Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, JUL 15, 2025

    3:36:50 PM

  • punjab police special drive

    ਪੰਜਾਬ: ਵਾਹਨ ਚਾਲਕ ਸਾਵਧਾਨ! ਇਨ੍ਹਾਂ ਥਾਵਾਂ 'ਤੇ...

  • shubhanshu shukla

    ਵੱਡੀ ਖ਼ਬਰ ; ISS 'ਤੇ 18 ਦਿਨ ਬਿਤਾਉਣ ਮਗਰੋਂ ਧਰਤੀ...

  • tarunpreet saund s big statement

    ਤਰੁਣਪ੍ਰੀਤ ਸੌਂਦ ਦਾ ਵੱਡਾ ਬਿਆਨ, ਪਿਛਲੀਆਂ ਸਰਕਾਰਾਂ...

  • atmosphere heated up in punjab vidhan sabha

    ਪੰਜਾਬ ਵਿਧਾਨ ਸਭਾ 'ਚ ਭਖ ਗਿਆ ਮਾਹੌਲ, ਵਿਧਾਇਕ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Sports News
  • Jalandhar
  • ਖੇਡ ਰਤਨ ਪੰਜਾਬ ਦੇ: ਬੀਬੀਆਂ ਦੀ ਕ੍ਰਿਕਟ ਨੂੰ ਹਰਮਨ ਪਿਆਰਾ ਬਣਾਉਣ ਵਾਲੀ ਹਰਫਨਮੌਲਾ ‘ਹਰਮਨਪ੍ਰੀਤ ਕੌਰ’

SPORTS News Punjabi(ਖੇਡ)

ਖੇਡ ਰਤਨ ਪੰਜਾਬ ਦੇ: ਬੀਬੀਆਂ ਦੀ ਕ੍ਰਿਕਟ ਨੂੰ ਹਰਮਨ ਪਿਆਰਾ ਬਣਾਉਣ ਵਾਲੀ ਹਰਫਨਮੌਲਾ ‘ਹਰਮਨਪ੍ਰੀਤ ਕੌਰ’

  • Edited By Rajwinder Kaur,
  • Updated: 04 Jun, 2020 11:35 AM
Jalandhar
khed rattan punjab de harmanpreet kaur women cricket
  • Share
    • Facebook
    • Tumblr
    • Linkedin
    • Twitter
  • Comment

ਆਰਟੀਕਲ-10

ਨਵਦੀਪ ਸਿੰਘ ਗਿੱਲ

ਭਾਰਤ ਵਿੱਚ ਬੀਬੀਆਂ ਦੀ ਕ੍ਰਿਕਟ ਨੂੰ ਹਰਮਨ ਪਿਆਰਾ ਬਣਾਉਣ ਦਾ ਸਿਹਰਾ ਹਰਮਨਪ੍ਰੀਤ ਕੌਰ ਨੂੰ ਜਾਂਦਾ ਹੈ। ਹਰਮਨ ਦੀ ਹਰਫਨਮੌਲਾ ਖੇਡ ਨੇ ਬੀਬਿਆਂ ਦੀ ਕ੍ਰਿਕਟ ਵਿੱਚ ਚਾਰੇ ਪਾਸੇ ਉਸ ਦੀ ਬੱਲੇ ਬੱਲੇ ਕਰਵਾ ਦਿੱਤੀ। ਹਰਮਨ ਨੇ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਮੋਗਾ ਨੂੰ ਵਿਸ਼ਵ ਨਕਸ਼ੇ ਉਤੇ ਚਮਕਾ ਦਿੱਤਾ। ਮੋਗੇ ਬਾਰੇ ਇਕ ਕਹਾਵਤ ਪ੍ਰਚੱਲਿਤ ਹੈ, 'ਮੋਗਾ ਚਾਹ ਜੋਗਾ'। ਹਰਮਨ ਨੇ ਸਿੱਧ ਕਰ ਦਿੱਤਾ ਕਿ ਹੁਣ ਮੋਗਾ ਚਾਹ ਜੋਗਾ ਨਹੀਂ ਰਹਿ ਗਿਆ। ਖੇਡਾਂ ਵਿੱਚ ਮੋਗੇ ਦੀ ਗੁੱਡੀ ਹਾਕੀ ਵਾਲੇ ਬਲਬੀਰ ਸਿੰਘ ਸੀਨੀਅਰ ਨੇ ਚੜ੍ਹਾਈ ਸੀ। ਬਲਬੀਰ ਸਿੰਘ ਨੇ ਹਾਕੀ ਖੇਡ ਦੀ ਸ਼ੁਰੂਆਤ ਮੋਗੇ ਤੋਂ ਹੀ ਕੀਤੀ ਸੀ, ਇਸੇ ਲਈ ਉਹ ਤਾਉਮਰ ਮੋਗੇ ਵਾਲੇ ਬਲਬੀਰ ਸਿੰਘ ਦੇ ਨਾਂ ਨਾਲ ਜਾਣੇ ਜਾਂਦੇ ਰਹੇ। ਪਿਛਲੇ ਦਿਨੀਂ ਜਦੋਂ ਬਲਬੀਰ ਸਿੰਘ ਸੀਨੀਅਰ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋਏ ਤਾਂ ਮੋਗਾ ਫੇਰ ਖੇਡ ਸੁਰਖੀਆਂ ਦਾ ਕੇਂਦਰ ਬਣਿਆ। ਮੋਗੇ ਦੀਆਂ ਖੇਡਾਂ ਦੀ ਗੱਲ ਚੱਲੀ ਤਾਂ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਦੂਜਾ ਜ਼ਿਕਰ ਹਰਮਨ ਦਾ ਆਇਆ। ਸਾਲ 2018 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਸ਼ਾਟਪੁੱਟ ਦਾ ਸੋਨ ਤਮਗਾ ਜਿੱਤਣ ਵਾਲੇ ਤੇਜਿੰਦਰ ਪਾਲ ਸਿੰਘ ਤੂਰ ਨੇ ਸਿੱਧ ਕੀਤਾ ਕਿ ਮੋਗੇ ਦੀ ਮਿੱਟੀ ਵਿੱਚ ਵੱਡੇ-ਵੱਡੇ ਚੈਂਪੀਅਨ ਪੈਦਾ ਕਰਨ ਦੀ ਸ਼ਕਤੀ ਹੈ। ਉਂਝ ਵੀ ਮੋਗਾ ਜ਼ਿਲੇ ਦੇ ਤਖਾਣਬੱਧ, ਬੁੱਟਰ ਤੇ ਦੌਧਰ ਦੀ ਹਾਕੀ ਬਹੁਤ ਮਸ਼ਹੂਰ ਹੈ। ਮੋਗੇ ਬਾਰੇ ਕਦੇ ਫੇਰ ਖੁੱਲ੍ਹ ਕੇ ਗੱਲਾਂ ਲਿਖਾਂਗੇ, ਅੱਜ ਵਾਰੀ ਹਰਮਨ ਦੀ ਹੈ।

ਹਰਮਨ ਨੂੰ ਬੀਬਿਆਂ ਦੀ ਕ੍ਰਿਕਟ ਦੀ ਕਪਿਲ ਦੇਵ, ਸਚਿਨ ਤੇਂਦੁਲਕਰ, ਯੁਵਰਾਜ ਸਿੰਘ, ਵਿਰਾਟ ਕੋਹਲੀ ਕਿਹਾ ਜਾਂਦਾ ਹੈ। ਹਰਮਨ ਦੀ ਖੇਡ ਵੇਖਣ ਵਾਲੇ ਉਸ ਦੀ ਤੁਲਨਾ ਵਿਰੇਂਦਰ ਸਹਿਵਾਗ ਨਾਲ ਕਰਦੇ ਹਨ। ਹਰਮਨ ਦਾ ਪਸੰਦੀਦਾ ਕ੍ਰਿਕਟਰ ਅਜੰਕਿਆ ਰਹਾਨੇ ਹੈ, ਜਿਸ ਦੀ ਡਿਫੈਂਸ ਤਕਨੀਕ ਤੋਂ ਉਹ ਬਹੁਤ ਪ੍ਰਭਾਵਿਤ ਹੈ। ਟਵੰਟੀ-20 ਵਿੱਚ ਸੈਂਕੜਾ ਲਗਾਉਣ ਵਾਲੀ ਉਹ ਭਾਰਤ ਦੀ ਪਹਿਲੀ ਔਰਤ ਕ੍ਰਿਕਟਰ ਹੈ। ਹਾਕੀ ਵਿੱਚ ਜਿਵੇਂ ਸੁਰਿੰਦਰ ਸਿੰਘ ਸੋਢੀ 23 ਵਰ੍ਹਿਆਂ ਦੀ ਉਮਰੇ ਸਭ ਤੋਂ ਛੋਟੀ ਉਮਰ ਦਾ ਕਪਤਾਨ ਬਣਿਆ ਸੀ, ਉਵੇਂ ਹੀ ਹਰਮਨਪ੍ਰੀਤ ਕੌਰ ਨੂੰ ਵੀ 23 ਵਰ੍ਹਿਆਂ ਦੀ ਹੀ ਸਭ ਤੋਂ ਛੋਟੀ ਉਮਰੇ ਕਪਤਾਨੀ ਕਰਨ ਦਾ ਮੌਕਾ ਮਿਲਿਆ। ਹਰਮਨ ਨੇ ਆਪਣੀ ਪਹਿਲੀ ਕਪਤਾਨੀ ਹੇਠ ਭਾਰਤ ਨੂੰ ਏਸ਼ੀਆ ਦਾ ਚੈਂਪੀਅਨ ਬਣਾਇਆ। ਮੌਜੂਦਾ ਸਮੇਂ ਉਹ ਭਾਰਤੀ ਟੀਮ ਦੀ ਕਪਤਾਨ ਹੈ, ਜਿਸ ਦੀ ਅਗਵਾਈ ਵਿੱਚ ਭਾਰਤ ਨੇ ਪਹਿਲੀ ਵਾਰ ਟਵੰਟੀ-20 ਵਿਸ਼ਵ ਕੱਪ ਦਾ ਫਾਈਨਲ ਖੇਡਿਆ। ਚੈਂਪੀਅਨ ਬਣਨ ਤੋਂ ਇਕ ਕਦਮ ਪਿੱਛੇ ਰਹਿ ਗਈ। ਉਸ ਦੀ ਕਪਤਾਨੀ ਵਿੱਚ ਇਕ ਰੋਜ਼ਾ ਵਿਸ਼ਵ ਕੱਪ ਦੇ ਸੈਮੀ ਫਾਈਨਲ ਤੱਕ ਸਫਰ ਤੈਅ ਕੀਤਾ। ਉਸ ਤੋਂ ਪਹਿਲਾਂ ਹਰਮਨ ਦੀ ਤਾਬੜਤੋੜ ਬੱਲੇਬਾਜ਼ੀ ਸਦਕਾ ਭਾਰਤ ਇਕ ਰੋਜ਼ਾ ਵਿਸ਼ਵ ਕੱਪ ਦਾ ਫਾਈਨਲ ਵੀ ਖੇਡ ਚੁੱਕਾ ਹੈ। ਵਿਸ਼ਵ ਕੱਪ ਵਿੱਚ ਸਰਵੋਤਮ ਸਕੋਰ ਦਾ ਰਿਕਾਰਡ ਵੀ ਹਰਮਨ ਦੇ ਨਾਂ ਦਰਜ ਹੈ।

ਸ਼ਸ਼ੀ ਕਲਾ ਨੂੰ ਵਿਦਾਇਗੀ ਦੇਣ ਸਮੇਂ ਹਰਮਨਪ੍ਰੀਤ ਕੌਰ ਵੱਲੋਂ ਸ਼ੁਭ ਕਾਮਨਾਵਾਂ ਦੇਣ ਦਾ ਨਿਵੇਕਲਾ ਤਰੀਕਾ

