ਬ੍ਰਿਜਟਾਊਨ (ਭਾਸ਼ਾ) – ਟੀ-20 ਵਿਸ਼ਵ ਕੱਪ ਦੇ ਸਭ ਤੋਂ ਰੋਮਾਂਚਕ ਫਾਈਨਲ ਵਿਚ ਭਾਰਤੀ ਟੀਮ ਨੇ ਸਬਰ ਤੇ ਜਜ਼ਬੇ ਦੇ ਸ਼ਾਨਦਾਰ ਮਿਸ਼ਰਣ ਦੇ ਦਮ ’ਤੇ ਦੱਖਣੀ ਅਫਰੀਕਾ ’ਤੇ ਯਾਦਗਾਰ ਜਿੱਤ ਦਰਜ ਕੀਤੀ। ਭਾਰਤ ਨੇ ਪੂਰੇ ਟੂਰਨਾਮੈਂਟ ਦੌਰਾਨ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਤੇ ਬਿਨਾਂ ਮੈਚ ਗੁਆਏ ਚੈਂਪੀਅਨ ਬਣਿਆ। ਇਹ ਵਿਸ਼ਵ ਕੱਪ ਕਈ ਯਾਦਗਾਰ ਪਲਾਂ ਦਾ ਗਵਾਹ ਬਣਿਆ, ਜਿਸ ਵਿਚ ਅਮਰੀਕਾ ਦਾ ਪਾਕਿਸਤਾਨ ਨੂੰ ਹਰਾਉਣਾ ਤੇ ਅਫਗਾਨਿਸਤਾਨ ਦਾ ਸੈਮੀਫਾਈਨਲ ਵਿਚ ਪਹੁੰਚਣਾ ਵੱਡੀਆਂ ਉਪਲੱਬਧੀਆਂ ਦੇ ਤੌਰ ’ਤੇ ਦੇਖਿਆ ਜਾਵੇਗਾ। ਟੂਰਨਾਮੈਂਟ ਦੌਰਾਨ ਪਿਛਲੇ ਕੁਝ ਹਫ਼ਤਿਆਂ ਦੌਰਾਨ ਕੁਝ ਮਹੱਤਵਪੂਰਨ ਯਾਦਗਾਰ ਪਲ ਇਸ ਤਰ੍ਹਾਂ ਰਹੇ–
1. ਪਾਕਿਸਤਾਨ ਵਿਰੁੱਧ ਅਮਰੀਕਾ ਦੀ ਯਾਦਗਾਰ ਜਿੱਤ
ਵੈਸਟਇੰਡੀਜ਼ ਨਾਲ ਪਹਿਲੀ ਵਾਰ ਇਸ ਟੂਰਨਾਮੈਂਟ ਦੀ ਸਾਂਝੀ ਮੇਜ਼ਬਾਨੀ ਕਰਨ ਵਾਲੇ ਅਮਰੀਕਾ ਨੇ ਡਲਾਸ ਵਿਚ ਸੁਪਰ ਓਵਰ ਤਕ ਚੱਲੇ ਮੈਚ ਵਿਚ ਸਾਬਕਾ ਚੈਂਪੀਅਨ ਪਾਕਿਸਤਾਨ ਨੂੰ ਹਰਾ ਕੇ ਤਹਿਲਕਾ ਮਚਾ ਦਿੱਤਾ। ਅਮਰੀਕਾ ਦੇ ਬੱਲੇਬਾਜ਼ ਨਿਤਿਸ਼ ਕੁਮਾਰ ਨੇ ਹੈਰਿਸ ਰਾਊਫ ਦੀ ਅਾਖਰੀ ਗੇਂਦ ’ਤੇ ਚੌਕਾ ਲਾ ਕੇ ਪਾਕਿਸਤਾਨ ਦੇ ਸਕੋਰ ਦੀ ਬਰਾਬਰੀ ਕੀਤੀ। ਇਸ ਤੋਂ ਬਾਅਦ ਸੁਪਰ ਓਵਰ ਵਿਚ ਅਮਰੀਕਾ ਨੇ ਪਾਕਿਸਤਾਨ ਨੂੰ ਪਛਾੜ ਕੇ ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਉਲਟਫੇਰਾਂ ਵਿਚੋਂ ਇਕ ਨੂੰ ਅੰਜ਼ਾਮ ਦਿੱਤਾ।
