ਸਪੋਰਟਸ ਡੈਸਕ : ਪੰਜਾਬ ਕਿੰਗਜ਼ ਦਾ ਅੱਜ ਚੇਨਈ ਸੁਪਰ ਕਿੰਗਜ਼ ਨਾਲ ਮੁਕਾਬਲਾ ਚੱਲ ਰਿਹਾ ਹੈ । ਰਾਜਸਥਾਨ ਦੇ ਖਿਲਾਫ਼ ਰੋਮਾਂਚਕ ਮੈਚ ’ਚ ਮਿਲੀ ਜਿੱਤ ਕਾਰਨ ਟੀਮ ਖੁਸ਼ ਹੈ ਤੇ ਚੇਨਈ ਖਿਲਾਫ ਵੀ ਇਹ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ ਪਰ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਨੇ ਹਮਲਾਵਰ ਬੱਲੇਬਾਜ਼ ਕ੍ਰਿਸ ਗੇਲ ਨੂੰ ਲੈ ਕੇ ਖੁਲਾਸਾ ਕੀਤਾ ਹੈ। ਸ਼ੰਮੀ ਨੇ ਇਕ ਬਿਆਨ ’ਚ ਕਿਹਾ ਕਿ ਕ੍ਰਿਸ ਗੇਲ ਨੂੰ ਹਿੰਦੀ ਬੋਲਣੀ ਕਾਫੀ ਪਸੰਦ ਹੈ ਤੇ ਉਹ ਅੰਗਰੇਜ਼ੀ ਬੋਲਦਾ-ਬੋਲਦਾ ਵਿਚ ਵਿਚਾਲੇ ਹਿੰਦੀ ਬੋਲਣ ਲੱਗਦਾ ਹੈ। ਇਸ ਦੇ ਨਾਲ ਹੀ ਉਹ ਪੰਜਾਬੀ ਵੀ ਸਿੱਖ ਰਿਹਾ ਹੈ।
ਇਕ ਇੰਟਰਵਿਊ ਦੌਰਾਨ ਸ਼ੰਮੀ ਨੇ ਕਿਹਾ ਕਿ ਕ੍ਰਿਸ ਗੇਲ ਨੂੰ ਹਿੰਦੀ ਭਾਸ਼ਾ ਕਾਫੀ ਪਸੰਦ ਹੈ ਤੇ ਉਹ ਇਸ ਨੂੰ ਬੋਲਣਾ ਵੀ ਪਸੰਦ ਕਰਦਾ ਹੈ। ਉਹ ਖਿਡਾਰੀਆਂ ਨਾਲ ਜ਼ਿਆਦਾ ਸਮਾਂ ਹਿੰਦੀ ’ਚ ਗੱਲਾਂ ਕਰਦਾ ਹੈ। ਅੰਗਰੇਜ਼ੀ ਬੋਲਦਿਆਂ ਉਹ ਹਿੰਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਉਸ ਨੂੰ ਬਾਲੀਵੁੱਡ ਦੇ ਗਾਣੇ ਬਹੁਤ ਪਸੰਦ ਹਨ, ਜਦੋਂ ਅਸੀਂ ਸਾਰੇ ਖਿਡਾਰੀ ਹਿੰਦੀ ਦੇ ਗਾਣੇ ਗਾਉਂਦੇ ਹਾਂ ਤਾਂ ਉਹ ਵੀ ਸਾਡਾ ਸਾਥ ਦਿੰਦਾ ਹੈ। ਉਥੇ ਹੀ ਸ਼ੰਮੀ ਨੇ ਕਿਹਾ ਕਿ ਉਹ ਪੰਜਾਬੀ ਵੀ ਸਿੱਖ ਰਿਹਾ ਹੈ।
ਸ਼ੰਮੀ ਨੇ ਅੱਗੇ ਕਿਹਾ ਕਿ ਪੰਜਾਬ ਕਿੰਗਜ਼ ਦੀ ਟੀਮ ’ਚ ਕੁਝ ਖਿਡਾਰੀ ਪੰਜਾਬੀ ਵੀ ਹਨ, ਜੋ ਕ੍ਰਿਸ ਗੇਲ ਨੂੰ ਪੰਜਾਬੀ ਸਿਖਾਉਂਦੇ ਹਨ। ਉਹ ਪੰਜਾਬੀ ਨੂੰ ਵੀ ਸਿੱਖਣ ’ਚ ਕਾਫੀ ਦਿਲਚਸਪੀ ਦਿਖਾ ਰਿਹਾ ਹੈ। ਉਸ ਨੂੰ ਭਾਰਤ ਦਾ ਸੱਭਿਆਚਾਰ ਕਾਫੀ ਪਸੰਦ ਹੈ। ਗੇਲ ਜਦੋਂ ਆਰ. ਸੀ. ਬੀ. ’ਚ ਸੀ ਤਾਂ ਉਹ ਵਿਰਾਟ ਕੋਹਲੀ ਨਾਲ ਭੰਗੜਾ ਪਾਉਂਦਾ ਦਿਖਾਈ ਦਿੰਦਾ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਕਿੰਗਜ਼ ਲਈ ਕ੍ਰਿਸ ਗੇਲ ਨੇ ਪਹਿਲੇ ਮੈਚ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ। ਗੇਲ ਨੇ ਰਾਜਸਥਾਨ ਖਿਲਾਫ ਪਹਿਲੇ ਮੈਚ ’ਚ 28 ਗੇਂਦਾਂ ’ਤੇ 40 ਦੌੜਾਂ ਦੀ ਪਾਰੀ ਖੇਡੀ। ਉਸ ਨੇ ਆਪਣੀ ਇਸ ਪਾਰੀ ਦੌਰਾਨ 2 ਛੱਕੇ ਵੀ ਮਾਰੇ ਸਨ। ਪੰਜਾਬ ਦੇ ਫੈਨਜ਼ ਨੂੰ ਇਕ ਵਾਰ ਫਿਰ ਗੇਲ ਦੇ ਬੱਲੇ ਤੋਂ ਇਸੇ ਤਰ੍ਹਾਂ ਦੀ ਪਾਰੀ ਦੀ ਉਮੀਦ ਰਹੇਗੀ।
ਗ਼ਲਤ ਕੋਰੋਨਾ ਰਿਪੋਰਟ ਕਾਰਨ ਇਕਾਂਤਵਾਸ ’ਚ ਰੁਕਿਆ ਨੋਰਜੇ, ਜਾਂਚ ਤੋਂ ਬਾਅਦ ਆਇਆ ਬਾਹਰ
NEXT STORY