PunjabKesari

ਹਰਮਨ ਤੋਂ ਪਹਿਲਾ ਪੰਜਾਬ ਵਿੱਚ ਬੀਬੀਆਂ ਦੀ ਕ੍ਰਿਕਟ ਦੀ ਕੋਈ ਪੁੱਛ-ਗਿੱਛ ਨਹੀਂ ਸੀ। ਕ੍ਰਿਕਟ ਨੂੰ ਸਿਰਫ ਮੁੰਡਿਆਂ ਦੀ ਖੇਡ ਆਖਿਆ ਜਾਂਦਾ ਸੀ। ਭਾਰਤ ਵਿੱਚ ਮਿਥਾਲੀ ਰਾਜ, ਅੰਜੁਮ ਚੋਪੜਾ, ਝੂਲਨ ਗੋਸਵਾਮੀ ਜਿਹੀਆਂ ਕ੍ਰਿਕਟਰਾਂ ਦੀ ਥੋੜ੍ਹੀ ਬਹੁਤੀ ਪਛਾਣ ਸੀ। ਹਰਮਨ ਨੇ ਜਦੋਂ ਪਿੱਚ 'ਤੇ ਉਤਰਦਿਆਂ ਮੁੰਡਿਆਂ ਵਾਂਗ ਵਿਸਫੋਟਕ ਬੱਲੇਬਾਜ਼ੀ ਸ਼ੁਰੂ ਕੀਤੀ ਤਾਂ ਹਰਮਨ ਦੀ ਹਰਮਨ ਪਿਆਰਤਾ ਸਿਖਰਾਂ 'ਤੇ ਪਹੁੰਚ ਗਈ। ਉਸ ਦੀ ਤੁਲਨਾ ਪੁਰਸ਼ ਕ੍ਰਿਕਟਰਾਂ ਨਾਲ ਹੋਣ ਲੱਗੀ। ਬੀਬਿਆਂ ਦੇ ਕ੍ਰਿਕਟ ਮੁਕਾਬਲਿਆਂ ਦਾ ਨੋਟਿਸ ਲਿਆ ਜਾਣ ਲੱਗਾ। ਮੀਡੀਆ ਵਿੱਚ ਉਨ੍ਹਾਂ ਦੀਆਂ ਸੁਰਖੀਆਂ ਬਣਨ ਲੱਗੀਆਂ। ਕ੍ਰਿਕਟ, ਫੁਟਬਾਲ, ਵਾਲੀਬਾਲ, ਬਾਸਕਟਬਾਲ, ਮੁੱਕੇਬਾਜ਼ੀ ਆਦਿ ਕੁਝ ਖੇਡਾਂ ਅਜਿਹੀਆਂ ਹਨ, ਜਿੱਥੇ ਮਹਿਲਾ ਵਰਗ ਦੇ ਮੁਕਾਬਲਿਆਂ ਨੂੰ ਪੁਰਸ਼ਾਂ ਜਿੰਨੀ ਮਹੱਤਤਾ ਨਹੀਂ ਮਿਲਦੀ ਸੀ। ਜਿਵੇਂ  ਟੈਨਿਸ, ਅਥਲੈਟਿਕਸ, ਹਾਕੀ, ਸ਼ੂਟਿੰਗ, ਬੈਡਮਿੰਟਨ ਆਦਿ ਖੇਡਾਂ ਵਿੱਚ ਮਿਲਦੀ ਸੀ। ਮੁੱਕੇਬਾਜ਼ੀ ਨੂੰ ਮਕਬੂਲ ਕਰਨ ਵਿੱਚ, ਜੋ ਰੁਤਬਾ ਮੈਰੀ ਕੌਮ ਨੂੰ ਹਾਸਲ ਹੈ, ਕ੍ਰਿਕਟ ਵਿੱਚ ਵੀ ਉਹੀ ਹਰਮਨਪ੍ਰੀਤ ਨੂੰ। ਹਰਮਨ ਨੇ 20 ਜੁਲਾਈ 2017 ਨੂੰ 171 ਦੌੜਾਂ ਦੀ ਪਾਰੀ ਖੇਡੀ ਸੀ ਅਤੇ ਹਰ ਸਾਲ, ਜਦੋਂ 20 ਜੁਲਾਈ ਦਾ ਦਿਨ ਆਉਂਦਾ ਹੈ ਤਾਂ ਕ੍ਰਿਕਟ ਨਾਲ ਜੁੜੀ ਹਰ ਵੱਡੀ ਸੰਸਥਾ ਉਸ ਦੀ ਪਾਰੀ ਨੂੰ ਯਾਦ ਕਰਦੀ ਹੈ। ਆਈ.ਸੀ.ਸੀ., ਬੀ.ਸੀ.ਸੀ.ਆਈ., ਕ੍ਰਿਕਟ ਬੱਜ਼ ਤੇ ਵਿਮੈਨ ਕ੍ਰਿਕਟ ਬੱਜ਼ ਸਭ ਆਪਣੇ ਟਵਿੱਟਰ ਉਤੇ ਉਸ ਦੀ ਯਾਦਗਾਰ ਪਾਰੀ ਦੀ ਵਰ੍ਹੇਗੰਢ ਮਨਾਉਂਦੇ ਹਨ।

ਹਰਮਨ ਛੋਟੀ ਹੁੰਦਿਆਂ ਬੱਲੇਬਾਜ਼ੀ ਦਾ ਅਭਿਆਸ ਤਾਂ ਕਰਦੀ ਹੀ ਸੀ ਪਰ ਉਹ ਮੀਡੀਅਮ ਪੇਸਰ ਵਜੋਂ ਭਾਰਤ ਵੱਲੋਂ ਖੇਡਣਾ ਲੋਚਦੀ ਸੀ। ਜਦੋਂ ਉਹ ਭਾਰਤੀ ਟੀਮ ਵਿੱਚ ਚੁਣੀ ਗਈ ਤਾਂ ਉਸ ਵੇਲੇ ਝੂਲਣ ਗੋਸਵਾਮੀ, ਅਮਿਤਾ ਸ਼ਰਮਾ ਜਿਹੀਆਂ ਤੇਜ਼ ਗੇਂਦਬਾਜ਼ ਕ੍ਰਿਕਟਰਾਂ ਨੂੰ ਦੇਖਦਿਆਂ ਉਸ ਨੇ ਮੁੱਖ ਮੀਡੀਅਮ ਪੇਸਰ ਗੇਂਦਬਾਜ਼ ਦੀ ਬਜਾਏ ਹਰਫਨਮੌਲਾ ਵਜੋਂ ਟੀਮ ਵਿੱਚ ਖੇਡਣ ਦਾ ਮਨ ਬਣਾਇਆ। ਉਸ ਨੇ ਆਪਣੇ ਆਪ ਨੂੰ ਮੱਧਕ੍ਰਮ ਵਿੱਚ ਤੇਜ਼ ਤਰਾਰ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਵਜੋਂ ਢਾਲ ਲਿਆ। ਹਰਮਨ ਜਦੋਂ ਕ੍ਰਿਕਟ ਮੈਦਾਨ ਵਿੱਚ ਉਤਰੀ ਤਾਂ ਉਸ ਦੇ ਧੂੰਆਂਧਾਰ ਛੱਕਿਆਂ ਨੇ ਇਸ ਪਤਲੇ ਜਿਹੇ ਸਰੀਰ ਦੀ ਖਿਡਾਰਨ ਦੀ ਮੋਟੀ ਹਾਜ਼ਰੀ ਲਗਾਈ। ਉਸ ਨੂੰ ਦੇਖ ਕੇ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਲੰਬੇ-ਲੰਬੇ ਛੱਕੇ ਲਗਾ ਸਕਦੀ ਹੈ। ਸਿੱਧੇ ਬੈਟ ਨਾਲ ਖੇਡਣ ਵਾਲੀ ਹਰਮਨਪ੍ਰੀਤ ਸਪਿੰਨ ਗੇਂਦਬਾਜ਼ਾਂ ਨੂੰ ਸਵੀਪ ਕਰਦੀ ਹੋਈ ਸਟੇਡੀਅਮ ਪਾਰ ਲੰਬਾ ਛੱਕਾ ਜੜਦੀ ਹੈ। ਹੁਣ ਤੱਕ ਸਭ ਤੋਂ ਲੰਬਾ ਛੱਕਾ (91 ਮੀਟਰ) ਲਗਾਉਣ ਦਾ ਵੀ ਰਿਕਾਰਡ ਉਸ ਦੇ ਨਾਂ ਦਰਜ ਹੈ। ਵਿਸ਼ਵ ਦੇ ਚੋਟੀ ਦੇ 10 ਬੱਲੇਬਾਜ਼ਾਂ ਵਿੱਚ ਸ਼ਾਮਲ ਹੋਣ ਵਾਲੀ ਉਹ ਦੇਸ਼ ਦੀ ਦੂਜੀ ਕ੍ਰਿਕਟਰ ਹੈ। ਇਕ ਵਾਰ ਉਹ ਵਿਸ਼ਵ ਇਲੈਵਨ ਦਾ ਹਿੱਸਾ ਬਣ ਚੁੱਕੀ ਹੈ।

ਰਾਸ਼ਟਰਪਤੀ ਕੋਲੋਂ ਅਰਜੁਨਾ ਐਵਾਰਡ ਹਾਸਲ ਕਰਦੀ ਹਰਮਨਪ੍ਰੀਤ ਕੌਰ

PunjabKesari

ਕ੍ਰਿਕਟ ਵਿੱਚ ਹਰਮਨ ਪਿਆਰਤਾ ਦੀਆਂ ਸਿਖਰਾਂ ਛੂਹਣ ਵਾਲੀ ਹਰਮਨ ਨੂੰ ਖੇਡ ਪ੍ਰਤੀ ਜਾਨੂੰਨ ਬਚਪਨ ਤੋਂ ਹੀ ਸੀ। ਇਸੇ ਜਾਨੂੰਨ ਨੇ ਅੱਜ ਉਸ ਨੂੰ ਭਾਰਤ ਦੀ ਕਪਤਾਨ ਅਤੇ ਵਿਸ਼ਵ ਦੀ ਚੋਟੀ ਦੀ ਬੱਲੇਬਾਜ਼ ਬਣਾਇਆ ਹੈ। ਮੋਗਾ ਸ਼ਹਿਰ ਦੀ ਬੁੱਕਲ ਵਿੱਚ ਵਸੇ ਪਿੰਡ ਦੁੱਨੇਕੇ ਦੀ ਹਰਮਨਪ੍ਰੀਤ ਕੌਰ ਦਾ ਜਨਮ ਜਦੋਂ 1989 ਵਿੱਚ ਕੌਮਾਂਤਰੀ ਮਹਿਲਾ ਦਿਵਸ (8 ਮਾਰਚ) ਵਾਲੇ ਦਿਨ ਹੋਇਆ ਸੀ ਤਾਂ ਉਸ ਦੇ ਮਾਪਿਆਂ ਨੇ ਉਸ ਨੂੰ 'ਗੁੱਡ ਬੈਟਿੰਗ' ਲਿਖੀ ਹੋਈ ਪਹਿਲੀ ਕਮੀਜ਼ ਪਹਿਨਾਈ। ਉਦੋਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕਿਸੇ ਦਿਨ ਇਸ ਬੱਚੀ ਨੂੰ ਸੱਚਮੁੱਚ ਕੁੱਲ ਦੁਨੀਆਂ ਗੁੱਡ ਬੈਟਿੰਗ ਕਹਿ ਕੇ ਪੁਕਾਰੇਗੀ। ਹਰਮੰਦਰ ਸਿੰਘ ਭੁੱਲਰ ਤੇ ਸਤਵਿੰਦਰ ਕੌਰ ਦੀ ਲਾਡਲੀ ਹਰਮਨ ਨਿੱਕੀ ਹੁੰਦੀ ਹੋਈ ਗਲੀ ਵਿੱਚ ਮੁੰਡਿਆਂ ਨਾਲ ਕ੍ਰਿਕਟ ਖੇਡਦੀ। ਹਰਮਨ ਦੇ ਪਿਤਾ ਵੀ ਵਾਲੀਬਾਲ ਤੇ ਬਾਸਕਟਬਾਲ ਦੇ ਖਿਡਾਰੀ ਰਹੇ ਹਨ, ਜਿਸ ਕਰਕੇ ਘਰ ਵਿੱਚ ਖੇਡਾਂ ਲਈ ਸੁਖਾਵਾਂ ਮਾਹੌਲ ਸੀ ਪਰ ਸਮਾਜ ਵਿੱਚ ਕੁੜੀਆਂ ਦੀ ਕ੍ਰਿਕਟ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਸੀ। 5 ਸਾਲ ਦੀ ਉਮਰੇ ਜਦੋਂ ਉਸ ਨੇ ਕ੍ਰਿਕਟ ਦਾ ਬੱਲਾ ਫੜਿਆ ਤਾਂ ਮੋਗਾ ਜਿਹੇ ਸ਼ਹਿਰ ਵਿੱਚ ਕੁੜੀਆਂ ਦੀ ਕ੍ਰਿਕਟ ਬਾਰੇ ਗੱਲ ਕਰਨੀ ਵੀ ਹੈਰਾਨੀ ਵਾਲੀ ਗੱਲ ਲੱਗਦੀ ਸੀ। ਅੱਜ ਹਰਮਨ ਨੂੰ ਜਦੋਂ ਕੋਈ ਉਸ ਦੇ ਲੰਬੇ ਛੱਕਿਆਂ ਦਾ ਰਾਜ ਪੁੱਛਦਾ ਹੈ ਤਾਂ ਉਹ ਛੋਟੇ ਹੁੰਦਿਆਂ ਮੁੰਡਿਆਂ ਨਾਲ ਕੀਤੀ ਪ੍ਰੈਕਟਿਸ ਨੂੰ ਮੁੱਖ ਕਾਰਨ ਦੱਸਦੀ ਹੈ।

ਨਿੱਕੀ ਹਰਮਨ ਨੂੰ ਹਾਕੀ, ਵਾਲੀਬਾਲ, ਬਾਸਕਟਬਾਲ, ਅਥਲੈਟਿਕਸ ਖੇਡਣ ਵੱਲ ਲਾਇਆ ਪਰ ਹਰਮਨ ਦੀ ਪ੍ਰੀਤ ਤਾਂ ਕ੍ਰਿਕਟ ਵੱਲ ਹੀ ਸੀ। ਅੱਗੇ ਉਸ ਨੂੰ ਸੁਨਹਿਰੀ ਭਵਿੱਖ ਆਵਾਜ਼ਾਂ ਮਾਰ ਰਿਹਾ ਸੀ। ਜੁਡੀਸ਼ੀਅਲ ਕੰਪਲੈਕਸ ਵਿੱਚ ਨੌਕਰੀ ਕਰਦੇ ਹਰਮਨ ਦੇ ਪਿਤਾ ਸ਼ੁਰੂਆਤ ਵਿੱਚ ਡਰਦੇ ਸਨ ਕਿ ਕਿਤੇ ਕੁੜੀ ਦੇ 'ਲੈਦਰ ਬਾਲ' ਨਾ ਲੱਗ ਜਾਵੇ। ਮਾਪਿਆਂ ਦਾ ਡਰ ਵੀ ਲਾਜ਼ਮੀ ਸੀ ਕਿਉਂਕਿ ਸਾਡੇ ਕੁੜੀਆਂ ਨੂੰ ਅਜਿਹੀਆਂ ਖੇਡਾਂ ਤੋਂ ਬਚਾ ਕੇ ਰੱਖਿਆ ਜਾਂਦਾ ਹੈ, ਜਿਧਰ ਸੱਟ-ਫੇਟ ਦਾ ਡਰ ਹੋਵੇ। ਹਰਮਨ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਉਦੋਂ ਆਇਆ ਜਦੋਂ ਉਸ ਨੇ ਘਰ ਤੋਂ 20-25 ਕਿਲੋ ਮੀਟਰ ਦੂਰ ਦਾਰਾਪੁਰ ਦੀ ਗਿਆਨ ਜੋਤੀ ਸਕੂਲ ਅਕੈਡਮੀ ਵਿੱਚ ਦਾਖਲਾ ਲਿਆ। ਕੋਚ ਕਮਲਦੀਸ਼ ਸਿੰਘ ਸੋਢੀ ਉਸ ਲਈ ਫਰਿਸ਼ਤਾ ਬਣ ਕੇ ਵਹੁੜਿਆ। ਸੋਢੀ ਨੇ ਨਾ ਸਿਰਫ ਸਕੂਲ ਵਿੱਚ ਫੀਸ ਮੁਆਫ ਕਰਵਾਈ ਬਲਕਿ ਅਕੈਡਮੀ ਦੇ ਖਰਚਿਆਂ ਤੋਂ ਵੀ ਮੁਕਤ ਕਰਵਾਇਆ। ਉਹ ਇਕੱਲੀ ਕੁੜੀ ਸੀ ਜਿਹੜੀ ਮੁੰਡਿਆਂ ਨਾਲ ਕ੍ਰਿਕਟ ਖੇਡਦੀ। ਸਾਰਾ-ਸਾਰਾ ਦਿਨ ਉਹ ਖੇਡਦੀ ਰਹਿੰਦੀ। ਕਲਾਸ ਰੂਮ ਨਾਲੋਂ ਜ਼ਿਆਦਾ ਕ੍ਰਿਕਟ ਦੀ 22 ਗਜ਼ ਪਿੱਚ ਉਸ ਨੂੰ ਵੱਧ ਚੰਗੀ ਲੱਗਦੀ। ਮੁੰਡਿਆਂ ਦੀ ਟੀਮ ਵਿੱਚ ਖੇਡਦੀ ਹਰਮਨ ਓਪਰੀ ਨਾ ਲੱਗਦੀ। ਉਹ ਮੁੰਡਿਆਂ ਵਾਂਗ ਹੀ ਲੰਬੇ ਸ਼ਾਟ ਮਾਰਦੀ।

ਆਪਣੇ ਪਰਿਵਾਰ ਦੇ ਨਾਲ ਹਰਮਨਪ੍ਰੀਤ ਕੌਰ

PunjabKesari

ਕੋਚ ਉਸ ਨੂੰ ਲੰਬੇ ਛੱਕੇ ਮਾਰਨ ਦੀ ਪ੍ਰੈਕਟਿਸ ਕਰਵਾਉਂਦਾ। ਉਸ ਦਾ ਨਿੱਤ ਦਾ ਅਭਿਆਸ 20-25 ਸ਼ਾਟ ਗਰਾਊਂਡ ਤੋਂ ਬਾਹਰ ਮਾਰਨਾ ਹੁੰਦਾ ਸੀ। ਕਈ ਵਾਰ ਤਾਂ ਉਹ ਇੱਡਾ ਛੱਕਾ ਲਗਾਉਂਦੀ ਕਿ ਗੇਂਦ ਗਰਾਊਂਡ ਤੋਂ ਬਾਹਰ ਝੋਨੇ ਦੇ ਪਾਣੀ ਵਾਲੇ ਖੇਤਾਂ ਵਿੱਚ ਚਲੀ ਜਾਂਦੀ। ਕੋਚ ਨੂੰ ਵੀ ਉਸ ਵਿੱਚ ਵੱਡੇ ਬੱਲੇਬਾਜ਼ ਵਾਲੇ ਲੱਛਣ ਦਿੱਸਣ ਲੱਗੇ। ਉਹ ਫੀਲਡਿੰਗ ਟਾਈਟ ਕਰਕੇ ਉਸ ਨੂੰ ਗੈਪ ਵਿੱਚ ਖੇਡਣ ਦਾ ਅਭਿਆਸ ਕਰਵਾਉਂਦਾ। ਹਰਮਨ ਫੇਰ ਵੀ ਗੈਪ ਲੱਭ ਕੇ ਗੇਂਦ ਨੂੰ ਬਾਊਂਡਰੀ ਪਾਰ ਕਰ ਦਿੰਦੀ। ਐੱਸ.ਕੇ. ਪਬਲਿਕ ਸਕੂਲ ਫਿਰੋਜ਼ਪੁਰ ਵੱਲੋਂ ਸਟੇਟ ਖੇਡਦਿਆਂ 16 ਵਰ੍ਹਿਆਂ ਦੀ ਹਰਮਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਕੈਂਪ ਵਿੱਚ ਆ ਗਈ। ਉਦੋਂ ਉਹ 18 ਵਰ੍ਹਿਆਂ ਦੀ ਸੀ ਜਦੋਂ ਪੰਜਾਬ ਦੀ ਸੀਨੀਅਰ ਟੀਮ ਵਿੱਚ ਚੁਣੀ ਗਈ। ਨਾਰਥ ਜ਼ੋਨਲ ਚੈਂਪੀਅਨਸ਼ਿਪ ਵਿੱਚ ਖੇਡਦਿਆਂ ਹਰਮਨ ਕੌਮੀ ਖੇਡ ਨਕਸ਼ੇ ਉਤੇ ਆ ਗਈ। ਦਿੱਲੀ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਟੀਮਾਂ ਨੂੰ ਹਰਾਉਣ ਤੋਂ ਬਾਅਦ ਹਰਮਨ ਨਾਰਥ ਜ਼ੋਨ ਟੀਮ ਵਿੱਚ ਚੁਣੀ ਗਈ। ਅੰਡਰ-19 ਚੈਂਲੇਜਰ ਟਰਾਫੀ ਖੇਡਣ ਤੋਂ ਬਾਅਦ ਹਰਮਨ ਕੌਮੀ ਟੀਮ ਦੇ ਕੈਂਪ ਵਿੱਚ ਚੁਣੀ ਗਈ।

ਬੰਗਲੌਰ ਦੀ ਨੈਸ਼ਨਲ ਕ੍ਰਿਕਟ ਅਕੈਡਮੀ ਵਿਖੇ ਦੇਸ਼ ਦੀਆਂ ਸੰਭਾਵਿਤ 30 ਖਿਡਾਰਨਾਂ ਦੇ ਕੈਂਪ ਵਿੱਚ ਚੁਣੇ ਜਾਣ ਤੋਂ ਹਰਮਨ ਦੀ ਜ਼ਿੰਦਗੀ ਹੀ ਬਦਲ ਗਈ। ਉਦੋਂ ਤੱਕ ਉਸ ਨੂੰ ਸਿਰਫ ਬੱਲੇਬਾਜ਼ੀ ਤੇ ਗੇਂਦਬਾਜ਼ੀ ਦਾ ਹੀ ਇਲਮ ਸੀ। ਕੈਂਪ ਵਿੱਚ ਪਤਾ ਲੱਗਿਆ ਕਿ ਫਿਟਨੈਸ ਤੇ ਜਿੰਮ ਦੀਆਂ ਕਸਰਤਾਂ ਵੀ ਖੇਡ ਜਿੰਨੀਆਂ ਜ਼ਰੂਰੀ ਹਨ। ਆਪਣੇ ਫੁੱਟਵਰਕ, ਡਰਾਈਵ ਸ਼ਾਟ ਅਤੇ ਇਕ ਨੂੰ ਦੋ ਤੇ ਦੋ ਨੂੰ ਤਿੰਨ ਦੌੜਾਂ ਵਿੱਚ ਬਦਲਣ ਦੀ ਮੁਹਾਰਤ ਵੀ ਸਿੱਖਣ ਲੱਗੀ। ਹਰਮਨ ਨੇ ਪੂਰੀ ਜੀਅ-ਜਾਨ ਨਾਲ ਕੈਂਪ ਲਗਾਇਆ। ਭਾਰਤੀ ਟੀਮ ਵਿੱਚ ਦਾਖਲੇ ਦਾ ਵੀ ਉਸ ਦਾ ਅਜੀਬ ਕਿੱਸਾ ਹੈ। ਬੰਗਲੌਰ ਕੈਂਪ ਵਿੱਚੋਂ ਭਾਰਤੀ ਟੀਮ ਵਿਸ਼ਵ ਕੱਪ ਲਈ ਚੁਣੀ ਜਾਣੀ ਸੀ। ਹਰਮਨ ਨੂੰ ਟੀਮ ਦੀ ਚੋਣ ਦਾ ਕੋਈ ਅੰਦਾਜ਼ਾ ਨਹੀਂ ਸੀ। ਇਕ ਦਿਨ ਉਸ ਨੇ ਸਾਥੀ ਖਿਡਾਰਨ ਪੂਨਮ ਰਾਉਤ ਨਾਲ ਤਾਲਮੇਲ ਕੀਤਾ ਤਾਂ ਉਸ ਦੀ ਖੁਸ਼ੀ ਤੇ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਟੀਮ ਵਿੱਚ ਚੁਣੀ ਗਈ। ਚੋਣ ਵੀ ਕੁਝ ਦਿਨਾਂ ਪਹਿਲਾ ਹੋ ਗਈ ਸੀ ਪਰ ਹਰਮਨ ਨੂੰ ਇਸ ਦੀ ਸੂਚਨਾ ਨਹੀਂ ਮਿਲੀ ਸੀ, ਇਸੇ ਲਈ ਉਸ ਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਆ ਰਿਹਾ ਸੀ।

ਹਰਮਨਪ੍ਰੀਤ ਦਾ ਕੋਚ ਕਮਲਦੀਸ਼ ਸਿੰਘ ਸੋਢੀ

PunjabKesari

ਉਸ ਨੇ ਆਪਣੇ ਕੋਚ ਕਮਲਦੀਸ਼ ਸਿੰਘ ਸੋਢੀ ਨੂੰ ਆਪਣੀ ਟੀਮ ਵਿੱਚ ਚੋਣ ਦੀ ਸੱਚਾਈ ਪਤਾ ਲਾਉਣ ਨੂੰ ਕਿਹਾ। ਟੀਮ ਦੇ ਕੈਂਪ ਤੋਂ ਦੋ ਦਿਨ ਪਹਿਲਾਂ ਉਸ ਨੂੰ ਰਸਮੀ ਜਾਣਕਾਰੀ ਵੀ ਮਿਲ ਗਈ ਅਤੇ ਪੁਸ਼ਟੀ ਵੀ ਹੋ ਗਈ। ਉਹ ਹੁਣ ਤੱਕ ਪੂਨਮ ਰਾਉਤ ਦਾ ਅਹਿਸਾਨ ਮੰਨਦੀ ਹੈ ਜਿਸ ਰਾਹੀਂ ਉਸ ਨੂੰ ਆਪਣੀ ਜ਼ਿੰਦਗੀ ਦੀ ਵੱਡੀ ਖੁਸ਼ੀ ਮਿਲੀ। ਹਰਮਨ ਦੇ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਉਸ ਨੂੰ ਭਾਰਤੀ ਟੀਮ ਵਿੱਚ 84 ਨੰਬਰ ਜਰਸੀ ਮਿਲੀ। ਹਾਲਾਂਕਿ ਹਰਮਨ ਨਹੀਂ ਚਾਹੁੰਦੀ ਸੀ ਕਿ ਇਹ ਨੰਬਰ ਉਸ ਨੂੰ ਮਿਲੇ ਕਿਉਂਕਿ ਉਸ ਦੇ ਪਿਤਾ ਨੂੰ ਇਹ ਨੰਬਰ ਚੰਗਾ ਨਹੀਂ ਲੱਗਦਾ ਸੀ। ਪੰਜਾਬੀ ਤੇ ਸਿੱਖ ਪਰਿਵਾਰ 84 ਨੰਬਰ ਨੂੰ ਭੁੱਲਣਾ ਹੀ ਚਾਹੁੰਦੇ ਹਨ। ਹਰਮਨ ਟੀਮ ਵਿੱਚ ਨਵੀਂ ਹੋਣ ਕਰਕੇ ਉਸ ਦੀ ਚੁਆਇਸ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਸੀ। ਉਹ 17 ਨੰਬਰ ਜਰਸੀ ਪਹਿਨਣਾ ਚਾਹੁੰਦੀ ਸੀ ਪਰ ਉਹ ਨਹੀਂ ਮਿਲੀ। ਹਰਮਨ ਨੂੰ ਟੀਮ ਵਿੱਚ ਚੁਣੇ ਜਾਣ ਦੀ ਖੁਸ਼ੀ ਅਤੇ ਜਰਸੀ ਨੰਬਰ ਦਾ ਦੁੱਖ ਸੀ।

