ਦੁਬਈ (ਭਾਸ਼ਾ)– ਭਾਰਤ ਦੇ ਖੱਬੇ ਹੱਥ ਦੇ ਆਰਮ ਸਪਿੰਨਰ ਕੁਲਦੀਪ ਯਾਦਵ ਨੇ ਵੈਸਟਇੰਡੀਜ਼ ਵਿਰੁੱਧ ਨਵੀਂ ਦਿੱਲੀ ਵਿਚ ਦੂਜੇ ਮੈਚ ਵਿਚ 8 ਵਿਕਟਾਂ ਹਾਸਲ ਕਰਨ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ’ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੈਸਟ ਗੇਂਦਬਾਜ਼ੀ ਦੀ ਰੈਂਕਿੰਗ ਵਿਚ ਆਪਣੇ ਕਰੀਅਰ ਦੀ ਸਰਵੋਤਮ 14ਵੀਂ ਰੈਂਕਿੰਗ ਹਾਸਲ ਕੀਤੀ। ਕੁਲਦੀਪ ਨੇ ਬੁੱਧਵਾਰ ਨੂੰ ਜਾਰੀ ਕੀਤੀ ਗਈ ਰੈਂਕਿੰਗ ਵਿਚ 7 ਸਥਾਨਾਂ ਦੀ ਛਾਲ ਲਗਾਈ ਜਦਕਿ ਵੈਸਟਇੰਡੀਜ਼ ਦੇ ਜੋਮੇਲ ਵਾਰੀਕਨ ਤੇ ਕਪਤਾਨ ਰੋਸਟਨ ਚੇਜ਼ ਕ੍ਰਮਵਾਰ 2 ਤੇ 4 ਸਥਾਨ ਅੱਗੇ 30ਵੇਂ ਤੇ 57ਵੇਂ ਸਥਾਨ ’ਤੇ ਪਹੁੰਚ ਗਏ।
ਬੱਲੇਬਾਜ਼ੀ ਰੈਂਕਿੰਗ ਵਿਚ ਭਾਰਤ ਦਾ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਪਹਿਲੀ ਪਾਰੀ ਵਿਚ 175 ਦੌੜਾਂ ਬਣਾਉਣ ਤੋਂ ਬਾਅਦ 2 ਸਥਾਨ ਉੱਪਰ 5ਵੇਂ, ਜਦਕਿ ਕੇ. ਐੱਲ. ਰਾਹੁਲ 38 ਤੇ ਅਜੇਤੂ 58 ਦੌੜਾਂ ਦੀਆਂ ਪਾਰੀਆਂ ਦੀ ਬਦੌਲਤ 2 ਸਥਾਨ ਉੱਪਰ 33ਵੇਂ ਸਥਾਨ ’ਤੇ ਪਹੁੰਚ ਗਿਆ। ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਵਿਚ ਸ਼ਾਈ ਹੋਪ (34 ਸਥਾਨ ਉੱਪਰ 66ਵੇਂ ਸਥਾਨ ’ਤੇ) ਤੇ ਜਾਨ ਕੈਂਪਬੈੱਲ (6 ਸਥਾਨ ਉੱਪਰ 68ਵੇਂ ਸਥਾਨ ’ਤੇ) ਨੂੰ ਫਾਇਦਾ ਹੋਇਆ ਹੈ। ਇਨ੍ਹਾਂ ਦੋਵਾਂ ਨੇ ਵੈਸਟਇੰਡੀਜ਼ ਦੀ ਦੂਜੀ ਪਾਰੀ ਵਿਚ ਸੈਂਕੜੇ ਬਣਾਏ ਸਨ।
ਇਸ ਵਿਚਾਲੇ ਅਫਗਾਨਿਸਤਾਨ ਦਾ ਲੈੱਗ ਸਪਿੰਨਰ ਰਾਸ਼ਿਦ ਖਾਨ ਆਬੂਧਾਬੀ ਵਿਚ ਬੰਗਲਾਦੇਸ਼ ’ਤੇ 3-0 ਦੀ ਲੜੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਤੋਂ ਬਾਅਦ ਵਨ ਡੇ ਗੇਂਦਬਾਜ਼ੀ ਰੈਂਕਿੰਗ ਵਿਚ ਚੋਟੀ ਦੇ ਸਥਾਨ ’ਤੇ ਪਰਤ ਗਿਆ ਹੈ। ਰਾਸ਼ਿਦ ਨੇ ਲੜੀ ਵਿਚ 11 ਵਿਕਟਾਂ ਲਈਆਂ, ਜਿਸ ਨਾਲ ਉਹ 5 ਸਥਾਨ ਉੱਪਰ ਪਹਿਲੇ ਨੰਬਰ ’ਤੇ ਪਹੁੰਚ ਗਿਆ ਹੈ। ਉਸਦੇ ਹੁਣ 710 ਰੇਟਿੰਗ ਅੰਕ ਹੋ ਗਏ ਹਨ, ਜਿਹੜੇ ਦੂਜੇ ਸਥਾਨ ’ਤੇ ਕਾਬਜ਼ ਦੱਖਣੀ ਅਫਰੀਕਾ ਦੇ ਸਪਿੰਨਰ ਕੇਸ਼ਵ ਮਹਾਰਾਜ ਤੋਂ 30 ਅੰਕ ਵੱਧ ਹਨ। ਰਾਸ਼ਿਦ ਸਤੰਬਰ 2018 ਵਿਚ ਪਹਿਲੀ ਵਾਰ ਨੰਬਰ ਇਕ ਗੇਂਦਬਾਜ਼ ਬਣਿਆ ਸੀ ਤੇ ਆਖਰੀ ਵਾਰ ਨਵੰਬਰ 2024 ਵਿਚ ਇਸ ਸਥਾਨ ’ਤੇ ਕਾਬਜ਼ ਹੋਇਆ ਸੀ।
ਪਾਕਿਸਤਾਨ ਨੇ ਦੱਖਣੀ ਅਫਰੀਕਾ ਨੂੰ 93 ਦੌੜਾਂ ਨਾਲ ਹਰਾ ਕੇ 10 ਮੈਚਾਂ ਦੇ ਜੇਤੂ ਕ੍ਰਮ ਨੂੰ ਤੋੜਿਆ
NEXT STORY