ਨਾਰਥ ਸਾਊਂਡ— ਵਨਡੇ ਮੈਚਾਂ ਦੇ ਬੱਲੇਬਾਜ਼ ਵਜੋਂ ਯੋਗਤਾ 'ਤੇ ਲਗਾਤਾਰ ਸਵਾਲ ਉਠਾਏ ਜਾਣ ਦੇ ਬਾਵਜੂਦ ਅਜਿੰਕੇ ਰਹਾਣੇ ਨੇ ਕਿਹਾ ਹੈ ਕਿ 50 ਓਵਰਾਂ ਦੇ ਫਾਰਮੈਟ 'ਚੋਂ ਲੰਬੇ ਸਮੇਂ ਤਕ ਬਾਹਰ ਰਹਿਣ ਦੇ ਬਾਵਜੂਦ ਉਨ੍ਹਾਂ ਦਾ ਕਦੀ ਆਪਣੀ ਯੋਗਤਾ ਤੋਂ ਭਰੋਸਾ ਨਹੀਂ ਉੱਠਿਆ। ਵੈਸਟਇੰਡੀਜ਼ ਦੇ ਮੌਜੂਦਾ ਦੌਰੇ 'ਤੇ ਰੋਹਿਤ ਸ਼ਰਮਾ ਦੀ ਗ਼ੈਰ-ਮੌਜੂਦਗੀ 'ਚ ਪਹਿਲੇ ਤਿੰਨ ਮੈਚਾਂ 'ਚ ਪਾਰੀ ਦੀ ਸ਼ੁਰੂਆਤ ਕਰਦੇ ਹੋਏ ਰਹਾਣੇ ਨੇ 62, 103 ਤੇ 72 ਦੌੜਾਂ ਦੀਆਂ ਪਾਰੀਆਂ ਖੇਡੀਆਂ ਤੇ ਉਹ ਹਰੇਕ ਮੌਕੇ ਦਾ ਫ਼ਾਇਦਾ ਉਠਾਉਣਾ ਚਾਹੁੰਦੇ ਹਨ। ਇਹ ਪੁੱਛਣ 'ਤੇ ਕਿ ਕੀ ਇਕ ਦਿਨਾ ਕੌਮਾਂਤਰੀ ਮੈਚਾਂ 'ਚ ਆਖ਼ਰੀ ਇਲੈਵਨ 'ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਯੋਗਤਾ 'ਤੇ ਸ਼ੱਕ ਹੋਣ ਲੱਗਾ ਸੀ ਤਾਂ ਰਹਾਣੇ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਬਿਲਕੁਲ ਵੀ ਨਹੀਂ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਕੁਝ ਚੰਗੀਆਂ ਦੌੜਾਂ ਬਣਾਉਣ ਤੇ ਲਗਾਤਾਰ ਦੌੜਾਂ ਬਣਾਉਣ ਦਾ ਮਾਮਲਾ ਹੈ, ਮੈਂ ਇਸ ਮੌਕੇ ਦੀ ਉਡੀਕ ਕਰ ਰਿਹਾ ਸੀ। ਮੈਂ ਵਿਰਾਟ ਤੇ ਟੀਮ ਮੈਨੇਜਮੈਂਟ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਸਿਖਰਲੇ ਕ੍ਰਮ 'ਚ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ। ਇਹ ਪੁੱਛਣ 'ਤੇ ਕਿ ਕੀ ਉਹ ਰੋਹਿਤ ਵਾਂਗ ਧੀਮੀ ਸ਼ੁਰੂਆਤ ਤੋਂ ਬਾਅਦ ਤੇਜ਼ੀ ਨਾਲ ਦੌੜਾਂ ਬਣਾ ਸਕਦੇ ਹਨ ਤਾਂ ਰਹਾਣੇ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੈਂ ਕੁਝ ਸਮਾਂ ਲਿਆ (112 ਗੇਂਦਾਂ 'ਚ 72 ਦੌੜਾਂ) ਪਰ ਜੇ ਮੈਂ ਕ੍ਰੀਜ਼ 'ਤੇ ਰਹਾਂ ਤਾਂ ਮੈਂ ਇਸ ਦਾ ਫ਼ਾਇਦਾ ਉਠਾ ਸਕਦਾ ਹਾਂ। ਮੈਂ ਧੀਮੀ ਸ਼ੁਰੂਆਤ ਦੀ ਭਰਪਾਈ ਕਰ ਸਕਦਾ ਹਾਂ। ਮੈਂ ਮੈਚ ਦੇ ਹਾਲਾਤ ਨੂੰ ਪੜ੍ਹ ਸਕਦਾ ਹਾਂ ਅਤੇ ਉਸੇ ਮੁਤਾਬਕ ਖੇਡਦਾ ਹਾਂ।
ਰਹਾਣੇ ਨੂੰ ਨਹੀਂ ਪਤਾ ਕਿ ਜਦ ਸ੍ਰੀਲੰਕਾ ਲੜੀ ਦੌਰਾਨ ਰੋਹਿਤ ਦੀ ਟੀਮ 'ਚ ਵਾਪਸੀ ਹੋਵੇਗੀ ਤਾਂ ਕੀ ਹੋਵੇਗਾ ਅਤੇ ਇਹੀ ਕਾਰਨ ਹੈ ਕਿ ਉਹ ਆਪਣੇ ਬੱਲੇਬਾਜ਼ੀ ਕ੍ਰਮ ਬਾਰੇ ਸੋਚਣ ਦੀ ਥਾਂ ਮੌਜੂਦਾ ਸਮੇਂ ਦਾ ਆਨੰਦ ਲੈਣਾ ਪਸੰਦ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਟੀਮ ਦੀ ਖੇਡ ਹੈ ਅਤੇ ਟੀਮ ਮੈਨੇਜਮੈਂਟ ਮੈਨੂੰ ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਲਈ ਕਹੇ ਮੈਨੂੰ ਉਸ 'ਤੇ ਆਪਣਾ ਸੌ ਫ਼ੀਸਦੀ ਦੇਣਾ ਚਾਹੀਦਾ ਹੈ ਫਿਰ ਭਾਰਤੀ ਉਹ ਸਿਖਰਲਾ ਨੰਬਰ ਹੋਵੇ ਜਾਂ ਮੱਧਕ੍ਰਮ। ਮੈਂ ਹਮੇਸ਼ਾ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ। ਮੈਨੂੰ ਨਹੀਂ ਪਤਾ ਕਿ ਭਵਿੱਖ 'ਚ ਕੀ ਹੋਵੇਗਾ ਪਰ ਮੈਂ ਇੱਥੇ ਹਰੇਕ ਮੈਚ ਤੇ ਲੜੀ 'ਤੇ ਧਿਆਨ ਦੇਣਾ ਚਾਹੁੰਦਾ ਹਾਂ।
ਨੀਰਜ ਚੋਪੜਾ ਡਾਇਮੰਡ ਲੀਗ 'ਚ ਪੰਜਵੇਂ ਸਥਾਨ 'ਤੇ ਰਹੇ
NEXT STORY