ਪਿਛਲੇ ਹਫ਼ਤੇ ਸੰਸਦ ਦੇ ਦੋਵਾਂ ਸਦਨਾਂ ਵਿਚ ਬਹਿਸ ਦੌਰਾਨ ਸਰਕਾਰ ਨੇ ਇਹ ਪ੍ਰਭਾਵ ਦਿੱਤਾ ਕਿ ਆਪ੍ਰੇਸ਼ਨ ਸਿੰਧੂਰ ਨੂੰ ਆਖਿਰਕਾਰ ਰੋਕ ਦਿੱਤਾ ਗਿਆ ਹੈ, ਉਦੇਸ਼ ਪ੍ਰਾਪਤ ਹੋ ਗਏ ਹਨ ਅਤੇ ਇਹ ਆਪਣੇ ਪੁਰਾਣੇ ਤਰੀਕਿਆਂ ’ਤੇ ਵਾਪਸ ਆ ਗਿਆ ਹੈ। ਇਹ ਗਲਤ ਹੋਵੇਗਾ। ਸੱਚਾਈ ਇਹ ਹੈ ਕਿ ਜਦੋਂ ਸਿਵਲੀਅਨ ਸਰਕਾਰ ਨੇ ਤਾਕਤ ਨਾਲ ਗੇਂਦ ਖੋਹ ਲਈ ਤਾਂ ਫੌਜ ਇਕ ਮੁਸ਼ਕਲ ਖੇਡ ਖੇਡ ਰਹੀ ਸੀ।
‘ਆਪ੍ਰੇਸ਼ਨ ਸਿੰਧੂਰ’ ਨੇ ਕੁਝ ਮਿੱਥਾਂ ਨੂੰ ਤੋੜ ਦਿੱਤਾ ਕਿ ਪਾਕਿਸਤਾਨ ਵਿਰੁੱਧ ਜੰਗ ਲੜਨਾ ਆਸਾਨ ਹੋਵੇਗਾ, ਰਵਾਇਤੀ ਯੁੱਧ ਵਿਚ ਭਾਰਤ ਦੀ ਉੱਤਮਤਾ ਬਰਕਰਾਰ ਰਹੇਗੀ ਅਤੇ ਭਾਰਤ ਦੇ ਬਹੁਤ ਸਾਰੇ ਦੋਸਤ ਹਨ ਅਤੇ ਪਾਕਿਸਤਾਨ ਦਾ ਕੋਈ ਨਹੀਂ।
ਫੌਜੀ ਬਨਾਮ ਰਾਜਨੀਤਿਕ : ਫੌਜੀ ਲੀਡਰਸ਼ਿਪ ਮਿਸਾਲੀ ਸੀ। ਸਪੱਸ਼ਟ ਤੌਰ ’ਤੇ ਉਨ੍ਹਾਂ ਨੇ ਆਪ੍ਰੇਸ਼ਨਲ ਆਜ਼ਾਦੀ ਦੀ ਮੰਗ ਕੀਤੀ ਅਤੇ ਇਸ ਨੂੰ ਪ੍ਰਾਪਤ ਕੀਤਾ। ਭਾਰਤੀ ਹਥਿਆਰਬੰਦ ਸੈਨਾਵਾਂ ਦੇ ਪਹਿਲੇ ਕਦਮ ਚੁੱਕਣ ਦੇ ਫਾਇਦੇ ਨੇ ਉਨ੍ਹਾਂ ਨੂੰ ਸ਼ੁਰੂਆਤੀ ਜਿੱਤਾਂ ਦਿਵਾਈਆਂ। ਅੱਤਵਾਦੀ ਢਾਂਚੇ ਵਾਲੇ 9 ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਕਈ ਅੱਤਵਾਦੀ ਮਾਰੇ ਗਏ। ਹਾਲਾਂਿਕ ਹਥਿਆਰਬੰਦ ਸੈਨਾਵਾਂ ਨੇ ਜਲਦੀ ਹੀ ਵਾਪਸੀ ਕਰ ਲਈ। ਉਨ੍ਹਾਂ ਨੇ 7-8 ਮਈ ਨੂੰ ਚੀਨ ਦੇ ਬਣੇ ਜਹਾਜ਼ (ਜੇ-10), ਚੀਨ ’ਚ ਬਣੀਆਂ ਮਿਜ਼ਾਈਲਾਂ (ਪੀ. ਐੱਲ.-15) ਅਤੇ ਤੁਰਕੀ ਤੋਂ ਪ੍ਰਾਪਤ ਡਰੋਨਾਂ ਦੀ ਵਰਤੋਂ ਕਰਕੇ ਜਵਾਬੀ ਹਮਲਾ ਕੀਤਾ।
