ਲਖਨਊ (ਭਾਸ਼ਾ)- ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਅਤੇ ਲਖਨਊ ਸੁਪਰਜਾਇੰਟਸ ਵਿਚਾਲੇ ਖੇਡੇ ਗਏ ਮੈਚ ਦੌਰਾਨ ਇਕ ਵਾਰ ਫਿਰ ਜ਼ੁਬਾਨੀ ਬਹਿਸ ਹੋ ਗਈ, ਜਿਸ ਕਾਰਨ ਦੋਵਾਂ ਦੇ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ। ਸੋਮਵਾਰ ਨੂੰ ਖੇਡੇ ਗਏ ਮੈਚ ਤੋਂ ਬਾਅਦ ਆਰ.ਸੀ.ਬੀ. ਦੇ ਮੁੱਖ ਬੱਲੇਬਾਜ਼ ਕੋਹਲੀ ਅਤੇ ਲਖਨਊ ਟੀਮ ਦੇ ਮੈਂਟਰ (ਗਾਈਡ) ਗੰਭੀਰ ਦੀ ਆਪਸ ਵਿੱਚ ਬਹਿਸ ਹੋ ਗਈ। ਆਰ.ਸੀ.ਬੀ. ਨੇ ਇਹ ਘੱਟ ਸਕੋਰ ਵਾਲਾ ਮੈਚ 18 ਦੌੜਾਂ ਨਾਲ ਜਿੱਤ ਲਿਆ। ਦੋਵਾਂ 'ਤੇ ਮੰਗਲਵਾਰ ਨੂੰ ਆਈ.ਪੀ.ਐੱਲ. ਕੋਡ ਆਫ ਕੰਡਕਟ ਦੀ ਉਲੰਘਣਾ ਕਰਨ 'ਤੇ ਮੈਚ ਫੀਸ ਦਾ 100 ਫ਼ੀਸਦੀ ਜੁਰਮਾਨਾ ਲਗਾਇਆ ਗਿਆ।
ਇਹ ਵੀ ਪੜ੍ਹੋ: ਬਰਨਾਲਾ ਦੇ ਸੁਖਪ੍ਰੀਤ ਸਿੰਘ ਨੇ ਚਮਕਾਇਆ ਪੰਜਾਬ ਦਾ ਨਾਂ, ਤੀਹਰੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ
ਅਜਿਹਾ ਲੱਗਦਾ ਹੈ ਕਿ ਕੋਹਲੀ ਦੀ ਲਖਨਊ ਦੇ ਸਲਾਮੀ ਬੱਲੇਬਾਜ਼ ਕਾਇਲ ਮਾਇਰਸ ਨਾਲ ਹੋਈ ਥੋੜ੍ਹੀ ਜਿਹੀ ਬਹਿਸ ਕਾਰਨ ਇਹ ਝਗੜਾ ਸ਼ੁਰੂ ਹੋਇਆ। ਮੈਚ ਖ਼ਤਮ ਹੋਣ ਤੋਂ ਬਾਅਦ ਦੋਵੇਂ ਟੀਮਾਂ ਦੇ ਖਿਡਾਰੀ ਇਕ-ਦੂਜੇ ਨਾਲ ਹੱਥ ਹਿਲਾ ਰਹੇ ਸਨ, ਉਦੋਂ ਲਖਨਊ ਦੇ ਗੇਂਦਬਾਜ਼ ਨਵੀਨ-ਉਲ-ਹੱਕ ਅਤੇ ਕੋਹਲੀ ਨੂੰ ਬਹਿਸ ਕਰਦੇ ਹੋਏ ਦੇਖਿਆ ਗਿਆ ਅਤੇ ਆਰ.ਸੀ.ਬੀ. ਦੇ ਗਲੇਨ ਮੈਕਸਵੈੱਲ ਨੇ ਉਨ੍ਹਾਂ ਨੂੰ ਇੱਕ-ਦੂਜੇ ਤੋਂ ਵੱਖ ਕਰ ਦਿੱਤਾ। ਇਸ ਤੋਂ ਬਾਅਦ ਗੰਭੀਰ ਨੇ ਮਾਇਰਸ ਨੂੰ ਕੋਹਲੀ ਨਾਲ ਗੱਲ ਕਰਨ ਤੋਂ ਰੋਕ ਦਿੱਤਾ। ਇਸ ਤੋਂ ਤੁਰੰਤ ਬਾਅਦ ਗੰਭੀਰ ਨੂੰ ਕੋਹਲੀ ਵੱਲ ਵਧਦੇ ਦੇਖਿਆ ਗਿਆ। ਉਦੋਂ ਲਖਨਊ ਦੇ ਜ਼ਖ਼ਮੀ ਕਪਤਾਨ ਕੇ.ਐੱਲ. ਰਾਹੁਲ ਸਮੇਤ ਉਨ੍ਹਾਂ ਦੇ ਹੋਰ ਖਿਡਾਰੀਆਂ ਨੇ ਉਨ੍ਹਾਂ ਨੂੰ ਰੋਕਿਆ।
ਇਹ ਵੀ ਪੜ੍ਹੋ: ਜੰਤਰ ਮੰਤਰ ਵਿਖੇ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ ਨਵਜੋਤ ਸਿੱਧੂ