2. ਭਾਰਤੀ ਟੀਮ ਨੇ ਮੁਸ਼ਕਿਲ ਪਿੱਚ ’ਤੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਹਰਾਇਆ
ਨਿਊਯਾਰਕ ਵਿਚ ਤੇਜ਼ ਗੇਂਦਬਾਜ਼ਾਂ ਦੀ ਮਦਦਗਾਰ ਪਿੱਚ ’ਤੇ ਭਾਰਤੀ ਟੀਮ 19 ਓਵਰਾਂ ਵਿਚ 119 ਦੌੜਾਂ ’ਤੇ ਢੇਰ ਹੋ ਗਈ ਸੀ। ਇਸ ਦੇ ਜਵਾਬ ਵਿਚ ਪਾਕਿਸਤਾਨ ਆਸਾਨ ਜਿੱਤ ਵੱਲ ਵੱਧ ਰਿਹਾ ਸੀ ਪਰ ਜਸਪ੍ਰੀਤ ਬੁਮਰਾਹ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਉਸਦੀ ਟੀਮ ਟੀਚੇ ਤੋਂ 6 ਦੌੜਾਂ ਦੂਰ ਰਹਿ ਗਈ।
3. ਅਮਰੀਕਾ ਨੇ ਦਿੱਤੀ ਭਾਰਤੀ ਟੀਮ ਨੂੰ ਸਖਤ ਚੁਣੌਤੀ
ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਅਮਰੀਕਾ ਦੀ ਟੀਮ ਨੇ ਗਰੁੱਪ ਗੇੜ ਦੇ ਮੈਚ ਵਿਚ ਭਾਰਤ ਨੂੰ ਵੀ ਸਖ਼ਤ ਟੱਕਰ ਦਿੱਤੀ। ਅਰਸ਼ਦੀਪ (9 ਦੌੜਾਂ ’ਤੇ 4 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਅਮਰੀਕਾ ਦੀ ਟੀਮ ਸਹਿਜ 110 ਦੌੜਾਂ ’ਤੇ ਆਊਟ ਹੋ ਗਈ। ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਰਿਸ਼ਭ ਪੰਤ ਦੀਆਂ ਵਿਕਟਾਂ 39 ਦੌੜਾਂ ਤਕ ਗੁਆ ਦਿੱਤੀਆਂ ਸਨ। ਬੱਲੇਬਾਜ਼ਾਂ ਲਈ ਮੁਸ਼ਕਿਲ ਹਾਲਾਤ ਵਿਚ ਸੂਰਯਕੁਮਾਰ ਯਾਦਵ ਨੇ ਸਬਰ ਭਰਿਆ ਅਰਧ ਸੈਂਕੜਾ ਲਾ ਕੇ ਟੀਮ ਨੂੰ ਸੰਕਟ ਵਿਚੋਂ ਬਾਹਰ ਕੱਢਿਆ।
4. ਅਫਗਾਨਿਸਤਾਨ ਦਾ ਸੈਮੀਫਾਈਨਲ ਵਿਚ ਪਹੁੰਚਣਾ
