ਸਪੋਰਟਸ ਡੈਸਕ- ਚੇਨਈ ਦੇ ਚੇਪਾਕ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਦੇ ਫਾਈਨਲ ਮੁਕਾਬਲੇ 'ਚ ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਖ਼ਿਤਾਬ 'ਤੇ ਤੀਜੀ ਵਾਰ ਕਬਜ਼ਾ ਕੀਤਾ ਹੈ। ਇਸ ਤਰ੍ਹਾਂ ਸ਼ੁਰੂ ਤੋਂ ਸ਼ਾਨਦਾਰ ਫਾਰਮ 'ਚ ਚੱਲ ਰਹੀ ਹੈਦਰਾਬਾਦ ਨੂੰ ਫਾਈਨਲ 'ਚ ਆ ਕੇ ਇਕਪਾਸੜ ਹਾਰ ਦਾ ਸਾਹਮਣਾ ਕਰਨਾ ਪਿਆ। ਆਓ ਜਾਣਦੇ ਹਾਂ ਕਿ ਉਹ ਕੀ ਕਾਰਨ ਰਹੇ, ਜਿਨ੍ਹਾਂ ਕਾਰਨ ਇੰਨੀ ਜ਼ਬਰਦਸਤ ਟੀਮ ਨੂੰ ਹਾਰ ਦਾ ਮੂੰਹ ਦੇਖਣਾ ਪਿਆ...
ਓਪਨਰਾਂ ਦਾ ਨਾ ਚੱਲਣਾ
ਹੈਦਰਾਬਾਦ ਦੇ ਦੋਵੇਂ ਓਪਨਰ ਅਭਿਸ਼ੇਕ ਸ਼ਰਮਾ ਤੇ ਟ੍ਰੈਵਿਸ ਹੈੱਡ ਧਮਾਕੇਦਾਰ ਬੱਲੇਬਾਜ਼ੀ ਤੇ ਸ਼ਾਨਦਾਰ ਸ਼ੁਰੂਆਤ ਲਈ ਜਾਣੇ ਜਾਂਦੇ ਹਨ। ਇਸ ਸੀਜ਼ਨ ਉਨ੍ਹਾਂ ਨੇ ਇਹੀ ਕੰਮ ਬਾਖੂਬੀ ਕੀਤਾ ਹੈ ਤੇ ਇਹੀ ਨਹੀਂ, ਟੀਮ ਨੂੰ ਫਾਈਨਲ ਤੱਕ ਪਹੁੰਚਾਉਣ 'ਚ ਇਨ੍ਹਾਂ ਦੋਵਾਂ ਦਾ ਬਹੁਤ ਵੱਡਾ ਹੱਥ ਵੀ ਹੈ। ਪਰ ਫਾਈਨਲ 'ਚ ਅਭਿਸ਼ੇਕ ਸ਼ਰਮਾ 2, ਜਦਕਿ ਹੈੱਡ ਬਿਨਾਂ ਖਾਤਾ ਖੋਲ੍ਹੇ ਹੀ ਪੈਵੇਲੀਅਨ ਪਰਤ ਗਏ, ਜਿਸ ਕਾਰਨ ਟੀਮ ਵੱਡਾ ਸਕੋਰ ਖੜ੍ਹਾ ਨਾ ਕਰ ਸਕੀ।
ਮੱਧਕ੍ਰਮ ਦਾ ਦਬਾਅ ਨਾ ਝੱਲ ਸਕਣਾ
ਹੈਦਰਾਬਾਦ ਦਾ ਮੱਧਕ੍ਰਮ ਹੈਨਰਿਕ ਕਲਾਸੇਨ, ਐਡਨ ਮਾਰਕ੍ਰਮ, ਪੈਟ ਕਮਿੰਸ, ਨਿਤੀਸ਼ ਰੈੱਡੀ ਵਰਗੇ ਧਾਕੜਾਂ ਨਾਲ ਸਜਿਆ ਹੋਇਆ ਹੈ, ਪਰ ਫਾਈਨਲ 'ਚ ਓਪਨਰਾਂ ਦੇ ਫਲਾਪ ਹੋਣ ਤੋਂ ਬਾਅਦ ਮੱਧ ਕ੍ਰਮ ਵੀ ਢਹਿ-ਢੇਰੀ ਹੋ ਗਿਆ, ਜਿਸ ਕਾਰਨ ਟੀਮ ਸਿਰਫ਼ 113 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਸਟਾਰਕ ਦੀ ਰਫ਼ਤਾਰ ਅੱਗੇ ਗੋਡੇ ਟੇਕਣਾ
