ਸਪੋਰਟਸ ਡੈਸਕ- ਅਰਜਨਟੀਨਾ ਦੇ ਦਿੱਗਜ ਫੁੱਟਬਾਲਰ ਲਿਓਨਲ ਮੈਸੀ 'GOAT ਇੰਡੀਆ ਟੂਰ 2025' ਦੇ ਤਹਿਤ 3 ਦਿਨਾਂ ਦੇ ਭਾਰਤ ਦੌਰੇ 'ਤੇ ਹਨ,। ਉਹ ਦੌਰੇ ਦੇ ਦੂਜੇ ਦਿਨ ਐਤਵਾਰ, 14 ਦਸੰਬਰ ਨੂੰ ਮੁੰਬਈ ਪਹੁੰਚੇ। ਇਸ ਦੌਰਾਨ, ਮੁੰਬਈ ਦੇ ਇਤਿਹਾਸਕ ਵਾਨਖੇੜੇ ਸਟੇਡੀਅਮ ਵਿੱਚ ਇੱਕ ਖਾਸ ਪ੍ਰੋਗਰਾਮ ਰੱਖਿਆ ਗਿਆ, ਜਿੱਥੇ ਮੈਸੀ ਨੇ ਕ੍ਰਿਕਟ ਦੇ ਦਿੱਗਜਾਂ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ ਨਾਲ ਮੁਲਾਕਾਤ ਕੀਤੀ।
ਸਚਿਨ ਨੇ ਮੈਸੀ ਨੂੰ ਦਿੱਤੀ 2011 ਵਰਲਡ ਕੱਪ ਦੀ ਜਰਸੀ
ਵਾਨਖੇੜੇ ਸਟੇਡੀਅਮ ਵਿੱਚ ਮੈਸੀ, ਕ੍ਰਿਕਟ ਦੇ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਅਤੇ ਭਾਰਤੀ ਫੁੱਟਬਾਲ ਦੇ ਸਟਾਰ ਸੁਨੀਲ ਛੇਤਰੀ ਇੱਕੋ ਮੰਚ 'ਤੇ ਨਜ਼ਰ ਆਏ, ਜੋ ਕਿ ਪ੍ਰਸ਼ੰਸਕਾਂ ਲਈ ਇੱਕ ਬੇਹੱਦ ਯਾਦਗਾਰੀ ਨਜ਼ਾਰਾ ਸੀ। ਇਸ ਸ਼ਾਮ ਦਾ ਸਭ ਤੋਂ ਖਾਸ ਪਲ ਉਦੋਂ ਆਇਆ ਜਦੋਂ ਪ੍ਰੋਗਰਾਮ ਦੇ ਅੰਤ ਵਿੱਚ ਲਿਓਨਲ ਮੈਸੀ ਦੀ ਮੁਲਾਕਾਤ ਸਚਿਨ ਤੇਂਦੁਲਕਰ ਨਾਲ ਹੋਈ। ਸਚਿਨ ਨੇ ਮੈਸੀ ਨੂੰ 2011 ਕ੍ਰਿਕਟ ਵਰਲਡ ਕੱਪ ਦੀ ਆਪਣੀ ਯਾਦਗਾਰੀ ਭਾਰਤੀ ਟੀਮ ਦੀ ਜਰਸੀ ਤੋਹਫ਼ੇ ਵਜੋਂ ਭੇਂਟ ਕੀਤੀ।
ਸਚਿਨ ਨੇ ਭੀੜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਇੱਥੇ ਬਹੁਤ ਸਾਰੇ ਯਾਦਗਾਰੀ ਪਲ ਵੇਖੇ ਹਨ ਅਤੇ ਮੁੰਬਈ ਸੁਪਨਿਆਂ ਦਾ ਸ਼ਹਿਰ ਹੈ, ਜਿੱਥੇ ਕਈ ਸੁਪਨੇ ਇਸੇ ਮੈਦਾਨ 'ਤੇ ਪੂਰੇ ਹੋਏ ਹਨ। ਉਨ੍ਹਾਂ ਨੇ ਮੈਸੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਸਮਰਪਣ, ਮਿਹਨਤ, ਲਗਨ ਅਤੇ ਸਭ ਤੋਂ ਵੱਧ ਉਨ੍ਹਾਂ ਦੀ ਸਾਦਗੀ ਦੀ ਸ਼ਲਾਘਾ ਕਰਦੇ ਹਨ।
ਛੇਤਰੀ ਅਤੇ ਮੈਸੀ ਦੀ ਭਾਵੁਕ ਮੁਲਾਕਾਤ
ਇਸ ਪ੍ਰੋਗਰਾਮ ਵਿੱਚ ਲਿਓਨੇਲ ਮੈਸੀ ਨਾਲ ਉਨ੍ਹਾਂ ਦੀ ਟੀਮ ਦੇ ਖਿਡਾਰੀ ਰੋਡ੍ਰੀਗੋ ਡੀ ਪੌਲ ਅਤੇ ਲੁਈਸ ਸੁਆਰੇਜ਼ ਵੀ ਮੌਜੂਦ ਸਨ। ਭਾਰਤੀ ਫੁੱਟਬਾਲ ਸਟਾਰ ਸੁਨੀਲ ਛੇਤਰੀ ਨੇ ਬੈਂਗਲੁਰੂ ਐਫਸੀ ਦੇ ਕੁਝ ਖਿਡਾਰੀਆਂ ਨਾਲ ਮਿਲ ਕੇ ਅਭਿਨੇਤਾ ਜਿਮ ਸਰਭ ਅਤੇ ਭਾਰਤੀ ਮਹਿਲਾ ਫੁੱਟਬਾਲ ਟੀਮ ਦੀ ਕਪਤਾਨ ਬਾਲਾ ਦੇਵੀ ਦੀ ਅਗਵਾਈ ਵਾਲੀ ਇੱਕ ਸੈਲੀਬ੍ਰਿਟੀ ਟੀਮ ਦੇ ਖਿਲਾਫ ਇੱਕ ਪ੍ਰਦਰਸ਼ਨੀ ਮੈਚ ਵੀ ਖੇਡਿਆ। ਮੈਚ ਦਾ ਪਹਿਲਾ ਗੋਲ ਛੇਤਰੀ ਨੇ ਕੀਤਾ, ਹਾਲਾਂਕਿ ਖੇਡ ਦੀ ਸ਼ੁਰੂਆਤ ਵਿੱਚ ਹੀ ਉਨ੍ਹਾਂ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਆ ਗਿਆ ਸੀ। ਸਭ ਤੋਂ ਭਾਵੁਕ ਪਲ ਉਹ ਸੀ, ਜਦੋਂ ਅੰਤਰਰਾਸ਼ਟਰੀ ਫੁੱਟਬਾਲ ਦੇ ਸਭ ਤੋਂ ਵੱਡੇ ਸਟਾਰ ਮੈਸੀ ਅਤੇ ਭਾਰਤ ਦੇ ਸਭ ਤੋਂ ਵੱਡੇ ਫੁੱਟਬਾਲ ਸਟਾਰ ਛੇਤਰੀ ਮਿਲੇ ਅਤੇ ਇੱਕ ਦੂਜੇ ਨੂੰ ਗਲੇ ਲਗਾਇਆ।
PM ਮੋਦੀ ਨੇ ਸਕੁਐਸ਼ ਵਰਲਡ ਕੱਪ ਜੇਤੂ ਭਾਰਤੀ ਟੀਮ ਨੂੰ ਦਿੱਤੀ ਵਧਾਈ
NEXT STORY