ਅਫਗਾਨਿਸਤਾਨ ਨੇ ਗਰੁੱਪ ਗੇੜ ਵਿਚ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਸੁਪਰ-8 ਵਿਚ ਘੱਟ ਸਕੋਰ ਵਾਲੇ ਨੇੜਲੇ ਮੁਕਾਬਲੇ ਵਿਚ ਬੰਗਲਾਦੇਸ਼ ਨੂੰ 8 ਦੌੜਾਂ ਨਾਲ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਟੀਮ ਨੇ ਹਾਲਾਂਕਿ ਇਸ ਤੋਂ ਪਹਿਲਾਂ ਇਸ ਸਵਰੂਪ ਦੀ ਆਪਣੀ ਵੱਡੀ ਸਫਲਤਾ ਦਰਜ ਕਰਦੇ ਹੋਏ ਆਸਟ੍ਰੇਲੀਆ ਵਿਰੁੱਧ ਵੱਡਾ ਉਲਟਫੇਰ ਕੀਤਾ। ਰਾਸ਼ਿਦ ਖਾਨ ਦੀ ਅਗਵਾਈ ਵਾਲੀ ਟੀਮ ਨੇ ਇਹ ਸਾਬਤ ਕੀਤਾ ਕਿ ਵਿਸ਼ਵ ਕ੍ਰਿਕਟ ਵਿਚ ਹੁਣ ਉਹ ਕਮਜ਼ੋਰ ਟੀਮ ਨਹੀਂ ਰਹੇ।
5. ਆਸਟ੍ਰੇਲੀਆ ਵਿਰੁੱਧ ਰੋਹਿਤ ਦੀ ਧਮਾਕੇਦਾਰ ਬੱਲੇਬਾਜ਼ੀ
ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟੀ-20 ਵਿਸ਼ਵ ਕੱਪ ਦੀਆਂ ਸਭ ਤੋਂ ਹਮਲਾਵਰ ਪਾਰੀਆਂ ਵਿਚੋਂ ਇਕ ਖੇਡਦੇ ਹੋਏ ਆਸਟ੍ਰੇਲੀਆ ਵਿਰੁੱਧ 41 ਗੇਂਦਾਂ ਵਿਚ 92 ਦੌੜਾਂ ਬਣਾਈਆਂ। ਰੋਹਿਤ ਦੀ ਇਸ ਤਾਬੜਤੋੜ ਬੱਲੇਬਾਜ਼ੀ ਦਾ ਆਸਟ੍ਰੇਲੀਆ ਦੇ ਗੇਂਦਬਾਜ਼ਾਂ, ਖਾਸ ਤੌਰ ’ਤੇ ਮਿਸ਼ੇਲ ਮਾਰਸ਼ ਕੋਲ ਕੋਈ ਜਵਾਬ ਨਹੀਂ ਸੀ। ਉਸ ਦੀ ਇਸ ਪਾਰੀ ਨਾਲ ਟੀਮ ਨੇ ਸ਼ਾਨਦਾਰ ਜਿੱਤ ਦਰਜ ਕਰਕੇ ਸੈਮੀਫਾਈਨਲ ਦੀ ਟਿਕਟ ਹਾਸਲ ਕੀਤੀ।
6. ਦੱਖਣੀ ਅਫਰੀਕਾ ਵਿਰੁੱਧ ਅਫਗਾਨਿਸਤਾਨ ਦਾ 56 ਦੌੜਾਂ ’ਤੇ ਸਿਮਟਣਾ
ਕਈ ਦਮਦਾਰ ਜਿੱਤਾਂ ਦਰਜ ਕਰਕੇ ਸੈਮੀਫਾਈਨਲ ਵਿਚ ਪਹੁੰਚੀ ਅਫਗਾਨਿਸਤਾਨ ਦੀ ਟੀਮ ਸਿਰਫ 56 ਦੌੜਾਂ ’ਤੇ ਆਊਟ ਹੋ ਗਈ। ਇਸ ਨਾਲ ਟੀਮ ਆਪਣੇ ਸ਼ਾਨਦਾਰ ਆਗਾਜ਼ ਨੂੰ ਯਾਦਗਾਰ ਬਣਾਉਣ ਤੋਂ ਖੁੰਝ ਗਈ।
7. ਕੁਲਦੀਪ ਤੇ ਅਕਸ਼ਰ ਸਾਹਮਣੇ ਇੰਗਲੈਂਡ ਦੇ ਬੱਲੇਬਾਜ਼ਾਂ ਨੇ ਟੇਕੇ ਗੋਡੇ