ਮਿਚੇਲ ਸਟਾਰਕ ਆਈ.ਪੀ.ਐੱਲ. ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ ਸੀ। ਕੋਲਕਾਤਾ ਨੇ ਉਸ ਨੂੰ 24.75 ਕਰੋੜ ਰੁਪਏ ਦੀ ਬੋਲੀ ਲਗਾ ਕੇ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ। ਪਰ ਲੀਗ ਸਟੇਜ 'ਚ ਉਹ ਆਪਣੀ ਗੇਂਦਬਾਜ਼ੀ ਦਾ ਰੰਗ ਦਿਖਾਉਣ 'ਚ ਅਸਫ਼ਲ ਰਿਹਾ ਸੀ। ਪਰ ਜਿਵੇਂ ਹੀ ਪਲੇਆਫ਼ ਦੀ ਸ਼ੁਰੂਆਤ ਹੋਈ, ਉਹ ਆਪਣੇ ਰੰਗ 'ਚ ਪਰਤ ਆਇਆ ਤੇ ਬੱਲੇਬਾਜ਼ਾਂ ਦੇ ਨੱਕ 'ਚ ਦਮ ਕਰ ਕੇ ਰੱਖ ਦਿੱਤਾ। ਫਾਈਨਲ 'ਚ ਵੀ ਉਸ ਨੇ ਪਹਿਲੇ ਹੀ ਓਵਰ 'ਚ ਧਾਕੜ ਬੱਲੇਬਾਜ਼ ਅਭਿਸ਼ੇਕ ਸ਼ਰਮਾ ਤੇ ਫਿਰ ਰਾਹੁਲ ਤ੍ਰਿਪਾਠੀ ਨੂੰ ਸਸਤੇ 'ਚ ਪੈਵੇਲੀਅਨ ਦਾ ਰਾਹ ਦਿਖਾ ਕੇ ਹੈਦਰਾਬਾਦ ਲਈ ਜਿੱਤ ਦਾ ਰਾਹ ਮੁਸ਼ਕਲ ਕਰ ਦਿੱਤਾ।
ਪਾਵਰਪਲੇਅ ਦਾ ਫਾਇਦਾ ਨਾ ਚੁੱਕ ਸਕਣਾ
ਇਸ ਮੁਕਾਬਲੇ ਤੋਂ ਪਹਿਲਾਂ ਹੈਦਰਾਬਾਦ ਦੇ ਬੱਲੇਬਾਜ਼ ਪਾਵਰਪਲੇਅ ਦੌਰਾਨ 125 ਦੌੜਾਂ ਵੀ ਬਣਾ ਚੁੱਕੇ ਸਨ, ਪਰ ਫਾਈਨਲ 'ਚ ਆ ਕੇ ਉਹ ਇਸ ਫੀਲਡ ਸੈਟਿੰਗ ਦਾ ਫਾਇਦਾ ਚੁੱਕਣ 'ਚ ਕਾਮਯਾਬ ਨਾ ਹੋ ਸਕੇ, ਜਿਸ ਕਾਰਨ ਉਨ੍ਹਾਂ ਨੂੰ ਅੰਤ 'ਚ 113 ਦੌੜਾਂ ਦੇ ਸਕੋਰ ਤੱਕ ਪਹੁੰਚਣ 'ਚ ਵੀ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਗੇਂਦਬਾਜ਼ਾਂ ਦਾ ਫੇਲ੍ਹ ਹੋਣਾ
