ਸਪੋਰਟਸ ਡੈਸਕ- ਓਲੰਪਿਕ ਚੈਂਪੀਅਨ ਨੀਰਜ ਚੋਪੜਾ ਸ਼ੁੱਕਰਵਾਰ ਨੂੰ ਦੋਹਾ ਡਾਇਮੰਡ ਲੀਗ ਦੇ ਪਹਿਲੇ ਪੜਾਅ ਦੇ ਨਾਲ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਦੀ ਸ਼ੁਰੂਆਤ ਕਰਨਗੇ। ਮੌਜੂਦਾ ਵਿਸ਼ਵ ਅਤੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਭਾਰਤ ਦੇ ਜੈਵਲਿਨ ਥ੍ਰੋਅਰ ਚੋਪੜਾ ਦਾ ਸਾਹਮਣਾ ਗ੍ਰੇਨਾਡਾ ਦੇ ਸਾਬਕਾ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਅਤੇ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦੇ ਤਮਗਾ ਜੇਤੂ ਚੈੱਕ ਗਣਰਾਜ ਦੇ ਯਾਕੂਬ ਵਾਲੇਸ਼ ਨਾਲ ਹੋਵੇਗਾ। ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਜੇਤੂ ਭਾਰਤ ਦੇ ਕਿਸ਼ੋਰ ਜੇਨਾ ਡਾਇਮੰਡ ਲੀਗ ਵਿੱਚ ਆਪਣੀ ਸ਼ੁਰੂਆਤ ਕਰਨਗੇ। ਉਨ੍ਹਾਂ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ 87.54 ਮੀਟਰ ਹੈ ਜਦਕਿ ਚੋਪੜਾ ਦਾ ਸਰਵੋਤਮ ਪ੍ਰਦਰਸ਼ਨ 89.94 ਮੀਟਰ ਹੈ ਜੋ ਕਿ ਇੱਕ ਰਾਸ਼ਟਰੀ ਰਿਕਾਰਡ ਵੀ ਹੈ।
ਯੂਰਪੀਅਨ ਚੈਂਪੀਅਨ ਜਰਮਨੀ ਦਾ ਜੂਲੀਅਨ ਵੇਬਰ ਵੀ ਉਨ੍ਹਾਂ ਦਸ ਖਿਡਾਰੀਆਂ ਵਿੱਚ ਸ਼ਾਮਲ ਹੈ ਜੋ ਲੀਗ ਵਿੱਚ ਹਿੱਸਾ ਲੈਣਗੇ। ਇਸ ਤੋਂ ਬਾਅਦ ਲੀਗ ਦਾ ਦੂਜਾ ਪੜਾਅ 19 ਮਈ ਨੂੰ ਮੋਰੱਕੋ ਵਿੱਚ ਹੋਵੇਗਾ। ਚੋਪੜਾ ਇੱਥੇ ਡਿਫੈਂਡਿੰਗ ਚੈਂਪੀਅਨ ਵੀ ਹੈ ਜਿਸ ਨੇ 2023 ਵਿੱਚ ਵਾਲੇਸ਼ ਅਤੇ ਪੀਟਰਸ ਨੂੰ ਹਰਾਇਆ ਸੀ।
ਚੋਪੜਾ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ, "ਸਫ਼ਲਤਾ ਟੀਮ ਵਰਕ 'ਤੇ ਨਿਰਭਰ ਕਰਦੀ ਹੈ। ਮੇਰੇ ਕੋਚ ਅਤੇ ਫਿਜ਼ੀਓ ਦਾ ਯੋਗਦਾਨ ਬਹੁਤ ਜ਼ਿਆਦਾ ਰਿਹਾ ਹੈ। ਕੋਚ ਮੇਰੀ ਤਕਨੀਕ ਦੀ ਸਮੀਖਿਆ ਕਰਦੇ ਹਨ ਅਤੇ ਮੈਨੂੰ ਦੱਸਦੇ ਹਨ ਕਿ ਮੇਰੇ ਲਈ ਕੀ ਅਨੁਕੂਲ ਹੋਵੇਗਾ। ਸਾਡੇ ਕੋਲ ਸਟ੍ਰੈਂਥ ਸਿਖਲਾਈ ਮਾਹਰ ਵੀ ਹੈ।"
ਪੀਟਰਸ ਨੇ 2022 ਵਿੱਚ ਇੱਥੇ 93.07 ਦਾ ਥਰੋਅ ਸੁੱਟਿਆ ਸੀ। ਟੋਕੀਓ ਓਲੰਪਿਕ ਚਾਂਦੀ ਦਾ ਤਗਮਾ ਜੇਤੂ ਵਾਲੇਸ਼ 2023 ਡਾਇਮੰਡ ਲੀਗ ਚੈਂਪੀਅਨ ਹੈ ਅਤੇ ਇੱਥੇ 2022 ਵਿੱਚ ਉਨ੍ਹਾਂ ਨੇ 90.88 ਮੀਟਰ ਦੀ ਥਰੋਅ ਸੁੱਟੀ ਸੀ। ਚੋਪੜਾ ਨੇ ਡਾਇਮੰਡ ਲੀਗ ਦੇ ਤਿੰਨ ਵੱਖ-ਵੱਖ ਪੜਾਅ ਜਿੱਤੇ ਹਨ ਅਤੇ 2022 ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ ਹੈ।
ਇਸ ਤੋਂ ਬਾਅਦ ਚੋਪੜਾ ਤਿੰਨ ਸਾਲਾਂ 'ਚ ਪਹਿਲੀ ਵਾਰ ਭਾਰਤ 'ਚ ਖੇਡਣਗੇ। ਉਹ 12 ਤੋਂ 15 ਮਈ ਤੱਕ ਭੁਵਨੇਸ਼ਵਰ ਵਿੱਚ ਹੋਣ ਵਾਲੀ ਨੈਸ਼ਨਲ ਫੈਡਰੇਸ਼ਨ ਕੱਪ ਸੀਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣਗੇ। ਜੇਨਾ ਵੀ ਇਸ 'ਚ ਹਿੱਸਾ ਲੈਣਗੇ। ਪੁਰਸ਼ਾਂ ਦੇ ਕੁਆਲੀਫਾਇੰਗ ਰਾਊਂਡ ਦੇ ਜੈਵਲਿਨ ਥਰੋਅ ਮੈਚ 14 ਮਈ ਅਤੇ ਫਾਈਨਲ 15 ਮਈ ਨੂੰ ਹੋਣਗੇ।
ਬਾਕੂ ਵਿਸ਼ਵ ਕੱਪ 'ਚ ਭਾਰਤੀ ਨਿਸ਼ਾਨੇਬਾਜ਼ਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ
NEXT STORY