ਦੁਬਈ— ਭਾਰਤੀ ਕਪਤਾਨ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਹਾਰਦਿਕ ਪੰਡਯਾ ਵਾਪਸੀ ਤੋਂ ਬਾਅਦ ਆਪਣੀ ਖੇਡ ਨੂੰ ਬਿਹਤਰ ਸਮਝਣ ਲੱਗਾ ਹੈ ਅਤੇ ਉਹ ਬੱਲੇ ਅਤੇ ਗੇਂਦ ਨਾਲ ਆਪਣੇ ਪ੍ਰਦਰਸ਼ਨ ਨੂੰ ਲੈ ਕੇ ਗਜ਼ਬ ਦਾ ਆਤਮਵਿਸ਼ਵਾਸ ਰੱਖਦਾ ਹੈ। ਹਾਰਦਿਕ ਦੇ ਹਰਫਨਮੌਲਾ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੇ ਐਤਵਾਰ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਆਪਣੇ ਪਹਿਲੇ ਮੈਚ ਵਿੱਚ ਕੱਟੜ ਵਿਰੋਧੀ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ। ਹਾਰਦਿਕ ਨੇ ਗੇਂਦਬਾਜ਼ੀ ਕਰਦੇ ਹੋਏ ਜਿੱਥੇ ਤਿੰਨ ਵਿਕਟਾਂ ਲਈਆਂ, ਉਥੇ ਹੀ ਉਸ ਨੇ ਬੱਲੇਬਾਜ਼ੀ 'ਚ 17 ਗੇਂਦਾਂ 'ਤੇ ਅਜੇਤੂ 33 ਦੌੜਾਂ ਬਣਾਈਆਂ, ਜਿਸ 'ਚ ਮੁਹੰਮਦ ਨਵਾਜ਼ 'ਤੇ ਲਾਇਆ ਗਿਆ ਜੇਤੂ ਛੱਕਾ ਵੀ ਸ਼ਾਮਲ ਹੈ। ਉਸ ਨੇ ਦਬਾਅ 'ਚ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ।
ਰੋਹਿਤ ਨੇ ਕਿਹਾ ਕਿ ਹਾਰਦਿਕ ਅਜਿਹਾ ਖਿਡਾਰੀ ਹੈ ਜੋ ਮੈਚ ਦੀਆਂ ਵੱਖ-ਵੱਖ ਸਥਿਤੀਆਂ 'ਚ ਖੇਡਣਾ ਜਾਣਦਾ ਹੈ। ਭਾਰਤੀ ਕਪਤਾਨ ਨੇ ਮੈਚ ਤੋਂ ਬਾਅਦ ਕਿਹਾ, 'ਜਦੋਂ ਤੋਂ ਉਹ (ਹਾਰਦਿਕ) ਵਾਪਸ ਆਇਆ ਹੈ, ਉਸ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਹੈ। ਜਦੋਂ ਉਹ ਟੀਮ ਦਾ ਹਿੱਸਾ ਨਹੀਂ ਸੀ ਤਾਂ ਉਸ ਨੇ ਸੋਚਿਆ ਕਿ ਉਸ ਨੂੰ ਆਪਣੀ ਫਿਟਨੈੱਸ ਬਰਕਰਾਰ ਰੱਖਣ ਲਈ ਕੀ ਕਰਨਾ ਪਵੇਗਾ ਅਤੇ ਹੁਣ ਉਹ 140 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੇਂਦਬਾਜ਼ੀ ਕਰ ਰਿਹਾ ਹੈ।'
ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ ਦੀ ਤਮਗਾ ਜੇਤੂ ਪਹਿਲਵਾਨ ਪੂਜਾ ਨਾਂਦਲ ਦੇ ਪਤੀ ਦੀ ਮੌਤ, ਨਸ਼ੇ ਦੀ ਓਵਰਡੋਜ਼ ਲੈਣ ਦਾ ਸ਼ੱਕ
ਰੋਹਿਤ ਨੇ ਕਿਹਾ, 'ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਿੰਨਾ ਚੰਗਾ ਬੱਲੇਬਾਜ਼ ਹੈ ਅਤੇ ਵਾਪਸੀ ਤੋਂ ਬਾਅਦ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਉਹ ਜ਼ਿਆਦਾ ਸ਼ਾਂਤ ਚਿੱਤ ਵਾਲਾ ਹੋ ਗਿਆ ਹੈ ਅਤੇ ਉਸ ਨੂੰ ਇਸ ਗੱਲ 'ਤੇ ਜ਼ਿਆਦਾ ਭਰੋਸਾ ਹੈ ਕਿ ਉਹ ਬੱਲੇਬਾਜ਼ੀ ਜਾਂ ਗੇਂਦਬਾਜ਼ੀ 'ਚ ਕੀ ਕਰਨਾ ਚਾਹੁੰਦਾ ਹੈ।' ਐਤਵਾਰ ਨੂੰ ਖੇਡੇ ਗਏ ਮੈਚ 'ਚ ਹਾਰਦਿਕ ਨੇ ਕਾਫੀ ਤੇਜ਼ ਗੇਂਦਬਾਜ਼ੀ ਕੀਤੀ।
ਰੋਹਿਤ ਨੇ ਕਿਹਾ, 'ਉਹ ਅਸਲ ਵਿੱਚ ਬਹੁਤ ਤੇਜ਼ ਗੇਂਦਬਾਜ਼ੀ ਕਰ ਸਕਦਾ ਹੈ। ਅਸੀਂ ਅੱਜ ਉਸ ਦੀਆਂ ਸ਼ਾਰਟ ਪਿੱਚ ਗੇਂਦਾਂ ਵਿੱਚ ਇਹ ਦੇਖਿਆ। ਇਸ ਦਾ ਸਬੰਧ ਕਿਸੇ ਦੀ ਖੇਡ ਨੂੰ ਸਮਝਣ ਨਾਲ ਹੁੰਦਾ ਹੈ ਅਤੇ ਉਹ ਇਸ ਮਾਮਲੇ 'ਚ ਸ਼ਾਨਦਾਰ ਹੈ। ਜਦੋਂ ਤੁਹਾਨੂੰ ਪ੍ਰਤੀ ਓਵਰ 10 ਦੌੜਾਂ ਦੀ ਜ਼ਰੂਰਤ ਹੁੰਦੀ ਹੈ ਤਾਂ ਤੁਸੀਂ ਦਬਾਅ ਵਿੱਚ ਘਬਰਾ ਸਕਦੇ ਹੋ ਪਰ ਉਹ ਕਦੇ ਦਬਾਅ ਵਿੱਚ ਨਹੀਂ ਆਇਆ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਦੁਬਈ ਓਪਨ ਸ਼ਤਰੰਜ 'ਚ ਪ੍ਰਗਿਆਨੰਦਾ ਨੇ ਜਿੱਤ ਨਾਲ ਕੀਤਾ ਆਗਾਜ਼
NEXT STORY