ਲੰਡਨ- ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ 16 ਸਾਲ ਬਾਅਦ ਹੁਣ ਜਾ ਕੇ ਟੁੱਟ ਸਕਦਾ ਹੈ। ਸਚਿਨ ਨੇ 2003 ਦੇ ਵਿਸ਼ਵ ਕੱਪ ਵਿਚ ਦੱਖਣੀ ਅਫਰੀਕਾ ਵਿਚ 11 ਮੈਚਾਂ ਵਿਚ 61.18 ਦੀ ਔਸਤ ਨਾਲ 673 ਦੌੜਾਂ ਬਣਾਈਆਂ ਸਨ। ਉਸ ਤੋਂ ਬਾਅਦ ਆਸਟਰੇਲੀਆ ਦੇ ਮੈਥਿਊ ਹੇਡਨ ਦਾ ਨੰਬਰ ਆਉਂਦਾ ਹੈ, ਜਿਸ ਨੇ 2007 ਦੇ ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਵਿਚ 11 ਮੈਚਾਂ ਵਿਚ 73.22 ਦੀ ਔਸਤ ਨਾਲ 659 ਦੌੜਾਂ ਬਣਾਈਆਂ ਸਨ।

ਇੰਗਲੈਂਡ ਵਿਚ ਚੱਲ ਰਹੇ ਮੌਜੂਦਾ ਵਿਸ਼ਵ ਕੱਪ ਵਿਚ 5 ਖਿਡਾਰੀ 500 ਦੌੜਾਂ ਦੇ ਅੰਕੜੇ ਨੂੰ ਪਾਰ ਕਰ ਚੁੱਕੇ ਹਨ, ਜਿਨ੍ਹਾਂ ਵਿਚ ਚਾਰ ਖਿਡਾਰੀਆਂ ਦੀਆਂ ਟੀਮਾਂ ਦਾ ਸੈਮੀਫਾਈਨਲ ਪੱਕਾ ਹੋ ਚੁੱਕਾ ਹੈ। ਭਾਰਤ ਦੇ ਰੋਹਿਤ ਸ਼ਰਮਾ ਨੇ 7 ਮੈਚਾਂ ਵਿਚ 96.96 ਦੀ ਔਸਤ ਨਾਲ 544 ਦੌੜਾਂ ਬਣਾਈਆਂ ਹਨ। ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੇ 7 ਮੈਚਾਂ ਵਿਚ 542 ਦੌੜਾਂ, ਆਸਟਰੇਲੀਆ ਦੇ ਡੇਵਿਡ ਵਾਰਨਰ ਨੇ 8 ਮੈਚ ਮੈਚਾਂ ਵਿਚ 516 ਦੌੜਾਂ ਤੇ ਉਸਦੇ ਕਪਤਾਨ ਆਰੋਨ ਫਿੰਚ ਨੇ 8 ਮੈਚਾਂ ਵਿਚ 504 ਦੌੜਾਂ ਅਤੇ ਇੰਗਲੈਂਡ ਦੇ ਜੋ ਰੂਟ ਨੇ 9 ਮੈਚਾਂ ਵਿਚ 500 ਦੌੜਾਂ ਬਣਾਈਆਂ ਹਨ।
ਇਨ੍ਹਾਂ ਵਿਚੋਂ ਬੰਗਲਾਦੇਸ਼ ਦੀ ਟੀਮ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਚੁੱਕੀ ਹੈ ਤੇ ਸ਼ਾਕਿਬ ਦਾ ਇਕ ਲੀਗ ਮੈਚ ਬਾਕੀ ਹੈ। ਬੰਗਲਾਦੇਸ਼ ਨੂੰ ਸ਼ੁੱਕਰਵਾਰ ਨੂੰ ਆਪਣਾ ਆਖਰੀ ਮੈਚ ਪਾਕਿਸਤਾਨ ਨਾਲ ਖੇਡਣਾ ਹੈ। ਨਿਊਜ਼ੀਲੈਂਡ ਦੀ ਟੀਮ ਦਾ ਸੈਮੀਫਾਈਨਲ ਲਗਭਗ ਪੱਕਾ ਹੋ ਚੁੱਕਾ ਹੈ ਤੇ ਉਸਦੇ ਕਪਤਾਨ ਕੇਨ ਵਿਲੀਅਮਸਨ ਨੇ 8 ਮੈਚਾਂ ਵਿਚ 481 ਦੌੜਾਂ ਬਣਾਈਆਂ ਹਨ। ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਰੋਹਿਤ ਇਸ ਸਮੇਂ ਚੌਥੇ ਨੰਬਰ 'ਤੇ ਹੈ। ਸਚਿਨ ਤੇ ਹੇਡਨ ਤੋਂ ਬਾਅਦ ਸ਼੍ਰੀਲੰਕਾ ਦੇ ਮਾਹੇਲਾ ਜੈਵਰਧਨੇ ਨੇ 2007 ਦੇ ਵਿਸ਼ਵ ਕੱਪ ਵਿਚ 11 ਮੈਚਾਂ ਵਿਚ 60.88 ਦੀ ਔਸਤ ਨਾਲ 548 ਦੌੜਾਂ ਬਣਾਈਆਂ ਸਨ। ਰੋਹਿਤ ਦੀਆਂ 544 ਦੌੜਾਂ ਹਨ ਤੇ ਉਹ ਅਗਲੇ ਮੈਚ ਵਿਚ ਜੈਵਰਧਨੇ ਨੂੰ ਪਛਾੜ ਦੇਵੇਗਾ।
ਰੋਹਿਤ ਨੂੰ ਅਜੇ ਸ਼੍ਰੀਲੰਕਾ ਵਿਰੁੱਧ ਇਕ ਲੀਗ ਮੈਚ ਖੇਡਣਾ ਹੈ, ਜਦਕਿ ਭਾਰਤੀ ਟੀਮ ਸੈਮੀਫਾਈਨਲ ਵਿਚ ਜਗ੍ਹਾ ਬਣਾ ਚੁੱਕੀ ਹੈ। ਰੋਹਿਤ ਕੋਲ ਪੂਰਾ ਮੌਕਾ ਹੈ ਕਿ ਉਹ ਆਪਣੀ ਸ਼ਾਨਦਾਰ ਫਾਰਮ ਨੂੰ ਬਰਕਰਾਰ ਰੱਖਦੇ ਹੋਏ ਟੀਮ ਇੰਡੀਆ ਨੂੰ ਖਿਤਾਬੀ ਮੰਜ਼ਿਲ ਤਕ ਲਿਜਾਵੇ ਤੇ ਸਚਿਨ ਦਾ 16 ਸਾਲ ਪੁਰਾਣਾ ਰਿਕਾਰਡ ਵੀ ਤੋੜ ਦੇਵੇ। ਹਿੱਟਮੈਨ ਦੇ ਨਾਂ ਨਾਲ ਮਸ਼ਹੂਰ ਰੋਹਿਤ ਇਸ ਵਿਸ਼ਵ ਕੱਪ ਵਿਚ 4 ਸੈਂਕੜੇ ਤੇ 1 ਅਰਧ ਸੈਂਕੜਾ ਲਾ ਚੁੱਕਾ ਹੈ। ਉਸ ਨੇ ਇਕ ਵਿਸ਼ਵ ਕੱਪ ਵਿਚ ਸਭ ਤੋਂ ਵੱਧ 4 ਸੈਂਕੜੇ ਲਾਉਣ ਦੇ ਸ਼੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ 2015 ਦੇ ਰਿਕਾਰਡ ਵੀ ਬਰਾਬਰੀ ਕਰ ਲਈ ਹੈ। ਇਕ ਹੋਰ ਸੈਂਕੜੇ ਲਾਉਂਦੇ ਹੀ ਰੋਹਿਤ ਸੰਗਾਕਾਰਾ ਨੂੰ ਵੀ ਪਿੱਛੇ ਛੱਡ ਦੇਵੇਗਾ। ਰੋਹਿਤ ਨੂੰ ਸਚਿਨ ਦਾ ਰਿਕਾਰਡ ਤੋੜਨ ਲਈ ਸਿਰਫ 130 ਦੌੜਾਂ ਦੀ ਲੋੜ ਹੈ ਅਤੇ ਜਿਸ ਫਾਰਮ ਵਿਚ ਉਹ ਖੇਡ ਰਿਹਾ ਹੈ, ਉਸ ਨੂੰ ਦੇਖਦੇ ਹੋਏ ਇਸ ਰਿਕਾਰਡ ਨੂੰ ਤੋੜ ਸਕਦਾ ਹੈ।
ਵਨ ਡੇ ਵਿਚ ਸਭ ਤੋਂ ਵੱਧ ਸਕੋਰ ਤੇ ਤਿੰਨ ਦੋਹਰੇ ਸੈਂਕੜਿਆਂ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਰੱਖਣ ਵਾਲੇ ਰੋਹਿਤ ਨੇ ਹੁਣ ਤਕ 213 ਮੈਚਾਂ ਵਿਚ 48.88 ਦੀ ਔਸਤ ਨਾਲ 8554 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ 26 ਸੈਂਕੜੇ ਤੇ 42 ਅਰਧ ਸੈਂਕੜੇ ਸ਼ਾਮਲ ਹਨ। ਉਹ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿਚ ਸਚਿਨ (49), ਵਿਰਾਟ ਕੋਹਲੀ (41),ਰਿਕੀ ਪੋਂਟਿੰਗ (30), ਸਨਥ ਜੈਸੂਰੀਆ (28) ਤੇ ਹਾਸ਼ਿਮ ਅਮਲਾ (27) ਤੋਂ ਬਾਅਦ ਛੇਵੇਂ ਨੰਬਰ 'ਤੇ ਹੈ।
ਰਾਹੁਲ ਤੇ ਚਾਹਲ ਦੀ ਇੰਟਰਵਿਊ 'ਚ ਸ਼ਾਮਲ ਹੋਇਆ ਵਿਰਾਟ
NEXT STORY