ਆਰਟੀਕਲ-12
ਨਵਦੀਪ ਸਿੰਘ ਗਿੱਲ
ਸੁਖਪਾਲ ਸਿੰਘ ਪਾਲੀ ਵਾਲੀਬਾਲ ਦਾ ਸਿਰਕੱਢਵਾਂ ਖਿਡਾਰੀ ਹੋਇਆ। ਭਾਰਤੀ ਵਾਲੀਬਾਲ ਦਾ ਉਸ ਨੂੰ ਸਭ ਤੋਂ ਸਿਖਰਲਾ ਖਿਡਾਰੀ ਵੀ ਕਿਹਾ ਜਾ ਸਕਦਾ। ਜਿੱਡਾ ਉਹ ਕੱਦ-ਕਾਠ ਵਿੱਚ ਲੰਬਾ, ਉਨ੍ਹਾਂ ਹੀ ਪ੍ਰਾਪਤੀਆਂ ਵਿੱਚ ਬਹੁਤ ਵੱਡਾ ਖਿਡਾਰੀ ਹੋਇਆ। ਭਾਰਤ ਦੀ ਵਾਲੀਬਾਲ ਖੇਡ ਵਿੱਚ ਕੌਮਾਂਤਰੀ ਨਕਸ਼ੇ 'ਤੇ ਜਿੰਨੀ ਕੁ ਪਛਾਣ ਬਣ ਸਕੀ ਹੈ, ਉਹ ਪਾਲੀ ਵਰਗੇ ਖਿਡਾਰੀਆਂ ਬਦੌਲਤ ਹੀ ਸੰਭਵ ਹੋਈ ਹੈ। ਕੌਮਾਂਤਰੀ ਮੰਚ ਉਤੇ ਵਾਲੀਬਾਲ ਖੇਡ ਵਿੱਚ ਭਾਰਤ ਦੀ ਪੁਜੀਸ਼ਨ ਕੋਈ ਬਹੁਤੀ ਚੰਗੀ ਨਹੀਂ ਰਹੀ। ਇਸ ਖੇਡ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਪੋਟਿਆਂ 'ਤੇ ਗਿਣਿਆ ਜਾ ਸਕਦਾ ਹੈ ਜਿਨ੍ਹਾਂ ਵਿੱਚੋਂ ਪਾਲੀ ਸਿਰਕੱਢਵਾਂ ਖਿਡਾਰੀ ਹੋਇਆ ਹੈ। ਪਾਲੀ ਦੀ ਖੇਡ ਦੇਖਣ ਵਾਲੇ ਉਸ ਦੀਆਂ ਬਾਹਾਂ ਨੂੰ ਹੱਡ-ਮਾਸ ਦੀਆਂ ਨਹੀਂ ਸਗੋਂ ਸਟੀਲ ਦੀਆਂ ਬਾਹਾਂ ਸਮਝਦੇ ਸਨ ਜਿਸ ਵਿੱਚ ਮਣਾਂ ਮੂੰਹੀ ਜਾਨ ਸੀ। ਪਾਲੀ ਦੀ ਵਾਲੀ ਛੇਤੀ ਕੀਤਿਆਂ ਬਲੌਕ ਨਹੀਂ ਹੁੰਦੀ ਸੀ। ਦੁਨਾਲੀ ਦੇ ਫਾਇਰ ਵਾਂਗ ਲਗਾਈ ਉਸ ਦੀ ਵੌਲੀ ਟੀਮ ਲਈ ਪੱਕਾ ਅੰਕ ਲੈ ਕੇ ਆਉਂਦੀ ਸੀ। ਵਾਲੀ ਲਗਾਉਂਦਿਆਂ ਪਾਲੀ ਦੀ ਛਾਲ ਅੱਗੇ ਵਾਲੀਬਾਲ ਦਾ ਨੈਟ ਵੀ ਟੈਨਿਸ ਦਾ ਨੈਟ ਜਾਪਣ ਲੱਗ ਜਾਂਦਾ ਸੀ। ਪੌਣੇ 12 ਫੁੱਟ ਤੱਕ ਉਸ ਦੀ ਬਲੌਕ ਦਾ ਰਿਕਾਰਡ ਹੈ ਅਤੇ ਸਪਾਈਕ ਰੀਚ ਉਸ ਦੀ ਸਾਢੇ 12 ਫੁੱਟ ਸੀ। ਸਾਢੇ ਛੇ ਫੁੱਟ ਦਾ ਪਾਲੀ ਜਦੋਂ 12 ਫੁੱਟ ਉਪਰ ਤੋਂ ਵਾਲੀ ਮਾਰਦਾ ਤਾਂ ਸਾਹਮਣੀ ਟੀਮ ਨੂੰ ਲੱਗਦਾ ਜਿਵੇਂ ਉਤਲੀ ਮੰਜ਼ਿਲ ਉਤੋਂ ਫਾਇਰ ਕੀਤਾ ਹੋਵੇ। ਕਈ ਵਾਰ ਤਾਂ ਪੂਰੇ-ਪੂਰੇ ਟੂਰਨਾਮੈਂਟ ਵਿੱਚ ਪਾਲੀ ਦੀ ਇਕ ਵੀ ਵਾਲੀ ਬਲਾਕ ਨਾ ਹੁੰਦੀ ਅਤੇ ਸਾਹਮਣੇ ਵਾਲੀ ਟੀਮ ਨੂੰ ਬਲਾਕ ਕਰਦਿਆਂ ਪਾਲੀ ਦਾ ਬਲੌਕ ਜਮਰੌਦ ਦਾ ਕਿਲਾ ਬਣ ਜਾਂਦਾ ਸੀ। ਉਹ ਭਾਰਤੀ ਵਾਲੀਬਾਲ ਦੇ ਖੇਡ ਇਤਿਹਾਸ ਦਾ ਇਕਲੌਤਾ ਖਿਡਾਰੀ ਹੋਇਆ ਜਿਹੜਾ ਇਕੋ ਸਮੇਂ ਮੈਚ ਦੌਰਾਨ ਕਾਊਂਟਰ ਅਟੈਕਰ ਤੇ ਸੈਂਟਰ ਬਲਾਕ ਦੀਆਂ ਪੁਜੀਸ਼ਨਾਂ ਉਤੇ ਖੇਡਦਾ ਰਿਹਾ। ਜਿਵੇਂ ਹਾਕੀ ਤੇ ਫੁਟਬਾਲ ਵਿੱਚ ਕੋਈ ਖਿਡਾਰੀ ਇਕੋ ਸਮੇਂ ਫਾਰਵਰਡ ਤੇ ਫੁੱਲਬੈਕ ਖੇਡੇ। ਜੇ ਉਸ ਦੇ ਸਮੇਂ ਰਿਕਾਰਡ ਰੱਖਣ ਦਾ ਹਿਸਾਬ ਕਿਤਾਬ ਹੁੰਦਾ ਤਾਂ ਕਈ ਰਿਕਾਰਡ ਉਸ ਦੀ ਝੋਲੀ ਹੁੰਦੇ।
ਸੁਖਪਾਲ ਸਿੰਘ ਪਾਲੀ
ਵਿਸ਼ਵ ਤੇ ਓਲੰਪਿਕ ਪੱਧਰ 'ਤੇ ਤਾਂ ਭਾਰਤੀ ਵਾਲੀਬਾਲ ਆਪਣੀ ਹਾਜ਼ਰੀ ਲਗਾਉਣ ਵਿੱਚ ਅਸਫਲ ਰਹੀ ਹੈ ਪਰ ਏਸ਼ੀਆ, ਦੱਖਣੀ ਏਸ਼ਿਆਈ ਖਿੱਤੇ ਵਿੱਚ ਭਾਰਤੀ ਵਾਲੀਬਾਲ ਨੂੰ ਜੋ ਬਣਦਾ ਮਾਣ ਸਤਿਕਾਰ ਮਿਲਿਆ ਹੈ, ਉਹ ਪਾਲੀ ਵਰਗੇ ਖਿਡਾਰੀਆਂ ਬਲਬੂਤੇ ਹੀ ਸੰਭਵ ਹੋਇਆ ਹੈ। 11 ਸਾਲ ਭਾਰਤੀ ਵਾਲੀਬਾਲ ਟੀਮ ਦਾ ਖਿਡਾਰੀ ਅਤੇ ਚਾਰ ਸਾਲ ਕਪਤਾਨ ਰਹੇ ਪਾਲੀ ਨੇ ਭਾਰਤ ਨੂੰ 1986 ਦੀਆਂ ਸਿਓਲ ਏਸ਼ਿਆਈ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿਤਾਇਆ। ਵਾਲੀਬਾਲ ਖੇਡ ਵਿੱਚ ਭਾਰਤ ਦੀ ਸਭ ਤੋਂ ਵੱਡੀ ਪ੍ਰਾਪਤੀ ਏਸ਼ਿਆਈ ਖੇਡਾਂ ਵਿੱਚ ਜਿੱਤਿਆ ਇਕ ਚਾਂਦੀ ਤੇ ਦੋ ਕਾਂਸੀ ਦੇ ਤਮਗੇ ਹੀ ਹਨ। 1962 ਵਿੱਚ ਜਕਾਰਤਾ ਵਿਖੇ ਚਾਂਦੀ ਅਤੇ 1958 ਵਿੱਚ ਟੋਕੀਓ ਅਤੇ 1986 ਵਿੱਚ ਸਿਓਲ ਵਿਖੇ ਕਾਂਸੀ ਦਾ ਤਮਗਾ ਜਿੱਤਿਆ। ਉਂਝ ਵੀ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਸਿਰਫ ਪੰਜ ਵਾਰ ਸੈਮੀ ਫਾਈਨਲ ਤੱਕ ਪਹੁੰਚਣ ਵਿੱਚ ਸਫਲ ਰਿਹਾ ਹੈ। 1966 ਵਿੱਚ ਬੈਕਾਂਕ ਤੇ 1982 ਵਿੱਚ ਨਵੀਂ ਦਿੱਲੀ ਵਿਖੇ ਭਾਰਤੀ ਟੀਮ ਚੌਥੇ ਸਥਾਨ 'ਤੇ ਰਹਿ ਗਈ ਸੀ। 