ਪੈਰਿਸ- ਪੈਰਿਸ ਮਾਸਟਰਸ ਦੇ ਸੈਮੀਫਾਈਨਲ ਤੋਂ ਠੀਕ ਪਹਿਲਾਂ ਹਟ ਗਿਆ ਸਪੇਨ ਦਾ ਰਾਫੇਲ ਨਡਾਲ 12 ਮਹੀਨਿਆਂ ਬਾਅਦ ਇਕ ਵਾਰ ਫਿਰ ਵਿਸ਼ਵ ਰੈਂਕਿੰਗ 'ਚ ਦੁਨੀਆ ਦਾ ਨੰਬਰ ਇਕ ਟੈਨਿਸ ਖਿਡਾਰੀ ਬਣ ਗਿਆ ਹੈ।
ਨਡਾਲ ਪਿਛਲੇ ਸਾਲ 4 ਨਵੰਬਰ ਨੂੰ ਨੰਬਰ ਇਕ ਰੈਂਕਿੰਗ 'ਤੇ ਸੀ ਤੇ ਉਸ ਨੇ ਵਿਸ਼ਵ ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ 196ਵਾਂ ਹਫਤਾ ਪੂਰਾ ਕੀਤਾ ਸੀ। ਉਸ ਤੋਂ ਠੀਕ 12 ਮਹੀਨਿਆਂ ਬਾਅਦ ਉਹ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ ਹਟਾ ਕੇ ਨੰਬਰ ਇਕ ਖਿਡਾਰੀ ਬਣ ਗਿਆ ਹੈ। ਹਾਲਾਂਕਿ ਜੋਕੋਵਿਚ ਨੇ ਪੰਜਵੀਂ ਵਾਰ ਪੈਰਿਸ ਮਾਸਟਰਸ ਦਾ ਖਿਤਾਬ ਜਿੱਤਿਆ ਪਰ ਉਹ ਨਡਾਲ ਨੂੰ ਨੰਬਰ ਵਨ ਬਣਨ ਤੋਂ ਨਹੀਂ ਰੋਕ ਸਕਿਆ। ਨਡਾਲ 1973 ਤੋਂ ਬਾਅਦ ਤੋਂ ਏ. ਟੀ. ਪੀ. ਰੈਂਕਿੰਗ ਵਿਚ ਚੋਟੀ ਦੇ ਸਥਾਨ 'ਤੇ ਪਹੁੰਚਣ ਵਾਲਾ ਦੂਜਾ ਸਭ ਤੋਂ ਵਡੇਰੀ ਉਮਰ ਦਾ ਖਿਡਾਰੀ ਬਣ ਗਿਆ ਹੈ। ਸਵਿਟਜ਼ਰਲੈਂਡ ਦਾ ਰੋਜਰ ਫੈਡਰਰ 2018 ਵਿਚ 36 ਸਾਲ ਦੀ ਉਮਰ ਵਿਚ ਬਣਿਆ ਸੀ ਨੰਬਰ ਇਕ। 33 ਸਾਲਾ ਨਡਾਲ ਨੇ ਜੋਕੋਵਿਚ ਨੂੰ ਦੂਜੇ ਸਥਾਨ 'ਤੇ ਛੱਡਿਆ ਹੈ ਅਤੇ ਉਹ ਆਪਣੇ ਕਰੀਅਰ ਵਿਚ 5ਵੀਂ ਵਾਰ ਸਾਲ ਦੀ ਸਮਾਪਤੀ ਨੰਬਰ ਇਕ ਦੇ ਰੂਪ ਵਿਚ ਕਰਨ ਦੀ ਦਿਸ਼ਾ 'ਚ ਮਜ਼ਬੂਤੀ ਨਾਲ ਅੱਗੇ ਵਧ ਰਿਹਾ ਹੈ। ਨਡਾਲ ਨੇ ਇਸ ਤੋਂ ਪਹਿਲਾਂ 2008, 2010, 2013 ਤੇ 2017 ਵਿਚ ਸਾਲ ਦੀ ਸਮਾਪਤੀ ਨੰਬਰ ਇਕ ਦੇ ਰੂਪ 'ਚ ਕੀਤੀ ਸੀ।

ਇਸ ਮਹੀਨੇ ਹੋਣ ਵਾਲੇ ਏ. ਟੀ. ਪੀ. ਫਾਈਨਲਸ ਵਿਚ ਜੇਕਰ ਨਡਾਲ ਸਾਲ ਦਾ ਅੰਤ ਨੰਬਰ ਇਕ ਰੂਪ ਵਿਚ ਕਰਨ ਦੀ ਉਪਲੱਬਧੀ ਹਾਸਲ ਕਰ ਲੈਂਦਾ ਹੈ ਤਾਂ ਉਹ ਇਤਿਹਾਸ ਵਿਚ ਅਜਿਹਾ ਕਰਨ ਵਾਲਾ ਸਭ ਤੋਂ ਵਡੇਰੀ ਉਮਰ ਦਾ ਖਿਡਾਰੀ ਹੋਵੇਗਾ। ਸਪੇਨ ਦਾ ਨਡਾਲ ਪਹਿਲੀ ਵਾਰ 18 ਅਗਸਤ 2008 ਨੂੰ 22 ਸਾਲ ਦੀ ਉਮਰ ਵਿਚ ਨੰਬਰ ਇਕ ਬਣਿਆ ਸੀ ਤੇ 46 ਹਫਤੇ ਚੋਟੀ 'ਤੇ ਬਣਿਆ ਰਿਹਾ ਸੀ। ਉਹ 2010-11 ਵਿਚ 56 ਹਫਤੇ, 2013-2014 ਵਿਚ 39 ਹਫਤੇ, 2017-18 ਵਿਚ 26 ਹਫਤੇ, 2018 ਵਿਚ ਅਪ੍ਰੈਲ-ਮਈ ਵਿਚ 6 ਹਫਤੇ, ਮਈ-ਜੂਨ ਵਿਚ 4 ਹਫਤੇ ਤੇ ਜੂਨ-ਨਵੰਬਰ ਵਿਚ 19 ਹਫਤੇ ਨੰਬਰ ਇਕ 'ਤੇ ਰਿਹਾ ਸੀ। ਨਡਾਲ ਅੱਠਵੀਂ ਵਾਰ ਨੰਬਰ ਇਕ ਸਥਾਨ 'ਤੇ ਪਹੁੰਚਿਆ ਹੈ ਤੇ ਉਸ ਨੇ ਇਵਾਨ ਲੇਂਡਲ ਦੀ ਬਰਾਬਰੀ ਕਰ ਲਈ ਹੈ। ਉਹ ਇਸ ਮਾਮਲੇ ਵਿਚ ਅਮਰੀਕਾ ਦੇ ਜਾਨ ਮੈਕੇਨਰੋ (14), ਪੀਟ ਸੰਪ੍ਰਾਸ (11) ਤੇ ਜਿਮੀ ਕੋਨਰਸ (9) ਤੋਂ ਪਿੱਛੇ ਹੈ। ਟੈਨਿਸ ਇਤਿਹਾਸ ਵਿਚ ਫੈਡਰਰ ਦੇ ਨਾਂ ਸਭ ਤੋਂ ਵੱਧ 310 ਹਫਤੇ ਚੋਟੀ 'ਤੇ ਰਹਿਣ ਦਾ ਰਿਕਾਰਡ ਹੈ। ਸੰਪ੍ਰਾਸ 286 ਹਫਤੇ, ਜੋਕੋਵਿਚ 275 ਹਫਤੇ, ਲੇਂਡਲ 270 ਹਫਤੇ ਤੇ ਕੋਨਰਸ 268 ਹਫਤੇ ਨੰਬਰ ਇਕ 'ਤੇ ਰਿਹਾ ਸੀ। ਨਡਾਲ ਦਾ ਚੋਟੀ ਦੀ ਰੈਂਕਿੰਗ 'ਤੇ ਇਹ 197ਵਾਂ ਹਫਤਾ ਸ਼ੁਰੂ ਹੋ ਰਿਹਾ ਹੈ।

ਜੋਕੋਵਿਚ ਨੇ ਪੈਰਿਸ ਮਾਸਟਰਸ ਖਿਤਾਬ ਜਿੱਤ ਕੇ ਏ. ਟੀ. ਪੀ. ਰੇਸ ਟੂ ਲੰਡਨ ਦੌੜ ਵਿਚ ਆਪਣੇ ਅੰਕਾਂ ਵਿਚ 1000 ਅੰਕ ਜੋੜੇ ਹਨ। ਉਸ ਦੇ ਹੁਣ 8945 ਅੰਕ ਹੋ ਗਏ ਹਨ ਤੇ ਉਹ ਨਡਾਲ ਦੇ 9585 ਅੰਕਾਂ ਤੋਂ ਸਿਰਫ 640 ਅੰਕ ਪਿੱਛੇ ਹੈ। ਨਡਾਲ ਹਾਲਾਂਕਿ ਪੈਰਿਸ ਮਾਸਟਰਸ ਦੇ ਸੈਮੀਫਾਈਨਲ 'ਚੋਂ ਹਟ ਗਿਆ ਸੀ ਪਰ ਉਸ ਦਾ ਇਰਾਦਾ 10 ਤੋਂ 17 ਨਵੰਬਰ ਤਕ ਲੰਡਨ ਵਿਚ ਹੋਣ ਵਾਲੇ ਏ. ਟੀ. ਪੀ. ਫਾਈਨਲਸ 'ਚ ਪੂਰੀ ਫਿੱਟਨੈੱਸ ਦੇ ਨਾਲ ਉਤਰਨ ਦਾ ਹੈ। ਲੰਡਨ 'ਚ ਕਦੇ ਵੀ ਖਿਤਾਬ ਨਹੀਂ ਜਿੱਤ ਸਕਿਆ ਨਡਾਲ ਜੇਕਰ ਇਸ ਟੂਰਨਾਮੈਂਟ ਵਿਚੋਂ ਹਟਦਾ ਹੈ ਤਾਂ ਜੋਕੋਵਿਚ ਕੋਲ ਖਿਤਾਬ ਜਿੱਤ ਕੇ ਸਾਲ ਦੀ ਸਮਾਪਤੀ ਨੰਬਰ ਇਕ ਦੇ ਰੂਪ ਵਿਚ ਕਰਨ ਦਾ ਮੌਕਾ ਰਹੇਗਾ ਤੇ ਉਦੋਂ ਉਹ ਸੰਪ੍ਰਾਸ ਦੇ ਛੇ ਵਾਰ ਸਾਲ ਦੀ ਸਮਾਪਤੀ ਨੰਬਰ ਇਕ ਦੇ ਰੂਪ ਵਿਚ ਕਰਨ ਦੇ ਰਿਕਾਰਡ ਦੀ ਬਰਾਬਰੀ ਕਰ ਸਕੇਗਾ।
ਬੰਗਲਾਦੇਸ਼ ਕੋਲੋਂ ਹਾਰਨ ਤੋਂ ਬਾਅਦ ਗੇਂਦਬਾਜ਼ਾਂ 'ਤੇ ਭੜਕੇ ਕਪਤਾਨ ਰੋਹਿਤ, ਕਹੀ ਇਹ ਗੱਲ
NEXT STORY