ਸ਼ੁਰੂਆਤੀ ਓਵਰਾਂ 'ਚ ਹੈਦਰਾਬਾਦ ਦੇ ਤਜਰਬੇਕਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਟੀ. ਨਟਰਾਜਨ ਕਾਫ਼ੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹਨ ਤੇ ਫਾਈਨਲ 'ਚ ਵੀ ਉਨ੍ਹਾਂ ਕੋਲੋਂ ਕਾਫ਼ੀ ਉਮੀਦਾਂ ਲਗਾਈਆਂ ਜਾ ਰਹੀਆਂ ਸਨ। ਛੋਟੇ ਸਕੋਰ ਨੂੰ ਬਚਾਉਣ ਲਈ ਹੈਦਰਾਬਾਦ ਨੂੰ ਵਿਕਟਾਂ ਦੀ ਲੋੜ ਸੀ, ਪਰ ਉਨ੍ਹਾਂ ਦਾ ਕੋਈ ਵੀ ਗੇਂਦਬਾਜ਼ ਕੋਲਕਾਤਾ ਦੇ ਬੱਲੇਬਾਜ਼ਾਂ 'ਤੇ ਦਬਾਅ ਨਾ ਬਣਾ ਸਕਿਆ, ਜਿਸ ਕਾਰਨ ਉਨ੍ਹਾਂ ਨੇ ਸਿਰਫ਼ 11 ਓਵਰਾਂ ਦੇ ਅੰਦਰ ਹੀ ਮੁਕਾਬਲਾ ਗੁਆ ਲਿਆ।
ਕਾਰਨ ਜਿਨ੍ਹਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਬਣਾਇਆ ਚੈਂਪੀਅਨ
ਸੁਨੀਲ ਨਾਰਾਇਣ ਕੋਲੋਂ ਓਪਨਿੰਗ ਕਰਵਾਉਣਾ
ਸੁਨੀਲ ਨਾਰਾਇਣ ਇਸ ਸਾਲ ਗੇਂਦ ਦੇ ਨਾਲ-ਨਾਲ ਬੱਲੇ ਨਾਲ ਵੀ ਬਹੁਤ ਪ੍ਰਭਾਵਸ਼ਾਲੀ ਰਿਹਾ ਹੈ। ਉਸ ਨੇ ਇਸ ਸਾਲ ਟੀਮ ਨੂੰ ਹਰ ਵਾਰ ਧਮਾਕੇਦਾਰ ਸ਼ੁਰੂਆਤ ਦਿਵਾਉਣ 'ਚ ਅਹਿਮ ਭੂਮਿਕਾ ਨਿਭਾਈ ਤੇ 500 ਤੋਂ ਵੱਧ ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਸ ਨੇ 17 ਵਿਕਟਾਂ ਵੀ ਝਟਕਾਈਆਂ।
ਸਟਾਰਕ ਦਾ ਫਾਰਮ 'ਚ ਆਉਣਾ
ਆਈ.ਪੀ.ਐੱਲ. ਦੀ ਆਕਸ਼ਨ 'ਚ ਸਟਾਰਕ 'ਤੇ ਇੰਨੀ ਵੱਡੀ ਰਕਮ ਖ਼ਰਚਣ ਦੇ ਫ਼ੈਸਲੇ ਨੂੰ ਕੁਝ ਲੋਕ ਗ਼ਲਤ ਕਹਿ ਰਹੇ ਸਨ, ਪਰ ਸਟਾਰਕ ਨੇ ਪਲੇਆਫ਼ 'ਚ ਆਉਂਦਿਆਂ ਹੀ ਦਿਖਾ ਦਿੱਤਾ ਕਿ ਕਿਉਂ ਉਸ 'ਤੇ ਇੰਨਾ ਵੱਡਾ ਦਾਅ ਖੇਡਿਆ ਗਿਆ ਹੈ। ਉਸ ਨੇ ਲੀਗ ਸਟੇਜ 'ਚ ਚਾਹੇ ਇੰਨਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ, ਪਰ ਪਲੇਆਫ਼ 'ਚ ਉਸ ਨੇ ਟੀਮ ਦੀ ਸਫ਼ਲਤਾ 'ਚ ਅਹਿਮ ਯੋਗਦਾਨ ਪਾਇਆ ਹੈ। ਫਾਈਨਲ 'ਚ ਵੀ ਉਸ ਨੇ ਅਭਿਸ਼ੇਕ ਸ਼ਰਮਾ ਤੇ ਰਾਹੁਲ ਤ੍ਰਿਪਾਠੀ ਨੂੰ ਸਸਤੇ 'ਚ ਪੈਵੇਲੀਅਨ ਭੇਜ ਕੇ ਹੈਦਰਾਬਾਦ ਨੂੰ ਵੱਡਾ ਸਕੋਰ ਖੜ੍ਹਾ ਕਰਨ ਤੋਂ ਰੋਕਿਆ ਸੀ।
ਪਲੇਇੰਗ-11 'ਚ ਜ਼ਿਆਦਾ ਛੇੜਛਾੜ ਨਾ ਕਰਨਾ
ਕੋਲਕਾਤਾ ਟੀਮ ਨੇ ਆਪਣੀ ਪਲੇਇੰਗ-11 ਨਾਲ ਜ਼ਿਆਦਾ ਛੇੜਛਾੜ ਨਹੀਂ ਕੀਤੀ। ਇਸ ਨਾਲ ਇਕ ਤਾਂ ਖਿਡਾਰੀਆਂ ਦਾ ਆਤਮ ਵਿਸ਼ਵਾਸ ਬਣਿਆ ਰਿਹਾ, ਦੂਜਾ ਉਨ੍ਹਾਂ ਨੂੰ ਆਪਣੀ ਫਾਰਮ 'ਚ ਆਉਣ ਦਾ ਮੌਕਾ ਵੀ ਮਿਲਿਆ।
ਨਵੇਂ ਗੇਂਦਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ
ਕੋਲਕਾਤਾ ਦੇ ਨੌਜਵਾਨ ਗੇਂਦਬਾਜ਼ ਵੈਭਵ ਅਰੋੜਾ ਤੇ ਹਰਸ਼ਿਤ ਰਾਣਾ ਨੇ ਆਪਣੇ ਪ੍ਰਦਰਸ਼ਨ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਹੈ। ਵੈਭਵ ਨੇ ਇਸ ਸਾਲ ਜਿੱਥੇ 11, ਤਾਂ ਹਰਸ਼ਿਤ ਨੇ 19 ਵਿਕਟਾਂ ਕੱਢੀਆਂ ਹਨ ਤੇ ਆਪਣੀ ਟੀਮ ਦੀ ਸਫ਼ਲਤਾ 'ਚ ਅਹਿਮ ਭੂਮਿਕਾ ਨਿਭਾਈ।
ਜ਼ਿਕਰਯੋਗ ਹੈ ਕਿ ਇਹ ਕੋਲਕਾਤਾ ਦਾ ਤੀਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਟੀਮ ਗੌਤਮ ਗੰਭੀਰ ਦੀ ਕਪਤਾਨੀ 'ਚ 2012 ਤੇ 2014 'ਚ ਚੈਂਪੀਅਨ ਬਣੀ ਸੀ। ਇਸ ਤੋਂ 10 ਸਾਲ ਬਾਅਦ ਸ਼੍ਰੇਅਸ ਅਈਅਰ ਦੀ ਕਪਤਾਨੀ 'ਚ ਟੀਮ ਨੇ ਮੁੜ ਖ਼ਿਤਾਬ ਆਪਣੀ ਝੋਲੀ 'ਚ ਪਾਇਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਿੰਧੂ ਨੂੰ ਮਲੇਸ਼ੀਆ ਮਾਸਟਰਸ ’ਚ ਉਪ ਜੇਤੂ ਬਣ ਕੇ ਕਰਨਾ ਪਿਆ ਸਬਰ
NEXT STORY