1955 ਵਿੱਚ ਵਾਲੀਬਾਲ ਦਾ ਏਸ਼ੀਅਨ ਟੂਰਨਾਮੈਂਟ ਜ਼ਰੂਰ ਭਾਰਤ ਨੇ ਜਿੱਤਿਆ ਸੀ। ਪਾਲੀ ਨੇ ਸੈਫ ਖੇਡਾਂ ਵਿੱਚ ਵੀ ਇਕ ਵਾਰ ਸੋਨੇ ਤੇ ਦੋ ਵਾਰ ਚਾਂਦੀ ਦਾ ਤਮਗਾ ਜਿਤਾਇਆ ਹੈ। ਕੌਮਾਂਤਰੀ ਪੱਧਰ ਦੇ ਹੋਰ ਵੀ ਕਈ ਟੂਰਨਾਮੈਂਟਾਂ ਵਿੱਚ ਉਸ ਨੇ ਭਾਰਤ ਨੂੰ ਤਮਗੇ ਜਿਤਾਏ। ਵੀਹ ਵਰ੍ਹੇ ਉਹ ਕੌਮੀ ਮੁਕਾਬਲਿਆਂ ਵਿੱਚ ਛਾਇਆ ਰਿਹਾ। ਆਲ ਇੰਡੀਆ ਪੁਲਸ ਵਿੱਚ ਖੇਡਾਂ ਵਿੱਚ ਉਸ ਨੇ ਲਗਾਤਾਰ 9 ਸਾਲ ਪੰਜਾਬ ਪੁਲਿਸ ਨੂੰ ਚੈਂਪੀਅਨ ਬਣਾਇਆ। ਇਕੱਲਾ ਆਪਣੇ ਦਮ 'ਤੇ ਮੈਚ ਜਿਤਾਉਂਦਾ ਰਿਹਾ। ਨਿੱਕੇ ਪਾਲੀ ਨੇ ਪਹਿਲੇ ਹੀ ਟੂਰਨਾਮੈਂਟ ਵਿੱਚ ਹੀਰੋ ਸਾਈਕਲ ਜਿੱਤਣ ਤੋਂ ਲੈ ਕੇ ਅਰਜੁਨਾ ਐਵਾਰਡੀ ਸੁਖਪਾਲ ਸਿੰਘ ਬਣਨ ਤੱਕ ਵੱਡਾ ਪੈਂਡਾ ਤੈਅ ਕੀਤਾ ਹੈ। ਉਸ ਦੇ ਪਾਏ ਪੂਰਨਿਆਂ ਤੋਂ ਹਰ ਕੋਈ ਵਾਲੀਬਾਲ ਖਿਡਾਰੀ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਵਾਲੀਬਾਲ ਗਰਾਊਂਡ ਦੇ ਅੰਦਰ ਵਿਰੋਧੀ ਖਿਡਾਰੀਆਂ ਵਿੱਚ ਤਾਂ ਉਸ ਦਾ ਖੌਫ ਹੁੰਦਾ ਸੀ ਸਗੋਂ ਬਾਹਰ ਬੈਠਾ ਰੈਫਰੀ ਵੀ ਪਾਲੀ ਤੋਂ ਡਰਦਾ ਹੁੰਦਾ ਸੀ। ਵਿਰੋਧੀ ਟੀਮ ਉਸ ਨੂੰ ਉਕਸਾਉਣ ਦਾ ਜੋਖਮ ਨਹੀਂ ਉਠਾ ਸਕਦੀ ਸੀ।
ਪਾਲੀ ਦਾ ਪੂਰਾ ਨਾਮ ਸੁਖਪਾਲ ਸਿੰਘ ਬਰਾੜ ਹੈ, ਜਿਸ ਦਾ ਜਨਮ 18 ਦਸੰਬਰ 1962 ਨੂੰ ਡੱਬਵਾਲੀ ਦੇ ਮਸ਼ਹੂਰ ਡਾਕਟਰ ਗੁਰਬਚਨ ਦੇ ਹਸਪਤਾਲ ਹੋਇਆ। ਜੋਗਿੰਦਰ ਸਿੰਘ ਤੇ ਪਵਿੱਤਰਜੀਤ ਕੌਰ ਦੇ ਪੁੱਤਰ ਸੁਖਪਾਲ ਸਿੰਘ ਦਾ ਜੱਦੀ ਪਿੰਡ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲੇ ਦੇ ਸੰਗਰੀਆ ਕਸਬੇ ਕੋਲ ਮੱਲ੍ਹੜ ਖੇੜਾ ਹੈ। ਨਾਨਕੇ ਪਿੰਡ ਦਿਓਣ ਖੇੜਾ (ਸ੍ਰੀ ਮੁਕਤਸਰ ਸਾਹਿਬ) ਜੰਮੇ ਤੇ ਪਲੇ ਪਾਲੀ ਦਾ ਛੋਟੇ ਹੁੰਦੇ ਤੋਂ ਚੰਗਾ ਕੱਦ ਕਰਕੇ ਵਾਲੀਬਾਲ ਖੇਡ ਵਿੱਚ ਰੁਝਾਨ ਹੋ ਗਿਆ। ਪਾਲੀ ਦਾ ਮਾਮਾ ਗੁਰਗੱਜ ਸਿੰਘ ਹੀ ਉਸ ਦਾ ਮੁੱਢਲਾ ਗੁਰੂ ਸੀ ਜਿਸ ਨੇ ਆਪਣੇ ਭਾਣਜੇ ਨੂੰ ਵੱਡਾ ਖਿਡਾਰੀ ਬਣਾਉਣ ਲਈ ਚੰਗੀ ਖੁਰਾਕ ਦੇਣੀ। ਪਾਲੀ ਨੇ ਸਕੂਲੀ ਪੱਧਰ 'ਤੇ ਹੀ ਵਾਲੀਬਾਲ ਖੇਡਦਿਆਂ ਨਾਮਣਾ ਖੱਟਣਾ ਸ਼ੁਰੂ ਕਰ ਦਿੱਤਾ। ਕਰਨਾਟਕਾ ਵਿਖੇ ਹੋਈਆਂ ਅੰਡਰ-16 ਕੌਮੀ ਪੇਂਡੂ ਖੇਡਾਂ ਵਿੱਚ ਉਹ ਸਰਵੋਤਮ ਖਿਡਾਰੀ ਚੁਣਿਆ ਗਿਆ। ਸਕੂਲੀ ਸਿੱਖਿਆ ਤੋਂ ਬਾਅਦ ਉਸ ਨੇ ਇਕ ਸਾਲ ਮਲੋਟ ਕਾਲਜ ਲਾਇਆ ਜਿੱਥੇ ਉਸ ਨੇ ਵਾਲੀਬਾਲ ਖੇਡਣ ਕਰਕੇ ਪੇਪਰ ਵਿਚਾਲੇ ਹੀ ਛੱਡ ਦਿੱਤੇ। ਅਗਾਂਹ ਉਸ ਦੀ ਤਾਂਘ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਦੇ ਖੇਡ ਵਿੰਗ ਵਿੱਚ ਦਾਖਲਾ ਲੈਣ ਦੀ ਸੀ। ਇਹ ਬਰਜਿੰਦਰਾ ਕਾਲਜ ਦੇ ਮਾੜੇ ਭਾਗ ਕਹੋ ਜਾਂ ਪਾਲੀ ਦੀ ਚੰਗੀ ਕਿਸਮਤ ਉਸ ਨੂੰ ਟਰਾਇਲਾਂ ਵਿੱਚ ਮੋਹਰੀ ਹੋਣ ਦੇ ਬਾਵਜੂਦ ਇਕ ਸਾਲ ਦੇ ਗੈਪ ਕਰਕੇ ਦਾਖਲਾ ਨਹੀਂ ਦਿੱਤਾ। ਜੇ ਪਾਲੀ ਬਰਜਿੰਦਰਾ ਕਾਲਜ ਦਾਖਲਾ ਲੈ ਲੈਂਦਾ ਤਾਂ ਇਸ ਕਾਲਜ ਦੇ ਖੇਡ ਰਤਨਾਂ ਸੈਣੀ ਭੈਣਾਂ, ਰਾਜਿੰਦਰ ਸਿੰਘ ਸੀਨੀਅਰ ਜਿਹੇ ਵੱਡੇ ਖਿਡਾਰੀਆਂ ਦੀ ਸੂਚੀ ਵਿੱਚ ਉਸ ਦਾ ਵੀ ਨਾਂ ਹੁੰਦਾ।
ਭਾਰਤ ਦੇ ਰਾਸ਼ਟਰਪਤੀ ਕੋਲੋਂ ਅਰਜੁਨਾ ਐਵਾਰਡ ਹਾਸਲ ਕਰਦਾ ਹੋਇਆ ਸੁਖਪਾਲ ਪਾਲੀ ਤੇ ਨਾਲ ਖੜ੍ਹੇ ਹਨ ਤੱਤਕਾਲੀ ਖੇਡ ਮੰਤਰੀ ਸੁਖਦੇਵ ਸਿੰਘ ਢੀਂਡਸਾ
ਉਸ ਵੇਲੇ ਓਸਵਾਲ ਗਰੁੱਪ ਦੇ ਬਾਬੂ ਅਭੈ ਕੁਮਾਰ ਨੇ ਵਾਲੀਬਾਲ ਟੀਮ ਬਣਾਈ ਸੀ ਜਿਸ ਵਿੱਚ ਜਗੀਰ ਸਿੰਘ, ਚੰਚਲ, ਚਮਨ ਸਿੰਘ, ਭਨੋਟ ਵਰਗੇ ਵੱਡੇ ਖਿਡਾਰੀ ਭਰਤੀ ਹੋਏ। ਵਾਲੀਬਾਲ ਖਿਡਾਰੀ ਗਮਦੂਰ ਸਿੰਘ ਨੇ ਪਾਲੀ ਨੂੰ ਓਸਵਾਲ ਮਿਲ ਦੀ ਟੀਮ ਵਿੱਚ ਭਰਤੀ ਕਰਵਾ ਦਿੱਤਾ। ਮਾਮੇ ਵੱਲੋਂ ਪਾਲੀ ਨੂੰ ਖੁੱਲ੍ਹੀ ਛੁੱਟੀ ਸੀ ਕਿ ਰੱਜ ਕੇ ਖਾ ਤੇ ਦੱਬ ਕੇ ਖੇਡ, ਪੈਸੇ ਦੀ ਪ੍ਰਵਾਹ ਨਾ ਕਰੀ। ਉਸ ਵੇਲੇ ਲੁਧਿਆਣੇ ਪ੍ਰਤਾਪ ਚੌਕ ਨੇੜੇ ਹੀਰੋ ਸਾਈਕਲ ਗਰੁੱਪ ਇਕ ਰੋਜ਼ਾ ਵਾਲੀਬਾਲ ਟੂਰਨਾਮੈਂਟ ਕਰਵਾਉਂਦਾ ਹੁੰਦਾ ਸੀ। ਪੰਜਾਬ ਪੁਲਸ, ਬੀ.ਐਸ.ਐਫ., ਪੰਜਾਬ ਰਾਜ ਬਿਜਲੀ ਬੋਰਡ, ਪੀ.ਆਰ.ਟੀ.ਸੀ. ਜਿਹੀਆਂ ਵੱਡੀਆਂ ਟੀਮਾਂ ਹਿੱਸਾ ਲੈਂਦੀਆਂ ਸਨ। 26 ਜਨਵਰੀ 1981 ਨੂੰ ਹੋਏ ਇਸ ਟੂਰਨਾਮੈਂਟ ਵਿੱਚ ਓਸਵਾਲ ਮਿੱਲ ਦੀ ਟੀਮ ਨੇ ਵੀ ਹਿੱਸਾ ਲਿਆ। ਆਪਣੇ ਜ਼ਮਾਨੇ ਦਾ ਵੱਡਾ ਖਿਡਾਰੀ ਨ੍ਰਿਪਜੀਤ ਸਿੰਘ ਨਿੱਪੀ ਟੀਮ ਦਾ ਕੋਚ ਹੁੰਦਾ ਸੀ। ਨਿੱਪੀ ਕੋਚ ਕਿਤੇ ਕਿਤੇ ਖੁਦ ਵੀ ਖੇਡਣ ਲੱਗ ਜਾਂਦਾ ਸੀ ਅਤੇ ਛੋਟੇ ਪਾਲੀ ਨੂੰ ਬਾਹਰ ਬੈਠਣਾ ਪੈਂਦਾ ਸੀ। ਉਸ ਦਿਨ ਨਿੱਪੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਕਿਹਾ, ''ਚੱਲ ਪਾਲੇ ਪੁੱਤ ਅੱਜ ਤੂੰ ਖੇਡਣਾ।'' ਸੁਖਪਾਲ ਸਿੰਘ ਵਾਲੀਬਾਲ ਗਰਾਊਂਡ ਵਿੱਚ ਕਾਹਦਾ ਉਤਰਿਆ ਉਸ ਨੇ ਤਾਂ ਹਨੇਰੀ ਹੀ ਲਿਆ ਦਿੱਤੀ।