ਪੂਰੇ ਵਿਸ਼ਵ ਕੱਪ ਵਿਚ ਸ਼ਾਨਦਾਰ ਕਪਤਾਨੀ ਕਰਨ ਵਾਲੇ ਰੋਹਿਤ ਸ਼ਰਮਾ ਦੀ ਸ਼ਾਨਦਾਰ ਕਪਤਾਨੀ ਦਾ ਇੰਗਲੈਂਡ ਕੋਲ ਕੋਈ ਜਵਾਬ ਨਹੀਂ ਸੀ। ਸੂਰਯਕੁਮਾਰ ਯਾਦਵ ਤੇ ਹਾਰਦਿਕ ਪੰਡਯਾ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਜਦੋਂ ਸਾਬਕਾ ਚੈਂਪੀਅਨ ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਤੇਜ਼ ਗੇਂਦਬਾਜ਼ਾਂ ਵਿਰੁੱਧ ਹਮਲਾਵਰ ਰੁਖ਼ ਅਪਣਾਇਆ ਤਦ ਰੋਹਿਤ ਨੇ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਨੂੰ ਗੇਂਦ ਸੌਂਪੀ। ਖੱਬੇ ਹੱਥ ਦੇ ਇਨ੍ਹਾਂ ਸਪਿਨਰਾਂ ਨੇ ਆਪਣੀ ਫਿਰਕੀ ਨਾਲ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਝਕਾਨੀ ਦੇ ਕੇ ਟੀਮ ਦੀ ਯਾਦਗਾਰ ਜਿੱਤ ਤੈਅ ਕੀਤੀ। ਇਸ ਜਿੱਤ ਨਾਲ ਭਾਰਤ 12 ਮਹੀਨਿਆਂ ਦੇ ਅੰਦਰ ਤੀਜੀ ਵਾਰ ਆਈ. ਸੀ. ਸੀ. ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚਿਆ ਸੀ।
8. ਫਾਈਨਲ ’ਚ ਚੱਲਿਆ ਕੋਹਲੀ ਦਾ ਬੱਲਾ
ਪੂਰੇ ਵਿਸ਼ਵ ਕੱਪ ਦੌਰਾਨ ਦੌੜਾਂ ਬਣਾਉਣ ਲਈ ਤਰਸ ਰਹੇ ਵਿਰਾਟ ਕੋਹਲੀ ਨੇ ਉਸ ਸਮੇਂ ਬੱਲੇ ਨਾਲ ਸਭ ਤੋਂ ਅਹਿਮ ਯੋਗਦਾਨ ਦਿੱਤਾ ਜਦੋਂ ਟੀਮ ਨੂੰ ਇਸਦੀ ਸਭ ਤੋਂ ਵੱਧ ਲੋੜ ਸੀ। ਕੋਹਲੀ ਨੇ ਫਾਈਨਲ ਵਿਚ ਦੱਖਣੀ ਅਫਰੀਕਾ ਵਿਰੁੱਧ 59 ਗੇਂਦਾਂ ਵਿਚ 76 ਦੌੜਾਂ ਦੀ ਯਾਦਗਾਰ ਪਾਰੀ ਖੇਡ ਕੇ ਉਨ੍ਹਾਂ ਆਲੋਚਕਾਂ ਨੂੰ ਵੀ ਚੁੱਪ ਕਰਵਾ ਦਿੱਤਾ ਜਿਹੜੇ ਆਖਰੀ-11 ਵਿਚ ਉਸਦੀ ਜਗ੍ਹਾ ਨੂੰ ਲੈ ਕੇ ਸਵਾਲ ਚੁੱਕ ਰਹੇ ਸਨ।
9. ਸੂਰਯਕੁਮਾਰ ਯਾਦਵ ਦਾ ਕਮਾਲ ਦਾ ਕੈਚ
ਕੋਹਲੀ ਨੇ ਵਿਸ਼ਵ ਕੱਪ ਫਾਈਨਲ ਵਿਚ ਅਰਧ ਸੈਂਕੜਾ ਲਾ ਕੇ ਸ਼ਾਨਦਾਰ ਵਾਪਸੀ ਕੀਤੀ ਪਰ ਮੈਚ ’ਤੇ ਉਸ ਸਮੇਂ ਭਾਰਤ ਦੀ ਪਕੜ ਕਾਫੀ ਮਜ਼ਬੂਤ ਹੋ ਗਈ ਜਦੋਂ ਦਬਾਅ ਦੇ ਹਾਲਾਤ ਵਿਚ ਸੂਰਯਕੁਮਾਰ ਨੇ ਫੀਲਡਿੰਗ ਵਿਚ ਇਕਾਗਰਤਾ ਦੀ ਸ਼ਾਨਦਾਰ ਮਿਸਾਲ ਪੇਸ਼ ਕੀਤੀ। ਉਸ ਨੇ ਡੇਵਿਡ ਮਿਲਰ ਦੀ ਵੱਡੀ ਸ਼ਾਟ ’ਤੇ ਬਾਊਂਡਰੀ ਕੋਲ ਉਸ ਸਮੇਂ ਸ਼ਾਨਦਾਰ ਕੈਚ ਫੜਿਆ ਜਦੋਂ ਦੱਖਣੀ ਅਫਰੀਕਾ ਨੂੰ ਆਖਰੀ ਓਵਰ ਵਿਚ ਸਿਰਫ 16 ਦੌੜਾਂ ਦੀ ਲੋੜ ਸੀ। ਸੂਰਯਕੁਮਾਰ ਯਾਦਵ ਦੇ ਇਸ ਕੈਚ ਨੇ ਕਪਿਲ ਦੇਵ ਦੇ ਉਸ ਕੈਚ ਦੀ ਯਾਦ ਦਿਵਾ ਦਿੱਤੀ ਜਿਸ ਨੇ ਭਾਰਤ ਨੂੰ 1983 ਵਿਚ ਵਨ ਡੇ ਵਿਸ਼ਵ ਕੱਪ ਦਿਵਾਇਅਾ ਸੀ।
10. ਕੋਹਲੀ ਤੇ ਰੋਹਿਤ ਦਾ ਟੀ-20 ਕੌਮਾਂਤਰੀ ਤੋਂ ਸੰਨਿਆਸ
ਟੀ-20 ਵਿਸ਼ਵ ਕੱਪ ਫਾਈਨਲ ਜਿੱਤਣ ਦੇ ਤੁਰੰਤ ਬਾਅਦ ਕੋਹਲੀ ਨੇ ‘ਮੈਨ ਆਫ ਦਿ ਮੈਚ’ ਦਾ ਐਵਾਰਡ ਹਾਸਲ ਕਰਦੇ ਸਮੇਂ ਇਸ ਸਵਰੂਪ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਤੇ ਉੱਥੇ ਹੀ, ਰੋਹਿਤ ਸ਼ਰਮਾ ਨੇ ਖੇਡ ਦੇ ਸਭ ਤੋਂ ਛੋਟੇ ਸਵਰੂਪ ਦੇ ਕੌਮਾਂਤਰੀ ਮੈਚਾਂ ਨੂੰ ਅਲਵਿਦਾ ਕਹਿ ਦਿੱਤਾ। ਦੋਵੇਂ ਖਿਡਾਰੀਆਂ ਨੇ ਇਸ ਸਵਰੂਪ ਵਿਚ ਲੱਗਭਗ 15 ਸਾਲ ਦੇ ਆਪਣੇ ਕਰੀਅਰ ਵਿਚ ਟੀਮ ਨੂੰ ਕਈ ਯਾਦਗਾਰ ਪਲ ਦਿੱਤੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮੇਰੇ ਲਈ ਜ਼ਿੰਦਗੀ ਭਰ ਦੀਆਂ ਯਾਦਾਂ : ਰਾਹੁਲ ਦ੍ਰਾਵਿੜ
NEXT STORY