਾਈ। ਮੰਗਲਵਾਰ ਨੂੰ ਉਨ੍ਹਾਂ ਨੇ ਇਕ ਹੋਰ ਵਿਕਟ ਹਾਸਲ ਕਰਕੇ 600 ਦੇ ਅੰਕੜੇ ਨੂੰ ਹਾਸਲ ਕਰ ਲਿਆ। ਐਂਡਰਸਨ ਨੇ 2003 'ਚ ਜ਼ਿੰਬਾਬਵੇ ਵਿਰੁੱਧ ਲਾਰਡਸ 'ਚ ਟੈਸਟ ਡੈਬਿਊ ਕੀਤਾ ਸੀ। ਐਂਡਰਸਨ ਤੋਂ ਜ਼ਿਆਦਾ ਵਿਕਟਾਂ ਸੰਨਿਆਸ ਲੈ ਚੁੱਕੇ ਤਿੰਨ ਸਪਿਨਰ ਮੁਥੱਈਆ ਮੁਰਲੀਧਰਨ (800), ਸ਼ੇਨ ਵਾਰਨ (708) ਅਤੇ ਅਨਿਲ ਕੁੰਬਲੇ (619) ਨੇ ਹਾਸਲ ਕੀਤੀਆਂ ਹਨ। ਓਵਰ ਆਲ ਸੂਚੀ 'ਚ ਐਂਡਰਸਨ ਚੌਥੇ ਨੰਬਰ 'ਤੇ ਹੈ। ਇਸ ਤੋਂ ਬਾਅਦ ਤੇਜ਼ ਗੇਂਦਬਾਜ਼ ਗਲੇਨ ਮੈਕਗ੍ਰਾ ਦਾ ਨੰਬਰ ਆਉਂਦਾ ਹੈ। ਜਿਸ ਨੇ 124 ਟੈਸਟ ਮੈਚਾਂ 'ਚ 563 ਵਿਕਟਾਂ ਹਾਸਲ ਕੀਤੀਆਂ ਸਨ।
ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ
1. ਮੁਥੱਈਆ ਮੁਰਲੀਧਰਨ (ਸ਼੍ਰੀਲੰਕਾ 1992-2010) : 133 ਟੈਸਟ- 800 ਵਿਕਟਾਂ
2. ਸ਼ੇਨ ਵਾਰਨ (ਆਸਟਰੇਲੀਆ 1992-2007) : 145 ਟੈਸਟ- 708 ਵਿਕਟਾਂ
3 ਅਨਿਲ ਕੁੰਬਲੇ (ਭਾਰਤ 1990-2008) : 132 ਟੈਸਟ- 619 ਵਿਕਟਾਂ
4. ਜੇਮਸ ਐਂਡਰਸਨ (ਇੰਗਲੈਂਡ 2003-2020) : 156 ਟੈਸਟ- 600 ਵਿਕਟਾਂ
ਸਾਬਕਾ ਫ੍ਰੈਂਚ ਓਪਨ ਜੇਤੂ ਓਸਟਾਪੇਂਕੋ US ਓਪਨ ਤੋਂ ਹਟੀ
NEXT STORY