ਚੰਗੀਆਂ-ਚੰਗੀਆਂ ਟੀਮਾਂ ਦੀ ਭੂਤਣੀ ਭੁਲਾ ਦਿੱਤੀ। ਸਾਹਮਣੀਆਂ ਟੀਮਾਂ ਹੈਰਾਨ ਇਹ ਕਿੱਥੋਂ ਆ ਗਿਆ। ਸੁਖਪਾਲ ਦੀ ਟੀਮ ਫਾਈਨਲ ਵਿੱਚ ਤਾਂ ਹਾਰ ਗਈ ਪਰ ਵਾਲੀਬਾਲ ਹਲਕਿਆਂ ਵਿੱਚ ਪਾਲੀ ਪਾਲੀ ਹੋ ਗਈ। ਪਾਲੀ ਬੈਸਟ ਪਲੇਅਰ ਚੁਣਿਆ ਗਿਆ ਅਤੇ ਇਨਾਮ ਵਿੱਚ ਹੀਰੋ ਸਾਈਕਲ ਮਿਲਿਆ ਜੋ ਕਿ ਉਸ ਵੇਲੇ ਵਾਲੀਬਾਲ ਖੇਡ ਵਿੱਚ ਦੇਸ਼ ਦਾ ਸਭ ਤੋਂ ਵੱਡਾ ਵਿਅਕਤੀਗਤ ਇਨਾਮ ਸੀ। ਸਾਰੇ ਪਾਸੇ ਲਾਲਾ ਲਾਲਾ ਹੋ ਗਈ ਕਿ 18-19 ਵਰ੍ਹਿਆਂ ਦਾ ਸ਼ਲਾਰੂ ਜਿਹਾ ਮੁੰਡਾ ਬੁੜ੍ਹਕ ਬੁੜ੍ਹਕ ਵਾਲੀਆਂ ਮਾਰਦਾ। ਓਸਵਾਲ ਮਿੱਲ ਦੀ ਟੀਮ ਉਸ ਤੋਂ ਬਾਅਦ ਟੁੱਟ ਗਈ ਅਤੇ ਸਭ ਖਿਡਾਰੀ ਆਪੋ ਆਪਣੇ ਵਿਭਾਗਾਂ ਵਿੱਚ ਵਾਪਸ ਚਲੇ ਗਏ ਪਰ ਪਾਲੀ ਦੀ ਚੜ੍ਹਾਈ ਕਰ ਕੇ ਕਾਲਜ ਟੀਮਾਂ ਉਸ ਦੇ ਪਿੱਛੇ ਪੈ ਗਈਆਂ। ਕੋਚ ਗੁਰਦੇਵ ਸਿੰਘ ਨੇ ਉਸ ਨੂੰ ਸਰਕਾਰੀ ਕਾਲਜ ਲੁਧਿਆਣਾ ਵਿਖੇ ਭਰਤੀ ਕਰ ਲਿਆ। ਪਾਲੀ ਬਦੌਲਤ ਸਰਕਾਰੀ ਕਾਲਜ ਲੁਧਿਆਣਾ ਨੇ 1982 ਵਿੱਚ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਚੈਂਪੀਅਨਸ਼ਿਪ ਜਿੱਤੀ। ਪਾਲੀ ਪਹਿਲਾ ਸਿੱਧਾ ਸੀਨੀਅਰ ਪੰਜਾਬ ਟੀਮ ਅਤੇ ਫੇਰ ਸਰਵ ਭਾਰਤੀ ਅੰਤਰ 'ਵਰਸਿਟੀ ਖੇਡਾਂ ਲਈ ਯੂਨੀਵਰਸਿਟੀ ਟੀਮ ਵਿੱਚ ਚੁਣਿਆ ਗਿਆ। ਪੰਜਾਬ ਪੁਲਸ ਨੇ ਵੀ ਪਾਲੀ ਨੂੰ ਭਰਤੀ ਕਰ ਲਿਆ। ਪਾਲੀ ਦੀ ਗੁੱਡੀ ਅਜਿਹੀ ਚੜ੍ਹੀ ਕਿ ਦੋ ਸਾਲਾਂ ਵਿੱਚ ਹੀ ਉਹ ਭਾਰਤੀ ਟੀਮ ਵਿੱਚ ਚੁਣਿਆ ਗਿਆ।
ਸੁਖਪਾਲ ਪਾਲੀ ਦੇ ਘਰ ਸੁਸ਼ੋਭਿਤ ਮਹਾਰਾਜਾ ਰਣਜੀਤ ਸਿੰਘ ਐਵਾਰਡ
1984 ਵਿੱਚ ਉਹ ਪਹਿਲੀ ਵਾਰ ਭਾਰਤੀ ਟੀਮ ਵੱਲੋਂ ਖੇਡਣ ਲਈ ਸੋਵੀਅਤ ਸੰਘ (ਹੁਣ ਰੂਸ) ਦੇ ਦੌਰੇ 'ਤੇ ਗਿਆ। ਪੰਜ ਟੈਸਟ ਮੈਚਾਂ ਵਿੱਚ ਦਿਖਾਈ ਉਸ ਦੀ ਖੇਡ ਨੇ ਉਸ ਦੇ ਕੌਮਾਂਤਰੀ ਕਰੀਅਰ ਨੂੰ ਪੱਕੇ ਪੈਰੀਂ ਕਰ ਦਿੱਤਾ। ਬਲੌਕ ਕਰਨ ਦਾ ਨਵਾਂ ਢੰਗ ਵੀ ਪਾਲੀ ਇਸ ਟੂਰ ਤੋਂ ਸਿੱਖ ਕੇ ਆਇਆ। ਇਸੇ ਸਾਲ ਉਸ ਨੇ ਸਾਊਦੀ ਅਰਬ ਵਿਖੇ ਹੋਈ ਏਸ਼ੀਅਨ ਯੁਵਾ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। 1985 ਵਿੱਚ ਉਸ ਨੇ ਜਪਾਨ ਖਿਲਾਫ ਭਾਰਤ ਵਿੱਚ ਖੇਡੇ ਦੋ ਟੈਸਟ ਮੈਚਾਂ ਵਿੱਚ ਹਿੱਸਾ ਲਿਆ। ਇਸੇ ਸਾਲ ਉਹ ਕੰਬਾਈਡ ਯੂਨੀਵਰਸਿਟੀ ਟੀਮ ਦਾ ਕਪਤਾਨ ਚੁਣਿਆ ਗਿਆ ਜਿੱਥੇ ਉਸ ਨੇ ਜਪਾਨ ਵਿਖੇ ਹੋਈਆਂ ਵਿਸ਼ਵ ਯੂਨੀਵਰਸਿਟੀ ਖੇਡਾਂ ਵਿੱਚ ਭਾਰਤੀ ਯੂਨੀਵਰਸਿਟੀਆਂ ਦੀ ਵਾਲੀਬਾਲ ਟੀਮ ਦੀ ਅਗਵਾਈ ਕੀਤੀ। ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਪ੍ਰੈਕਟਿਸ ਮੈਚਾਂ ਵਿੱਚ ਪਾਲੀ ਦੀ ਖੇਡ ਤੋਂ ਪ੍ਰਭਾਵਿਤ ਹੋ ਕੇ ਵਿਰੋਧੀ ਟੀਮਾਂ ਦੇ ਕੋਚਾਂ ਨੇ ਉਸ ਦੀਆਂ ਵੀਡਿਓ ਬਣਾ ਕੇ ਉਸ ਨੂੰ ਟੈਕਲ ਕਰਨ ਦੀ ਰਣਨੀਤੀ ਉਲੀਕਣੀ ਸ਼ੁਰੂ ਕਰ ਦਿੱਤੀ। ਭਾਰਤੀ ਟੀਮ ਦੇ ਕੋਚ ਬੁੱਚੀ ਰਮੱਈਆ ਨੇ ਪਾਲੀ ਨੂੰ ਚਿਤਾਵਨੀ ਦਿੱਤੀ ਕਿ ਉਸ ਦੀ ਖੇਡ ਸ਼ੈਲੀ ਵਿਰੋਧੀ ਟੀਮਾਂ ਨੇ ਦੇਖ ਲਈ। ਪਾਲੀ ਹੱਸ ਕੇ ਬੋਲਿਆ, ''ਕੋਚ ਸਾਹਬ ਇਹ ਤਾਂ ਮੈਨੂੰ ਨਹੀਂ ਪਤਾ ਕਿ ਕੱਲ੍ਹ ਕਿਵੇਂ ਖੇਡਣਾ, ਦੂਜੀਆਂ ਟੀਮਾਂ ਨੂੰ ਕੀ ਪਤਾ ਲੱਗੇਗਾ।'' ਅਸਲ ਵਿੱਚ ਭਾਰਤ ਵਿੱਚ ਕਿਤੇ ਵੀ ਟੀਮ ਖੇਡਾਂ ਦੀ ਤਿਆਰੀ ਇਸ ਤਰੀਕੇ ਨਾਲ ਕਰਵਾਈ ਹੀ ਨਹੀਂ ਜਾਂਦੀ।
ਖਿਡਾਰੀ ਆਪਣੇ ਕੁਦਰਤੀ ਹੁਨਰ ਦੇ ਸਿਰ 'ਤੇ ਖੇਡਦੇ ਹਨ। ਖੁਦ ਪਾਲੀ ਵੀ ਮੰਨਦਾ ਹੈ ਕਿ ਉਹ ਆਪਣਾ ਸਾਰਾ ਖੇਡ ਜੀਵਨ ਆਪਣੇ ਕੁਦਰਤੀ ਹੁਨਰ ਸਿਰ 'ਤੇ ਖੇਡਿਆ। ਮਨੋਵਿਗਿਆਨਕ ਤਿਆਰੀ, ਰਣਨੀਤੀ ਉਲੀਕਣੀ ਅਤੇ ਤਕਨੀਕ ਉਪਰ ਤਾਂ ਕਦੇ ਜ਼ੋਰ ਹੀ ਨਹੀਂ ਦਿੱਤਾ ਗਿਆ। ਇਸ ਬਾਰੇ ਵੀ ਪਾਲੀ ਇਕ ਕਿੱਸਾ ਸੁਣਾਉਂਦਾ ਹੈ ਕਿ ਇਕ ਵਾਰ ਬੰਗਲੌਰ ਜੂਨੀਅਰ ਟੀਮ ਦਾ 9 ਮਹੀਨੇ ਦਾ ਕੈਂਪ ਲੱਗਿਆ ਅਤੇ ਕੈਂਪ ਦੀ ਸਮਾਪਤੀ 'ਤੇ ਜਦੋਂ ਕਿਸੇ ਮਾਹਿਰ ਨੇ ਪ੍ਰੈਕਟੀਕਲ ਲੈਂਦਿਆਂ ਖਿਡਾਰੀਆਂ ਨੂੰ ਸ਼ਾਟ ਬਾਲ ਤੇ ਅਟੈਕ ਕਰਨ ਨੂੰ ਕਿਹਾ ਤਾਂ ਪਤਾ ਲੱਗਾ ਕਿ ਪੂਰੇ ਕੈਂਪ ਵਿੱਚ ਇਸ ਦੀ ਸਹੀ ਜੁਗਤ ਹੀ ਸਿਖਾਈ ਤਾਂ ਨਹੀਂ ਗਈ। ਇਸੇ ਲਈ ਇਨ੍ਹਾਂ ਖੇਡਾਂ ਵਿੱਚ ਭਾਰਤ ਕੁਝ ਖਾਸ ਨਹੀਂ ਕਰ ਸਕਿਆ ਸਿਰਫ ਪਾਲੀ ਵਰਗੇ ਖਿਡਾਰੀਆਂ ਦੇ ਦਮ 'ਤੇ ਥੋੜਾ ਬਹੁਤਾ ਸਨਮਾਨਜਨਕ ਸਥਾਨ ਹਾਸਲ ਕਰ ਸਕਿਆ।