2009 ਵਿੱਚ ਆਈ.ਸੀ.ਸੀ.ਮਹਿਲਾ ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਨੇ ਪਾਕਿਸਤਾਨ ਖਿਲਾਫ ਆਪਣਾ ਪਹਿਲਾਂ ਕੌਮਾਂਤਰੀ ਇਕ ਰੋਜ਼ਾ ਮੈਚ ਖੇਡਿਆ। ਹਰਮਨ ਪਹਿਲੀ ਵਾਰ ਸੁਰਖੀਆਂ ਵਿੱਚ ਉਦੋਂ ਆਈ ਜਦੋਂ ਉਸ ਨੇ 2010 ਵਿੱਚ ਇੰਗਲੈਂਡ ਖਿਲਾਫ ਟਵੰਟੀ-20 ਮੈਚ ਵਿੱਚ 33 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਖਿਲਾਫ ਇਕ ਮੈਚ ਵਿੱਚ 84 ਦੌੜਾਂ ਦੀ ਪਾਰੀ ਨੇ ਹਰਮਨ ਦੇ ਆਤਮ ਵਿਸ਼ਵਾਸ ਵਿੱਚ ਬਹੁਤ ਵਾਧਾ ਕੀਤਾ। ਇਹ ਵੀ ਇਤਫਾਕ ਦੇਖੋ ਕਿ 84 ਨੰਬਰ ਜਰਸੀ ਵਾਲੀ ਹਰਮਨ ਦੀ ਪਹਿਲੀ ਵੱਡੀ ਪਾਰੀ 84 ਦੌੜਾਂ ਦੀ ਸੀ ਜਿਵੇਂ ਯੁਵਰਾਜ ਨੇ ਵੀ 2000 ਵਿੱਚ ਮਿੰਨੀ ਵਿਸ਼ਵ ਕੱਪ ਵਿੱਚ ਆਸਟਰੇਲੀਆ ਖਿਲਾਫ 84 ਦੌੜਾਂ ਦੀ ਆਪਣੀ ਪਲੇਠੀ ਪਾਰੀ ਖੇਡੀ ਸੀ। 2012 ਵਿੱਚ ਉਹ ਭਾਰਤੀ ਟੀਮ ਦੀ ਕਪਤਾਨੀ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਮਹਿਲਾ ਕ੍ਰਿਕਟਰ ਬਣੀ। 23 ਵਰ੍ਹਿਆਂ ਦੀ ਛੋਟੀ ਉਮਰੇ ਉਸ ਨੇ ਟਵੰਟੀ-20 ਏਸ਼ੀਆ ਕੱਪ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਦਿਆਂ ਭਾਰਤ ਨੂੰ ਏਸ਼ੀਆ ਚੈਂਪੀਅਨ ਬਣਾਇਆ। ਉਸ ਮੌਕੇ ਭਾਰਤ ਟੀਮ ਦੀ ਕਪਤਾਨ ਮਿਤਾਲੀ ਰਾਜ ਤੇ ਉਪ ਕਪਤਾਨ ਝੂਲਨ ਗੋਸਵਾਮੀ ਨੂੰ ਸੱਟ ਕਾਰਨ ਬਾਹਰ ਹੋਣਾ ਪਿਆ। ਚੋਣਕਾਰਾਂ ਨੂੰ ਹਰਮਨਪ੍ਰੀਤ ਨਾਲੋਂ ਬਿਹਤਰੀਨ ਹੋਰ ਖਿਡਾਰਨ ਨਹੀਂ ਮਿਲੀ ਅਤੇ ਹਰਮਨ ਨੇ ਆਪਣੇ ਉਪਰ ਪ੍ਰਗਟਾਏ ਭਰੋਸੇ ਦਾ ਮਾਣ ਰੱਖਿਆ। ਚੀਨ ਦੇ ਸ਼ਹਿਰ ਗੁਆਂਗਜ਼ੂ  ਵਿਖੇ ਖੇਡੇ ਗਏ ਏਸ਼ੀਆ ਕੱਪ ਵਿੱਚ ਭਾਰਤ ਨੇ ਪਾਕਿਸਤਾਨ ਨੂੰ 81 ਦੌੜਾਂ ਨਾਲ ਹਰਾ ਕੇ ਏਸ਼ੀਆ ਦਾ ਖਿਤਾਬ ਝੋਲੀ ਪਾਇਆ। ਉਸ ਵੇਲੇ ਤੋਂ ਹੀ ਹਰਮਨ ਨੂੰ ਭਵਿੱਖ ਦੀ ਕਪਤਾਨ ਵਜੋਂ ਦੇਖਿਆ ਜਾਣ ਲੱਗਿਆ ਸੀ।

ਲੇਖਕ ਨਵਦੀਪ ਸਿੰਘ ਗਿੱਲ ਨਾਲ ਹਰਮਨਪ੍ਰੀਤ ਕੌਰ

PunjabKesari

2013 ਵਿੱਚ ਹਰਮਨਪ੍ਰੀਤ ਨੇ ਇੰਗਲੈਂਡ ਖਿਲਾਫ ਨਾਬਾਦ 107 ਦੌੜਾਂ ਦੀ ਪਾਰੀ ਖੇਡ ਕੇ ਆਪਣਾ ਪਹਿਲਾ ਕੌਮਾਂਤਰੀ ਇਕ ਰੋਜ਼ਾ ਸੈਂਕੜਾ ਬਣਾਇਆ। ਇਸੇ ਸਾਲ ਉਹ ਇਕ ਰੋਜ਼ਾ ਭਾਰਤੀ ਟੀਮ ਦੀ ਕਪਤਾਨ ਬਣੀ ਜਦੋਂ ਬੰਗਲਾਦੇਸ਼ ਦੀ ਟੀਮ ਨੇ ਭਾਰਤ ਦਾ ਦੌਰਾ ਕੀਤਾ। ਬੰਗਲਾਦੇਸ਼ ਖਿਲਾਫ ਹੀ ਉਸ ਨੇ 103 ਦੌੜਾਂ ਦੀ ਪਾਰੀ ਖੇਡ ਕੇ ਦੂਜਾ ਸੈਂਕੜਾ ਲਗਾਇਆ। ਇਸ ਦੌਰੇ 'ਤੇ ਹਰਮਨ ਨੇ ਦੋ ਮੈਚ ਖੇਡ ਕੇ 97.50 ਦੀ ਔਸਤ ਨਾਲ ਕੁੱਲ 195 ਦੌੜਾਂ ਬਣਾਈਆਂ ਅਤੇ ਦੋ ਵਿਕਟਾਂ ਵੀ ਹਾਸਲ ਕੀਤੀਆਂ। ਟੈਸਟ ਕ੍ਰਿਕਟ ਦਾ ਆਗਾਜ਼ ਹਰਮਨ ਨੇ 2014 ਵਿੱਚ ਕੀਤਾ। ਉਦੋਂ ਤੱਕ ਸਿਰਫ ਬੱਲੇਬਾਜ਼ ਵਜੋਂ ਜਾਣੀ ਜਾਂਦੀ ਹਰਮਨਪ੍ਰੀਤ 2015 ਵਿੱਚ ਹਰਫਨਮੌਲਾ ਖਿਡਾਰਨ ਬਣ ਕੇ ਉਭਰੀ ਜਦੋਂ ਉਸ ਨੇ ਮੈਸੂਰ ਵਿਖੇ ਦੱਖਣੀ ਅਫਰੀਕਾ ਖਿਲਾਫ ਖੇਡੇ ਸੈਮੀ ਫਾਈਨਲ ਵਿੱਚ ਸਪਿੰਨ ਗੇਂਦਬਾਜ਼ੀ ਕਰਦਿਆਂ 9 ਵਿਕਟਾਂ ਵੀ ਝਟਕੀਆਂ। ਇਹ ਮੈਚ ਭਾਰਤ ਨੇ ਇਕ ਪਾਰੀ ਅਤੇ 34 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ।

ਸਾਲ 2016 ਵਿੱਚ ਕ੍ਰਿਕਟ ਦੀ ਦੁਨੀਆਂ ਵਿੱਚ ਉਦੋਂ ਹਰਮਨ ਹਰਮਨ ਹੋ ਗਈ ਜਦੋਂ ਆਸਟਰੇਲੀਆ ਦੌਰੇ 'ਤੇ ਉਸ ਦਾ ਬੱਲਾ ਖੂਬ ਬੋਲਿਆ। ਹਰਮਨ ਨੇ ਮਹਿਜ਼ 31 ਗੇਦਾਂ 'ਤੇ 46 ਦੌੜਾਂ ਦੀ ਧੂੰਆਂਧਾਰ ਪਾਰੀ ਖੇਡੀ। ਇਸ ਪਾਰੀ ਸਦਕਾ ਭਾਰਤ ਨੇ ਟਵੰਟੀ-20 ਕ੍ਰਿਕਟ ਦੇ ਸਭ ਤੋਂ ਵੱਡੇ ਸਕੋਰ  ਦਾ ਪਿੱਛਾ ਕੀਤਾ। ਹਰਮਨ ਦੀ ਬਦਲੌਤ ਹੀ ਭਾਰਤ ਨੇ ਲੜੀ ਜਿੱਤੀ। ਦੋ ਮੈਚਾਂ ਵਿੱਚ ਹਰਮਨ ਦੀਆਂ ਕੁੱਲ 70 ਦੌੜਾਂ ਸਨ। ਆਸਟਰੇਲੀਆ ਵਿੱਚ ਹਰਮਨ ਦੇ ਬੱਲੇ ਦੀ ਗੂੰਜ ਇਸ ਕਦਰ ਸਭ ਨੂੰ ਸੁਣਾਈ ਦਿੱਤੀ ਕਿ ਆਸਟਰੇਲੀਆ ਦੀ ਸਭ ਤੋਂ ਵੱਡੀ ਤੇ ਵੱਕਾਰੀ ਬਿੱਗ ਬੈਸ਼ ਲੀਗ ਲਈ ਉਸ ਨੂੰ ਸਿਡਨੀ ਥੰਡਰ ਟੀਮ ਨੇ ਚੁਣ ਲਿਆ। ਇਹ ਲੀਗ ਖੇਡਣ ਵਾਲੀ ਉਹ ਪਹਿਲੀ ਭਾਰਤੀ ਕ੍ਰਿਕਟਰ ਬਣੀ। ਸਾਲ 2016 ਵਿੱਚ ਹੀ ਟਵੰਟੀ-20 ਵਿਸ਼ਵ ਕੱਪ ਦੇ ਚਾਰ ਮੈਚਾਂ ਵਿੱਚ ਹਰਮਨ ਨੇ ਹਰਫਨਮੌਲਾ ਪ੍ਰਦਰਸ਼ਨ ਕਰਦਿਆਂ ਕੁੱਲ 89 ਦੌੜਾਂ ਬਣਾਈਆਂ ਅਤੇ 7 ਵਿਕਟਾਂ ਹਾਸਲ ਕੀਤੀਆਂ।

ਵਿਰਾਟ ਕੋਹਲੀ ਨਾਲ ਹਰਮਨਪ੍ਰੀਤ ਕੌਰ

PunjabKesari

ਸਾਲ 2017 ਵਿੱਚ ਵਿਸ਼ਵ ਕੱਪ ਵਿੱਚ ਹਰਮਨ ਵੱਲੋਂ ਦਿਖਾਈ ਹਰਫਨਮੌਲਾ ਖੇਡ ਨੇ ਉਸ ਦੀ ਗੁੱਡੀ ਸਿਖਰਾਂ ਉਤੇ ਚੜ੍ਹਾ ਦਿੱਤੀ। ਉਸ ਤੋਂ ਪਹਿਲਾਂ ਉਹ ਲਗਾਤਾਰ 9 ਸਾਲ ਤੋਂ ਭਾਰਤੀ ਟੀਮ ਵੱਲੋਂ ਖੇਡ ਰਹੀ ਸੀ ਪਰ ਸੁਰਖੀਆਂ ਉਸ ਨੂੰ ਕਦੇ ਨਹੀਂ ਮਿਲੀਆਂ ਸਨ। ਕ੍ਰਿਕਟ ਦੇ ਜਨਮਦਾਤਾ ਇੰਗਲੈਂਡ ਵਿਖੇ ਖੇਡੇ ਗਏ ਆਈ.ਸੀ.ਸੀ.ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਦਾ ਬੱਲਾ ਇਸ ਕਦਰ ਬੋਲਿਆ ਕਿ ਬੱਚੇ ਬੱਚੇ ਦੀ ਜ਼ੁਬਾਨ 'ਤੇ ਸਚਿਨ, ਕੋਹਲੀ ਵਾਂਗ ਹਰਮਨ ਦਾ ਨਾਮ ਆ ਗਿਆ। ਭਾਰਤੀ ਟੀਮ ਵਿਸ਼ਵ ਕੱਪ ਵਿੱਚ ਉਪ ਜੇਤੂ ਰਹੀ ਪਰ ਖੇਡੀ ਉਹ ਚੈਂਪੀਅਨਾਂ ਵਾਂਗ। ਜਿਵੇਂ ਪੁਰਸ਼ਾਂ ਦਾ 2011 ਵਿਸ਼ਵ ਕੱਪ ਯੁਵਰਾਜ ਦੇ ਨਾਂ ਰਿਹਾ, ਉਵੇਂ ਹੀ ਸਾਲ 2017 ਦਾ ਮਹਿਲਾ ਵਿਸ਼ਵ ਕੱਪ ਹਰਮਨ ਦੇ ਨਾਂ ਰਿਹਾ। ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਨੇ ਕੁੱਲ 359 ਦੌੜਾਂ ਬਣਾ ਕੇ ਦੁਨੀਆਂ ਦੇ ਚੋਟੀ ਦੇ ਬੱਲੇਬਾਜ਼ਾਂ ਵਿੱਚ ਆਪਣਾ ਨਾਂ ਸ਼ਾਮਲ ਕਰਵਾਇਆ। ਗੇਂਦਬਾਜ਼ੀ ਕਰਦਿਆਂ ਵੀ ਉਸ ਨੇ 5 ਵਿਕਟਾਂ ਝਟਕੀਆਂ। ਲੀਗ ਸਟੇਜ 'ਤੇ ਭਾਰਤ ਤੀਜੇ ਨੰਬਰ 'ਤੇ ਚੱਲ ਰਿਹਾ ਸੀ। ਮਗਰਲੇ ਦੌਰ ਵਿੱਚ ਭਾਰਤੀ ਟੀਮ ਹਰਮਨ ਬਲਬੂਤੇ ਸਭ ਤੋਂ ਤਕੜੀ ਦਾਅਵੇਦਾਰ ਵਜੋਂ ਸਾਹਮਣੇ ਆਈ। ਹਰਮਨਪ੍ਰੀਤ ਨੇ ਵਿਸ਼ਵ ਕੱਪ ਦੇ ਆਖਰੀ ਤਿੰਨੋਂ ਫੈਸਾਲਕੁੰਨ ਮੈਚਾਂ ਵਿੱਚ ਆਪਣੇ ਬੱਲੇ ਦੇ ਜੌਹਰ ਦਿਖਾਏ। ਲੀਗ ਸਟੇਜ ਦੇ ਆਖਰੀ ਮੈਚ ਨਿਊਜ਼ੀਲੈਂਡ ਖਿਲਾਫ ਕਰੋ ਜਾਂ ਮਰੋ ਦੇ ਮੁਕਾਬਲੇ ਵਿੱਚ ਹਰਮਨਪ੍ਰੀਤ ਕੌਰ ਨੇ 60 ਦੌੜਾਂ ਦੀ ਪਾਰੀ ਖੇਡੀ।

