ਨਿਊਯਾਰਕ- ਵਿਸ਼ਵ ਦੇ ਦੂਸਰੇ ਨੰਬਰ ਦੇ ਖਿਡਾਰੀ ਅਤੇ ਫ੍ਰੈਂਚ ਓਪਨ ਚੈਂਪੀਅਨ ਸਪੇਨ ਦੇ ਰਾਫੇਲ ਨਡਾਲ ਅਤੇ ਸਾਬਕਾ ਮਹਿਲਾ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਨੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਯੂ. ਐੱਸ. ਓਪਨ ਟੈਨਿਸ ਟੂਰਨਾਮੈਂਟ ਦੇ ਦੂਸਰੇ ਦੌਰ ਵਿਚ ਜਗ੍ਹਾ ਬਣਾ ਲਈ ਹੈ, ਜਦਕਿ 5ਵਾਂ ਦਰਜਾ ਪ੍ਰਾਪਤ ਖਿਡਾਰੀਆਂ ਨੂੰ ਉਲਟਫੇਰ ਦਾ ਸ਼ਿਕਾਰ ਹੋਣਾ ਪਿਆ। 3 ਵਾਰ ਦੇ ਯੂ. ਐੱਸ. ਓਪਨ ਚੈਂਪੀਅਨ ਨਡਾਲ ਨੇ ਆਸਟਰੇਲੀਆ ਦੇ ਜਾਨ ਮਿਲਮੈਨ ਨੂੰ 2 ਘੰਟੇ ਤੱਕ ਚੱਲੇ ਮੁਕਾਬਲੇ ਵਿਚ 6-3, 6-2, 6-2 ਨਾਲ ਆਸਾਨੀ ਨਾਲ ਹਰਾ ਦਿੱਤਾ। ਦੂਸਰੇ ਦੌਰ ਵਿਚ ਨਡਾਲ ਦਾ ਮੁਕਾਬਲਾ ਆਸਟਰੇਲੀਆ ਦੇ ਹੀ ਥਾਨਾਸੀ ਕੋਕਿਨਾਕਿਸ ਨਾਲ ਹੋਵੇਗਾ। ਵਿਸ਼ਵ ਦੀ ਨੰਬਰ-1 ਮਹਿਲਾ ਖਿਡਾਰਨ ਓਸਾਕਾ ਨੂੰ ਪਹਿਲੇ ਰਾਊਂਡ ਦਾ ਮੁਕਾਬਲਾ ਜਿੱਤਣ ਲਈ 3 ਸੈੱਟਾਂ ਤੱਕ ਪਸੀਨਾ ਵਹਾਉਣਾ ਪਿਆ। ਉਸ ਨੇ ਰੂਸ ਦੀ ਗੈਰ-ਦਰਜਾ ਪ੍ਰਾਪਤ ਖਿਡਾਰਨ ਅੰਨਾ ਬਲਿੰਕੋਵਾ ਨੂੰ 6-4, 6-7 (5-7), 6-2 ਨਾਲ ਹਰਾਇਆ। ਓਸਾਕਾ ਪਿਛਲੇ ਸਾਲ ਫਾਈਨਲ ਵਿਚ ਸੇਰੇਨਾ ਵਿਲੀਅਮਸ ਨੂੰ ਹਰਾ ਕੇ ਚੈਂਪੀਅਨ ਬਣੀ ਸੀ। ਦੂਸਰੇ ਦੌਰ ਵਿਚ ਉਸ ਦਾ ਮੁਕਾਬਲਾ ਪੋਲੈਂਡ ਦੀ ਮੈਗਦਾ ਲਿਨੇਤੇ ਨਾਲ ਹੋਵੇਗਾ।
ਮਹਿਲਾ ਵਰਗ ਦੇ ਪਹਿਲੇ ਵੱਡੇ ਉਲਟਫੇਰ ਵਿਚ 2 ਵਾਰ ਦੀ ਗੈ੍ਰੈਂਡ ਸਲੈਮ ਚੈੈਂਪੀਅਨ ਸਪੇਨ ਦੀ ਗਰਬਾਈਨ ਮੁਗੁਰੂਜ਼ਾ ਪਹਿਲੇ ਦੌਰ ਵਿਚ ਹੀ ਹਾਰ ਗਈ। ਉਸ ਨੂੰ ਅਮਰੀਕਾ ਦੀ ਐਲੀਸਨ ਰਿਸਕੇ ਨੇ 2-6, 6-1, 6-3 ਨਾਲ ਹਰਾ ਦਿੱਤਾ। ਪੁਰਸ਼ ਵਰਗ ਦੇ ਉਲਟਫੇਰਾਂ ਵਿਚ ਚੌਥੀ ਸੀਡ ਆਸਟਰੀਆ ਦੇ ਡੋਮਿਨਿਕ ਥਿਏਮ, 8ਵਾਂ ਦਰਜਾ ਪ੍ਰਾਪਤ ਮਿਸਰ ਦੇ ਸਟੇਫਾਨੋਸ ਸਿਤਸਿਪਾਸ, 9ਵਾਂ ਦਰਜਾ ਪ੍ਰਾਪਤ ਰੂਸੀ ਖਿਡਾਰਨ ਕਰੇਨ ਖਾਨਾਚਨੋਵ ਅਤੇ 10ਵਾਂ ਦਰਜਾ ਪ੍ਰਾਪਤ ਸਪੇਨ ਦੇ ਰਾਬਰਟੋ ਬਤਿਸਤਾ ਅਗੁਤ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਹੋ ਗਿਆ। 2 ਵਾਰ ਦੇ ਫ੍ਰੈਂਚ ਓਪਨ ਉਪ ਜੇਤੂ ਡੋਮਿਨਿਕ ਥਿਏਮ ਨੂੰ ਇਟਲੀ ਦੇ ਥਾਮਸ ਫੈਬੀਆਨੋ ਨੇ 6-4, 3-6, 6-3, 6-2 ਨਾਲ ਅਤੇ ਸਿਤਸਿਪਾਸ ਨੂੰ ਰੂਸ ਦੇ ਆਂਦ੍ਰੇਈ ਰੂਬੇਲੇਵ ਨੇ 6-4, 6-7 (5/7), 7-6 (9/7), 7-5 ਨਾਲ ਹਰਾਇਆ।

ਹਾਲੇਪ ਵੀ ਦੂਸਰੇ ਦੌਰ ’ਚ
ਮੌਜੂਦਾ ਵਿੰਬਲਡਨ ਚੈਂਪੀਅਨ ਰੋਮਾਨੀਆ ਦੀ ਸਿਮੋਨਾ ਹਾਲੇਪ ਵੀ ਦੂਸਰੇ ਦੌਰ ਵਿਚ ਪਹੁੰਚ ਗਈ ਹੈ। ਹਾਲੇਪ ਨੇ ਅਮਰੀਕਾ ਦੀ ਨਿਕੋਲ ਗਿਬਸ ਨੂੰ 6-3, 3-6, 6-2 ਨਾਲ ਹਰਾਇਆ। ਹਾਲੇਪ 2 ਸਾਲ ਬਾਅਦ ਪਹਿਲੇ ਦੌਰ ਵਿਚ ਜਿੱਤਣ ’ਚ ਸਫਲ ਰਹੀ। 9ਵਾਂ ਦਰਜਾ ਪ੍ਰਾਪਤ ਰੂਸੀ ਖਿਡਾਰੀ ਕਰੇਨ ਖਾਚਾਨੋਵ ਨੂੰ ਕੈਨੇਡੀਆਈ ਖਿਡਾਰੀ ਵਾਸੇਕ ਪੋਸਪਿਸਿਲ ਨੇ 6-4, 5-7, 5-7, 3-6 ਨਾਲ ਹਰਾਇਆ, ਜਦਕਿ ਸਪੇਨ ਦੇ 10ਵਾਂ ਦਰਜਾ ਪ੍ਰਾਪਤ ਰਾਬਰਟੋ ਬਤਿਸਤਾ ਅਗੁਤ ਨੂੰ ਕਜ਼ਾਕਿਸਤਾਨ ਦੇ ਮਿਖਾਈਲ ਕੁਕੁਸ਼ਕਿਨ ਖਿਲਾਫ 5 ਸੈੱਟਾਂ ਵਿਚ 6-3, 1-6, 4-6, 6-3, 3-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿੰਬਲਡਨ ਦੇ ਗ੍ਰਾਸ ਕੋਰਟ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ 15 ਸਾਲ ਦੀ ਕੋਕੋ ਗਾਫ ਨੇ ਯੂ. ਐੱਸ. ਓਪਨ ਵਿਚ ਜੇਤੂ ਡੈਬਿਊ ਕੀਤਾ। ਉਸ ਨੇ 3 ਸੈੱਟਾਂ ਵਿਚ ਅਨਾਸਤਾਸੀਆ ਪੋਤਾਪੋਵਾ ਨੂੰ ਹਰਾਇਆ।
ਸੁਨੀਲ ਜ਼ੀਰਕਪੁਰ ਨੇ ਜਿੱਤੀ ਭਰਤਗੜ੍ਹ ਦੀ ਵੱਡੀ ਕੁਸ਼ਤੀ
NEXT STORY