ਸੁਖਪਾਲ ਪਾਲੀ ਛਾਲ ਮਾਰ ਕੇ ਵਾਲੀ ਮਾਰਦਾ ਹੋਇਆ
ਪਾਲੀ ਨੇ 1985 ਵਿੱਚ ਸਾਊਦੀ ਅਰਬ ਦੇ ਟੂਰ ਉਤੇ ਚਾਰ ਟੈਸਟ ਮੈਚ ਖੇਡੇ। 1986 ਵਿੱਚ ਪਾਲੀ ਦੀ ਖੇਡ ਸਿਖਰ 'ਤੇ ਸੀ। ਹੈਦਰਾਬਾਦ ਵਿਖੇ ਗੋਲਡ ਕੱਪ ਕੌਮਾਂਤਰੀ ਟੂਰਨਾਮੈਂਟ ਵਿੱਚ ਝੰਡੇ ਗੱਡਣ ਤੋਂ ਬਾਅਦ ਪਾਲੀ ਸਿਓਲ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਣ ਗਿਆ। ਪਾਲੀ ਦੀਆਂ ਵਾਲੀਆਂ ਨੇ ਪੂਰੀ ਏਸ਼ੀਆ ਵਿੱਚ ਧੂੰਮ ਮਚਾ ਦਿੱਤੀ। ਭਾਰਤ ਨੇ ਹਾਂਗਕਾਂਗ ਨੂੰ 3-0, ਬਹਿਰੀਨ ਨੂੰ 3-0, ਸਾਊਦੀ ਅਰਬ ਨੂੰ 3-1, ਇੰਡੋਨੇਸ਼ੀਆ ਨੂੰ 3-0 ਅਤੇ ਕਹਿੰਦੀ ਕਹਾਉਂਦੀ ਜਪਾਨ ਦੀ ਟੀਮ ਨੂੰ 3-0 ਨਾਲ ਹਰਾਇਆ। ਭਾਰਤ ਇਕੱਲਾ ਦੱਖਣੀ ਕੋਰੀਆ ਹੱਥੋਂ ਮੈਚ ਹਾਰਿਆ ਅਤੇ ਭਾਰਤੀ ਟੀਮ ਕਾਂਸੀ ਦਾ ਤਮਗਾ ਜਿੱਤ ਕੇ ਵਾਪਸ ਪਰਤੀ। ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤੀ ਵਾਲੀਬਾਲ ਟੀਮ ਦਾ ਇਹ ਦੂਜਾ ਤਮਗਾ ਹੈ। ਪਾਲੀ ਨੇ ਭਾਰਤੀ ਵਾਲੀਬਾਲ ਨੂੰ ਜਿੱਤਾਂ ਦੇ ਰਾਹ ਉਤੇ ਪਾ ਦਿੱਤਾ। 1987 ਵਿੱਚ ਭਾਰਤ ਨੇ ਕਲੱਕਤਾ ਵਿਖੇ ਹੋਈਆ ਸੈਫ ਖੇਡਾਂ ਵਿੱਚ ਸੋਨੇ ਦਾ ਤਮਗਾ, 1989 ਵਿੱਚ ਜਪਾਨ ਕੱਪ ਵਿੱਚ ਚਾਂਦੀ ਦਾ ਤਮਗਾ, ਇਸਲਾਮਾਬਾਦ ਵਿਖੇ ਹੋਈਆਂ ਸੈਫ ਖੇਡਾਂ ਵਿੱਚ ਪਾਲੀ ਨੇ ਚਾਂਦੀ ਦਾ ਤਮਗਾ, ਚੀਨੀ ਲੀਗ ਵਿੱਚ ਚਾਂਦੀ ਦਾ ਤਮਗਾ, 1990 ਵਿੱਚ ਹੈਦਰਾਬਾਦ ਵਿਖੇ ਐਲਵਿਨ ਕੌਮਾਂਤਰੀ ਗੋਲਡ ਕੱਪ ਟੂਰਨਾਮੈਂਟ ਵਿੱਚ ਚਾਂਦੀ ਦਾ ਤਮਗਾ ਜਿਤਾਇਆ।
1990 ਵਿੱਚ ਭਾਰਤੀ ਟੀਮ 1986 ਦੇ ਮੁਕਾਬਲਤਨ ਬਹੁਤ ਵਧੀਆ ਸੀ। ਫੈਡਰੇਸ਼ਨ ਨੇ ਟੀਮ ਨੂੰ 1990 ਦੀਆਂ ਬੀਜਿੰਗ ਏਸ਼ਿਆਈ ਖੇਡਾਂ ਵਿੱਚ ਨਾ ਭੇਜਿਆ। ਜਿਸ ਭਾਰਤੀ ਟੀਮ ਨੇ ਚੀਨ ਨੂੰ ਇਕ ਸਾਲ ਪਹਿਲਾਂ ਹਰਾਇਆ ਸੀ, ਉਸੇ ਚੀਨ ਨੇ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ। ਪਾਲੀ ਨੂੰ ਆਪਣੇ ਖੇਡ ਜੀਵਨ ਦੇ ਇਸ ਪਲ ਉਤੇ ਅਫਸੋਸ ਅਤੇ ਫੈਡਰੇਸ਼ਨ ਉਪਰ ਗੁੱਸਾ ਆਉਂਦਾ ਹੈ ਕਿ ਜਦੋਂ ਉਨ੍ਹਾਂ ਦੀ ਟੀਮ ਸਭ ਤੋਂ ਸਿਖਰ 'ਤੇ ਸੀ ਤਾਂ ਏਸ਼ਿਆਈ ਖੇਡਾਂ ਵਿੱਚ ਭੇਜਣ ਤੋਂ ਨਾਂਹ ਕਰ ਦਿੱਤੀ। ਪਾਲੀ ਨੇ ਫੇਰ ਵੀ ਹਿੰਮਤ ਨਾ ਛੱਡੀ ਅਤੇ ਹਰ ਟੂਰਨਾਮੈਂਟ ਵਿੱਚ ਆਪਣੀ ਬਿਹਤਰੀਨ ਖੇਡ ਦਿਖਾਉਣੀ। ਸੱਤ-ਅੱਠ ਸਾਲਾਂ ਵਿੱਚ ਹੀ ਵਾਲੀਬਾਲ ਵਿੱਚ ਪਾਲੀ ਪਾਲੀ ਹੋਣ ਲੱਗ ਗਈ। ਪਾਲੀ ਤੇ ਵਾਲੀ ਇਕ ਦੂਜੇ ਦੇ ਪੂਰਕ ਜਾਪਣ ਲੱਗੇ। 1992 ਵਿੱਚ ਪਾਲੀ ਨੂੰ ਭਾਰਤੀ ਟੀਮ ਦਾ ਕਪਤਾਨ ਬਣਾ ਦਿੱਤਾ। ਆਪਣੀ ਕਪਤਾਨੀ ਵਿੱਚ ਪਾਲੀ ਨੇ ਭਾਰਤ ਨੂੰ ਸਿਵਾਂਥੀ ਗੋਲਡ ਕੱਪ ਵਿੱਚ ਕਾਂਸੀ ਦਾ ਤਮਗਾ, 1993 ਵਿੱਚ ਹੋਈਆਂ ਸੈਫ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿਤਾਇਆ। 1994 ਵਿੱਚ ਕਤਰ ਦੀ ਰਾਜਧਾਵੀ ਦੋਹਾ ਵਿਖੇ ਆਪਣੇ ਕੌਮਾਂਤਰੀ ਖੇਡ ਕਰੀਅਰ ਦਾ ਆਖਰੀ ਟੂਰਨਾਮੈਂਟ ਖੇਡਦਿਆਂ ਪਾਲੀ ਨੇ ਭਾਰਤ ਨੂੰ ਸੋਨੇ ਦਾ ਤਮਗਾ ਜਿਤਾਇਆ।
ਸੁਖਪਾਲ ਪਾਲੀ 1986 ਵਿੱਚ ਸਿਓਲ ਵਿਖੇ ਏਸ਼ਿਆਈ ਖੇਡਾਂ ਦੇ ਉਦਘਾਟਨੀ ਸਮਾਰੋਹ ਦੌਰਾਨ
ਕੌਮੀ ਪੱਧਰ 'ਤੇ ਪਾਲੀ ਦੀ ਖੇਡ ਦਾ ਕੋਈ ਸਾਨੀ ਨਹੀਂ ਸੀ। 17 ਸਾਲ ਉਹ ਪੰਜਾਬ ਵੱਲੋਂ ਖੇਡਿਆ ਅਤੇ ਕਈ ਤਮਗੇ ਜਿਤਾਏ। ਅੰਤਰ-ਵਿਭਾਗੀ ਟੂਰਨਾਮੈਂਟ ਅਤੇ ਫੈਡਰੇਸ਼ਨ ਕੱਪ ਵਿੱਚ ਵੀ ਉਸ ਨੇ ਜੌਹਰ ਦਿਖਾਏ। ਆਲ ਇੰਡੀਆ ਪੁਲਿਸ ਖੇਡਾਂ ਵਿੱਚ ਤਾਂ ਉਹ ਇਕੱਲਾ ਆਪਣੇ ਦਮ 'ਤੇ ਟੀਮ ਨੂੰ ਪੰਜਾਬ ਪੁਲਿਸ ਨੂੰ ਜਿਤਾ ਲਿਆਉਂਦਾ ਸੀ। ਉਹ 15 ਸਾਲ ਪੰਜਾਬ ਪੁਲਿਸ ਵੱਲੋਂ ਖੇਡਿਆ ਅਤੇ ਕਿਸੇ ਸਾਲ ਵੀ ਖਾਲੀ ਹੱਥ ਨਹੀਂ ਪਰਤਿਆ। ਉਸ ਨੇ 9 ਸੋਨ ਤਮਗਿਆਂ ਸਣੇ ਕੁੱਲ 15 ਤਮਗੇ ਜਿਤਾਏ। 1992 ਤੋਂ 2000 ਤੱਕ ਲਗਾਤਰ 9 ਸੋਨ ਤਮਗੇ ਜਿਤਾਏ। ਇਸ ਤੋਂ ਪਹਿਲਾਂ ਉਸ ਨੇ 1987 ਤੋਂ 1989 ਤੱਕ ਤਿੰਨ ਕਾਂਸੀ ਦੇ ਤਮਗੇ ਅਤੇ 1990 ਤੇ 1991 ਵਿੱਚ ਦੋ ਚਾਂਦੀ ਦੇ ਤਮਗੇ ਜਿਤਾਏ। ਪਾਲੀ ਇਕੱਲਾ ਹੀ ਦੂਜੀ ਟੀਮ ਲਈ ਕਾਫੀ ਹੁੰਦਾ ਸੀ। ਜੇ ਉਸ ਨੂੰ ਮੈਚ ਖੇਡਦੇ ਗੁੱਸਾ ਆ ਜਾਂਦਾ ਜਾਂ ਕੋਈ ਸਾਹਮਣੇ ਵਾਲਾ ਉਤੇਜਤ ਕਰ ਦਿੰਦਾ ਤਾਂ ਉਹ ਆਪਣੇ ਦਮ 'ਤੇ ਖੇਡ ਦਾ ਪਾਸਾ ਪਲਟ ਦਿੰਦਾ।