ਸੈਮੀ ਫਾਈਨਲ ਵਿੱਚ ਹਰਮਨਪ੍ਰੀਤ ਦੀ ਤੂਫਾਨੀ ਪਾਰੀ ਨੇ 1983 ਦੇ ਵਿਸ਼ਵ ਕੱਪ ਵਿੱਚ ਕਪਿਲ ਦੇਵ ਵੱਲੋਂ ਜ਼ਿੰਬਾਬਵੇ ਖਿਲਾਫ ਖੇਡੀ 175 ਦੌੜਾਂ ਦੀ ਪਾਰੀ ਯਾਦ ਕਰਵਾ ਦਿੱਤੀ ਸੀ। ਸੈਮੀ ਫਾਈਨਲ ਵਿੱਚ ਹਰਮਨ ਨੇ ਤਕੜੀ ਸਮਝੀ ਜਾਂਦੀ ਆਸਟਰੇਲੀਆ ਟੀਮ ਖਿਲਾਫ 115 ਗੇਂਦਾਂ ਉਤੇ ਨਾਬਾਦ 171 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਵਿੱਚ ਉਸ ਨੇ 20 ਚੌਕੇ ਤੇ 7 ਛੱਕੇ ਜੜੇ। ਮੀਂਹ ਪ੍ਰਭਾਵਿਤ ਮੈਚ ਵਿੱਚ ਜੇਕਰ ਪੂਰੇ 50 ਓਵਰ ਖੇਡੇ ਜਾਂਦੇ ਤਾਂ ਹਰਮਨਪ੍ਰੀਤ ਦੋਹਰਾ ਸੈਂਕੜਾ ਵੀ ਮਾਰ ਸਕਦੀ ਸੀ। ਵਿਸ਼ਵ ਕੱਪ ਦੇ ਇਤਿਹਾਸ ਵਿੱਚ ਕਿਸੇ ਬੱਲੇਬਾਜ਼ ਦਾ ਇਹ ਸਭ ਤੋਂ ਵੱਡਾ ਸਕੋਰ ਸੀ। ਉਂਝ ਮਹਿਲਾ ਕ੍ਰਿਕਟ ਵਿੱਚ ਇਹ ਦੂਜੇ ਨੰਬਰ ਦੀ ਸਰਵੋਤਮ ਪਾਰੀ ਸੀ। ਦੀਪਤੀ ਸ਼ਰਮਾ ਵੱਲੋਂ ਬਣਾਈਆਂ 188 ਦੌੜਾਂ ਸਰਵੋਤਮ ਸਕੋਰ ਹੈ। ਇੰਗਲੈਂਡ ਖਿਲਾਫ ਫਾਈਨਲ ਵਿੱਚ ਭਾਰਤੀ ਟੀਮ ਦਾ ਪਲੜਾ ਅੰਤਲੇ ਪਲਾਂ ਤੱਕ ਭਾਰੀ ਸੀ। ਇਕ ਮੌਕੇ 'ਤੇ ਭਾਰਤ ਆਸਾਨ ਜਿੱਤ ਵੱਲ ਵਧ ਰਿਹਾ ਸੀ। ਭਾਰਤ ਵਿੱਚ ਜ਼ਸ਼ਨਾਂ ਦੀ ਤਿਆਰੀ ਹੋ ਗਈ ਸੀ। ਹਰਮਨ ਦੇ 51 ਦੇ ਨਿੱਜੀ ਸਕੋਰ 'ਤੇ ਆਊਟ ਹੁੰਦਿਆਂ ਹੀ ਭਾਰਤੀ ਮਹਿਲਾ ਟੀਮ ਵੀ ਉਵੇਂ ਢਹਿ ਢੇਰੀ ਹੋ ਗਈ ਜਿਵੇਂ ਭਾਰਤੀ ਪੁਰਸ਼ ਟੀਮ ਸਚਿਨ ਤੇਂਦੁਲਕਰ ਦੇ ਆਊਟ ਹੁੰਦਿਆਂ ਸਾਈਕਲ ਸਟੈਂਡ ਦੇ ਸਾਈਕਲਾਂ ਵਾਂਗ ਡਿੱਗ ਪੈਂਦੀ ਸੀ। ਭਾਰਤ ਮਹਿਜ਼ 9 ਦੌੜਾਂ ਉਤੇ ਫਾਈਨਲ ਹਾਰਿਆ। ਹਰਮਨ ਨੂੰ ਹੁਣ ਤੱਕ ਇਸ ਫਾਈਨਲ ਦੀ ਹਾਰ ਦੀ ਚੀਸ ਹੈ। ਜਿਹੜੀ ਇੰਗਲੈਂਡ ਟੀਮ ਤੋਂ ਭਾਰਤ ਫਾਈਨਲ ਹਾਰਿਆ, ਲੀਗ ਦੌਰ ਵਿੱਚ ਉਸੇ ਟੀਮ ਨੂੰ ਭਾਰਤ ਨੇ 35 ਦੌੜਾਂ ਨਾਲ ਹਰਾਇਆ ਸੀ ਜਿਸ ਵਿੱਚ ਹਰਮਨ ਨੇ 22 ਗੇਂਦਾਂ ਉਤੇ ਨਾਬਾਦ 24 ਦੌੜਾਂ ਬਣਾਈਆਂ ਸਨ।

ਲੇਖਕ ਹਰਮਨਪ੍ਰੀਤ ਵੱਲੋਂ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਜਿੱਤੀ ਸੈਮੀ ਫਾਈਨਲ ਦੀ 'ਮੈਨ ਆਫ ਦਿ ਮੈਚ' ਟਰਾਫੀ ਨਾਲ

PunjabKesari

ਹਰਮਨਪ੍ਰੀਤ ਕੌਰ ਜਦੋਂ ਵਿਸ਼ਵ ਕੱਪ ਵਿੱਚ ਬੱਲੇਬਾਜ਼ੀ ਕਰ ਰਹੀ ਸੀ ਤਾਂ ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਦੀ ਤਾਰੀਫ ਵਿੱਚ ਟਵੀਟ ਕਰ ਰਹੇ ਸਨ ਉਥੇ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਨੂੰ ਹੱਲਾਸ਼ੇਰੀ ਦਿੰਦਿਆਂ ਉਸ ਦੇ ਪਿਤਾ ਨਾਲ ਗੱਲ ਕਰ ਕੇ 5 ਲੱਖ ਰੁਪਏ ਨਗਦ ਇਨਾਮ ਅਤੇ ਪੰਜਾਬ ਪੁਲਿਸ ਵਿੱਚ ਡੀ.ਐਸ.ਪੀ. ਦੀ ਪੋਸਟ ਆਫਰ ਕੀਤੀ। ਵਿਸ਼ਵ ਕੱਪ ਤੋਂ ਬਾਅਦ ਹਰਮਨ ਹੀਰੋ ਬਣ ਕੇ ਦੇਸ਼ ਪਰਤੀ। ਉਸ ਦਾ ਵੱਡੇ ਪੱਧਰ 'ਤੇ ਸਵਾਗਤ ਹੋਇਆ। ਸਵਾਗਤ ਕਰਨ ਵਾਲਿਆਂ ਵਿੱਚ ਉਸ ਦਾ ਭਰਾ ਗੁਰਜਿੰਦਰ ਗੈਰੀ ਸਭ ਤੋਂ ਮੂਹਰੇ ਸੀ ਜਿਸ ਦੀ ਭੈਣ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਸੀ। ਉਸ ਵੇਲੇ ਸਾਰਿਆਂ ਦਾ ਰੁਖ ਮੋਗਾ ਵੱਲ ਸੀ। ਮੈਨੂੰ ਵੀ ਉਸ ਵੇਲੇ ਮੋਗਾ ਸਥਿਤ ਉਸ ਦੇ ਘਰ ਜਾ ਕੇ ਮਿਲਣ ਦਾ ਮੌਕਾ ਮਿਲਿਆ। ਹਰਮਨ ਦੇ ਘਰ ਵਿਆਹ ਵਰਗਾ ਮਾਹੌਲ ਸੀ। ਉਸ ਦੇ ਕੋਚ ਸੋਢੀ ਦਾ ਕਹਿਣਾ ਸੀ ਕਿ ਉਸ ਨੂੰ ਇਸ ਵਾਰ ਸੱਚੀ ਖੁਸ਼ੀ ਹੋ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਜਦੋਂ ਹਰਮਨ ਜਿੱਤ ਕੇ ਵਤਨ ਪਰਤਦੀ ਸੀ ਤਾਂ ਸਿਰਫ ਉਹੀ ਸਵਾਗਤ ਕਰਦੇ ਸਨ ਪਰ ਇਸ ਵਾਰ ਸਾਰਾ ਦੇਸ਼ ਉਸ ਦੇ ਸਵਾਗਤ ਲਈ ਪੱਬਾਂ ਭਾਰ ਸੀ। ਪੰਜਾਬ ਸਰਕਾਰ ਨੇ ਉਸ ਨਾਲ ਨਗਦ ਇਨਾਮ ਤੇ ਡੀ.ਐਸ.ਪੀ. ਦੀ ਪੋਸਟ ਦਾ ਵਾਅਦਾ ਪੂਰਾ ਕੀਤਾ। ਸਾਲ 2017 ਵਿੱਚ ਉਸ ਨੂੰ ਭਾਰਤ ਸਰਕਾਰ ਵੱਲੋਂ ਅਰਜੁਨਾ ਐਵਾਰਡ ਲਈ ਚੁਣਿਆ ਗਿਆ। ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਸ ਨੂੰ ਇਹ ਵੱਕਾਰੀ ਖੇਡ ਪੁਰਸਕਾਰ ਨਾਲ ਸਨਮਾਨਿਆ। ਆਈ.ਸੀ.ਸੀ. ਦੀ ਬੱਲੇਬਾਜ਼ੀ ਰੈਂਕਿੰਗ ਵਿੱਚ ਉਹ ਦੁਨੀਆਂ ਦੀਆਂ ਪਹਿਲੀਆਂ 10 ਕ੍ਰਿਕਟਰਾਂ ਵਿੱਚ ਸ਼ੁਮਾਰ ਹੋਈ। ਇਹ ਮਾਣ ਹਾਸਲ ਕਰਨ ਵਾਲੀ ਉਹ ਮਿਥਾਲੀ ਰਾਜ ਤੋਂ ਬਾਅਦ ਭਾਰਤ ਦੀ ਦੂਜੀ ਕ੍ਰਿਕਟਰ ਸੀ। ਸਾਲ ਦੇ ਅੰਤ ਵਿੱਚ ਆਈ.ਸੀ.ਸੀ. ਵੱਲੋਂ ਬਣਾਈ ਗਈ ਵਿਸ਼ਵ ਇਲੈਵਨ ਵਿੱਚ ਵੀ ਹਰਮਨਪ੍ਰੀਤ ਚੁਣੀ ਗਈ।

ਸਾਲ 2017 ਵਿੱਚ ਹਰਮਨ ਨੂੰ ਕੋਲੰਬੋ ਵਿਖੇ ਖੇਡੇ ਗਏ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਮਿਥਾਲੀ ਰਾਜ ਦੀ ਗੈਰ ਹਾਜ਼ਰੀ ਵਿੱਚ ਟੀਮ ਦੀ ਕਪਤਾਨ ਨਿਯੁਕਤ ਕਰ ਦਿੱਤਾ। ਉਸ ਟੂਰਨਾਮੈਂਟ ਵਿੱਚ ਭਾਰਤ ਜੇਤੂ ਰਿਹਾ। ਫਾਈਨਲ ਵਿੱਚ ਦੱਖਣੀ ਅਫਰੀਕਾ ਖਿਲਾਫ ਜਿੱਤ ਵਿੱਚ ਹਰਮਨ ਵੱਲੋਂ ਆਖਰੀ ਓਵਰ ਵਿੱਚ ਲਗਾਇਆ ਛੱਕਾ ਫੈਸਲਾਕੁੰਨ ਹੋ ਨਿਬੜਿਆ। ਉਸ ਤੋਂ ਬਾਅਦ ਉਹ ਭਾਰਤੀ ਟੀਮ ਦੀ ਪੱਕੀ ਕਪਤਾਨ ਬਣਾ ਦਿੱਤੀ ਗਈ। ਸਾਲ 2018 ਵਿੱਚ ਵੈਸਟ ਇੰਡੀਜ਼ ਵਿਖੇ ਖੇਡੇ ਗਏ ਟਵੰਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਹਰਮਨ ਦੀ ਕਪਤਾਨੀ ਹੇਠ ਉਤਰੀ। ਹਰਮਨ ਨੇ ਪਹਿਲੇ ਹੀ ਮੈਚ ਵਿੱਚ ਕਪਤਾਨੀ ਪਾਰੀ ਖੇਡਦਿਆਂ ਨਿਊਜ਼ੀਲੈਂਡ ਖਿਲਾਫ ਸੈਂਕੜਾ ਜੜ ਦਿੱਤਾ। ਇਹ ਕਿਸੇ ਵੀ ਭਾਰਤੀ ਮਹਿਲਾ ਕ੍ਰਿਕਟਰ ਵੱਲੋਂ ਟਵੰਟੀ-20 ਕੌਮਾਂਤਰੀ ਮੁਕਾਬਲਿਆਂ ਵਿੱਚ ਪਹਿਲਾ ਸੈਂਕੜਾ ਸੀ। ਉਸ ਨੇ 51 ਗੇਂਦਾਂ ਵਿੱਚ 103 ਦੀ ਪਾਰੀ ਖੇਡੀ। ਸੈਂਕੜਾ ਉਸ ਨੇ 49 ਗੇਂਦਾਂ ਵਿੱਚ ਹੀ ਪੂਰਾ ਕਰ ਲਿਆ ਸੀ ਜੋ ਕਿ ਵਿਸ਼ਵ ਕ੍ਰਿਕਟ ਵਿੱਚ ਤੀਜਾ ਸਭ ਤੋਂ ਤੇਜ਼ ਸੈਂਕੜਾ ਸੀ। ਭਾਰਤੀ ਟੀਮ ਵਿਸ਼ਵ ਕੱਪ ਵਿੱਚ ਅੱਠ ਵਰ੍ਹਿਆਂ ਬਾਅਦ ਸੈਮੀ ਫਾਈਨਲ ਵਿੱਚ ਪੁੱਜੀ ਜਿੱਥੇ ਜਾ ਕੇ ਇੰਗਲੈਂਡ ਹੱਥੋਂ 8 ਵਿਕਟਾਂ ਨਾਲ ਹਾਰ ਕੇ ਭਾਰਤੀ ਟੀਮ ਦਾ ਸਫਰ ਖਤਮ ਹੋ ਗਿਆ। ਇਸ ਵਿਸ਼ਵ ਕੱਪ ਵਿੱਚ ਵੀ ਹਰਮਨ ਦਾ ਬੱਲਾ ਖੂਬ ਬੋਲਿਆ। ਉਸ ਨੇ 5 ਮੈਚ ਖੇਡ ਕੇ ਕੁੱਲ 183 ਦੌੜਾਂ ਬਣਾਈਆਂ। ਕੁੱਲ ਦੌੜਾਂ ਬਣਾਉਣ ਵਿੱਚ ਉਹ ਦੂਜੇ ਨੰਬਰ 'ਤੇ ਰਹੀ ਜਦੋਂ ਕਿ ਭਾਰਤ ਵੱਲੋਂ ਟਾਪ ਸਕੋਰਰ ਸੀ। ਵਿਸ਼ਵ ਕੱਪ ਵਿੱਚ ਉਹ 'ਸਿਕਸਰ ਕੁਈਨ' ਆਖੀ ਜਾਣ ਲੱਗੀ। ਉਸ ਨੇ ਸਭ ਤੋਂ ਵੱਧ 13 ਛੱਕੇ ਜੜੇ।

