ਬੈਂਗਲੁਰੂ : ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਾਲੇ ਖੇਡੇ ਗਏ ਆਈਪੀਐਲ ਮੈਚ ਦੌਰਾਨ ਪ੍ਰਸ਼ੰਸਕਾਂ ਲਈ ਉਸ ਸਮੇਂ ਖੁਸ਼ੀ ਗ਼ਮ ਵਿੱਚ ਬਦਲ ਗਈ, ਜਦੋਂ ਚੋਰਾਂ ਦੇ ਇੱਕ ਸੰਗਠਿਤ ਗਿਰੋਹ ਨੇ ਵੱਡੇ ਪੱਧਰ 'ਤੇ ਮੋਬਾਈਲ ਫ਼ੋਨਾਂ 'ਤੇ ਹੱਥ ਸਾਫ਼ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ, ਸਿਰਫ਼ ਸਟੇਡੀਅਮ ਦੇ ਪੀ-3 (P3) ਸਟੈਂਡ ਤੋਂ ਹੀ ਲਗਭਗ 50 ਤੋਂ ਵੱਧ ਫ਼ੋਨ ਚੋਰੀ ਹੋਣ ਦੀ ਖ਼ਬਰ ਹੈ।
ਖਾਣ-ਪੀਣ ਦੇ ਸਮੇਂ ਨੂੰ ਬਣਾਇਆ ਨਿਸ਼ਾਨਾ
ਚੋਰਾਂ ਨੇ ਇਸ ਘਟਨਾ ਨੂੰ ਬੜੀ ਚਲਾਕੀ ਨਾਲ ਅੰਜਾਮ ਦਿੱਤਾ। ਜਦੋਂ ਦੂਜੀ ਪਾਰੀ ਸ਼ੁਰੂ ਹੋਣ ਵਾਲੀ ਸੀ ਅਤੇ ਪ੍ਰਸ਼ੰਸਕ ਖਾਣ-ਪੀਣ ਦਾ ਸਾਮਾਨ ਲੈਣ ਲਈ ਆਪਣੀਆਂ ਸੀਟਾਂ ਤੋਂ ਉੱਠੇ, ਤਾਂ ਚੋਰਾਂ ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ। ਇੱਕ ਪੀੜਤ ਮਹਿਲਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਉਸ ਦਾ ਪਤੀ ਪਾਣੀ ਲੈਣ ਗਿਆ ਸੀ, ਤਾਂ ਉਸ ਦਾ ਫ਼ੋਨ ਚੋਰੀ ਹੋ ਗਿਆ।
ਨਾਬਾਲਗਾਂ ਦੀ ਵਰਤੋਂ ਅਤੇ ਸੰਗਠਿਤ ਗਿਰੋਹ ਦਾ ਸ਼ੱਕ
ਬੈਂਗਲੁਰੂ ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ 10 ਤੋਂ 12 ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਬੱਚੇ ਟੀਮ ਦੀ ਜਰਸੀ ਪਾ ਕੇ ਅਤੇ ਮੁਫ਼ਤ ਟਿਕਟਾਂ ਲੈ ਕੇ ਸਟੇਡੀਅਮ ਵਿੱਚ ਘੁੰਮ ਰਹੇ ਸਨ, ਜਿਸ ਕਾਰਨ ਪੁਲਿਸ ਨੂੰ ਸ਼ੱਕ ਹੈ ਕਿ ਇਹ ਇੱਕ ਬਹੁਤ ਵੱਡੇ ਅਤੇ ਸੰਗਠਿਤ ਗਿਰੋਹ ਦਾ ਹਿੱਸਾ ਹਨ।
ਪੁਲਸ ਦੀ ਸੁਸਤ ਕਾਰਵਾਈ 'ਤੇ ਪ੍ਰਸ਼ੰਸਕਾਂ ਦਾ ਰੋਸ
ਮੈਚ ਦੇਖਣ ਆਏ ਲੋਕਾਂ ਨੇ ਸਟੇਡੀਅਮ ਦੀ ਸੁਰੱਖਿਆ ਅਤੇ ਪੁਲਸ ਦੀ ਕਾਰਜਪ੍ਰਣਾਲੀ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪੀੜਤਾਂ ਦਾ ਦੋਸ਼ ਹੈ ਕਿ ਸਟੇਡੀਅਮ ਵਿੱਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬਾਅਦ ਵਿੱਚ ਜਦੋਂ ਲੋਕ ਪੁਲਸ ਸਟੇਸ਼ਨ ਪਹੁੰਚੇ, ਤਾਂ ਉੱਥੇ ਸ਼ਿਕਾਇਤ ਦਰਜ ਕਰਵਾਉਣ ਲਈ ਸੈਂਕੜੇ ਲੋਕਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਸਨ। ਇਸ ਘਟਨਾ ਨੇ ਇੰਨੀ ਉੱਚ ਸੁਰੱਖਿਆ ਵਾਲੇ ਸਟੇਡੀਅਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਫਿਲਹਾਲ ਬੈਂਗਲੁਰੂ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਰੋਹਿਤ ਸ਼ਰਮਾ ਨੇ IPL ਦੇ ਪਹਿਲੇ ਹੀ ਮੈਚ 'ਚ ਰਚ'ਤਾ ਇਤਿਹਾਸ, ਤੋੜੇ ਕਈ ਵੱਡੇ ਰਿਕਾਰਡ
NEXT STORY