ਮੁੰਬਈ– ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਮੁੰਬਈ ਰਣਜੀ ਟੀਮ ਦੇ ਆਪਣੇ ਸਾਬਕਾ ਸਾਥੀ ਅਭਿਸ਼ੇਕ ਨਾਇਰ ਦੇ ਨਾਲ ਸ਼ਿਵਾਜੀ ਪਾਰਕ ਵਿਚ ਲੱਗਭਗ 2 ਘੰਟੇ ਤੱਕ ਅਭਿਆਸ ਕੀਤਾ। ਨਾਇਰ ਕੁਝ ਸਮੇਂ ਪਹਿਲਾਂ ਤੱਕ ਭਾਰਤੀ ਟੀਮ ਦਾ ਬੱਲੇਬਾਜ਼ੀ ਕੋਚ ਵੀ ਸੀ। ਰੋਹਿਤ ਦੀ ਜਗ੍ਹਾ ਹਾਲ ਹੀ ਵਿਚ ਸ਼ੁਭਮਨ ਗਿੱਲ ਨੂੰ ਭਾਰਤੀ ਵਨ ਡੇ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਰੋਹਿਤ 19 ਅਕਤੂਬਰ ਤੋਂ ਪਰਥ ਵਿਚ ਆਸਟ੍ਰੇਲੀਆ ਵਿਰੁੱਧ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਲੜੀ ਦੌਰਾਨ ਵਾਪਸੀ ਕਰੇਗਾ। ਆਲ ਹਾਰਟ ਕ੍ਰਿਕਟ ਅਕੈਡਮੀ ਵਿਚ ਇਸ ਅਭਿਆਸ ਸੈਸ਼ਨ ਦੌਰਾਨ ਮੁੰਬਈ ਦੇ ਕ੍ਰਿਕਟਰ ਅੰਗਕ੍ਰਿਸ਼ ਰਘੂਵੰਸ਼ੀ ਤੇ ਕੁਝ ਹੋਰ ਸਥਾਨਕ ਖਿਡਾਰੀ ਮੌਜੂਦ ਸਨ। 38 ਸਾਲ ਦੇ ਰੋਹਿਤ ਨੇ ਇਸ ਸਾਲ ਫਰਵਰੀ ਵਿਚ ਨਿਊਜ਼ੀਲੈਂਡ ਵਿਰੁੱਧ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿਚ ਭਾਰਤ ਲਈ ਆਪਣਾ ਪਿਛਲਾ ਮੈਚ ਖੇਡਿਆ ਸੀ। ਭਾਰਤ ਨੇ ਉਸਦੀ ਕਪਤਾਨੀ ਵਿਚ 2024 ਵਿਚ ਅਮਰੀਕਾ ਤੇ ਵੈਸਟਇੰਡੀਜ਼ ਵਿਚ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਚੈਂਪੀਅਨਜ਼ ਟਰਾਫੀ ਦੇ ਰੂਪ ਵਿਚ ਲਗਾਤਾਰ ਦੂਜਾ ਆਈ. ਸੀ.ਸੀ. ਖਿਤਾਬ ਜਿੱਤਿਆ ਸੀ।
ਰੋਹਿਤ ਦੇ ਭਵਿੱਖ ’ਤੇ ਲਗਾਤਾਰ ਸਵਾਲ ਉੱਠ ਰਹੇ ਹਨ ਪਰ ਉਸ ਨੂੰ ਪੁਰਾਣੇ ਸਾਥੀ ਵਿਰਾਟ ਕੋਹਲੀ ਦੇ ਨਾਲ ਆਸਟ੍ਰੇਲੀਆ ਵਨ ਡੇ ਲੜੀ ਲਈ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਦੋਵੇਂ ਮਹਾਨ ਬੱਲੇਬਾਜ਼ ਪਿਛਲੇ ਇਕ ਸਾਲ ਤੋਂ ਟੈਸਟ ਤੇ ਟੀ-20 ਕੌਮਾਂਤਰੀ ਤੋਂ ਸੰਨਿਆਸ ਲੈ ਚੁੱਕੇ ਹਨ।
ਰੋਹਿਤ, ਕੋਹਲੀ ਤੇ ਨਵ-ਨਿਯੁਕਤ ਵਨ ਡੇ ਉਪ ਕਪਤਾਨ ਸ਼੍ਰੇਅਸ ਅਈਅਰ 15 ਅਕਤੂਬਰ ਨੂੰ ਦੋ ਵੱਖ-ਵੱਖ ਗਰੁੱਪਾਂ ਵਿਚ ਆਸਟ੍ਰੇਲੀਆ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ਵਿਚ ਭਾਰਤੀ ਟੀਮ ਨਾਲ ਜੁੜਨਗੇ, ਜਿਹੜੀ ਮੌਜੂਦਾ ਸਮੇਂ ਵਿਚ ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਵਿਚ ਖੇਡ ਰਹੀ ਹੈ।
ਮਹਿਲਾ ਵਿਸ਼ਵ ਕੱਪ: ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 100 ਦੌੜਾਂ ਨਾਲ ਹਰਾਇਆ
NEXT STORY