ਕੁਆਲਾਲੰਪੁਰ–ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਦਾ ਪਿਛਲੇ ਦੋ ਸਾਲ ਤੋਂ ਚੱਲਿਆ ਆ ਰਿਹਾ ਖਿਤਾਬ ਦਾ ਇੰਤਜ਼ਾਰ ਹੋਰ ਲੰਬਾ ਹੋ ਗਿਆ ਕਿਉਂਕਿ ਉਸ ਨੂੰ ਮਲੇਸ਼ੀਆ ਮਾਸਟਰਸ ਦੇ ਫਾਈਨਲ ਵਿਚ ਐਤਵਾਰ ਨੂੰ ਇੱਥੇ ਵਿਸ਼ਵ ਰੈਂਕਿੰਗ ਵਿਚ 7ਵੇਂ ਸਥਾਨ ’ਤੇ ਕਾਬਜ਼ ਚੀਨ ਦੀ ਵਾਂਗ ਝੀ ਯੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਓਲੰਪਿਕ ਵਿਚ ਦੋ ਵਾਰ ਦੀ ਤਮਗਾ ਜੇਤੂ ਸਿੰਧੂ ਤਿੰਨ ਸੈੱਟਾਂ ਤਕ ਚੱਲੇ 79 ਮਿੰਟ ਦੇ ਮੁਕਾਬਲੇ ਦੇ ਫੈਸਲਾਕੁੰਨ ਸੈੱਟ ਵਿਚ 11-3 ਦੀ ਵੱਡੀ ਬੜ੍ਹਤ ਬਣਾਉਣ ਦੇ ਬਾਵਜੂਦ 21-16, 5-21, 16-21 ਨਾਲ ਹਾਰ ਗਈ।
ਵਾਂਗ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ ਆਖਰੀ 23 ਵਿਚੋਂ 18 ਅੰਕ ਜਿੱਤ ਕੇ ਖਿਤਾਬ ਆਪਣੇ ਨਾਂ ਕੀਤਾ। ਵਿਸ਼ਵ ਰੈਂਕਿੰਗ ਵਿਚ 15ਵੇਂ ਸਥਾਨ ’ਤੇ ਕਾਬਜ਼ ਸਿੰਧੂ ਇਸ ਤੋਂ ਪਹਿਲਾਂ 2022 ਸਿੰਗਾਪੁਰ ਓਪਨ ਖਿਤਾਬ ਆਪਣੇ ਨਾਂ ਕਰਨ ਵਿਚ ਸਫਲ ਰਹੀ ਸੀ ਤੇ ਪਿਛਲੇ ਸਾਲ ਮੈਡ੍ਰਿਡ ਸਪੇਨ ਮਾਸਟਰਸ ਵਿਚ ਉਪ ਜੇਤੂ ਰਹੀ ਸੀ। ਪੰਜਵਾਂ ਦਰਜਾ ਪ੍ਰਾਪਤ ਸਿੰਧੂ ਜੇਕਰ ਚੈਂਪੀਅਨ ਬਣ ਜਾਂਦੀ ਤਾਂ ਸੋਨੇ ’ਤੇ ਸੁਹਾਗਾ ਹੁੰਦਾ ਪਰ ਫਾਈਨਲ ਤਕ ਦੇ ਸਫਰ ਵਿਚ ਇਸ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾਲ ਪੈਰਿਸ ਓਲੰਪਿਕ ਤੋਂ ਪਹਿਲਾਂ ਉਸਦਾ ਆਤਮਵਿਸ਼ਵਾਸ ਕਾਫੀ ਵਧੇਗਾ। ਇਹ ਇਕ ਸਾਲ ਤੋਂ ਵੱਧ ਸਮੇਂ ਵਿਚ ਕਿਸੇ ਬੀ. ਡਬਲਯੂ. ਐੱਫ. ਟੂਰ ’ਤੇ ਉਸਦਾ ਪਹਿਲਾ ਫਾਈਨਲ ਸੀ।
ਸਿੰਧੂ ਹੁਣ ਮੰਗਲਵਾਰ ਤੋਂ ਸ਼ੁਰੂ ਹੋਣ ਵਾਲੇ ਸਿੰਗਾਪੁਰ ਓਪਨ ਸੁਪਰ 750 ਟੂਰਨਾਮੈਂਟ ਵਿਚ ਚੁਣੌਤੀ ਪੇਸ਼ ਕਰੇਗੀ। ਹੈਦਰਾਬਾਦ ਦੀ 28 ਸਾਲ ਦੀ ਇਹ ਖਿਡਾਰਨ ਬੈਂਗਲੁਰੂ ਸਥਿਤ ਪ੍ਰਕਾਸ਼ ਪਾਦੂਕੋਣ ਬੈਡਮਿੰਟਨ ਅਕੈਡਮੀ ਵਿਚ ਅਭਿਆਸ ਕਰਦੀ ਹੈ।
IPL : ਜਿਸ ਨੇ ਭਾਰਤ ਤੋਂ ਖੋਹਿਆ ਸੀ ਵਿਸ਼ਵ ਕੱਪ, KKR ਨੇ ਉਸ ਟ੍ਰੈਵਿਸ ਹੈੱਡ ਨੂੰ ਖਾਤਾ ਵੀ ਨਹੀਂ ਖੋਲ੍ਹਣ ਦਿੱਤਾ
NEXT STORY