ਲੁਸਾਨੇ–ਪੈਰਿਸ ਓਲੰਪਿਕ ਵਿਚ ਇਤਿਹਾਸਕ ਚਾਂਦੀ ਤਮਗਾ ਜਿੱਤਣ ਦੇ ਦੋ ਹਫਤੇ ਬਾਅਦ ਸਟਾਰ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਵੀਰਵਾਰ ਨੂੰ ਲੁਸਾਨੇ ਡਾਇਮੰਡ ਲੀਗ ਮੀਟ ਵਿਚ ਫਿਰ ਹਿੱਸਾ ਲਵੇਗਾ ਤੇ ਅਗਲੇ ਮਹੀਨੇ ਸੈਸ਼ਨ ਡਾਇਮੰਡ ਲੀਗ ਟਰਾਫੀ ਨੂੰ ਫਿਰ ਤੋਂ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ। ਲੰਬੇ ਸਮੇਂ ਤੋਂ ਗ੍ਰੋਇਨ ਦੀ ਸੱਟ ਨਾਲ ਜੂਝ ਰਹੇ ਨੀਰਜ ਨੇ 8 ਅਗਸਤ ਨੂੰ ਪੈਰਿਸ ਓਲੰਪਿਕ ਵਿਚ 89.45 ਮੀਟਰ ਦੀ ਥ੍ਰੋਅ ਨਾਲ ਚਾਂਦੀ ਤਮਗਾ ਜਿੱਤਿਆ ਸੀ। ਉਸ ਨੇ 3 ਸਾਲ ਪਹਿਲਾਂ ਟੋਕੀਓ ਓਲੰਪਿਕ ਵਿਚ ਇਤਿਹਾਸਕ ਸੋਨ ਤਮਗਾ ਆਪਣੇ ਨਾਂ ਕੀਤਾ ਸੀ। ਦੋ ਵਾਰ ਦੇ ਓਲੰਪਿਕ ਤਮਗਾ ਜੇਤੂ 26 ਸਾਲ ਦੇ ਨੀਰਜ ਨੇ ਸ਼ਨੀਵਾਰ ਨੂੰ ਲੁਸਾਨੇ ਡਾਇਮੰਡ ਲੀਗ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਸੀ, ਜਿਸ ਕਾਰਨ ਹੁਣ ਉਸਦੀ ਸਰਜਰੀ ’ਤੇ ਫੈਸਲਾ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਹੋਵੇਗਾ। ਨੀਰਜ 2022 ਵਿਚ ਡਾਇਮੰਡ ਲੀਗ ਚੈਂਪੀਅਨ ਸੀ ਤੇ ਪਿਛਲੇ ਸਾਲ ਅਮਰੀਕਾ ਦੇ ਯੂਜਿਨ ਵਿਚ ‘ਵਿਨਰ-ਟੇਕ-ਆਲ’ ਡਾਇਮੰਡ ਲੀਗ ਫਾਈਨਲ ਵਿਚ ਚੈੱਕ ਗਣਰਾਜ ਦੇ ਯਾਕੂਬ ਵਾਡਲੇਚ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ ਸੀ।
ਮੌਜੂਦਾ ਸੈਸ਼ਨ ਦਾ ਡਾਇਮੰਡ ਲੀਗ ਫਾਈਨਲ 14 ਸਤੰਬਰ ਨੂੰ ਬ੍ਰਸੇਲਸ ਵਿਚ ਹੋਵੇਗਾ। ਫਾਈਨਲ ਲਈ ਕੁਆਲੀਫਾਈ ਕਰਨ ਲਈ ਉਸ ਨੂੰ ਡਾਇਮੰਡ ਲੀਗ ਮੀਟਿੰਗ ਸੀਰੀਜ਼ ਅੰਕ ਸੂਚੀ ਵਿਚ ਟਾਪ-6 ਵਿਚ ਰਹਿਣਾ ਪਵੇਗਾ। 5 ਸਤੰਬਰ ਨੂੰ ਜਿਊਰਿਖ ਵਿਚ ਇਕ ਹੋਰ ਡਾਇਮੰਡ ਲੀਗ ਪ੍ਰਤੀਯੋਗਿਤਾ ਹੋਣੀ ਹੈ, ਜਿਸ ਵਿਚ ਪੁਰਸ਼ਾਂ ਦੀ ਜੈਵਲਿਨ ਥ੍ਰੋਅ ਪ੍ਰਤੀਯੋਗਿਤਾ ਵੀ ਸ਼ਾਮਲ ਹੈ। 10 ਮਈ ਨੂੰ ਦੋਹਾ ਡਾਇਮੰਡ ਲੀਗ ਵਿਚ ਵਾਡਲੇਚ ਤੋਂ ਬਾਅਦ ਦੂਜੇ ਸਥਾਨ ’ਤੇ ਰਹਿਣ ਨਾਲ ਉਹ 7 ਅੰਕਾਂ ਨਾਲ ਚੌਥੇ ਸਥਾਨ ’ਤੇ ਹੈ। 8 ਅਗਸਤ ਨੂੰ ਓਲੰਪਿਕ ਫਾਈਨਲ ਤੋਂ ਬਾਅਦ ਨੀਰਜ ਨੇ ਸਵਿਟਜ਼ਰਲੈਂਡ ਵਿਚ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ ਤੇ ਸੱਟ ਦੀ ਸਮੱਸਿਆ ਦੇ ਬਾਵਜੂਦ ਇਸ ਸੈਸ਼ਨ ਨੂੰ ਸ਼ਾਨਦਾਰ ਤਰੀਕੇ ਨਾਲ ਖਤਮ ਕਰਨ ਲਈ ਦ੍ਰਿੜ੍ਹ ਇਰਾਦਾ ਰੱਖਦਾ ਹੈ।
ਸ਼੍ਰੀਲੰਕਾ ਨੇ ਇੰਗਲੈਂਡ ਵਿਰੁੱਧ ਪਹਿਲੀ ਪਾਰੀ ’ਚ ਬਣਾਈਆਂ 236 ਦੌੜਾਂ
NEXT STORY