ਮੁੰਬਈ, (ਬਿਊਰੋ)— ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਨੇ ਕਿਹਾ ਕਿ ਦੇਸ਼ 'ਚ ਪੁਰਸ਼ਾਂ ਦੀ ਤਰ੍ਹਾਂ ਮਹਿਲਾਵਾਂ ਦੇ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਜਿਹੇ ਟੂਰਨਾਮੈਂਟ ਸ਼ੁਰੂ ਕਰਨ ਤੋਂ ਪਹਿਲਾਂ ਘਰੇਲੂ ਪੱਧਰ 'ਤੇ ਮਹਿਲਾਵਾਂ ਦੇ ਕ੍ਰਿਕਟ ਨੂੰ ਸੁਧਾਰਨ ਦੀ ਜ਼ਰੂਰਤ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਗਲੇ ਮਹੀਨੇ ਅਪ੍ਰੈਲ 'ਚ ਆਈ.ਪੀ.ਐੱਲ. ਦੇ 11ਵੇਂ ਸੀਜ਼ਨ ਤੋਂ ਪਹਿਲਾਂ ਮਹਿਲਾਵਾਂ ਲਈ ਵੀ ਪ੍ਰਦਰਸ਼ਨੀ ਮੈਚ ਆਯੋਜਿਤ ਕਰੇਗਾ। ਭਾਰਤੀ ਮਹਿਲਾ ਟੀਮ ਦੇ ਪਿਛਲੇ ਸਾਲ ਵਿਸ਼ਵ ਕੱਪ 'ਚ ਫਾਈਨਲ ਤੱਕ ਪਹੁੰਚਣ ਅਤੇ ਟੂਰਨਾਮੈਂਟ 'ਚ ਬਿਹਤਰ ਪ੍ਰਦਰਸ਼ਨ ਦੇ ਬਾਅਦ ਮਹਿਲਾ ਕ੍ਰਿਕਟ ਨੂੰ ਲੈ ਕੇ ਬੋਰਡ ਵੀ ਕਾਫੀ ਉਤਸ਼ਾਹਤ ਦਿਖਾਈ ਦੇ ਰਿਹਾ ਹੈ।
ਮਿਤਾਲੀ ਨੇ ਹਾਲਾਂਕਿ ਮੰਨਿਆ ਕਿ ਦੇਸ਼ 'ਚ ਮਹਿਲਾਵਾਂ ਦੀ ਲੀਗ ਸ਼ੁਰੂ ਕਰਨ ਤੋਂ ਪਹਿਲਾਂ ਘਰੇਲੂ ਪੱਧਰ 'ਤੇ ਮਹਿਲਾਵਾਂ ਦੇ ਖੇਡ ਨੂੰ ਮਜ਼ਬੂਤ ਕੀਤੇ ਜਾਣ ਦੀ ਜ਼ਰੂਰਤ ਹੈ। ਕਪਤਾਨ ਨੇ ਇਸ ਬਾਰੇ ਪੁੱਛੇ ਜਾਣ 'ਤੇ ਕਿਹਾ ਕਿ ਆਈ.ਪੀ.ਐੱਲ. ਜਿਹੇ ਕਿਸੇ ਵੀ ਵੱਡੇ ਟੂਰਨਾਮੈਂਟ ਲਈ ਪਹਿਲਾਂ ਤੁਹਾਡੇ ਕੋਲ ਖਿਡਾਰਨਾਂ ਦਾ ਪੂਲ ਹੋਣਾ ਚਾਹੀਦਾ ਹੈ। ਮੈਂ ਪਹਿਲਾਂ ਹੀ ਕਿਹਾ ਹੈ ਕਿ ਮਹਿਲਾ ਏ ਟੀਮ 'ਚ ਵੀ ਸਾਨੂੰ ਚੰਗੀਆਂ ਖਿਡਾਰਨਾਂ ਦੀ ਜ਼ਰੂਰਤ ਹੈ। ਜਦੋਂ ਸਾਡੇ ਕੋਲ ਅਜਿਹੀਆਂ ਚੰਗੀਆਂ ਖਿਡਾਰਨਾਂ ਹੋਣਗੀਆਂ ਤੱਦ ਹੀ ਆਈ.ਪੀ.ਐੱਲ. ਜਿਹਾ ਟੂਰਨਾਮੈਂਟ ਖੇਡਿਆ ਜਾ ਸਕਦਾ ਹੈ। 35 ਸਾਲਾ ਬੱਲੇਬਾਜ਼ ਨੇ ਕਿਹਾ ਕਿ ਤੁਹਾਨੂੰ ਘਰੇਲੂ ਖਿਡਾਰਨਾਂ ਨੂੰ ਤਿਆਰ ਕਰਨਾ ਹੁੰਦਾ ਹੈ। ਪਰ ਘਰੇਲੂ ਅਤੇ ਕੌਮਾਂਤਰੀ ਖਿਡਾਰਨਾਂ 'ਚ ਕਾਫੀ ਫਰਕ ਹੁੰਦਾ ਹੈ ਅਤੇ ਇਸ ਨਾਲ ਵੀ ਮਹਿਲਾ ਕ੍ਰਿਕਟ ਨੂੰ ਜ਼ਿਆਦਾ ਅੱਗੇ ਵਧਣ 'ਚ ਮੁਸ਼ਕਲ ਆਉਂਦੀ ਹੈ। ਇਸ ਲਈ ਸਾਨੂੰ ਯੁਵਾ ਖਿਡਾਰਨਾਂ ਨੂੰ ਅੱਗੇ ਵਧਾਉਣਾ ਹੋਵੇਗਾ।
ਮਿਤਾਲੀ ਨੇ ਕਿਹਾ ਕਿ ਮੇਰਾ ਨਿੱਜੀ ਤੌਰ 'ਤੇ ਮੰਨਣਾ ਹੈ ਕਿ ਪਹਿਲਾਂ ਸਾਨੂੰ ਮਜ਼ਬੂਤ ਘਰੇਲੂ ਢਾਂਚਾ ਤਿਆਰ ਕਰਨਾ ਹੋਵੇਗਾ ਤਾਂ ਜੋ ਉਸ ਤੋਂ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਚੁਣਿਆ ਜਾ ਸਕੇ, ਉਸ ਤੋਂ ਬਾਅਦ ਆਈ.ਪੀ.ਐੱਲ. ਜਿਹੀ ਕਿਸੇ ਲੀਗ ਦੇ ਬਾਰੇ 'ਚ ਸੋਚਿਆ ਜਾ ਸਕਦਾ ਹੈ। ਨਹੀਂ ਤਾਂ ਤੁਹਾਡੇ ਕੋਲ ਇਸ ਲਈ ਖਿਡਾਰੀ ਹੀ ਨਹੀਂ ਹੋਣਗੇ। ਇਸ ਮੌਕੇ 'ਤੇ ਮੌਜੂਦ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਵੀ ਮਿਤਾਲੀ ਦੀ ਗੱਲ 'ਤੇ ਸਹਿਮਤੀ ਜਤਾਈ। ਝੂਲਨ ਨੇ ਕਿਹਾ ਕਿ ਇਹ ਸਹੀ ਹੈ ਕਿ ਸਾਨੂੰ ਆਪਣੇ ਘਰੇਲੂ ਢਾਂਚੇ ਨੂੰ ਪਹਿਲਾਂ ਮਜ਼ਬੂਤ ਕਰਨਾ ਹੋਵੇਗਾ। ਭਾਰਤੀ ਟੀਮ ਆਸਟਰੇਲੀਆ ਅਤੇ ਇੰਗਲੈਂਡ ਦੇ ਨਾਲ ਤਿਕੋਣੀ ਟਵੰਟੀ-20 ਸੀਰੀਜ਼ ਖੇਡੇਗੀ ਜਿਸ ਦੀ ਸ਼ੁਰੂਆਤ ਵੀਰਵਾਰ ਤੋਂ ਮੁੰਬਈ 'ਚ ਹੋਵੇਗੀ। ਮਿਤਾਲੀ ਐਡ ਕੰਪਨੀ ਇਸ ਸਾਲ ਹੋਣ ਵਾਲੇ ਟਵੰਟੀ-20 ਵਿਸ਼ਵ ਕੱਪ ਦੇ ਲਈ ਵੀ ਤਿਆਰੀ 'ਚ ਜੁੱਟੀ ਹੈ ਅਜਿਹੇ 'ਚ ਉਸ ਦੀ ਘਰੇਲੂ ਮੈਦਾਨ 'ਤੇ ਇਸ ਸੀਰੀਜ਼ 'ਚ ਚੰਗੇ ਪ੍ਰਦਰਸ਼ਨ 'ਤੇ ਨਿਗਾਹਾਂ ਲੱਗੀਆਂ ਹਨ।
ਚਿਰਾਗ ਅਤੇ ਸਾਤਵਿਕ ਦੀਆਂ ਨਜ਼ਰਾਂ ਇਤਿਹਾਸ ਰਚਣ 'ਤੇ
NEXT STORY