ਇਸ ਤੋਂ ਬਾਅਦ ਕੋਹਲੀ ਅਤੇ ਗੰਭੀਰ ਵਿਚਾਲੇ ਤਿੱਖੀ ਬਹਿਸ ਹੋਈ, ਜਦੋਂਕਿ ਉਹ ਦੋਵੇਂ ਟੀਮਾਂ ਦੇ ਖਿਡਾਰੀਆਂ ਨਾਲ ਘਿਰੇ ਹੋਏ ਸਨ। ਗੰਭੀਰ ਜ਼ਿਆਦਾ ਹਮਲਾਵਰ ਦਿਖਾਈ ਦੇ ਰਹੇ ਸਨ ਅਤੇ ਲਖਨਊ ਦੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਨੇ ਉਨ੍ਹਾਂ ਨੂੰ ਕੋਹਲੀ ਵੱਲ ਵਧਣ ਤੋਂ ਵਾਰ-ਵਾਰ ਰੋਕਿਆ। ਅਜਿਹਾ ਦੋਵਾਂ ਦੇ ਹੱਥ ਮਿਲਾਉਣ ਤੋਂ ਬਾਅਦ ਹੋਇਆ। ਕੋਹਲੀ ਨੂੰ ਸ਼ੁਰੂ ਵਿੱਚ ਗੰਭੀਰ ਦਾ ਮੋਢਾ ਫੜੇ ਦੇਖਿਆ ਗਿਆ ਪਰ ਜਦੋਂ ਦੋਵਾਂ ਵਿਚਾਲੇ ਤਿੱਖੀ ਬਹਿਸ ਜਾਰੀ ਰਹੀ ਤਾਂ ਅਨੁਭਵੀ ਸਪਿਨਰ ਅਮਿਤ ਮਿਸ਼ਰਾ, ਆਰ.ਸੀ.ਬੀ. ਦੇ ਕਪਤਾਨ ਫਾਫ ਡੁਪਲੇਸੀ ਅਤੇ ਲਖਨਊ ਦੇ ਸਹਾਇਕ ਕੋਚ ਅਤੇ ਦਿੱਲੀ ਦੇ ਇੱਕ ਹੋਰ ਸਾਬਕਾ ਖਿਡਾਰੀ ਵਿਜੇ ਦਹੀਆ ਨੇ ਉਨ੍ਹਾਂ ਨੂੰ ਵੱਖ ਕੀਤਾ। ਇਸ ਝੜਪ ਤੋਂ ਬਾਅਦ ਕੋਹਲੀ ਲਖਨਊ ਦੇ ਕਪਤਾਨ ਰਾਹੁਲ ਨਾਲ ਗੱਲ ਕਰਦੇ ਨਜ਼ਰ ਆਏ। ਕੋਹਲੀ ਅਤੇ ਗੰਭੀਰ ਦੋਵੇਂ ਭਾਰਤ ਅਤੇ ਦਿੱਲੀ ਟੀਮ ਲਈ ਇਕੱਠੇ ਖੇਡ ਚੁੱਕੇ ਹਨ ਪਰ ਇਸ ਤੋਂ ਪਹਿਲਾਂ ਵੀ ਉਨ੍ਹਾਂ ਵਿਚਾਲੇ ਝੜਪ ਹੁੰਦੀ ਰਹੀ ਹੈ।
ਇਹ ਵੀ ਪੜ੍ਹੋ: Wrestlers Protest: ਦਿੱਲੀ ਪੁਲਸ ਨੇ 7 ਮਹਿਲਾ ਪਹਿਲਵਾਨਾਂ ਨੂੰ ਕਰਾਈ ਸੁਰੱਖਿਆ ਮੁਹੱਈਆ
ਇਸ ਤੋਂ ਪਹਿਲਾਂ ਜਦੋਂ ਲਖਨਊ ਅਤੇ ਆਰ.ਸੀ.ਬੀ. ਵਿਚਾਲੇ ਬੈਂਗਲੁਰੂ 'ਚ ਮੈਚ ਖੇਡਿਆ ਗਿਆ ਸੀ ਤਾਂ ਗੰਭੀਰ ਨੂੰ ਦਰਸ਼ਕਾਂ ਵੱਲ ਚੁੱਪ ਰਹਿਣ ਦਾ ਇਸ਼ਾਰਾ ਕਰਦੇ ਦੇਖਿਆ ਗਿਆ ਸੀ। 10 ਸਾਲ ਪਹਿਲਾਂ ਆਰ.ਸੀ.ਬੀ. ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਬੈਂਗਲੁਰੂ 'ਚ ਖੇਡੇ ਗਏ ਮੈਚ ਦੌਰਾਨ ਵੀ ਇਨ੍ਹਾਂ ਦੋਵਾਂ ਵਿਚਾਲੇ ਝੜਪ ਹੋਈ ਸੀ। ਆਈ.ਪੀ.ਐੱਲ. ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਹਲੀ ਅਤੇ ਗੰਭੀਰ ਨੇ ਆਈ.ਪੀ.ਐੱਲ. ਦੇ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਅਪਰਾਧ ਸਵੀਕਾਰ ਕੀਤਾ ਹੈ ਅਤੇ ਉਨ੍ਹਾਂ 'ਤੇ ਮੈਚ ਫੀਸ ਦਾ 100 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ। ਲਖਨਊ ਦੇ ਗੇਂਦਬਾਜ਼ ਨਵੀਨ-ਉਲ-ਹੱਕ 'ਤੇ ਵੀ ਉਨ੍ਹਾਂ ਦੀ ਮੈਚ ਫ਼ੀਸ ਦਾ 50 ਫ਼ੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਰਾਟ ਕੋਹਲੀ ਤੇ ਗੌਤਮ ਗੰਭੀਰ ਫਿਰ ਭਿੜੇ, RCB ਦੀ LSG 'ਤੇ ਜਿੱਤ ਮਗਰੋਂ ਹੋਈ ਤਿੱਖੀ ਬਹਿਸ
NEXT STORY