ਸਪੋਰਟਸ ਡੈਸਕ- ਆਈਸੀਸੀ ਟੀ-20 ਵਰਲਡ ਕੱਪ 2026 ਦੇ 12ਵੇਂ ਮੁਕਾਬਲੇ ਵਿੱਚ ਪਾਕਿਸਤਾਨ ਨੇ ਅਮਰੀਕਾ ਨੂੰ 32 ਦੌੜਾਂ ਨਾਲ ਮਾਤ ਦੇ ਕੇ ਟੂਰਨਾਮੈਂਟ ਵਿੱਚ ਆਪਣੀ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਕੋਲੰਬੋ ਵਿੱਚ ਖੇਡੇ ਗਏ ਇਸ ਮੈਚ ਵਿੱਚ ਅਮਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਪਾਕਿਸਤਾਨੀ ਬੱਲੇਬਾਜ਼ਾਂ ਦੇ ਇਰਾਦੇ ਕੁਝ ਹੋਰ ਹੀ ਸਨ।
ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨੀ ਟੀਮ ਦੀ ਸ਼ੁਰੂਆਤ ਹਮਲਾਵਰ ਰਹੀ। ਸਲਾਮੀ ਬੱਲੇਬਾਜ਼ ਸਾਹਿਬਜ਼ਾਦਾ ਫਰਹਾਨ ਨੇ ਅਮਰੀਕੀ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਾਈ ਅਤੇ ਮਹਿਜ਼ 41 ਗੇਂਦਾਂ ਵਿੱਚ 73 ਦੌੜਾਂ ਠੋਕ ਦਿੱਤੀਆਂ, ਜਿਸ ਵਿੱਚ 6 ਚੌਕੇ ਅਤੇ 5 ਸ਼ਾਨਦਾਰ ਛੱਕੇ ਸ਼ਾਮਲ ਸਨ। ਕਪਤਾਨ ਬਾਬਰ ਆਜ਼ਮ ਨੇ ਵੀ ਜ਼ਿੰਮੇਵਾਰਾਨਾ ਬੱਲੇਬਾਜ਼ੀ ਕਰਦਿਆਂ 32 ਗੇਂਦਾਂ ਵਿੱਚ 46 ਦੌੜਾਂ ਦਾ ਯੋਗਦਾਨ ਪਾਇਆ। ਹਾਲਾਂਕਿ, ਸੈਮ ਅਯੂਬ (19) ਅਤੇ ਸਲਮਾਨ ਆਗਾ (1) ਦੇ ਜਲਦੀ ਆਊਟ ਹੋਣ ਤੋਂ ਬਾਅਦ ਮੱਧ ਵਿੱਚ ਦੌੜਾਂ ਦੀ ਰਫ਼ਤਾਰ ਕੁਝ ਮੱਠੀ ਪਈ, ਪਰ ਪਾਕਿਸਤਾਨ ਫਿਰ ਵੀ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ 190 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਵਿੱਚ ਸਫਲ ਰਿਹਾ।
191 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਅਮਰੀਕੀ ਟੀਮ ਨੇ ਸ਼ੁਰੂਆਤ ਵਿੱਚ ਚੰਗਾ ਜਜ਼ਬਾ ਦਿਖਾਇਆ। ਪਹਿਲੀ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਹੋਈ, ਜਿਸ ਵਿੱਚ ਸ਼ਾਇਨ ਜਹਾਂਗੀਰ ਨੇ 34 ਗੇਂਦਾਂ ਵਿੱਚ 49 ਦੌੜਾਂ ਦੀ ਤੇਜ਼ ਪਾਰੀ ਖੇਡੀ। ਪਰ 11ਵੇਂ ਓਵਰ ਵਿੱਚ ਜਹਾਂਗੀਰ ਦੇ ਆਊਟ ਹੁੰਦੇ ਹੀ ਪਾਕਿਸਤਾਨੀ ਗੇਂਦਬਾਜ਼ਾਂ ਨੇ ਮੈਚ 'ਤੇ ਸ਼ਿਕੰਜਾ ਕੱਸ ਲਿਆ। ਅਖੀਰ ਵਿੱਚ ਸ਼ੁਭਮ ਰੰਜਨੇ ਨੇ 30 ਗੇਂਦਾਂ ਵਿੱਚ 51 ਦੌੜਾਂ ਬਣਾ ਕੇ ਜਿੱਤ ਦੀ ਉਮੀਦ ਜਗਾਈ, ਪਰ ਦੂਜੇ ਪਾਸੇ ਤੋਂ ਸਾਥ ਨਾ ਮਿਲਣ ਕਾਰਨ ਅਮਰੀਕੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 158 ਦੌੜਾਂ ਹੀ ਬਣਾ ਸਕੀ।
ਪਾਕਿਸਤਾਨੀ ਗੇਂਦਬਾਜ਼ਾਂ ਨੇ ਅਹਿਮ ਮੌਕਿਆਂ 'ਤੇ ਵਿਕਟਾਂ ਲੈ ਕੇ ਅਮਰੀਕਾ ਨੂੰ ਉਲਟਫੇਰ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ। ਇਸ ਜਿੱਤ ਨਾਲ ਪਾਕਿਸਤਾਨ ਨੇ ਪਿਛਲੇ ਵਰਲਡ ਕੱਪ ਵਿੱਚ ਅਮਰੀਕਾ ਹੱਥੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ ਹੈ ਅਤੇ ਟੂਰਨਾਮੈਂਟ ਵਿੱਚ ਆਪਣੀ ਦਾਅਵੇਦਾਰੀ ਹੋਰ ਮਜ਼ਬੂਤ ਕਰ ਲਈ ਹੈ।
T20 World Cup: ਪਾਕਿਸਤਾਨ ਨੇ USA ਸਾਹਮਣੇ ਰੱਖਿਆ 191 ਦੌੜਾਂ ਦਾ ਟੀਚਾ
NEXT STORY