ਪਾਲੀ ਦਾ ਕੱਦ-ਕਾਠ ਇੰਨਾ ਹੈ ਕਿ ਉਹ ਬਾਸਕਟਬਾਲ ਕੋਰਟ ਵਿੱਚ ਖੜ੍ਹਾ ਖਲੋਤਾ ਬਿਨਾਂ ਛਾਲ ਮਾਰਿਆ ਡੰਕ ਮਾਰ ਦਿੰਦਾ। ਇਸੇ ਕਰਕੇ ਅਰਜੁਨਾ ਐਵਾਰਡੀ ਬਾਸਕਟਬਾਲ ਖਿਡਾਰੀ ਸੱਜਣ ਸਿੰਘ ਚੀਮਾ ਅਕਸਰ ਉਸ ਨੂੰ ਬਾਸਕਟਬਾਲ ਵਾਲੇ ਪਾਸੇ ਆਉਣ ਨੂੰ ਕਹਿੰਦੇ। 1986 ਵਿੱਚ ਬੰਗਲੌਰ ਵਿਖੇ ਏਸ਼ਿਆਈ ਖੇਡਾਂ ਦੇ ਕੈਂਪ ਦੌਰਾਨ ਉਹ ਅਥਲੈਟਿਕਸ ਫੀਲਡ ਵਿੱਚ ਉਚੀ ਛਾਲ ਦੇ ਗੱਦਿਆਂ ਕੋਲੋਂ ਲੰਘਦਾ ਅਰਾਮ ਨਾਲ ਜੰਪ ਮਾਰ ਜਾਂਦਾ। ਉਸ ਵੇਲੇ ਉਚੀ ਛਾਲ ਦੇ ਕੋਚ ਭੀਮ ਸਿੰਘ ਨੇ ਪਾਲੀ ਨੂੰ ਕਹਿਣਾ ਕਿ ਉਹ ਅਥਲੈਟਿਕਸ ਸ਼ੁਰੂ ਕਰ ਲਵੇ ਪਰ ਪਾਲੀ ਤਾਂ ਜੰਮਿਆ ਪਲਿਆ ਹੀ ਵਾਲੀਬਾਲ ਖੇਡਣ ਲਈ ਸੀ। ਪਾਲੀ ਨੇ ਸਾਰੀ ਉਮਰ ਆਪਣਾ ਵਜ਼ਨ 75 ਕਿਲੋ ਤੋਂ ਵਧਣ ਨਹੀਂ ਦਿੱਤਾ। ਇਸੇ ਕਰਕੇ ਉਸ ਵਰਗਾ ਛਾਂਟਵੇ ਸਰੀਰ ਦਾ ਛੋਹਲਾ ਖਿਡਾਰੀ ਹਰ ਫੁਰਤੀ ਵਾਲੀ ਖੇਡ ਲਈ ਫਿੱਟ ਸੀ।
ਸੁਖਪਾਲ ਪਾਲੀ ਖੇਡ ਦੇ ਮੈਦਾਨ ਵਿਚ
ਪਾਲੀ ਦੇ ਖੇਡ ਜੀਵਨ ਦੀਆਂ ਅਜਿਹੀਆਂ ਹੀ ਕਈਆਂ ਘਟਨਾਵਾਂ ਹਨ ਜੋ ਉਸ ਦੀ ਖੇਡ ਦੀ ਸਿਖਰ ਦੀ ਕਹਾਣੀ ਬਿਆਨਦੀਆਂ। 1985 ਵਿੱਚ ਕਾਨਪੁਰ ਵਿਖੇ ਨੈਸ਼ਨਲ ਚੱਲ ਰਹੀ ਸੀ। ਉਸ ਵੇਲੇ ਪੰਜਾਬ ਦੀ ਟੀਮ ਦੀ ਗਿਣਤੀ ਮਾੜੀਆਂ ਟੀਮਾਂ ਵਿੱਚ ਹੀ ਹੁੰਦੀ ਸੀ। ਚਾਰ ਕੋਰਟਾਂ ਉਤੇ ਮੈਚ ਖੇਡੇ ਜਾ ਰਹੇ ਸਨ। ਪੰਜਾਬ ਵਾਲੇ ਕੋਰਟ ਉਤੇ ਕੋਈ ਦਰਸ਼ਕ ਨਹੀਂ ਸੀ। ਪੰਜਾਬ ਨੇ ਜਦੋਂ ਵੱਡਾ ਉਲਟ ਫੇਰ ਕਰਦਿਆਂ ਸਭ ਤੋਂ ਤਕੜੀ ਟੀਮ ਕੇਰਲਾ ਨੂੰ ਹਰਾਇਆ ਤਾਂ ਪੂਰੇ ਟੂਰਨਾਮੈਂਟ ਵਿੱਚ ਤਰਥੱਲੀ ਮੱਚ ਗਈ। ਸਾਰੀ ਭੀੜ ਪੰਜਾਬ ਵਾਲੇ ਕੋਰਟ ਉਤੇ ਜਮ੍ਹਾਂ ਹੋ ਗਈ। ਉਸ ਤੋਂ ਬਾਅਦ ਪੰਜਾਬ ਨੇ ਕੁਆਰਟਰ ਫਾਈਨਲ ਵਿੱਚ ਪੱਛਮੀ ਬੰਗਾਲ ਅਤੇ ਸੈਮੀ ਫਾਈਨਲ ਵਿੱਚ ਹਰਿਆਣਾ ਨੂੰ ਹਰਾਇਆ। ਫਾਈਨਲ ਰੇਲਵੇ ਤੋਂ ਹਾਰਨ ਦੇ ਬਾਵਜੂਦ ਪਾਲੀ ਹੀਰੋ ਬਣ ਗਿਆ। ਪੰਜਾਬ ਦੀ ਟੀਮ ਉਸ ਵੇਲੇ ਸਭ ਤੋਂ ਮਾੜੇ ਫਾਰਮੈਟ 2 ਲਿਫਟਰ ਤੇ 4 ਸਮੈਸ਼ਰਾਂ ਨਾਲ ਖੇਡਦੀ ਸੀ ਜਦੋਂ ਕਿ ਹਰ ਟੀਮ 1 ਲਿਫਟਰ ਤੇ 5 ਸਮੈਸ਼ਰਾਂ ਨਾਲ ਖੇਡਦੀ। ਪਾਲੀ ਦੱਸਦਾ ਹੈ ਕਿ ਸਾਨੂੰ ਉਸ ਵੇਲੇ ਸ਼ਰਮ ਆਉਂਦੀ ਸੀ ਕਿ ਉਨ੍ਹਾਂ ਦੀ ਟੀਮ ਇਸ ਫਾਰਮੈਟ ਵਿੱਚ ਖੇਡਦੀ ਹੈ। ਪਾਲੀ ਦੀ ਖੇਡ ਟੀਮ ਦੇ ਮਾੜੇ ਖਿਡਾਰੀ ਨੂੰ ਵੀ ਢਕ ਲੈਂਦੀ ਸੀ। ਵਾਲੀਬਾਲ ਵਿੱਚ ਉਹ ਪੂਰੇ ਗਰਾਊਂਡ ਵਿੱਚ ਮੋਰ ਵਾਂਗੂ ਪੈਲਾਂ ਪਾਉਂਦਾ ਸੀ। ਪਾਲੀ ਕਦੇ ਵੀ ਕਿਸੇ ਤਕੜੀ ਟੀਮ ਤੋਂ ਨਹੀਂ ਡਰਿਆ। ਬੀ.ਐਸ.ਐਫ. ਰਵਾਇਤੀ ਵਿਰੋਧੀ ਹੁੰਦੀ ਸੀ। ਨੈਸ਼ਨਲ ਵਿੱਚ ਦੱਖਣ ਭਾਰਤ ਦੀਆਂ ਟੀਮਾਂ ਤਕੜੀਆਂ ਹੁੰਦੀਆਂ ਸਨ। ਪਾਲੀ ਤਕੜੀ ਟੀਮ ਖਿਲਾਫ ਹੋਰ ਤਕੜਾ ਹੋ ਕੇ ਖੇਡਦਾ।
ਪਾਲੀ ਖੇਡਦਾ ਹੋਇਆ ਬਹੁਤ ਗੁਸੈਲ ਸੁਭਾਅ ਦਾ ਸੀ। ਸਾਹਮਣੀ ਟੀਮ ਵਾਲਾ ਥੋੜਾ ਜਿਹਾ ਵੀ ਉਕਸਾ ਦੇਵੇ ਤਾਂ ਉਹ ਗੁੱਸਾ ਬਾਲ ਉਤੇ ਕੱਢਦਾ ਸੀ। ਰੈਫਰੀ ਕਿਤੇ ਗਲਤ ਪੁਆਇੰਟ ਦੇ ਦੇਵੇ ਤਾਂ ਉਹ ਉਸ ਦੇ ਗਲ ਵਿੱਚ ਹੱਥ ਪਾਉਣ ਤੱਕ ਜਾਂਦਾ। ਗਾਲਾਂ ਕੱਢਣੀਆਂ ਤਾਂ ਆਮ ਗੱਲ ਸੀ। ਪਾਲੀ ਦੇ ਖੇਡ ਜੀਵਨ ਵਿੱਚ ਕਈ ਅਜਿਹੇ ਮੌਕੇ ਆਏ ਜਦੋਂ ਰੈਫਰੀ ਉਸ ਤੋਂ ਇੰਨਾ ਡਰਨ ਲੱਗੇ ਕਿ ਉਹ ਪਹਿਲਾਂ ਉਸ ਨੂੰ ਅਲਰਟ ਕਰਦੇ ਹੋਏ ਚਿਤਾਵਨੀ ਦੇ ਦਿੰਦੇ। ਪਾਲੀ ਦਾ ਮੰਨਣਾ ਹੈ ਕਿ ਜਦੋਂ ਜੀਅ ਜਾਨ ਨਾਲ ਖੇਡਿਆ ਜਾ ਰਿਹਾ ਹੋਵੇ ਤਾਂ ਧੱਕਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਤੇਜਕ ਹੋ ਕੇ ਉਸ ਦੀ ਖੇਡ ਕਦੇ ਨਹੀਂ ਵਿਗੜੀ ਸਗੋਂ ਹੋਰ ਹਮਲਾਵਰ ਰੁਖ ਵਿੱਚ ਆ ਜਾਂਦਾ। ਇਸ ਲਈ ਕੋਈ ਵੀ ਵਿਰੋਧੀ ਟੀਮ ਉਸਨੂੰ ਉਕਸਾਉਣ ਦੀ ਗਲਤੀ ਨਹੀਂ ਕਰਦੀ ਸੀ ਅਤੇ ਨਾ ਹੀ ਕੋਈ ਅੰਕ ਲੈ ਕੇ ਪਾਲੀ ਦੇ ਸਾਹਮਣੇ ਜਸ਼ਨ ਮਨਾਉਂਦੀ ਸੀ। ਪਾਲੀ ਆਪਣਾ ਸਾਰਾ ਗੁੱਸਾ ਗਰਾਊਂਡ ਵਿੱਚ ਹੀ ਕੱਢਦਾ ਸੀ। ਇਕੇਰਾਂ ਕਾਲੀਕੱਟ ਵਿਖੇ ਨੈਸ਼ਨਲ ਦੌਰਾਨ ਪੰਜਾਬ ਦੀ ਟੀਮ ਪਹਿਲਾ ਹੀ ਬਾਹਰ ਹੋ ਗਈ ਸੀ ਅਤੇ ਸਿਰਫ ਇਕ ਲੀਗ ਮੈਚ ਖੇਡਣਾ ਸੀ ਜਿਸ ਦੀ ਜਿੱਤ-ਹਾਰ ਦਾ ਕੋਈ ਫਰਕ ਨਹੀਂ ਪੈਣਾ ਸੀ। ਸਾਹਮਣੇ ਸਰਵਿਸਜ਼ ਦੀ ਟੀਮ ਸੀ ਜਿਸ ਲਈ ਸਿੱਧੇ ਸੈਟਾਂ ਦੀ ਜਿੱਤ ਅੱਗੇ ਵਧਣ ਲਈ ਬਹੁਤ ਜ਼ਰੂਰੀ ਸੀ। ਟੀਮ ਦਾ ਕੋਚ ਹਿਮਾਚਲੀ ਸੀ ਜਿਸ ਨੇ ਆਪਣੇ ਖਿਡਾਰੀਆਂ ਨੂੰ ਕਹਿ ਦਿੱਤਾ ਸੀ ਕਿ ਪਾਲੀ ਨਾਲ ਪੰਗਾ ਨਾ ਲਇਓ।