ਫੀਲਡਿੰਗ ਵਿੱਚ ਜੌਹਰ ਦਿਖਾਉਂਦੀ ਹਰਮਨਪ੍ਰੀਤ ਕੌਰ

PunjabKesari

ਸਾਲ 2020 ਵਿੱਚ ਹਰਮਨ ਦੀ ਕਪਤਾਨੀ ਵਿੱਚ ਭਾਰਤੀ ਟੀਮ ਪਹਿਲੀ ਵਾਰ ਟਵੰਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪੁੱਜੀ। ਫਾਈਨਲ ਵਿੱਚ ਭਾਰਤ ਨੂੰ ਆਸਟਰੇਲੀਆ ਹੱਥੋਂ 85 ਦੌੜਾਂ ਦੀ ਹਾਰ ਨੇ ਇਕ ਵਾਰ ਫੇਰ ਵਿਸ਼ਵ ਚੈਂਪੀਅਨ ਬਣਨ ਦਾ ਸੁਫਨਾ ਚਕਨਾਚੂਰ ਕਰ ਦਿੱਤਾ। ਭਾਰਤੀ ਟੀਮ ਉਪ ਜੇਤੂ ਬਣ ਕੇ ਦੇਸ਼ ਪਰਤੀ। ਟਵੰਟੀ-20 ਵਿਸ਼ਵ ਕੱਪ ਵਿੱਚ ਭਾਰਤੀ ਟੀਮ ਦਾ ਇਹ ਸਰਵੋਤਮ ਪ੍ਰਦਰਸ਼ਨ ਹੈ। ਭਾਰਤ ਜੇਤੂ ਬਣਨ ਦਾ ਵੱਡਾ ਦਾਅਵੇਦਾਰ ਸੀ। ਜਿਵੇਂ 2017 ਦੇ ਵਿਸ਼ਵ ਕੱਪ ਵਿੱਚ ਭਾਰਤ ਨੇ ਫਾਈਨਲ ਵਿੱਚ ਜਿੱਤਣ ਵਾਲੀ ਇੰਗਲੈਂਡ ਟੀਮ ਨੂੰ ਲੀਗ ਮੈਚਾਂ ਵਿੱਚ ਹਰਾਇਆ ਸੀ ਉਵੇਂ ਹੀ ਐਤਕੀਂ ਵੀ ਫਾਈਨਲ ਵਿੱਚ ਭਾਰਤ 'ਤੇ ਭਾਰੂ ਪੈਣ ਵਾਲੀ ਆਸਟਰੇਲੀਆ ਟੀਮ ਲੀਗ ਮੈਚ ਵਿੱਚ ਭਾਰਤ ਹੱਥੋਂ ਹਾਰ ਗਈ ਸੀ। ਭਾਰਤ ਨੇ ਆਸਟਰੇਲੀਆ ਨੂੰ ਲੀਗ ਮੈਚ ਵਿੱਚ 17 ਦੌੜਾਂ ਨਾਲ ਹਰਾਇਆ ਸੀ। ਇਸ ਵਿਸ਼ਵ ਕੱਪ ਵਿੱਚ ਹਰਮਨ ਦਾ ਨਿੱਜੀ ਰਿਕਾਰਡ ਭਾਵੇਂ ਮਾੜਾ ਰਿਹਾ ਪਰ ਕਪਤਾਨ ਵਜੋਂ ਉਸ ਦੀ ਖੇਡ ਵਿੱਚ ਹੋਰ ਵੀ ਨਿਖਾਰ ਆਇਆ। ਹਰਮਨ ਦਾ ਹੁਣ ਇਕੋ-ਇਕ ਨਿਸ਼ਾਨਾ ਹੈ, ਵਿਸ਼ਵ ਚੈਂਪੀਅਨ ਬਣਨਾ। ਜੋ ਕਸਰ 2017 ਦੇ ਇਕ ਰੋਜ਼ਾ ਵਿਸ਼ਵ ਕੱਪ ਅਤੇ 2020 ਦੇ ਟਵੰਟੀ-20 ਵਿਸ਼ਵ ਕੱਪ ਵਿੱਚ ਰਹਿ ਗਈ ਹੈ, ਉਹ ਹੁਣ 2021 ਦੇ ਇਕ ਰੋਜ਼ਾ ਅਤੇ 2022 ਦੇ ਟਵੰਟੀ-20 ਵਿਸ਼ਵ ਕੱਪ ਵਿੱਚ ਕੱਢਣਾ ਚਾਹੁੰਦੀ ਹੈ।

ਹਰਮਨ ਨੇ ਆਪਣੇ ਖੇਡ ਕਰੀਅਰ ਵਿੱਚ 2 ਟੈਸਟ, 99 ਇਕ ਰੋਜ਼ਾ ਤੇ 113 ਟਵੰਟੀ-20 ਮੈਚ ਖੇਡੇ ਹਨ। ਬਿਗ ਬੈਸ਼ ਲੀਗ ਵਿੱਚ 14 ਮੈਚ ਖੇਡੇ ਗਨ। ਇਕ ਰੋਜ਼ਾ ਕ੍ਰਿਕਟ ਵਿੱਚ ਉਸ ਨੇ 34.88 ਦੀ ਔਸਤ ਨਾਲ ਕੁੱਲ 2372 ਦੌੜਾਂ ਬਣਾਈਆਂ ਹਨ ਜਿਸ ਵਿੱਚ ਤਿੰਨ ਸੈਂਕੜੇ ਤੇ 11 ਅਰਧ ਸੈਂਕੜੇ ਸ਼ਾਮਲ ਹਨ। ਨਾਬਾਦ 171 ਸਰਵੋਤਮ ਸਕੋਰ ਹੈ। ਟਵੰਟੀ-20 ਵਿੱਚ ਉਸ ਨੇ 27.27 ਦੀ ਔਸਤ ਨਾਲ 2182 ਦੌੜਾਂ ਬਣਾਈਆਂ ਹਨ। ਇਕ ਸੈਂਕੜਾ ਤੇ 6 ਅਰਧ ਸੈਂਕੜੇ ਲਗਾਏ ਹਨ। 103 ਸਰਵੋਤਮ ਪਾਰੀ ਹੈ। ਬਿਗ ਬੈਸ਼ ਲੀਗ ਵਿੱਚ ਉਸ ਦਾ ਬੱਲਾ ਹੋਰ ਵੀ ਬੋਲਿਆ। ਉਥੇ ਉਸ ਨੇ 62.40 ਦੀ ਔਸਤ ਨਾਲ 312 ਦੌੜਾਂ ਬਣਾਈਆਂ। ਛੇ ਅਰਧ ਸੈਂਕੜੇ ਜੜੇ ਅਤੇ ਨਾਬਾਦ 64 ਸਰਵੋਤਮ ਸਕੋਰ ਹੈ। ਗੇਂਦਬਾਜ਼ੀ ਵਿੱਚ ਵੀ ਉਹ ਟੀਮ ਦੇ ਬਹੁਤ ਕੰਮ ਆਈ। ਉਸ ਨੇ ਇਕ ਰੋਜ਼ਾ ਕ੍ਰਿਕਟ ਵਿੱਚ 23, ਟਵੰਟੀ-20 ਵਿੱਚ 29 ਤੇ ਬਿਗ ਬੈਸ਼ ਲੀਗ ਵਿੱਚ 6 ਵਿਕਟਾਂ ਹਾਸਲ ਕੀਤੀਆਂ ਹਨ।

ਸ਼ਾਟ ਖੇਡਦੀ ਹੋਈ ਹਰਮਨਪ੍ਰੀਤ ਕੌਰ

PunjabKesari

ਹਰਮਨ ਉਪਰ ਸਚਿਨ ਤੇਂਦੁਲਕਰ ਦਾ ਵੀ ਇਕ ਵੱਡਾ ਅਹਿਸਾਨ ਹੈ। ਜਦੋਂ ਉਹ ਰੇਲਵੇ ਲਈ ਟਰਾਇਲ ਦੇ ਰਹੀ ਸੀ ਤਾਂ ਉਸ ਦੀ ਚੋਣ ਉਤਰੀ ਰੇਲਵੇ ਵਿੱਚ ਹੋ ਰਹੀ ਸੀ। ਸਾਬਕਾ ਭਾਰਤੀ ਕ੍ਰਿਕਟਰ ਡਿਆਨਾ ਈਦੂਲਜੀ ਚਾਹੁੰਦੀ ਸੀ ਕਿ ਉਹ ਪੱਛਲੀ ਰੇਲਵੇ ਵੱਲੋਂ ਖੇਡੇ। ਉਥੇ ਉਹ ਹਰਮਨ ਲਈ ਵੱਡੀ ਪੋਸਟ ਵੀ ਚਾਹੁੰਦੀ ਸੀ। ਡਿਆਨਾ ਦੀ ਬੇਨਤੀ 'ਤੇ ਸਚਿਨ ਤੇਂਦੁਲਕਰ ਨੇ ਭਾਰਤ ਦੇ ਰੇਲਵੇ ਮੰਤਰੀ ਕੋਲ ਇਹ ਸਿਫਾਰਸ਼ ਕੀਤੀ। ਫੇਰ ਕਿਤੇ ਜਾ ਕੇ ਹਰਮਨ ਪੱਛਮੀ ਰੇਲਵੇ ਵਿੱਚ ਚੁਣੀ ਗਈ ਸੀ। ਇਥੋਂ ਹੀ ਉਸ ਦੇ ਖੇਡ ਕਰੀਅਰ ਨੇ ਮੋੜ ਲਿਆ। ਮੁੰਬਈ ਰਹਿੰਦਿਆਂ ਹਰਮਨ ਦੀ ਖੇਡ ਵਿੱਚ ਬਹੁਤ ਨਿਖਾਰ ਆਇਆ। ਸੁਫ਼ਨਿਆ ਦਾ ਸ਼ਹਿਰ ਮੁੰਬਈ ਹਰਮਨ ਲਈ ਸੱਚਮੁੱਚ ਸੁਫਨੇ ਸੱਚ ਸਾਬਤ ਹੋਣ ਵਾਲਾ ਸਿੱਧ ਹੋਇਆ। ਮੁੰਬਈ ਦੇ ਵਾਂਦਰਾ ਕੁਰਲਾ ਕੰਪਲੈਕਸ ਵਿਖੇ ਉਹ ਅਜਿੰਕਿਆ ਰਹਾਨੇ ਨੂੰ ਪ੍ਰੈਕਟਿਸ ਕਰਦਿਆਂ ਉਸ ਕੋਲੋਂ ਡਿਫੈਂਸ ਦੇ ਗੁਰ ਸਿੱਖਦੀ। ਕਈ ਕਈ ਘੰਟੇ ਰਹਾਨੇ ਵੱਲੋਂ ਨੈਟ ਉਤੇ ਫੁੱਲਟਾਸ, ਆਫ ਸਟੰਪ ਤੋਂ ਬਾਹਰਲੀਆਂ ਗੇਂਦਾਂ ਨੂੰ ਛੱਡਦਿਆਂ ਦੇਖ ਕੇ ਹਰਮਨ ਪ੍ਰਭਾਵਿਤ ਹੁੰਦੀ। ਉਸ ਨੇ ਪੁਣੇ ਜਾ ਕੇ ਹਰਸ਼ਲ ਪਾਠਕ ਕੋਲੋਂ ਵੀ ਖੇਡ ਦੇ ਗੁਰ ਸਿੱਖੇ।