ਇਹ ਮਹਿਸੂਸ ਕਰਦੇ ਹੋਏ ਕਿ ‘ਰਣਨੀਤਿਕ ਗਲਤੀਆਂ’ ਹੋਈਆਂ ਹਨ, ਫੌਜੀ ਲੀਡਰਸ਼ਿਪ ਨੇ ਆਪ੍ਰੇਸ਼ਨ ਰੋਕ ਦਿੱਤਾ ਅਤੇ ‘ਮੁੜ ਯੋਜਨਾਬੰਦੀ’ ਕੀਤੀ। ਇਹੀ ਲੀਡਰਸ਼ਿਪ ਹੈ। ਇਸ ਨੇ 9-10 ਮਈ ਨੂੰ ਆਪ੍ਰੇਸ਼ਨ ਫਿਰ ਤੋਂ ਸ਼ੁਰੂ ਕੀਤਾ, 11 ਫੌਜੀ ਹਵਾਈ ਅੱਡਿਆਂ ’ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਲਾਜ਼ਮੀ ਤੌਰ ’ਤੇ ਭਾਰਤੀ ਹਥਿਆਰਬੰਦ ਸੈਨਾਵਾਂ ਨੂੰ ਕੁਝ ‘ਨੁਕਸਾਨ’ ਹੋਇਆ ਅਤੇ ਚੀਫ ਆਫ ਡਿਫੈਂਸ ਸਟਾਫ ਅਤੇ ਡਿਪਟੀ ਚੀਫ ਆਫ ਆਰਮੀ ਸਟਾਫ ਨੇ ਨੁਕਸਾਨ ਨੂੰ ਸਵੀਕਾਰ ਕੀਤਾ। ਇਹ ਵੀ ਲੀਡਰਸ਼ਪਿ ਹੈ।
ਸਿਆਸੀ ਲੀਡਰਸ਼ਿਪ ਨਾਲ ਤੁਲਨਾ ਕਰੀਏ। ਇਹ ਗਲਤੀਆਂ ਜਾਂ ਨੁਕਸਾਨ ਸਵੀਕਾਰ ਨਹੀਂ ਕਰੇਗੀ। ਰੇਤ ਵਿਚ ਗੱਡੇ ਸ਼ੁਤਰਮੁਰਗ ਵਾਂਗ, ਇਹ ਕਹਿੰਦੀ ਹੈ ਕਿ ‘ਆਪ੍ਰੇਸ਼ਨ ਸਿੰਧੂਰ’ ’ਚ ਭਾਰਤ ਨੇ ‘ਨਿਰਣਾਇਕ ਜਿੱਤ’ ਹਾਸਲ ਕੀਤੀ ਸੀ। ਜੇਕਰ ਇਹ ਇਕ ਨਿਰਣਾਇਕ ਜਿੱਤ ਸੀ, ਤਾਂ ਭਾਰਤ ਨੇ ਆਪਣੀ ਬੜ੍ਹਤ ਦਾ ਫਾਇਦਾ ਕਿਉਂ ਨਹੀਂ ਉਠਾਇਆ ਅਤੇ ਜ਼ਿਆਦਾ ਫੌਜੀ ਲਾਭ ਕਿਉਂ ਨਹੀਂ ਹਾਸਲ ਕੀਤੇ ਅਤੇ ਪਾਕਿਸਤਾਨ ਤੋਂ ਰਾਜਨੀਤਿਕ ਰਿਆਇਤਾਂ ਕਿਉਂ ਨਹੀਂ ਮੰਗੀਆਂ ਅਤੇ ਪ੍ਰਾਪਤ ਕਿਉਂ ਨਹੀਂ ਕੀਤੀਆਂ?
