ਸਪੋਰਟਸ ਡੈਸਕ: ਟੀ-20 ਵਿਸ਼ਵ ਕੱਪ 2026 ਨੂੰ ਲੈ ਕੇ ਚੱਲ ਰਿਹਾ ਵਿਵਾਦ ਹੁਣ ਇੱਕ ਗੰਭੀਰ ਮੋੜ 'ਤੇ ਪਹੁੰਚ ਗਿਆ ਹੈ। ਬੰਗਲਾਦੇਸ਼ ਦੇ ਟੂਰਨਾਮੈਂਟ ਤੋਂ ਬਾਹਰ ਹੋਣ ਅਤੇ ਉਨ੍ਹਾਂ ਦੀ ਜਗ੍ਹਾ ਸਕਾਟਲੈਂਡ ਦੀ ਐਂਟਰੀ ਤੋਂ ਬਾਅਦ, ਹੁਣ ਪਾਕਿਸਤਾਨ ਕ੍ਰਿਕਟ ਬੋਰਡ (PCB) ਪੂਰੀ ਤਰ੍ਹਾਂ ਬਾਈਕਾਟ ਕਰਨ 'ਤੇ ਵਿਚਾਰ ਕਰ ਰਿਹਾ ਹੈ। ਪੀਸੀਬੀ ਮੁਖੀ ਮੋਹਸਿਨ ਨਕਵੀ ਨੇ ਇਸ ਸਬੰਧੀ ਦੇਸ਼ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨਾਲ ਅਹਿਮ ਬੈਠਕ ਕੀਤੀ ਹੈ। ਨਕਵੀ ਅਨੁਸਾਰ, ਵਿਸ਼ਵ ਕੱਪ ਵਿੱਚ ਸ਼ਮੂਲੀਅਤ ਬਾਰੇ ਅੰਤਿਮ ਫੈਸਲਾ ਸਰਕਾਰ ਦੇ ਹੱਥਾਂ ਵਿੱਚ ਹੈ ਅਤੇ ਇਹ ਫੈਸਲਾ ਇਸ ਹਫ਼ਤੇ ਦੇ ਅੰਤ ਤੱਕ ਆਉਣ ਦੀ ਸੰਭਾਵਨਾ ਹੈ।
ਜੇਕਰ ਪਾਕਿਸਤਾਨ ਇਸ ਵਿਸ਼ਵ ਕੱਪ ਦਾ ਬਾਈਕਾਟ ਕਰਦਾ ਹੈ, ਤਾਂ ਉਸ ਨੂੰ ਬੇਹੱਦ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ ਜੋ ਪਾਕਿਸਤਾਨੀ ਕ੍ਰਿਕਟ ਦੀ ਆਰਥਿਕ ਸਥਿਤੀ ਨੂੰ ਤਬਾਹ ਕਰ ਸਕਦੇ ਹਨ। ਅਜਿਹਾ ਕਰਨ ਨਾਲ ਪਾਕਿਸਤਾਨ 'ਟੂਰਨਾਮੈਂਟ ਪਾਰਟੀਸੀਪੇਸ਼ਨ ਐਗਰੀਮੈਂਟ' (TPA) ਦੀ ਉਲੰਘਣਾ ਕਰੇਗਾ, ਜਿਸ ਕਾਰਨ ਆਈਸੀਸੀ ਉਨ੍ਹਾਂ ਦੇ ਸਾਲਾਨਾ ਮਾਲੀਏ ਦੇ ਹਿੱਸੇ ਨੂੰ ਰੋਕ ਸਕਦੀ ਹੈ। ਇਸ ਨਾਲ ਪਾਕਿਸਤਾਨ ਨੂੰ ਲਗਭਗ 34.5 ਮਿਲੀਅਨ ਅਮਰੀਕੀ ਡਾਲਰ (ਕਰੀਬ 316 ਕਰੋੜ ਰੁਪਏ) ਦਾ ਭਾਰੀ ਨੁਕਸਾਨ ਹੋਣ ਦਾ ਅਨੁਮਾਨ ਹੈ।
ਸਿਰਫ਼ ਵਿੱਤੀ ਨੁਕਸਾਨ ਹੀ ਨਹੀਂ, ਬਲਕਿ ਪਾਕਿਸਤਾਨ 'ਤੇ ਆਈਸੀਸੀ (ICC) ਵੱਲੋਂ ਪਾਬੰਦੀ ਲਗਾਈ ਜਾ ਸਕਦੀ ਹੈ। ਸਿਆਸੀ ਦਖਲਅੰਦਾਜ਼ੀ ਦੇ ਆਧਾਰ 'ਤੇ ਪਾਕਿਸਤਾਨ ਨੂੰ ਗਲੋਬਲ ਕ੍ਰਿਕਟ ਤੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ, ਜਿਵੇਂ ਪਹਿਲਾਂ ਜ਼ਿੰਬਾਬਵੇ ਅਤੇ ਸ੍ਰੀਲੰਕਾ ਨਾਲ ਹੋ ਚੁੱਕਾ ਹੈ। ਇਸ ਬਾਈਕਾਟ ਕਾਰਨ ਪਾਕਿਸਤਾਨ ਤੋਂ 2028 ਮਹਿਲਾ ਟੀ-20 ਵਿਸ਼ਵ ਕੱਪ ਵਰਗੇ ਵੱਡੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਖੁੱਸ ਸਕਦੀ ਹੈ ਅਤੇ ਪਾਕਿਸਤਾਨ ਸੁਪਰ ਲੀਗ (PSL) 'ਤੇ ਵੀ ਸੰਕਟ ਆ ਸਕਦਾ ਹੈ, ਕਿਉਂਕਿ ਆਈਸੀਸੀ ਹੋਰ ਦੇਸ਼ਾਂ ਦੇ ਖਿਡਾਰੀਆਂ ਨੂੰ ਐਨਓਸੀ (NOC) ਦੇਣ ਤੋਂ ਮਨ੍ਹਾ ਕਰ ਸਕਦੀ ਹੈ।
ਸੈਫ਼ ਫੁੱਟਸਲ ਚੈਂਪੀਅਨਸ਼ਿਪ 2026 : ਭਾਰਤ ਨੇ ਪਾਕਿ ਨੂੰ ਹਰਾ ਕੇ ਜਿੱਤਿਆ ਚਾਂਦੀ ਦਾ ਤਮਗਾ
NEXT STORY