ਚੇਨਈ : ਭਾਰਤ ਅਤੇ ਮੁੰਬਈ ਇੰਡੀਅਨਜ਼ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਬੁੱਧਵਾਰ ਕਿਹਾ ਕਿ ਉਸ ਨੂੰ ਅੰਤਰਰਾਸ਼ਟਰੀ ਕ੍ਰਿਕਟ ਖੇਡਦਿਆਂ ਮਾਨਸਿਕ ਸਿਹਤ ਦੀ ਅਹਿਮੀਅਤ ਮਹਿਸੂਸ ਹੋਈ ਅਤੇ ਖੁਦ ਨੂੰ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਉਸ ਨੇ ਆਪਣੇ ਪਰਿਵਾਰ ਨੂੰ ਸਿਹਰਾ ਦਿੱਤਾ। ਮੁੰਬਈ ਇੰਡੀਅਨਜ਼ ਵਲੋਂ ਆਪਣੇ ਅਧਿਕਾਰਤ ਟਵਿਟਰ ਹੈਂਡਲ ’ਤੇ ਪੋਸਟ ਕੀਤੀ ਵੀਡੀਓ ’ਚ ਹਾਰਦਿਕ ਨੇ ਕਿਹਾ, ‘‘ਜਦੋਂ ਮੈਂ ਅੰਤਰਰਾਸ਼ਟਰੀ ਕ੍ਰਿਕਟ ਖੇਡੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਤੁਹਾਡੀ ਜ਼ਿੰਦਗੀ ’ਚ ਕਿਸ ਤਰ੍ਹਾਂ ਦਾ ਦਬਾਅ ਸ਼ਾਮਲ ਹੋ ਜਾਂਦਾ ਹੈ। ਯਕੀਨੀ ਤੌਰ ’ਤੇ ਜ਼ਿੰਦਗੀ ਸਾਡੇ ਲਈ ਬਦਲਦੀ ਹੈ ਪਰ ਨਿੱਜੀ ਤੌਰ ’ਤੇ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਤੋਂ ਉਭਰਨ ਦੀ ਜ਼ਰੂਰਤ ਹੁੰਦੀ ਹੈ।’’
ਉਸ ਨੇ ਕਿਹਾ ਕਿ ਇਸ ਲਈ ਮੈਨੂੰ ਮਹਿਸੂਸ ਹੋਇਆ ਕਿ ਮਾਨਸਿਕ ਸਿਹਤ ਵੀ ਅਹਿਮ ਹੈ, ਜਿਸ ’ਚ ਮੇਰੇ ਪਰਿਵਾਰ ਨੇ ਕਾਫ਼ੀ ਵੱਡੀ ਭੂਮਿਕਾ ਅਦਾ ਕੀਤੀ, ਜਿਨ੍ਹਾਂ ਨੇ ਇਹ ਨਿਸ਼ਚਿਤ ਕੀਤਾ ਕਿ ਮੈਂ ਸਹੀ ਥਾਂ ਬਣਾ ਰਿਹਾ ਹਾਂ। ਮਾਨਸਿਕ ਤੌਰ ’ਤੇ ਸਿਹਤਮੰਦ ਹੋਣ ’ਤੇ ਧਿਆਨ ਪਿਛਲੇ ਸਾਲ ਤੋਂ ਜ਼ਿਆਦਾ ਦਿੱਤਾ ਜਾ ਰਿਹਾ ਹੈ ਕਿਉਂਕਿ ਕੋਵਿਡ-19 ਮਹਾਮਾਰੀ ਨੇ ਖਿਡਾਰੀਆਂ ਨੂੰ ਜੈਵਿਕ ਤੌਰ ’ਤੇ ਸੁਰੱਖਿਅਤ ਮਾਹੌਲ ’ਚ ਰਹਿਣ ਨੂੰ ਮਜਬੂਰ ਕਰ ਦਿੱਤਾ ਹੈ, ਜਿਸ ’ਚ ਉਨ੍ਹਾਂ ਦੀ ਜ਼ਿੰਦਗੀ ਸਿਰਫ ਹੋਟਲ ਅਤੇ ਸਟੇਡੀਅਮ ਤਕ ਹੀ ਸੀਮਤ ਹੋ ਜਾਂਦੀ ਹੈ। ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਸ਼ੁਰੂਆਤੀ ਮੈਚ ’ਚ ਰਾਇਲ ਚੈਲੰਜਰਜ਼ ਬੈਂਗਲੋਰ ਨਾਲ ਭਿੜੇਗੀ।
ਭਾਰਤ ਲਈ 60 ਵਨ ਡੇ ਤੇ 48 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਾਰਦਿਕ ਨੇ ਵਿਸ਼ਵ ਸਿਹਤ ਦਿਵਸ ਮੌਕੇ ਸਰੀਰਕ ਫਿੱਟਨੈੱਸ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ। ਉਸ ਨੇ ਕਿਹਾ ਕਿ ਦਿਨ ’ਚ ਯਕੀਨੀ ਕਰੋ ਕਿ ਤੁਸੀਂ ਕਿਸੇ ਤਰ੍ਹਾਂ ਦੀ ‘ਐਕਟੀਵਿਟੀ’ ’ਚ ਹਿੱਸਾ ਲਓ, ਜਿਸ ਨਾਲ ਤੁਹਾਡੀ ਫਿੱਟਨੈੱਸ ਹੀ ਚੰਗੀ ਹੋਵੇਗੀ, ਇਹ ਕਾਫ਼ੀ ਮਹੱਤਵਪੂਰਨ ਹੈ। ਜੇ ਤੁਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ ਇਹ ਤੁਹਾਡੇ ਸਰੀਰ ਲਈ ਚੰਗਾ ਹੋਵੇਗਾ।
ਸਾਬਕਾ ਫ਼ੁੱਟਬਾਲਰ ਸ਼ਿਆਮ ਥਾਪਾ ਕੋਵਿਡ-19 ਪਾਜ਼ੇਟਿਵ, ਹਸਪਤਾਲ ’ਚ ਦਾਖ਼ਲ
NEXT STORY