ਡੀ. ਜੀ. ਐੱਮ. ਓ. ਦੁਆਰਾ ਕੀਤੀ ਗਈ ਪਹਿਲੀ ਪਹਿਲ ਨੂੰ ਪਾਕਿਸਤਾਨ ਨੇ ਬਿਨਾਂ ਕਿਸੇ ਸ਼ਰਤ ਦੇ ਤੁਰੰਤ ਕਿਉਂ ਸਵੀਕਾਰ ਕਰ ਲਿਆ? ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਇਆ। (ਇਕ ਨਿਰਣਾਇਕ ਜਿੱਤ ਦੀ ਪ੍ਰਸਿੱਧ ਉਦਾਹਰਣ 16 ਦਸੰਬਰ, 1971 ਨੂੰ ਪਾਕਿਸਤਾਨ ਦੇ ਜਨਰਲ ਨਿਆਜ਼ੀ ਦਾ ਭਾਰਤ ਦੇ ਲੈਫਟੀਨੈਂਟ ਜਨਰਲ ਅਰੋੜਾ ਦੇ ਸਾਹਮਣੇ ਸਮਰਪਣ ਸੀ।)
ਸਖਤ ਹਕੀਕਤਾਂ : ਨਾ ਹੀ ਰਾਜਨੀਤਿਕ ਲੀਡਰਸ਼ਿਪ ਇਸ ਹਕੀਕਤ ਨੂੰ ਸਵੀਕਾਰ ਕਰੇਗੀ ਕਿ ਪਾਕਿਸਤਾਨ ਅਤੇ ਚੀਨ ਵਿਚਾਲੇ ਮਜ਼ਬੂਤ ਫੌਜੀ ਅਤੇ ਰਾਜਨੀਤਿਕ ਸਬੰਧ ਹਨ। ਚੀਨ ਪਾਕਿਸਤਾਨ ਨੂੰ ਨਵੀਂ ਪੀੜ੍ਹੀ ਦੇ ਲੜਾਕੂ ਜਹਾਜ਼ ਅਤੇ ਮਿਜ਼ਾਈਲਾਂ ਦੇ ਰਿਹਾ ਹੈ। ਜ਼ਾਹਿਰ ਹੈ ਕਿ ਚੀਨ ਇਕ ਅਸਲੀ ਜੰਗ ਦੇ ਮੈਦਾਨ ਵਿਚ ਆਪਣੇ ਫੌਜੀ ਸਾਜ਼ੋ-ਸਾਮਾਨ ਦਾ ਪ੍ਰੀਖਣ ਕਰ ਰਿਹਾ ਸੀ। ਫੌਜੀ ਸਬੰਧ ਸਪੱਸ਼ਟ ਦਿਖਾਈ ਦੇ ਰਹੇ ਹਨ। ਰਾਜਨੀਤਿਕ ਮੋਰਚੇ ’ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਪਾਕਿਸਤਾਨ ਦੀ ‘ਅੱਤਵਾਦ ਵਿਰੁੱਧ ਸਖਤ ਕਾਰਵਾਈ’ ਦੀ ਪ੍ਰਸ਼ੰਸਾ ਕੀਤੀ। ਜਦੋਂ ਆਈ. ਐੱਮ. ਐੱਫ., ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਨੇ ਪਾਕਿਸਤਾਨ ਨੂੰ ਵੱਡੀ ਮਾਤਰਾ ਵਿਚ ਕਰਜ਼ੇ ਮਨਜ਼ੂਰ ਕੀਤੇ, ਉਦੋਂ ਵੀ ਚੀਨ ਨੇ ਇਸ ਦੇ ਪੱਖ ਵਿਚ ਵੋਟ ਪਾਈ।
ਦੂਜੀ ਹਕੀਕਤ ਇਹ ਹੈ ਕਿ ਪਾਕਿਸਤਾਨ (ਘੱਟੋ-ਘੱਟ ਪਾਕਿਸਤਾਨੀ ਫੌਜ) ਦੇ ਅਮਰੀਕਾ ਨਾਲ ਮਜ਼ਬੂਤ ਸਬੰਧ ਹਨ। ਰਾਸ਼ਟਰਪਤੀ ਟਰੰਪ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ ਵ੍ਹਾਈਟ ਹਾਊਸ ਵਿਚ ਦੁਪਹਿਰ ਦੇ ਖਾਣੇ ਲਈ ਸੱਦਾ ਦਿੱਤਾ, ਜੋ ਕਿ ਕਿਸੇ ਅਜਿਹੇ ਵਿਅਕਤੀ ਲਈ ਇਕ ਬੇਮਿਸਾਲ ਸਨਮਾਨ ਹੈ ਜੋ ਰਾਜ ਜਾਂ ਸਰਕਾਰ ਦਾ ਮੁਖੀ ਨਹੀਂ ਹੈ। ਟਰੰਪ ਨੇ ਜਨਰਲ ਮੁਨੀਰ ਦਾ ‘‘ਯੁੱਧ ਵਿਚ ਨਾ ਜਾਣ ਅਤੇ ਯੁੱਧ ਖਤਮ ਕਰਨ’’ ਲਈ ਧੰਨਵਾਦ ਕੀਤਾ ਅਤੇ ਜੰਗਬੰਦੀ ਕਰਾਉਣ ’ਤੇ ਫਿਰ ਤੋਂ ਮਾਣ ਮਹਿਸੂਸ ਕੀਤਾ।
ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਕਦੇ ਵੀ ਵਿਰੋਧੀ ਧਿਰ ਦਾ ਸਾਹਮਣਾ ਕਰਨ ਦਾ ਮੌਕਾ ਨਹੀਂ ਗੁਆਉਂਦੇ, ਪਰ ਰਾਸ਼ਟਰਪਤੀ ਟਰੰਪ ਰਾਸ਼ਟਰਪਤੀ ਸ਼ੀ ਜਾਂ ਉਨ੍ਹਾਂ ਦੇ ਵਿਦੇਸ਼ ਮੰਤਰੀਆਂ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਕਰਦੇ।
ਕੌੜੀ ਸੱਚਾਈ ਇਹ ਹੈ ਕਿ ਅਮਰੀਕਾ ਅਤੇ ਚੀਨ ਪਾਕਿਸਤਾਨ ਨੂੰ ਫੌਜੀ, ਰਾਜਨੀਤਿਕ ਅਤੇ ਆਰਥਿਕ ਤੌਰ ’ਤੇ ਸਮਰਥਨ ਦੇਣ ਵਿਚ ਇਕਮਤ ਹਨ। ਆਪਣੇ ਮਤਭੇਦਾਂ ਨੂੰ ਪਾਸੇ ਰੱਖ ਕੇ, ਅਮਰੀਕਾ ਅਤੇ ਚੀਨ ਨੇ ਪਾਕਿਸਤਾਨ ਦਾ ਸਮਰਥਨ ਅਤੇ ਰੱਖਿਆ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਭਾਰਤ ਨੇ ਜਿਨ੍ਹਾਂ ਦੇਸ਼ਾਂ ਨਾਲ ਸੰਪਰਕ ਕੀਤਾ, ਉਨ੍ਹਾਂ ਨੇ ਪਹਿਲਗਾਮ ਹਮਲੇ ਦੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਅੱਤਵਾਦ ਦੀ ਨਿੰਦਾ ਕੀਤੀ, ਪਰ ਪਾਕਿਸਤਾਨ ਨੂੰ ਅਪਰਾਧੀ ਨਹੀਂ ਠਹਿਰਾਇਆ।
ਭਾਰਤ ਦੀ ਰਾਜਨੀਤਿਕ ਲੀਡਰਸ਼ਿਪ ਅਸਲੀਅਤ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੀ ਹੈ ਅਤੇ ਇਸ ਝੂਠੀ ਧਾਰਨਾ ਨੂੰ ਪੋਸ਼ਿਤ ਕਰਦੀ ਹੈ ਕਿ ਪਾਕਿਸਤਾਨ ਦੋਸਤ ਰਹਿਤ ਹੈ ਅਤੇ ਭਾਰਤ ਦੇ ਦੁਨੀਆ ਭਰ ਵਿਚ ਦੋਸਤ ਹਨ।