ਪਾਲੀ ਦੇ ਘਰ ਉਸ ਦੇ ਜਿੱਤੇ ਤਮਗਿਆਂ ਨਾਲ ਸ਼ਿੰਗਾਰੀ ਦੀਵਾਰ
ਪੰਜਾਬ ਦੀ ਟੀਮ ਸਿਰਫ ਰਸਮ ਨਿਭਾਉਣ ਲਈ ਬਿਨਾਂ ਕਿਸੇ ਉਤਸ਼ਾਹ ਤੋਂ ਖੇਡ ਰਹੀ ਸੀ। ਮੈਚ ਦੌਰਾਨ ਇਕ ਮੌਕੇ ਸਰਵਿਸਜ ਦੇ ਖਿਡਾਰੀਆਂ ਨੇ ਪਾਲੀ ਨੂੰ ਉਕਸਾਅ ਦਿੱਤਾ। ਫੇਰ ਕੀ ਸੀ, ਪਾਲੀ ਆਪਣੀ ਫਾਰਮ ਵਿੱਚ ਆ ਗਿਆ ਅਤੇ ਮਾਰ-ਮਾਰ ਵਾਲੀਆਂ ਮੈਚ ਦਾ ਪਾਸਾ ਹੀ ਪਲਟ ਦਿੱਤਾ। ਸਰਵਿਸਜ਼ ਦੀ ਟੀਮ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਈ ਅਤੇ ਕੋਚ ਖਿਡਾਰੀਆਂ ਨੂੰ ਗਾਲਾਂ ਕੱਢਦਾ ਬੋਲੇ, ''ਮੈਂ ਕਿਹਾ ਸੀ ਪਾਲੀ ਨੂੰ ਨਾ ਉਕਸਾਇਓ, ਹੁਣ ਭੁਗਤੋਂ ਨਤੀਜਾ।'' ਪਾਲੀ ਨੂੰ ਪੁਰਾਣੇ ਖਿਡਾਰੀਆਂ ਉਤੇ ਉਸ ਵੇਲੇ ਬਹੁਤ ਚਿੜ ਆਉਂਦੀ ਜਦੋਂ ਉਹ ਆਪਣੇ ਸਮੇਂ ਨੂੰ ਬਿਹਤਰ ਦੱਸਦੇ ਹੋਏ ਨਵੀਆਂ ਟੀਮਾਂ ਨੂੰ ਭੰਡਦੇ। ਇਕ ਵਾਰ ਕਲਕੱਤਾ ਵਿਖੇ ਸੈਮੀ ਫਾਈਨਲ ਮੈਚ ਹਾਰਨ ਤੋਂ ਬਾਅਦ ਜਦੋਂ ਉਨ੍ਹਾਂ ਦੀ ਟੀਮ ਵਾਪਸ ਪਰਤੀ ਤਾਂ ਪੁਰਾਣੇ ਖਿਡਾਰੀ ਟੀਮ ਨੂੰ ਤਾਅਨੇ ਮਾਰਨ ਲੱਗੇ। ਪਾਲੀ ਤੋਂ ਨਾ ਜਰਿਆ ਗਿਆ ਅਤੇ ਉਸ ਨੇ ਗਲੋਟੇ ਵਾਂਗੂ ਉਦੜਦਿਆਂ ਇਕ-ਇਕ ਕਰ ਕੇ ਸੁਣਾ ਦਿੱਤੀਆਂ, ''ਜੇ ਤੁਸੀਂ ਇੰਨੇ ਤਕੜੇ ਹੁੰਦੇ ਸੀ ਤਾਂ ਕਿਤੇ ਕੋਈ ਵੱਡਾ ਟੂਰਨਾਮੈਂਟ ਕਿਉਂ ਨਹੀਂ ਜਿੱਤਿਆ। ਮੈਂ ਤਾਂ ਫੇਰ ਵੀ ਏਸ਼ੀਅਨ ਗੇਮਜ਼ ਤੇ ਸੈਫ ਗੇਮਜ਼ ਦੇ ਮੈਡਲ ਜਿੱਤੇ ਹਨ।''
ਇੰਝ ਨਹੀਂ ਕਿ ਪਾਲੀ ਹਮੇਸ਼ਾ ਗੁੱਸੇ ਵਿੱਚ ਹੀ ਰਹਿੰਦਾ ਹੈ। ਉਹ ਮਖੌਲੀਆ ਵੀ ਹੈ ਅਤੇ ਹਾਸੇ ਠੱਠੇ ਦੀਆਂ ਗੱਲਾਂ ਵੀ ਚਟਕਾਰੇ ਲਾ ਕੇ ਸੁਣਾਉਂਦਾ ਹੈ। ਉਹ ਪੰਜਾਬ ਟੀਮ ਦੇ ਸਾਥੀ ਖਿਡਾਰੀ ਪਰਦੀਪ ਦੇ ਕਈ ਕਿੱਸੇ ਸੁਣਾਉਂਦਾ ਹੈ। ਪਰਦੀਪ ਨੂੰ ਰਾਤ ਨੂੰ ਸੁੱਤੇ ਪਏ ਹੀ ਉਠ ਕੇ ਤੁਰਨ ਅਤੇ ਬੁੜਬੜਾਉਣ ਦੀ ਬਹੁਤ ਆਦਤ ਸੀ। ਕਈ ਵਾਰ ਤਾਂ ਉਹ ਇੰਨੀਆਂ ਉਚੀ ਚੀਕਾਂ ਮਾਰਦਾ ਕਿ ਦੂਰ ਤੱਕ ਲੋਕ ਡਰ ਜਾਂਦੇ। ਇਕ ਵਾਰ ਬੰਗਲੌਰ ਤੋਂ ਖੇਡ ਕੇ ਪੰਜਾਬ ਟੀਮ ਰੇਲ ਗੱਡੀ ਰਾਹੀਂ ਵਾਪਸ ਆ ਰਹੀ ਸੀ। ਏ.ਸੀ.ਸਲੀਪਰ ਵਿੱਚ ਸਫਰ ਕਰਦਿਆਂ ਪਰਦੀਪ ਸੁੱਤਾ ਪਿਆ ਤੁਰਦਾ ਨਾਲਦੇ ਕੈਬਿਨ ਵਿੱਚ ਜਾ ਕੇ ਚੀਕਾਂ ਮਾਰਨ ਲੱਗਿਆ। ਉਥੇ ਇਕ ਲੇਡੀ ਅਫਸਰ ਸੁੱਤੀ ਪਈ ਸੀ ਜਿਸ ਨੇ ਪਰਦੀਪ ਨੂੰ ਆਇਆ ਦੇਖ ਕੇ ਕਲੇਸ਼ ਪਾ ਲਿਆ। ਪੰਜਾਬ ਦੇ ਖਿਡਾਰੀ ਉਠ ਕੇ ਸਮਝਾਉਣ ਗਏ ਪਰ ਅੱਗਿਓ ਉਹ ਕਿੱਥੇ ਸੁਣੇ। ਪਾਲੀ ਉਸ ਵੇਲੇ ਡੀ.ਐਸ.ਪੀ. ਲੱਗਾ ਸੀ ਅਤੇ ਜਦੋਂ ਉਹ ਆਪਣੀ ਜਾਣ-ਪਛਾਣ ਦੱਸ ਕੇ ਲੇਡੀ ਨੂੰ ਚੁੱਪ ਕਰਵਾਉਣ ਲੱਗਾ ਤਾਂ ਉਹ ਅੱਗਿਓ ਬੋਲੀ, ''ਕੀ ਹੋਇਆ ਜੇ ਤੂੰ ਡੀ.ਐਸ.ਪੀ. ਲੱਗਾ, ਮੈਂ ਵੀ ਡੀ.ਸੀ. ਚੰਬਾ ਹਾਂ।''
ਕੋਟਲਾ ਸ਼ਾਹੀਆ (ਬਟਾਲਾ) ਵਿਖੇ ਕਮਲਜੀਤ ਖੇਡਾਂ ਦੌਰਾਨ ਪਾਲੀ ਦੇ ਸਨਮਾਨ ਸਮਾਰੋਹ ਮੌਕੇ ਲੇਖਕ ਸਾਰੇ ਸਨਮਾਨਤ ਖਿਡਾਰੀਆਂ ਨਾਲ ਸੈਲਫੀ ਲੈਂਦਾ ਹੋਇਆ
ਪਾਲੀ ਹੁਰਾਂ ਨੂੰ ਉਨੀਆਂ ਤਰੇਲੀਆ ਕਿਸੇ ਤਕੜੇ ਮੈਚ ਵਿੱਚ ਨਹੀਂ ਆਈਆਂ ਜਿੰਨੀਆਂ ਉਸ ਦਿਨ ਡੀ.ਸੀ. ਮੈਡਮ ਨੂੰ ਮਨਾਉਣ ਵਿੱਚ ਆਈਆਂ। 10 ਮਿੰਟ ਮਿੰਨਤਾਂ ਕਰ ਕੇ ਉਸ ਨੇ ਪਰਦੀਪ ਦੀ ਜਾਨ ਛੁਡਾਈ। ਪਾਲੀ ਦੱਸਦਾ ਹੈ ਕਿ ਉਸ ਦਿਨ ਤੋਂ ਉਨ੍ਹਾਂ ਫੈਸਲਾ ਕਰ ਲਿਆ ਕਿ ਸੈਕਿੰਡ ਕਲਾਸ ਵਿੱਚ ਸਫਰ ਮਨਜ਼ੂਰ ਹੈ ਪਰ ਪਰਦੀਪ ਨੂੰ ਲੈ ਕੇ ਕਿਤੇ ਏ.ਸੀ. ਸਲੀਪਰ ਵਿੱਚ ਸਫਰ ਨਹੀਂ ਕਰਨਾ। ਇਸੇ ਤਰ੍ਹਾਂ ਹੀ ਇਕ ਵਾਰ ਪਟਿਆਲਾ ਕੈਂਪ ਵਿੱਚ ਵੀ ਪਰਦੀਪ ਰਾਤ ਨੂੰ ਉਚੀ ਉਚੀ ਬੋਲਦਾ ਕੂਲਰ ਕੋਲ ਚਲਾ ਗਿਆ ਤਾਂ ਸਾਥੀ ਖਿਡਾਰੀ ਸ਼ਰਦ ਡਰ ਗਿਆ ਕਿ ਕਿਧਰੇ ਪਰਦੀਪ ਨੇ ਕੂਲਰ ਦੇ ਫਰਾਂ ਵਿੱਚ ਸਿਰ ਹੀ ਨਾ ਦੇ ਦਿੱਤਾ ਹੋਵੇ। ਪਾਲੀ ਨੇ ਪਰਦੀਪ ਦਾ ਇਹ ਟੋਟਕਾ ਜਦੋਂ ਪਿਛੇ ਜਿਹੇ ਲੌਕਡਾਊਨ ਦੌਰਾਨ ਯੂ.ਟਿਊਬ ਉਤੇ ਸਾਂਝਾ ਕੀਤਾ ਤਾਂ ਕੈਨੇਡਾ ਰਹਿੰਦਾ ਪਰਦੀਪ ਉਸ ਨਾਲ ਬਹੁਤ ਲੜਿਆ। ਪਾਲੀ ਦੱਸਦਾ ਹੈ ਕਿ ਪਰਦੀਪ ਦੀ ਇਹ ਆਦਤ ਵਿਆਹ ਤੋਂ ਬਾਅਦ ਠੀਕ ਹੋ ਗਈ ਸੀ।