ਮੈਦਾਨ ਵਿਚ ਹਰਮਨਪ੍ਰੀਤ ਕੌਰ

PunjabKesari

ਹਰਮਨ ਭਾਰਤੀ ਟੀਮ ਵਿੱਚ ਮੱਧ ਕ੍ਰਮ ਦੀ ਅਜਿਹੀ ਖਿਡਾਰਨ ਬਣ ਗਈ ਜੋ ਟਾਪ ਆਰਡਰ ਦੇ ਛੇਤੀ ਪੈਵੇਲੀਅਨ ਪਰਤ ਜਾਣ 'ਤੇ ਟੀਮ ਨੂੰ ਸੰਭਾਲਦੀ। ਤੇਜ਼ ਦੌੜਾਂ ਬਣਾਉਣ ਦੀ ਲੋੜ ਪੈਂਦੀ ਤਾਂ ਉਥੇ ਵੀ ਉਹ ਵਿਰੋਧੀ ਗੇਂਦਬਾਜ਼ਾਂ ਲਈ ਡਰਾਉਣਾ ਸੁਫਨਾ ਬਣ ਜਾਂਦੀ। ਕ੍ਰਿਕਟ ਪ੍ਰੇਮੀ ਉਸ ਵਿੱਚ ਵਿਰੇਂਦਰ ਸਹਿਵਾਗ ਨੂੰ ਦੇਖਦੇ। ਕ੍ਰਿਕਟ ਪੰਡਿਤਾਂ ਨੇ ਜਦੋਂ ਭਾਰਤੀ ਮਹਿਲਾ ਟੀਮ ਦੀ ਪੁਰਸ਼ ਟੀਮ ਨਾਲ ਤੁਲਨਾ ਕੀਤੀ ਤਾਂ ਉਸ ਦੀ ਤੁਲਨਾ ਵਿਰਾਟ ਕੋਹਲੀ ਨਾਲ ਕੀਤੀ। ਟੀਮ ਦੀ ਕਪਤਾਨ ਬਣਨ ਤੋਂ ਬਾਅਦ ਉਸ ਦੀ ਖੇਡ ਵਿੱਚ ਹਮਲਾਵਰ ਦੇ ਨਾਲ ਠਰ੍ਹਮੇ ਦੇ ਗੁਣ ਵੀ ਆ ਗਏ। ਸਭ ਨੂੰ ਨਾਲ ਲੈ ਕੇ ਚੱਲਣ ਦੀ ਉਸ ਵਿੱਚ ਬਹੁਤ ਕਲਾ ਹੈ। ਭਾਰਤੀ ਕ੍ਰਿਕਟਰ ਸ਼ਸ਼ੀ ਕਲਾ ਜਦੋਂ ਰਿਟਾਇਰ ਹੋਈ ਤਾਂ ਉਸ ਨੇ ਆਪਣੀ ਜਰਸੀ ਉਤੇ ਸਾਰੀ ਟੀਮ ਦੀਆਂ ਖਿਡਾਰਨਾਂ ਦੇ ਆਟੋਗ੍ਰਾਫ ਲੈ ਕੇ ਸ਼ਸ਼ੀਕਲਾ ਨੂੰ ਸ਼ੁਭਕਾਮਨਾਵਾਂ ਦਾ ਸੰਦੇਸ਼ ਭੇਜਿਆ।

ਹਰਮਨਪ੍ਰੀਤ ਤੋਂ ਭਵਿੱਖ ਵਿੱਚ ਬਹੁਤ ਆਸਾਂ ਹਨ। ਉਸ ਨੇ ਭਾਰਤ ਨੂੰ ਵਿਸ਼ਵ ਕੱਪ ਦੇ ਸੈਮੀ ਫਾਈਨਲ, ਫਾਈਨਲ ਖੇਡਣ ਦੀ ਆਦਤ ਤਾਂ ਪਾ ਦਿੱਤੀ, ਹੁਣ ਜਿੱਤਣ ਦੀ ਆਦਤ ਪਾਉਣੀ ਰਹਿੰਦੀ ਹੈ। ਇਥੇ ਵੀ ਉਹ ਜੀਅ ਜਾਨ ਲਾ ਕੇ ਇਸ ਆਦਤ ਨੂੰ ਪੂਰਾ ਕਰਨ ਲਈ ਜਾਨੂੰਨ ਦੀ ਹੱਦ ਤੱਕ ਪ੍ਰੈਕਟਿਸ ਕਰ ਰਹੀ ਹੈ। ਸੋਸ਼ਲ ਮੀਡੀਆ ਉਪਰ ਵੀ ਉਹ ਬਹੁਤ ਐਕਟਿਵ ਰਹਿੰਦੀ ਹੈ। ਮਾਰਚ ਮਹੀਨੇ ਲੌਕਡਾਊਨ ਦੇ ਚੱਲਦਿਆਂ ਉਸ ਦਾ ਟਵਿੱਟਰ ਹੈਂਡਲ ਨੈਟ ਪ੍ਰੈਕਟਿਸ ਨਾਲੋਂ ਵੱਧ ਵਿਅਸਤ ਹੋ ਗਿਆ। ਹਰਮਨ ਨੇ ਆਪਣੇ ਟਵਿੱਟਰ ਫਾਲੋਅਰਜ਼ ਨੂੰ ਉਸ ਕੋਲੋਂ ਕੋਈ ਵੀ ਸਵਾਲ 'ਆਸਕ ਹਰਮਨ' ਹੈਸ਼ਟੈਗ ਕਰ ਕੇ ਪੁੱਛਣ ਲਈ ਕਿਹਾ।

ਵਿਸ਼ਵ ਕੱਪ ਤੋਂ ਵਾਪਸੀ ਤੋਂ ਬਾਅਦ ਹਰਮਨਪ੍ਰੀਤ ਦੇ ਸਵਾਗਤ ਲਈ ਉਸ ਦਾ ਮੋਗਾ ਸਥਿਤ ਘਰ

PunjabKesari

ਹਰਮਨ ਨੇ ਹਰ ਸਵਾਲ ਦਾ ਜਵਾਬ ਬੇਬਾਕੀ ਨਾਲ ਤੁਰੰਤ ਦਿੱਤਾ। ਅਜਿਹੇ ਹੀ ਕੁਝ ਚੋਣਵੇਂ ਸਵਾਲਾਂ ਦੇ ਜਵਾਬ ਇਸ ਕਾਲਮ ਦੇ ਪਾਠਕਾਂ ਨਾਲ ਸਾਂਝੇ ਕਰ ਰਹੇ ਹਾਂ।

ਸਵਾਲ- ਘਰ ਵਿੱਚ ਏਕਾਂਤਵਾਸ ਦੌਰਾਨ ਕੀ ਕਰ ਰਹੇ ਹੋ?
ਜਵਾਬ- ਨਵੇਂ ਸ਼ੌਕਾਂ ਦੀ ਖੋਜ ਹੋ ਰਹੀ ਹੈ। ਪਾਲਤੂ ਕੁੱਤੇ ਨਾਲ ਸਮਾਂ ਬਿਤਾ ਰਹੀ ਹਾਂ।

ਸਵਾਲ- ਆਪਣੀ ਪਹਿਲੀ ਤਨਖਾਹ ਦਾ ਕੀ ਕੀਤਾ ਸੀ?
ਜਵਾਬ- ਪਿਤਾ ਜੀ ਨੂੰ ਸੌਂਪੀ ਸੀ।

ਸਵਾਲ- ਸਖਤ ਡਾਈਟ ਸ਼ਡਿਊਲ ਦੌਰਾਨ ਆਗਿਆ ਮਿਲਣ 'ਤੇ ਕੀ ਖਾਣਾ ਪਸੰਦ ਕਰੋਗੇ?
ਜਵਾਬ- ਪੀਜ਼ਾ।

ਸਵਾਲ- ਪਸੰਦੀਦਾ ਪੰਜਾਬੀ ਖਾਣਾ?
ਜਵਾਬ- ਪਰੌਂਠੇ, ਚਾਹੇ ਸਾਰਾ ਦਿਨ ਖਾਈ ਜਾਓ।

ਸਵਾਲ- ਪਸੰਦੀਦਾ ਗਾਇਕ?
ਜਵਾਬ- ਦਿਲਜੀਤ ਦੁਸਾਂਝ ਜਿਸ ਦੇ ਗਾਣੇ ਮੂਡ ਬਦਲ ਦਿੰਦੇ ਹਨ।

ਸਵਾਲ- ਪਸੰਦੀਦਾ ਆਈ.ਪੀ.ਐਲ.ਟੀਮ ?
ਜਵਾਬ- ਰਾਇਲ ਚੈਂਲੇਜਰਜ਼ ਬੰਗਲੌਰ (ਆਰ.ਸੀ.ਬੀ.)

ਸਵਾਲ- ਵਿਰਾਟ ਕੋਹਲੀ ਨੂੰ ਕੀ ਕਹਿ ਰਹੇ? (ਵਿਰਾਟ ਕੋਹਲੀ ਨਾਲ ਤਸਵੀਰ ਸਾਂਝੀ ਕਰਦਿਆਂ)
ਜਵਾਬ-ਉਸ ਦਾ ਬੱਲਾ ਮੰਗ ਰਹੀ ਹਾਂ।

ਸਵਾਲ- ਪਸੰਦੀਦਾ ਸ਼ਾਟ ?
ਜਵਾਬ- ਲੌਫਟ ਸ਼ਾਟ

ਸਵਾਲ- ਤਰੋਤਾਜ਼ਾ ਰੱਖਣ ਲਈ ਕੀ ਕਰਦੇ ਹੋ?
ਜਵਾਬ- ਲੰਬੀ ਨੀਂਦ ਅਤੇ ਫਿਲਮਾਂ ਦੇਖਣੀਆਂ।

ਸਵਾਲ- ਪਸੰਦੀਦਾ ਫੀਲਡਿੰਗ ਡਰਿਲ?
ਜਵਾਬ-ਸਕਾਈ ਰੌਕਟਿੰਗ ਕੈਚ

ਸਵਾਲ- ਸਭ ਤੋਂ ਪਸੰਦ ਕਿਹੜੀ ਪਾਰੀ ਲੱਗਦੀ?
ਜਵਾਬ-ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਖਿਲਾਫ ਨਾਬਾਦ 171 ਦੌੜਾਂ।

ਸਵਾਲ- ਸਭ ਤੋਂ ਯਾਦਗਾਰ ਪਲ?
ਜਵਾਬ-ਵਿਸ਼ਵ ਕੱਪ ਦੇ ਮੈਚਾਂ ਦੌਰਾਨ ਪੂਰੀ ਦੁਨੀਆਂ ਤੋਂ ਮਿਲਿਆ ਸਮਰਥਨ।

  • Khed Rattan Punjab De
  • Harmanpreet Kaur
  • Women cricket
  • Navdeep Singh Gill
  • ਖੇਡ ਰਤਨ ਪੰਜਾਬ ਦੇ
  • ਹਰਮਨਪ੍ਰੀਤ ਕੌਰ
  • ਮਹਿਲਾ ਕ੍ਰਿਕਟ
  • ਨਵਦੀਪ ਸਿੰਘ ਗਿੱਲ

ਆਸਟਰੇਲੀਆ 'ਚ ਨਹੀਂ ਤਾਂ ਨਿਊਜ਼ੀਲੈਂਡ 'ਚ ਹੋਵੇ ਟੀ20 ਵਿਸ਼ਵ ਕੱਪ : ਡੀਨ ਜੋਨਸ

NEXT STORY

Stories You May Like

  • kedarnath dham  cricket
    ਕੇਦਾਰਨਾਥ ਧਾਮ 'ਚ ਕ੍ਰਿਕਟ ਖੇਡ ਰਹੇ ਸ਼ਰਧਾਲੂ! ਆਸਥਾ ਦੇ ਕੇਂਦਰ ਨੂੰ ਬਣਾ'ਤਾ ਪਿਕਨਿਕ ਸਪਾਟ, ਵੀਡੀਓ ਵਾਇਰਲ
  • songs and giddhas flowed in festival of women of punj darya
    ਗਲਾਸਗੋ: ਪੰਜ ਦਰਿਆ ਦੇ "ਮੇਲਾ ਬੀਬੀਆਂ ਦਾ" 'ਚ ਵਗਿਆ ਬੋਲੀਆਂ, ਗਿੱਧੇ ਦਾ ਦਰਿਆ
  • businessman ratna neelam investment police
    ਕਾਰੋਬਾਰੀ ਤੋਂ ਤਿੰਨ ਕਰੋੜ ਦੀ ਠੱਗੀ, ਦੁਰਲੱਭ ਰਤਨ ਨੀਲਮ 'ਚ ਨਿਵੇਸ਼ ਕਰਨਾ ਪਿਆ ਮਹਿੰਗਾ
  • new ceo of hul that makes horlicks lux
    ਜਾਣੋ ਕੌਣ ਹੈ Horlicks-Lux ਬਣਾਉਣ ਵਾਲੀ ਕੰਪਨੀ ਦੀ ਨਵੀਂ CEO
  • punbus prtc buses
    ਪੰਜਾਬ 'ਚ ਸਰਕਾਰੀ ਬੱਸਾਂ 'ਤੇ ਸਫ਼ਰ ਕਰਨ ਵਾਲੀਆਂ ਬੀਬੀਆਂ ਲਈ ਵੱਡੀ ਖ਼ਬਰ! ਹੋ ਗਿਆ ਨਵਾਂ ਐਲਾਨ
  • ccl champions   punjab de sher   honoured by punjab governor
    CCL ਚੈਂਪੀਅਨਜ਼ 'ਪੰਜਾਬ ਦੇ ਸ਼ੇਰ' ਨੂੰ ਪੰਜਾਬ ਦੇ ਰਾਜਪਾਲ ਨੇ ਕੀਤਾ ਸਨਮਾਨਿਤ
  • bail application of dismissed woman constable amandeep kaur rejected
    ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਜ਼ਮਾਨਤ ਅਰਜ਼ੀ ਰੱਦ
  • big news  gold medal winning punjab athlete fails dope test  suspended
    ਵੱਡੀ ਖ਼ਬਰ: Gold Medal ਜਿੱਤਣ ਵਾਲੀ ਪੰਜਾਬ ਦੀ ਖਿਡਾਰਣ ਡੋਪ ਟੈਸਟ 'ਚੋਂ ਫ਼ੇਲ੍ਹ! ਕੀਤਾ ਗਿਆ Suspend
  • delays in trains become a problem
    ਟ੍ਰੇਨਾਂ ਦੀ ਦੇਰੀ ਬਣੀ ਪ੍ਰੇਸ਼ਾਨੀ : ਸ਼ਤਾਬਦੀ/ਸ਼ਾਨ-ਏ-ਪੰਜਾਬ ਇਕ ਘੰਟਾ ਲੇਟ,...
  • bus stops near crossings of jalandhar city are now covered in dust and dirt
    ਜਲੰਧਰ 'ਚ ਚੌਰਾਹਿਆਂ ਨੇੜੇ ਬਣੇ ਬੱਸ ਸਟਾਪ ਧੂੜ ਤੇ ਮਿੱਟੀ ਨਾਲ ਭਰੇ
  • mla budh ram statement in the punjab vidhan sabha
    ਪੰਜਾਬ ਵਿਧਾਨ ਸਭਾ 'ਚ ਬੋਲੇ MLA ਬੁੱਧ ਰਾਮ, ਐਕਟ ਲਿਆ ਕੇ ਮਾਨ ਸਰਕਾਰ ਨੇ ਵਾਅਦਾ...
  • boy and girl deadbodies found near the railway line in jalandhar
    ਜਲੰਧਰ 'ਚ ਦਿਲ-ਦਹਿਲਾ ਦੇਣ ਵਾਲੀ ਘਟਨਾ! ਰੇਲਵੇ ਟਰੈਕ ਨੇੜੇ ਮੁੰਡੇ-ਕੁੜੀ ਨੂੰ ਇਸ...
  • big success of punjab police 109 smugglers arrested
    ਪੰਜਾਬ ਪੁਲਸ ਦੀ ਵੱਡੀ ਸਫ਼ਲਤਾ, 109 ਸਮੱਗਲਰ ਗ੍ਰਿਫ਼ਤਾਰ, ਕਰੋੜਾਂ ਦੀ ਹੈਰੋਇਨ ਤੇ...
  • the 1986 nakodar sacrilege incident resonated in the punjab assembly
    ਪੰਜਾਬ ਵਿਧਾਨ ਸਭਾ 'ਚ ਗੂੰਜਿਆ 1986 ਦਾ ਨਕੋਦਰ ਬੇਅਦਬੀ ਕਾਂਡ, ਹੋਇਆ ਹੰਗਾਮਾ
  • fauja singh passes away
    ਵੱਡੀ ਖ਼ਬਰ : ਪੰਜਾਬ ਦੇ ਬਜ਼ੁਰਗ ਸਿੱਖ ਦੌੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ 'ਚ...
  • jalandhar bhargo camp
    ਜਲੰਧਰ ਦੇ ਭਰਾਗੋਂ ਕੈਂਪ 'ਚ ਹੋਏ ਨੌਜਵਾਨ ਦੇ ਕਤਲ ਦੇ ਮਾਮਲੇ 'ਚ 2 ਗ੍ਰਿਫ਼ਤਾਰ,...
Trending
Ek Nazar
aap government introduces bill for all four religions