ਘੁਸਪੈਠੀਏ ਅਤੇ ਭਾਰਤ-ਆਧਾਰਿਤ ਕੱਟੜਪੰਥੀ : ਭਾਰਤੀ ਸਿਆਸੀ ਲੀਡਰਸ਼ਿਪ ਦਾ ਦੂਜਾ ਭਰਮ ਇਹ ਹੈ ਕਿ ਜੰਮੂ ਅਤੇ ਕਸ਼ਮੀਰ ਵਿਚ ‘ਅੱਤਵਾਦੀ ਵਾਤਾਵਰਣ’ ਢਹਿ ਗਿਆ ਹੈ। ਸੱਚਾਈ ਕੁਝ ਹੋਰ ਹੀ ਹੈ। ਗ੍ਰਹਿ ਮੰਤਰਾਲੇ ਨੇ 24 ਅਪ੍ਰੈਲ, 2025 (22 ਅਪ੍ਰੈਲ ਨੂੰ ਪਹਿਲਗਾਮ ਹਮਲੇ ਤੋਂ ਤੁਰੰਤ ਬਾਅਦ) ਨੂੰ ਇਕ ਸਰਬ-ਪਾਰਟੀ ਮੀਟਿੰਗ ਵਿਚ ਖੁਲਾਸਾ ਕੀਤਾ ਕਿ ਜੂਨ 2014 ਅਤੇ ਮਈ 2024 ਦੇ ਵਿਚਕਾਰ
- 1643 ਅੱਤਵਾਦੀ ਘਟਨਾਵਾਂ,
- 1925 ਘੁਸਪੈਠ ਦੀਆਂ ਕੋਸ਼ਿਸ਼ਾਂ,
- 726 ਸਫਲ ਘੁਸਪੈਠ ਅਤੇ
-576 ਸੁਰੱਖਿਆ ਕਰਮਚਾਰੀ ਸ਼ਹੀਦ ਹੋਏ।
ਬੇਸ਼ੱਕ, ਅਟਲ ਬਿਹਾਰੀ ਵਾਜਪਾਈ (1998-2004) ਅਤੇ ਮਨਮੋਹਨ ਸਿੰਘ (2004-2014) ਦੀਆਂ ਸਰਕਾਰਾਂ ਦੌਰਾਨ ਵੀ ਅੱਤਵਾਦੀ ਘਟਨਾਵਾਂ ਅਤੇ ਜਾਨੀ ਨੁਕਸਾਨ ਹੁੰਦੇ ਸਨ।
ਅੱਤਵਾਦੀ ਨੈੱਟਵਰਕ ਪਾਕਿਸਤਾਨ-ਆਧਾਰਿਤ ਘੁਸਪੈਠੀਆਂ ਅਤੇ ਭਾਰਤ-ਆਧਾਰਿਤ ਕੱਟੜਪੰਥੀਆਂ ਨਾਲ ਭਰਿਆ ਹੋਇਆ ਹੈ, ਖਾਸ ਕਰ ਕੇ ਕਸ਼ਮੀਰ ਵਿਚ। ਅਕਸਰ ਉਹ ਇਕੱਠੇ ਕੰਮ ਕਰਦੇ ਹਨ, ਇਕੱਠੇ ਹਮਲਾ ਕਰਦੇ ਹਨ ਅਤੇ ਇਕ-ਦੂਜੇ ਦੀ ਮਦਦ ਕਰਦੇ ਹਨ। 26 ਅਪ੍ਰੈਲ ਨੂੰ, ਸਰਕਾਰ ਨੇ ਕਸ਼ਮੀਰ ਵਿਚ ਪਹਿਲਗਾਮ ਕਤਲੇਆਮ ਨਾਲ ਜੁੜੇ ਸ਼ੱਕੀ ਅੱਤਵਾਦੀਆਂ ਦੇ ਕਈ ਘਰ ਢਾਹ ਦਿੱਤੇ-ਉਨ੍ਹਾਂ ਦੇ ਮਾਲਕ ਸਪੱਸ਼ਟ ਤੌਰ ’ਤੇ ਭਾਰਤ ਵਿਚ ਰਹਿ ਰਹੇ ਸਨ। ਜੂਨ 2025 ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਸ਼ੱਕੀ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿਚ ਦੋ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ। ਸ਼ੱਕੀ ਅੱਤਵਾਦੀਆਂ ਨੂੰ 27-28 ਜੁਲਾਈ ਨੂੰ ਮਾਰ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੀ ਪਛਾਣ ਘੁਸਪੈਠੀਆਂ ਵਜੋਂ ਕੀਤੀ ਗਈ ਸੀ।
-ਪੀ. ਚਿਦਾਂਬਰਮ
ਕੀ ਟਰੰਪ ਨਾਲ ਵੱਖਰੇ ਢੰਗ ਨਾਲ ਨਜਿੱਠ ਸਕਦੇ ਸਨ ਮੋਦੀ ?
NEXT STORY