ਸੁਖਪਾਲ ਪਾਲੀ ਨੂੰ ਬੈਸਟ ਆਊਟਸਾਈਡ ਹਿੱਟਰ ਆਫ ਇੰਡੀਆ, ਦੇਸ਼ ਦਾ ਬਿਹਤਰੀਨ ਸਪਾਈਕਰ ਕਿਹਾ ਜਾਂਦਾ ਹੈ। ਪੰਜਾਬ ਸਰਕਾਰ ਨੇ ਉਸ ਨੂੰ 1989 ਵਿੱਚ 'ਮਹਾਰਾਜਾ ਰਣਜੀਤ ਸਿੰਘ ਐਵਾਰਡ' ਅਤੇ ਭਾਰਤ ਸਰਕਾਰ ਨੇ 2000 ਵਿੱਚ 'ਅਰਜੁਨਾ ਐਵਾਰਡ' ਨਾਲ ਸਨਮਾਨਿਆ। ਨਿੱਪੀ ਤੇ ਬੱਲੂ ਤੋਂ ਬਾਅਦ ਪਾਲੀ ਤੀਜਾ ਪੰਜਾਬੀ ਵਾਲੀਬਾਲ ਖਿਡਾਰੀ ਹੈ ਜਿਸ ਨੂੰ ਇਹ ਸਨਮਾਨ ਮਿਲਿਆ। ਅਰਜੁਨਾ ਐਵਾਰਡ ਉਸ ਨੂੰ ਬਹੁਤ ਦੇਰੀ ਨਾਲ ਮਿਲਿਆ ਜਦੋਂ ਉਹ ਆਪਣੀ ਖੇਡ ਛੱਡ ਚੁੱਕਾ ਸੀ। ਅਰਜੁਨਾ ਐਵਾਰਡ ਪਿੱਛੇ ਵੀ ਉਸ ਦੀ ਇਕ ਕਹਾਣੀ ਹੈ। ਉਸ ਨੇ ਕਦੇ ਵੀ ਇਸ ਐਵਾਰਡ ਲਈ ਜੋੜ-ਤੋੜ ਜਾਂ ਸਿਫਾਰਸ਼ ਨਹੀਂ ਲਗਾਈ। ਉਸ ਤੋਂ ਮਾੜੇ ਖਿਡਾਰੀਆਂ ਦਾ ਨਾਮ ਭੇਜ ਦਿੱਤਾ ਜਾਂਦਾ ਅਤੇ ਉਹ ਅਣਗੌਲਿਆ ਰਹਿ ਜਾਂਦਾ। 2000 ਵਿੱਚ ਸੁਖਦੇਵ ਸਿੰਘ ਢੀਂਡਸਾ ਭਾਰਤ ਦੇ ਖੇਡ ਮੰਤਰੀ ਸਨ। ਪਾਲੀ ਦੀ ਖੇਡ ਦੇ ਬਹੁਤ ਦੀਵਾਨੇ ਹੋਏ ਹਨ। ਖਾਸ ਕਰਕੇ ਸੰਗਰੂਰ ਇਲਾਕੇ ਦੇ ਲੋਕ ਉਸ ਦੀ ਖੇਡ ਦੇ ਬਹੁਤ ਮੁਰੀਦ ਸਨ। ਉਸ ਦੇ ਪ੍ਰਸੰਸਕਾਂ ਨੇ ਸੁਖਦੇਵ ਸਿੰਘ ਢੀਂਡਸਾ ਨੂੰ ਸਿਫਾਰਸ਼ ਕੀਤੀ। ਢੀਂਡਸਾ ਹੁਰਾ ਨੇ ਪਾਲੀ ਨੂੰ ਪਟਿਆਲਾ ਸਰਕਟ ਹਾਊਸ ਵਿਖੇ ਬੁਲਾਇਆ। ਉਹ ਖੁਦ ਵੀ ਉਸ ਦੀ ਖੇਡ ਤੋਂ ਪ੍ਰਭਾਵਿਤ ਸਨ। ਪਾਲੀ ਨੂੰ ਪਤਾ ਲੱਗਿਆ ਕਿ ਵਾਲੀਬਾਲ ਫੈਡਰੇਸ਼ਨ ਵੱਲੋਂ ਪਾਲੀ ਨਾਲੋਂ ਅੱਗੇ ਇਕ ਅਜਿਹੇ ਖਿਡਾਰੀ ਦਾ ਨਾਂ ਭੇਜ ਦਿੱਤਾ ਜਿਸ ਦਾ ਰਿਕਾਰਡ ਪਾਲੀ ਨਾਲੋਂ ਅੱਧਾ ਵੀ ਨਹੀਂ। ਦੋਵਾਂ ਨੂੰ ਹੀ ਪਤਾ ਸੀ ਕਿ ਇਸ ਪਿੱਛੇ ਫੈਡਰੇਸ਼ਨ ਸਕੱਤਰ ਰਾਜ ਕੁਮਾਰ ਦਾ ਹੱਥ ਹੈ ਜਿਸ ਦੀ ਪਾਲੀ ਨਾਲ ਨਹੀਂ ਬਣਦੀ ਸੀ। ਢੀਂਡਸਾ ਹੁਰਾ ਨੇ ਉਸ ਵੇਲੇ ਆਪਣਾ ਖੇਡ ਪਿਆਰ ਦਿਖਾਉਂਦਿਆਂ ਨਾ ਸਿਰਫ ਪਾਲੀ ਨੂੰ ਇਹ ਐਵਾਰਡ ਦਿਵਾਇਆ ਬਲਕਿ ਉਸ ਸਮੇਂ ਭਾਰਤੀ ਖੇਡਾਂ ਦੇ ਬਹੁਤ ਭੁੱਲੇ ਵਿਸਰੇ ਖਿਡਾਰੀਆਂ ਨੂੰ ਅਰਜੁਨਾ ਐਵਾਰਡ ਦਾ ਸਨਮਾਨ ਦਿਵਾਇਆ ਜਿਨ੍ਹਾਂ ਨੂੰ ਬਹੁਤ ਪਹਿਲਾਂ ਬਣਦਾ ਹੱਕ ਮਿਲਣਾ ਚਾਹੀਦਾ ਸੀ। ਇਨ੍ਹਾਂ ਖਿਡਾਰੀਆਂ ਵਿੱਚ ਕੌਸ਼ਿਕ, ਬਲਬੀਰ ਸਿੰਘ, ਪ੍ਰਦੁੱਮਣ ਸਿੰਘ, ਬਲਵਿੰਦਰ ਫਿੱਡੂ ਆਦਿ ਸ਼ਾਮਲ ਸਨ।
ਸੁਖਪਾਲ ਪਾਲੀ ਹੋਰਨਾਂ ਸਨਮਾਨਤ ਸਖਸ਼ੀਅਤਾਂ ਨਾਲ ਦਰਸ਼ਕਾਂ ਅੱਗੋ ਗੁਜ਼ਰਦਾ ਹੋਇਆ
ਸੁਖਪਾਲ ਪਾਲੀ ਨੂੰ ਮੈਂ ਪਹਿਲੀ ਵਾਰ ਆਪਣੇ ਜਲੰਧਰ ਦੇ ਦਿਨਾਂ ਵਿੱਚ ਮਿਲਿਆ ਜਦੋਂ ਉਹ ਸਪੋਰਟਸ ਸਕੂਲ ਜਲੰਧਰ ਵਿਖੇ ਬਤੌਰ ਅਧਿਕਾਰੀ ਹਾਜ਼ਰ ਹੋਇਆ ਸੀ। ਇਸ ਮੁਲਾਕਾਤ ਦੌਰਾਨ ਮੈਨੂੰ ਮਹਿਸੂਸ ਹੋਇਆ ਕਿ ਪਾਲੀ ਨੂੰ ਇਸ ਗੱਲ ਦਾ ਗਿਲਾ ਜ਼ਰੂਰ ਹੈ ਕਿ ਵਾਲੀਬਾਲ ਜਿਹੀਆਂ ਖੇਡਾਂ ਨੂੰ ਮੀਡੀਆ ਜ਼ਿਆਦਾ ਤਵੱਜੋਂ ਨਹੀਂ ਦਿੰਦਾ ਅਤੇ ਨਾ ਹੀ ਇਸ ਖੇਡ ਦੇ ਕੌਮਾਂਤਰੀ ਖਿਡਾਰੀਆਂ ਦੀ ਪੁੱਛ-ਗਿੱਛ ਹੈ। ਪਾਲੀ ਦਾ ਸ਼ਿਕਵਾ ਵੀ ਜਾਇਜ਼ ਸੀ। ਅੱਜ ਕ੍ਰਿਕਟ ਦੇ ਰਣਜੀ ਪੱਧਰ ਦੇ ਖਿਡਾਰੀ ਨੂੰ ਹਰ ਕੋਈ ਜਾਣਦਾ ਹੈ ਅਤੇ ਵਾਲੀਬਾਲ ਵਿੱਚ ਏਸ਼ਿਆਈ ਖੇਡਾਂ ਦਾ ਤਮਗਾ ਜੇਤੂ ਅਤੇ ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਸੁਖਪਾਲ ਸਿੰਘ ਵਰਗੇ ਖਿਡਾਰੀਆਂ ਨੂੰ ਲੋਕ ਘੱਟ ਜਾਣਦੇ ਹਨ। ਪਾਲੀ ਨੇ ਸਾਨੂੰ ਇਕ-ਦੋ ਪੱਤਰਕਾਰਾਂ ਨੂੰ ਤੰਜ ਕਸਦਿਆਂ ਵੀ ਕਿਹਾ ਸੀ, ''ਭਰਾਵੋਂ ਤੁਸੀਂ ਕਿਵੇਂ ਭੁੱਲ ਭੁਲੇਖੇ ਵਾਲੀਬਾਲ ਕਵਰ ਕਰਨ ਆ ਗਏ।'' ਉਸ ਤੋਂ ਬਾਅਦ ਕਈ ਮੌਕਿਆਂ 'ਤੇ ਪਾਲੀ ਨਾਲ ਵਿਚਰਨ ਦਾ ਮੌਕਾ ਮਿਲਿਆ। ਕੋਟਲਾ ਸ਼ਾਹੀਆ ਵਿਖੇ ਕਮਲਜੀਤ ਖੇਡਾਂ-2017 ਦੌਰਾਨ ਜਦੋਂ ਉਸ ਨੂੰ 'ਮੇਜਰ ਵਜਿੰਦਰ ਸਿੰਘ ਸ਼ਾਹੀ ਪੰਜਾਬ ਦਾ ਗੌਰਵ' ਐਵਾਰਡ ਨਾਲ ਸਨਮਾਨਤ ਕੀਤਾ ਤਾਂ ਮੈਨੂੰ ਉਸ ਦਾ ਮਾਣ ਪੱਤਰ ਪੜ੍ਹਨ ਦਾ ਮੌਕਾ ਮਿਲਿਆ। ਪੰਜਾਬ ਪੁਲਸ ਵਿੱਚ ਐਸ.ਪੀ. ਰੈਂਕ 'ਤੇ ਤਾਇਨਾਤ ਪਾਲੀ ਅੱਜ-ਕੱਲ੍ਹ ਲੁਧਿਆਣਾ ਵਿਖੇ ਡੀ.ਸੀ.ਪੀ. ਟ੍ਰੈਫਿਕ ਲੱਗਿਆ ਹੈ। ਪਾਲੀ ਜਦੋਂ ਸੀ.ਐਮ. ਸਕਿਓਰਟੀ ਵਿੱਚ ਤਾਇਨਾਤ ਸੀ ਤਾਂ ਉਸ ਨੂੰ ਨੇੜਿਓ ਦੇਖਣ ਤੇ ਸਮਝਣ ਦਾ ਮੌਕਾ ਮਿਲਿਆ। ਪਿਛਲੇ ਸਾਲ ਦੋਆਬਾ ਖੇਤਰ ਵਿੱਚ ਆਏ ਭਾਰੀ ਹੜ੍ਹਾਂ ਸਮੇਂ ਮੁੱਖ ਮੰਤਰੀ ਵੱਲੋਂ ਸੁਲਤਾਨਪੁਰ ਲੋਧੀ ਦੇ ਦਰਿਆ ਨੇੜਲੇ ਪਿੰਡਾਂ ਦਾ ਦੌਰਾ ਰੱਖਿਆ ਹੋਇਆ ਸੀ। ਉਥੇ ਸਾਰਾ ਦਿਨ ਪਾਲੀ ਨਾਲ ਬਿਤਾਉਣ ਦਾ ਮੌਕਾ ਮਿਲਿਆ।
ਡਿਊਟੀ ਕਰਦਾ ਉਹ ਬਹੁਤ ਪ੍ਰੈਕਟੀਕਲ ਹੈ। ਕਾਗਜ਼ੀ ਕਾਰਵਾਈ ਨਾਲੋਂ ਮੌਕੇ ਦੀ ਸਥਿਤੀ ਅਨੁਸਾਰ ਫੈਸਲਾ ਲੈਣ ਦੀ ਉਹ ਸਮਰੱਥਾ ਰੱਖਦਾ ਹੈ। ਖਿਡਾਰੀ ਹੋਣ ਕਰਕੇ ਉਹ ਦਰਿਆਂ ਨਾਲ ਪਏ ਪਾੜ ਕਾਰਨ ਕਈ ਕਈ ਮੀਲ ਸਭ ਤੋਂ ਅੱਗੇ ਭੱਜ ਕੇ ਮੂਹਰੇ ਪਹੁੰਚ ਜਾਂਦਾ। ਪਾਲੀ ਨੇ ਸਾਡੀ ਪੀ.ਆਰ.ਟੀਮ ਦੀ ਬੜੀ ਮੱਦਦ ਕੀਤੀ। ਬੰਨ੍ਹ ਵਿੱਚ ਪਾੜ ਪੈਣ ਕਰਕੇ ਗੱਡੀਆਂ ਦੇ ਰਾਸਤੇ ਬੰਦ ਸਨ ਅਤੇ ਸਾਡੀ ਟੀਮ ਨੂੰ ਮੁੱਖ ਮੰਤਰੀ ਦੇ ਦੌਰੇ ਤੋਂ ਪਹਿਲਾਂ ਪਹੁੰਚਾਣ ਵਿੱਚ ਮੱਦਦ ਕੀਤੀ। ਖੇਡਾਂ ਦਾ ਨਾਂ ਸੁਣ ਕੇ ਹੀ ਉਸ ਦਾ ਦਿਨ ਭਰ ਦਾ ਥਕੇਵਾਂ ਉਤਰਦਿਆਂ ਮੈਂ ਅੱਖੀ ਵੇਖਿਆ। ਪਾਲੀ ਕਹਿੰਦਾ ਹੈ, ''ਜਦੋਂ ਮੈਨੂੰ ਕੋਈ ਕਿਸੇ ਖੇਡ ਸਮਾਗਮ ਵਿੱਚ ਬੁਲਾ ਕੇ ਸਟੇਜ ਤੋਂ ਐਸ.ਪੀ. ਜਾਂ ਡੀ.ਸੀ.ਪੀ. ਕਹਿ ਕੇ ਸੰਬੋਧਨ ਕਰਦਾ ਹੈ ਤਾਂ ਮੈਨੂੰ ਬਹੁਤ ਗੁੱਸਾ ਆਉਂਦਾ ਹੈ। ਡਿਊਟੀ ਤੋਂ ਬਾਹਰ ਮੇਰੀ ਪਛਾਣ ਖਿਡਾਰੀ ਪਾਲੀ ਦੀ ਹੈ।'' ਉਸ ਦੇ ਇਸੇ ਸੁਭਾਅ ਕਰਕੇ ਮੈਂ ਦੇਖਿਆ ਜਦੋਂ ਵੀ ਮੈਂ ਉਸ ਨਾਲ ਖੇਡ ਜੀਵਨ ਦੀ ਕੋਈ ਗੱਲ ਛੇੜ ਲੈਂਦਾ ਤਾਂ ਉਹ ਘੰਟਿਆਂ ਬੱਧੀ ਗੱਲਾਂ ਕਰਨ ਲੱਗ ਜਾਂਦਾ। ਪਾਲੀ ਦੱਸਦਾ ਹੈ ਕਿ ਉਸ ਦੀ ਇੱਛਾ ਤਾਂ ਸਾਰੀ ਉਮਰ ਪੀ.ਏ.ਪੀ. ਵਿੱਚ ਹੀ ਡਿਊਟੀ ਕਰ ਕੇ ਕੱਢਣ ਦੀ ਸੀ। 2001 ਵਿੱਚ ਉਸ ਨੂੰ ਬੁਢਲਾਡਾ ਡੀ.ਐਸ.ਪੀ. ਲਗਾ ਦਿੱਤਾ ਜਿੱਥੇ ਉਸ ਨੂੰ ਪਹਿਲੇ ਪਹਿਲ ਬਹੁਤ ਔਖਾ ਲੱਗਿਆ। ਵਾਲੀਬਾਲ ਦਾ ਨੈਟ ਤੇ ਗਰਾਊਂਡ ਤੋਂ ਬਾਹਰ ਉਸ ਦਾ ਵਾਹ ਥਾਣਿਆਂ ਦੀਆਂ ਮਿਸਲਾਂ ਨਾਲ ਪੈਣ ਲੱਗਾ। ਹੌਲੀ-ਹੌਲੀ ਉਹ ਡਿਊਟੀ ਵਿੱਚ ਵੀ ਵਾਲੀਬਾਲ ਖੇਡ ਵਾਂਗ ਪ੍ਰਪੱਕ ਹੋ ਗਿਆ। ਉਸ ਦਾ ਨਾਮ ਮੋਹਰੀ ਕਤਾਰ ਦੇ ਚੰਗੇ ਪੁਲਸ ਅਫਸਰਾਂ ਵਿੱਚ ਆਉਂਦਾ ਹੈ। ਉਸ ਨੇ ਕਦੇ ਵੀ ਪੋਸਟਿੰਗ ਪਿੱਛੇ ਕਿਸੇ ਨੂੰ ਅਪਰੋਚ ਨਹੀਂ ਕੀਤਾ। ਜਿਵੇਂ ਉਹ ਖੇਡਿਆ, ਉਵੇਂ ਹੀ ਉਸ ਨੇ ਡਿਊਟੀ ਕੀਤੀ।
ਪੰਜਾਬ ਪੁਲਸ ਦੀ ਵਰਦੀ ਵਿੱਚ ਐਸ.ਪੀ. ਸੁਖਪਾਲ ਸਿੰਘ ਬਰਾੜ
ਪਾਲੀ ਦਾ ਖੇਡ ਤੇ ਪੁਲਿਸ ਅਫਸਰ ਵਜੋਂ ਜੀਵਨ ਜਿੱਥੇ ਸੁਖਦ ਤੇ ਤਸੱਲੀਬਖ਼ਸ਼ ਰਿਹਾ ਹੈ ਉਥੇ ਉਸ ਨਾਲ ਪਰਿਵਾਰਕ ਜੀਵਨ ਵਿੱਚ ਬਹੁਤ ਵੱਡੀ ਅਣਹੋਣੀ ਹੋਈ। 2017 ਵਿੱਚ ਉਸ ਦੀ 52 ਵਰ੍ਹਿਆਂ ਦੀ ਪਤਨੀ ਬਲਜੀਤ ਕੌਰ ਪਾਲੀ ਅਤੇ ਆਪਣੀਆਂ ਦੋ ਧੀਆਂ ਨੂੰ ਛੱਡ ਕੇ ਇਸ ਦੁਨੀਆਂ ਤੋਂ ਚਲੀ ਗਈ। ਟਾਂਡਾ (ਹੁਸ਼ਿਆਰਪੁਰ) ਦੀ ਰਹਿਣ ਵਾਲੀ ਉਸ ਦੀ ਪਤਨੀ ਵੀ ਕੌਮੀ ਪੱਧਰ ਦੀ ਵੱਡੀ ਖਿਡਾਰਨ ਸੀ ਅਤੇ ਭਾਰਤੀ ਮਹਿਲਾ ਵਾਲੀਬਾਲ ਟੀਮ ਵੱਲੋਂ ਵੀ ਉਸ ਨੇ ਕੁਝ ਮੈਚ ਖੇਡੇ ਹਨ। ਪੰਜ ਸਾਲ ਬਲੱਡ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਜੂਝਣ ਤੋਂ ਬਾਅਦ ਬਲਜੀਤ ਕੌਰ ਦੇ ਤੁਰ ਜਾਣ ਤੋਂ ਬਾਅਦ ਪਾਲੀ ਨੇ ਆਪਣੀਆਂ ਬੇਟੀਆਂ ਦੀ ਪਰਵਿਰਸ਼ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ। ਵੱਡੀ ਬੇਟੀ ਅਰਸ਼ਦੀਪ ਵਿਆਹ ਦਿੱਤੀ ਜੋ ਅੱਜ ਕੈਨੇਡਾ ਸੈਟਲ ਹੈ। ਛੋਟੀ ਬੇਟੀ ਟਿਮਨਜ਼ ਵੀ ਕੈਨੇਡਾ ਆਪਣੀ ਮਾਸੀ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਹੈ। ਪਾਲੀ ਦਾ ਪੱਕਾ ਘਰ ਜਲੰਧਰ ਵਿਖੇ ਕੈਂਟ ਰੋਡ ਵਿਖੇ ਹੈ ਪਰ ਉਸ ਦੀ ਇੱਛਾ ਲੁਧਿਆਣਾ ਨੇੜੇ ਘਰ ਬਣਾਉਣ ਦੀ ਹੈ ਜਿੱਥੇ ਉਹ ਘਰ ਦੇ ਨਾਲ ਹੀ ਵਾਲੀਬਾਲ ਕੋਰਟ ਲਗਾਵੇ ਜਿੱਥੇ ਉਹ ਆਪਣਾ ਰਿਟਾਇਰਮੈਂਟ ਤੋਂ ਬਾਅਦ ਦਾ ਸਮਾਂ ਨਵੀਂ ਉਮਰ ਦੇ ਖਿਡਾਰੀਆਂ ਨੂੰ ਮੁਫਤ ਕੋਚਿੰਗ ਦੇਣ ਵਿੱਚ ਲਗਾਏ। ਪਾਲੀ ਵਰਗੇ ਖਿਡਾਰੀ ਨਿੱਤ-ਨਿੱਤ ਨਹੀਂ ਜੰਮਦੇ। ਭਾਰਤੀ ਵਾਲੀਬਾਲ ਵੀ ਪਾਲੀ ਦੇ ਖੇਡ ਛੱਡਣ ਤੋਂ ਬਾਅਦ ਲਾਵਾਰਸ ਹੋ ਗਈ। ਕੌਮਾਂਤਰੀ ਮੁਕਾਬਲਿਆਂ ਵਿੱਚ ਟੀਮ ਦਾ ਜੋ ਹਸ਼ਰ ਹੁੰਦਾ ਹੈ ਵਾਲੀਬਾਲ ਪ੍ਰੇਮੀ ਪਾਲੀ ਦੇ ਸਮੇਂ ਨੂੰ ਯਾਦ ਕਰਦੇ ਹਨ। ਪਾਲੀ ਨੂੰ ਕਈ ਵਾਰ ਮਾੜੀਆਂ ਟੀਮਾਂ ਹੱਥੋਂ ਭਾਰਤ ਦੀ ਹਾਰ ਉਤੇ ਗੁੱਸਾ ਵੀ ਆਉਂਦਾ ਹੈ। ਇਸੇ ਕਰਕੇ ਉਹ ਆਪਣਾ ਆਉਣ ਵਾਲਾ ਸਮਾਂ ਨਵੇਂ ਖਿਡਾਰੀਆਂ ਨੂੰ ਤਰਾਸ਼ਣ ਵਿੱਚ ਲਗਾਉਣਾ ਚਾਹੁੰਦਾ ਹੈ। ਭਾਰਤੀ ਵਾਲੀਬਾਲ ਨੂੰ ਵੀ ਅੱਜ ਪਾਲੀ ਵਰਗਿਆਂ ਦੀ ਹੀ ਲੋੜ ਹੈ।
ਪ੍ਰਸਿੱਧ ਕ੍ਰਿਕਟ ਖਿਡਾਰੀਆਂ ਦੇ ਨਾਮ ਨਾਲ ਜਾਣੀਆਂ ਜਾਣਗੀਆਂ ਰੌਕਬੈਂਕ ਦੀਆਂ ਸੜਕਾਂ
NEXT STORY