ਪੰਜਾਬ 'ਚ ਬੇਅਦਬੀ ਕਰਨ 'ਤੇ ਉਮਰ ਕੈਦ, 'ਆਪ' ਸਰਕਾਰ ਨੇ ਚਾਰੇ ਧਰਮਾਂ ਲਈ ਬਿੱਲ...

after three years of marriage when there was no child the husband

ਲੱਡੂ ਦੱਬਣਾ ਪੈਣੈ...! ਗੱਲਾਂ 'ਚ ਆਏ ਪਤੀ ਨੇ ਤਾਂਤਰਿਕ ਨਾਲ ਕੱਲੀ ਖੇਤਾਂ 'ਚ...

one day abstinence from alcohol beneficial

ਸ਼ਰਾਬ ਤੋਂ ਇਕ ਦਿਨ ਦਾ ਪਰਹੇਜ਼ ਵੀ ਹੁੰਦਾ ਹੈ ਫ਼ਾਇਦੇਮੰਦ!

germany refuses to deliver taurus missiles to ukraine

ਯੂਕ੍ਰੇਨ ਨੂੰ ਝਟਕਾ, ਜਰਮਨੀ ਨੇ ਟੌਰਸ ਮਿਜ਼ਾਈਲਾਂ ਦੇਣ ਤੋਂ ਕੀਤਾ ਇਨਕਾਰ

minor died after drowning in pond

ਪਾਕਿਸਤਾਨ: ਤਲਾਅ 'ਚ ਡੁੱਬਣ ਨਾਲ ਦੋ ਭਰਾਵਾਂ ਸਮੇਤ ਚਾਰ ਮਾਸੂਮਾਂ ਦੀ ਮੌਤ

pakistan foreign minister dar visit china

ਪਾਕਿਸਤਾਨ ਦੇ ਵਿਦੇਸ਼ ਮੰਤਰੀ ਡਾਰ SCO ਮੀਟਿੰਗ ਲਈ ਜਾਣਗੇ ਚੀਨ

14 drug buyers detained  couple went to buy ganja with a four year old child

ਚਾਰ ਸਾਲ ਦੇ ਬੱਚੇ ਨਾਲ ਨਸ਼ੀਲਾ ਪਦਾਰਥ ਖਰੀਦਣ ਪਹੁੰਚਿਆ ਜੋੜਾ, ਹਿਰਾਸਤ 'ਚ ਲਏ 14...

boy brutally murdered in jalandhar

ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ! ਨੌਜਵਾਨ ਦਾ ਬੇਰਹਿਮੀ ਨਾਲ ਕਤਲ

indian women died in uae

UAE ਤੋਂ ਮੰਦਭਾਗੀ ਖ਼ਬਰ, 2 ਭਾਰਤੀ ਔਰਤਾਂ ਦੀ ਮੌਤ

south african president ramaphosa  indian origin activist

ਦੱਖਣੀ ਅਫਰੀਕੀ ਰਾਸ਼ਟਰਪਤੀ ਰਾਮਾਫੋਸਾ ਨੇ ਭਾਰਤੀ ਮੂਲ ਦੇ ਕਾਰਕੁਨ ਨੂੰ ਸੌਂਪੀ ਅਹਿਮ...

two indian origin brothers sentenced in us

ਅਮਰੀਕਾ : ਨਕਲੀ ਦਵਾਈਆਂ ਵੇਚਣ ਦੇ ਦੋਸ਼ 'ਚ ਭਾਰਤੀ ਮੂਲ ਦੇ ਦੋ ਭਰਾਵਾਂ ਨੂੰ ਸਜ਼ਾ

shooting in america

ਅਮਰੀਕਾ 'ਚ ਮੁੜ ਗੋਲੀਬਾਰੀ, ਦੋ ਲੋਕਾਂ ਦੀ ਮੌਤ, ਤਿੰਨ ਜ਼ਖਮੀ

trump visit britain in september

ਸਤੰਬਰ ਮਹੀਨੇ Trump ਜਾਣਗੇ ਬ੍ਰਿਟੇਨ

largest military exercise started in australia

ਆਸਟ੍ਰੇਲੀਆ ਕਰ ਰਿਹੈ ਸਭ ਤੋਂ ਵੱਡਾ ਫੌਜੀ ਅਭਿਆਸ, ਭਾਰਤ ਸਮੇਤ 19 ਦੇਸ਼ ਸ਼ਾਮਲ

government holiday in punjab on 15th 16th 17th

ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...

cm bhagwant mann s big announcement for punjab s players

ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ, ਨਸ਼ੇ ਦੇ ਮੁੱਦੇ 'ਤੇ ਵੀ ਦਿੱਤਾ...

big revolt in shiromani akali dal 90 percent leaders resign

ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ

relief news for those registering land in punjab

ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • australia study visa
      ਵਿਦਿਆਰਥੀਆਂ ਨੂੰ ਧੜਾਧੜ ਵੀਜ਼ੇ ਦੇ ਰਿਹਾ ਆਸਟ੍ਰੇਲੀਆ, ਤੁਸੀਂ ਵੀ ਛੇਤੀ ਕਰੋ ਅਪਲਾਈ
    • relief news for those registering land in punjab
      ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਕਰਵਾਉਣ ਵਾਲਿਆਂ ਲਈ ਰਾਹਤ ਭਰੀ ਖ਼ਬਰ
    • big incident in jalandhar firing near railway lines
      ਜਲੰਧਰ 'ਚ ਵੱਡੀ ਵਾਰਦਾਤ! ਰੇਲਵੇ ਲਾਈਨਾਂ ਨੇੜੇ ਹੋਈ ਫਾਇਰਿੰਗ
    • samrala man di es abroad
      ਸਮਰਾਲਾ ਦੇ ਵਿਅਕਤੀ ਦੀ ਵਿਦੇਸ਼ ’ਚ ਮੌਤ, ਡਾ. ਓਬਰਾਏ ਦੇ ਯਤਨਾ ਸਦਕਾ ਮ੍ਰਿਤਕ ਸਰੀਰ...
    • big revolt in shiromani akali dal 90 percent leaders resign
      ਸ਼੍ਰੋਮਣੀ ਅਕਾਲੀ ਦਲ ’ਚ ਵੱਡੀ ਬਗਾਵਤ! 90 ਫ਼ੀਸਦੀ ਆਗੂਆਂ ਨੇ ਦਿੱਤਾ ਅਸਤੀਫ਼ਾ
    • prank on housewife leads to de ath
      ਘਰਵਾਲੀ 'ਤੇ 'ਦੋ ਪੈਗ ਵਾਲਾ' ਮਜ਼ਾਕ ਬਣਿਆ ਖ਼ਤਰਨਾਕ, 2 ਦੋਸਤਾਂ ਨੇ ਧੱਕੇ ਨਾਲ...
    • government holiday in punjab on 15th 16th 17th
      ਪੰਜਾਬ 'ਚ 15,16,17 ਨੂੰ ਰਹੇਗੀ ਸਰਕਾਰੀ ਛੁੱਟੀ, 3 ਦਿਨ ਬੰਦ ਰਹਿਣਗੇ ਸਕੂਲ ਤੇ...
    • major orders issued for shopkeepers located on the way to sri harmandir sahib
      ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ 'ਤੇ ਸਥਿਤ ਦੁਕਾਨਦਾਰਾਂ ਲਈ ਜਾਰੀ ਹੋਏ ਵੱਡੇ ਹੁਕਮ
    • sewa kendra will now open 6 days a week in jalandhar
      ਜਲੰਧਰ ਵਾਸੀਆਂ ਲਈ ਵੱਡੀ ਸਹੂਲਤ! ਹੁਣ ਹਫ਼ਤੇ ’ਚ 6 ਦਿਨ ਖੁੱਲ੍ਹੇਗਾ ਇਹ ਸੇਵਾ...
    • the shameful act of daughter in law
      ਕਲਯੁੱਗੀ ਨੂੰਹ ਦਾ ਸ਼ਰਮਨਾਕ ਕਾਰਾ, ਜਾਇਦਾਦ ਪਿੱਛੇ ਕਰ'ਤਾ ਇਹ ਕਾਂਡ, ਰੌਂਗਟੇ...
    • the misc reants at the petrol pump
      ਪੈਟਰੋਲ ਪੰਪ 'ਤੇ ਨੌਸਰਬਾਜ਼ਾਂ ਨੇ ਕਾਂਡ ਕਰ ਫਿਲਮੀ ਸਟਾਈਲ 'ਚ ਭਜਾਈ ਜਿਪਸੀ
    • ਖੇਡ ਦੀਆਂ ਖਬਰਾਂ
    • singer jassa dhillon expressed grief over the death of tennis player radhika
      ਟੈਨਿਸ ਖਿਡਾਰਣ ਰਾਧਿਕਾ ਦੀ ਮੌਤ 'ਤੇ ਗਾਇਕ ਜੱਸਾ ਢਿੱਲੋਂ ਨੇ ਜਤਾਇਆ ਦੁੱਖ, ਲਿਖਿਆ-...
    • these players will be out of team india
      ਟੀਮ ਇੰਡੀਆ ਤੋਂ ਬਾਹਰ ਹੋਣਗੇ ਇਹ ਖਿਡਾਰੀ, ਲਾਰਡਜ਼ ਟੈਸਟ ਦੀ ਹਾਰ ਤੋਂ ਬਾਅਦ...
    • fauja singh passes away
      ਵੱਡੀ ਖ਼ਬਰ : ਪੰਜਾਬ ਦੇ ਬਜ਼ੁਰਗ ਸਿੱਖ ਦੌੜਾਕ ਫੌਜਾ ਸਿੰਘ ਦਾ 114 ਸਾਲ ਦੀ ਉਮਰ 'ਚ...
    • england beat india by 22 runs
      IND Vs ENG : ਜਡੇਜਾ ਦੀ ਮਿਹਨਤ 'ਤੇ ਫਿਰਿਆ ਪਾਣੀ, ਇੰਗਲੈਂਡ ਨੇ ਭਾਰਤ ਨੂੰ 22...
    • mi new york wins major league cricket title
      ਐੱਮ. ਆਈ. ਨਿਊਯਾਰਕ ਨੇ ਜਿੱਤਿਆ ਮੇਜਰ ਲੀਗ ਕ੍ਰਿਕਟ ਦਾ ਖਿਤਾਬ
    • 100m hurdler jyoti undergoes knee surgery
      100 ਮੀਟਰ ਦੀ ਅੜਿੱਕਾ ਦੌੜਾਕ ਜਯੋਤੀ ਦੇ ਗੋਡੇ ਦੀ ਹੋਈ ਸਰਜਰੀ
    • why is the ball in gautam gambhir s hands for 3 days know the reason
      3 ਦਿਨਾਂ ਤੋਂ ਗੌਤਮ ਗੰਭੀਰ ਦੇ ਹੱਥਾਂ 'ਚ ਕਿਉਂ ਹੈ ਗੇਂਦ? ਜਾਣੋ ਕਾਰਨ
    • today s top 10 news
      ਪੰਜਾਬ ਵਿਧਾਨ ਸਭਾ 'ਚ ਬੇਅਦਬੀ 'ਤੇ ਬਿੱਲ ਪੇਸ਼ ਤੇ ਤਖ਼ਤਾਂ ਵਿਚਾਲੇ ਵਿਵਾਦ ਖ਼ਤਮ,...
    • ind vs eng 3rd test
      IND vs ENG : ਮੈਚ ਵਿਚਾਲੇ ਹੋਈ ਲੜਾਈ! ਗੇਂਦਬਾਜ਼ ਨਾਲ ਭਿੜ ਗਏ ਜਡੇਜਾ
    • win over alcaraz made wimbledon title special  sinner
      ਅਲਕਾਰਾਜ਼ 'ਤੇ ਜਿੱਤ ਨੇ ਵਿੰਬਲਡਨ ਖਿਤਾਬ ਨੂੰ ਖਾਸ ਬਣਾਇਆ: ਸਿਨਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +